You’re viewing a text-only version of this website that uses less data. View the main version of the website including all images and videos.

Take me to the main website

ਹਿਮਾਚਲ ਪ੍ਰਦੇਸ਼ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ, ‘ਪੰਜਾਬ ’ਚ 20 ਦਿਨਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਕੀਤਾ’

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਯੂਕਰੇਨ-ਰੂਸ ਜੰਗ, ਪਾਕਿਸਤਾਨ ਦੀ ਸਿਆਸੀ ਹਲਚਲ ਅਤੇ ਦੇਸ-ਦੁਨੀਆਂ ਦੀਆਂ ਹੋਰ ਅਹਿਮ ਖ਼ਬਰਾਂ ਦੀ ਜਾਣਕਾਰੀ ਦੇ ਰਹੇ ਹਾਂ।

ਲਾਈਵ ਕਵਰੇਜ

ਜਸਪਾਲ ਸਿੰਘ and ਅਰਸ਼ਦੀਪ ਕੌਰ

  1. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    ਯੂਕਰੇਨ ਅਤੇ ਰੂਸ ਦਰਮਿਆਨ ਜੰਗ ਲਗਾਤਾਰ ਜਾਰੀ ਹੈ ਅਤੇ ਬੁੱਧਵਾਰ ਨੂੰ ਅਮਰੀਕਾ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਬੇਟੀਆਂ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਰਾਜਨੀਤਕ ਦਲਾਂ ਨੇ ਕਾਨੂੰਨ ਵਿਵਸਥਾ ਉੱਪਰ ਸਵਾਲ ਚੁੱਕੇ ਹਨ। ਬੀਬੀਸੀ ਪੰਜਾਬੀ ਦਾ ਲਾਈਵ ਪੇਜ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੁੱਧਵਾਰ ਨੂੰ ਇਹ ਰਿਹਾ ਅਹਿਮ ਘਟਨਾਕ੍ਰਮ:

    • ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਖਾਰਕੀਵ ਅਤੇ ਪੂਰਬੀ ਯੂਕਰੇਨ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਇਲਾਕਾ ਖਾਲੀ ਕਰਨ ਵਾਸਤੇ ਆਖਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਰੂਸ ਵੱਲੋਂ ਹੋਰ ਹਮਲੇ ਕਰਨ ਦਾ ਖਦਸ਼ਾ ਹੈ।
    • ਯੂਕੇ ਨੇ ਪਾਬੰਦੀਆਂ ਜਾਰੀ ਰੱਖਦੇ ਹੋਏ ਰੂਸ ਦੀ ਸਭ ਤੋਂ ਵੱਡੀ ਬੈਂਕ ਸਬਰੇਨਾਕ ਉਪਰ ਪਾਬੰਦੀ ਲਗਾ ਦਿੱਤੀ ਹੈ। ਯੂਰਪ ਵੱਲੋਂ ਵੀ ਕਈ ਪਾਬੰਦੀਆਂ ਲਗਾਈਆਂ ਜਾਣਗੀਆਂ।
    • ਬੀਬੀਸੀ ਨੂੰ ਇੱਕ ਯੂਕਰੇਨੀ ਅਧਿਕਾਰੀ ਨੇ ਦੱਸਿਆ ਹੈ ਕਿ ਕੁਝ ਔਰਤਾਂ ਵੱਲੋਂ ਆਖਿਆ ਗਿਆ ਹੈ ਕਿ ਰੂਸੀ ਫੌਜ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਹੈ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਰੋਡ ਸ਼ੋਅ ਕੀਤਾ।
    • ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਕੋਲਾ ਮੰਤਰੀ ਨਾਲ ਬੈਠਕ ਕੀਤੀ ਗਈ ਅਤੇ ਪੰਜਾਬ ਦੇ ਕੋਲਾ ਸੰਕਟ ਨੂੰ ਹੱਲ ਕਰਨ ਦੀ ਅਪੀਲ ਕੀਤੀ।
    • ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਹੋਏ ਕਈ ਕਤਲਾਂ ਤੋਂ ਬਾਅਦ ਰਾਜਨੀਤਕ ਆਗੂਆਂ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਚੁੱਕੇ ਜਾ ਰਹੇ ਹਨ।
  2. ਪੰਜਾਬ ਨੂੰ ਲੈ ਕੇ ਪ੍ਰਧਾਨ ਮੰਤਰੀ ਫਿਕਰਮੰਦ ਹਨ - ਹੰਸ ਰਾਜ ਹੰਸ, ਰਿਪੋਰਟ - ਪਾਲ ਸਿੰਘ ਨੌਲੀ

    ਪ੍ਰਸਿੱਧ ਗਾਇਕ ਅਤੇ ਦਿੱਲੀ ਤੋਂ ਸਾਂਸਦ ਹੰਸ ਰਾਜ ਹੰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

    ਤਕਰੀਬਨ 15 ਮਿੰਟ ਤੱਕ ਚੱਲੀ ਇਸ ਬੈਠਕ ਤੋਂ ਬਾਅਦ ਹੰਸਰਾਜ ਹੰਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਲੈ ਕੇ ਫਿਕਰਮੰਦ ਹਨ ਅਤੇ ਇਸ ਬੈਠਕ ਦੌਰਾਨ ਵੀ ਪੰਜਾਬ ਦੇ ਮਸਲਿਆਂ ਉਪਰ ਚਰਚਾ ਕੀਤੀ ਗਈ ਹੈ।

    ਇਸ ਦੌਰਾਨ ਉਨ੍ਹਾਂ ਨੇ ਆਪਣੇ ਵੱਲੋਂ ਲਿਖੀ ਗਈ ਕਿਤਾਬ ਵੀ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ।

    ਹੰਸਰਾਜ ਮੁਤਾਬਕ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਲੰਮਾ ਸਮਾਂ ਪੰਜਾਬ ਵਿੱਚ ਰਹੇ ਹਨ ਅਤੇ ਹੁਣ ਵੀ ਕਈ ਵਾਰ ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਿਲਦੇ ਰਹਿੰਦੇ ਹਨ।

  3. ਬਹਿਬਲ ਕਲਾਂ ਧਰਨੇ ਵਿੱਚ ਪਹੁੰਚੇ ਨਵਜੋਤ ਸਿੰਘ ਸਿੱਧੂ

    ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਬਹਿਬਲ ਕਲਾਂ ਵਿਖੇ ਸ਼ੁਰੂ ਹੋਈ ਧਰਨੇ ਵਿੱਚ ਸ਼ਾਮਿਲ ਹੋਏ ਹਨ।

    2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖੇ ਹੋਈ ਫਾਇਰਿੰਗ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਤੇਜ ਸਿੰਘ ਦੇ ਪਰਿਵਾਰ ਇਸ ਧਰਨੇ ਵਿੱਚ ਸ਼ਾਮਿਲ ਹਨ।

    ਇਨ੍ਹਾਂ ਪਰਿਵਾਰਾਂ ਵੱਲੋਂ ਬੇਅਦਬੀ ਅਤੇ ਪਰਿਵਾਰਕ ਮੈਂਬਰਾਂ ਦੀ ਮੌਤ ਲਈ ਇਨਸਾਫ ਦੀ ਮੰਗ ਕੀਤੀ ਗਈ ਹੈ। ਬਹਿਬਲ ਕਲਾਂ ਵਿਖੇ ਇਹ ਧਰਨਾ ਦਸੰਬਰ 2021 ਤੋਂ ਲਗਾਤਾਰ ਜਾਰੀ ਹੈ।

    ਪ੍ਰਦਰਸ਼ਨਕਾਰੀਆਂ ਵੱਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਜਾਮ ਕਰ ਦਿੱਤਾ ਗਿਆ ਹੈ।

    ਇਸ ਪ੍ਰਦਰਸ਼ਨ ਵਿੱਚ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਸ਼ਾਮਿਲ ਹੋਏ ਹਨ।

  4. ਆਮ ਆਦਮੀ ਪਾਰਟੀ ਦਾ ਹਿਮਾਚਲ ਪ੍ਰਦੇਸ਼ ਵਿੱਚ ਰੋਡ ਸ਼ੋਅ-ਵੇਖੋ ਤਸਵੀਰਾਂ

    ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਬੁੱਧਵਾਰ ਨੂੰ ਰੋਡ ਸ਼ੋਅ ਕੀਤਾ ਗਿਆ।

    ਇਸ ਰੋਡ ਸ਼ੋਅ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਮਿਲ ਹੋਏ ਹਨ।

  5. ਝਾੜੂ ਰਾਜਨੀਤੀ ਦੀ ਸਫ਼ਾਈ ਕਰੇਗਾ - ਭਗਵੰਤ ਮਾਨ

    ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ।

    ਉਨ੍ਹਾਂ ਨੇ ਵਿਰੋਧੀ ਦਲਾਂ ਅਤੇ ਪਰਿਵਾਰਵਾਦ ਉੱਪਰ ਵੀ ਨਿਸ਼ਾਨੇ ਸਾਧੇ।

    ਉਨ੍ਹਾਂ ਨੇ ਆਖਿਆ ਕਿ ਪੰਜਾਬ ਵਿਚ ਵੱਡੇ ਰਾਜਨੀਤਿਕ ਚਿਹਰਿਆਂ ਨੂੰ ਹਰਾਉਣ ਵਾਲੇ ਲੋਕ ਆਮ ਪਰਿਵਾਰਾਂ ਦੇ ਹਨ।

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਹ ਦਿਨਾਂ ਵਿੱਚ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ।

    ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਨਵੀਂ ਦਿੱਲੀ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ।

    ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਦੀ ਪਾਰਟੀ ਪੰਜਾਬ ਅਤੇ ਦਿੱਲੀ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰੇਗੀ।

  6. ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਇਸ ਲਾਈਵ ਪੇਜ ਰਾਹੀਂ ਤੁਹਾਨੂੰ ਰੂਸ-ਯੂਕਰੇਨ ਜੰਗ ਅਤੇ ਦੇਸ਼-ਦੁਨੀਆ ਦੀਆਂ ਅਹਿਮ ਘਟਨਾਵਾਂ ਦੇ ਅਪਡੇਟਸ ਦਿੱਤੇ ਜਾ ਰਹੇ ਹਨ।

    • ਬੂਚਾ ਸ਼ਹਿਰ ਦੇ ਮੇਅਰ ਨੇ ਬੀਬੀਸੀ ਨੂੰ ਦੱਸਿਆ ਕਿ ਰੂਸ ਨੇ ਆਪਣੇ ਕਬਜ਼ੇ ਦੌਰਾਨ ਬੂਚਾ 'ਚ ਲਗਭਗ 320 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।
    • ਯੂਕਰੇਨ ਦੇ ਬੂਚਾ ਵਿੱਚ ਜੰਗੀ ਅਪਰਾਧਾਂ ਦੇ ਇਲਜ਼ਾਮਾਂ ਦੇ ਚੱਲਦਿਆਂ ਅਮਰੀਕਾ ਅਤੇ ਯੂਰਪੀ ਸੰਘ ਰੂਸ ਉੱਤੇ ਹੋਰ ਪਾਬੰਦੀਆਂ ਲਗਾਉਣ ਲਈ ਤਿਆਰ ਹਨ।
    • ਵਾਲ ਸਟਰੀਟ ਜਰਨਲ ਦੀ ਰਿਪੋਰਟ ਹੈ ਕਿ ਵਾਸ਼ਿੰਗਟਨ ਪੁਤਿਨ ਦੀਆਂ ਦੋ ਧੀਆਂ ਅਤੇ ਰੂਸ ਦੇ ਸਭ ਤੋਂ ਵੱਡੇ ਬੈਂਕ ਨੂੰ ਨਿਸ਼ਾਨਾ ਬਣਾਉਣ ਵਾਲੇ ਉਪਾਵਾਂ 'ਤੇ ਵਿਚਾਰ ਕਰ ਰਿਹਾ ਹੈ।
    • ਯੂਕਰੇਨ ਵਿੱਚ ਐੱਮਐੱਸਐੱਫ ਦੇ ਮਿਸ਼ਨ ਦੇ ਮੁਖੀ ਨੇ ਬੀਬੀਸੀ ਦੇ ਨਿਊਜ਼ਡੇ ਪ੍ਰੋਗਰਾਮ ਨੂੰ ਦੱਸਿਆ ਕਿ ਪਿਛਲੇ ਦੋ ਦਿਨਾਂ 'ਚ ਮਾਈਕੋਲਾਈਵ ਦੇ ਕਾਲੇ ਸਾਗਰ ਬੰਦਰਗਾਹ ਵਿੱਚ ਤਿੰਨ ਹਸਪਤਾਲਾਂ 'ਤੇ ਹਮਲਾ ਹੋਇਆ।
    • ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਹਮਲੇ ਵਿੱਚ ਯੂਕਰੇਨ 'ਚ ਘੱਟ ਤੋਂ ਘੱਟ 167 ਬੱਚੇ ਮਾਰੇ ਗਏ ਹਨ ਅਤੇ 279 ਜ਼ਖਮੀ ਹੋਏ ਹਨ।
    • ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਵਿੱਚ ਆਮ ਨਾਗਰਿਕਾਂ ਦੀ ਹੱਤਿਆ ਦੀ ਆਲੋਚਨਾ ਕੀਤੀ ਅਤੇ ਸੁਤੰਤਰ ਜਾਂਚ ਦਾ ਸਮਰਥਨ ਕੀਤਾ ਹੈ।
    • ਯੂਕਰੇਨ ਵੱਲੋਂ ਰੂਸ ਉੱਪਰ ਬੂਚਾ ਵਿਖੇ ਜੰਗੀ ਅਪਰਾਧਾਂ ਦੇ ਇਲਜ਼ਾਮ ਲਗਾਏ ਹਨ। ਰੂਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
  7. ਯੂਕਰੇਨ: ਵਧ ਰਹੀ ਹੈ ਬੱਚਿਆਂ ਦੀ ਮੌਤ ਦੀ ਗਿਣਤੀ

    ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਹਮਲੇ ਵਿੱਚ ਯੂਕਰੇਨ 'ਚ ਘੱਟ ਤੋਂ ਘੱਟ 167 ਬੱਚੇ ਮਾਰੇ ਗਏ ਹਨ ਅਤੇ 279 ਜ਼ਖਮੀ ਹੋਏ ਹਨ।

    ਯੂਕਰੇਨੀ ਪ੍ਰੌਸੀਕਿਊਟਰ-ਜਨਰਲ ਦੇ ਦਫਤਰ ਨੇ ਅੱਜ ਸਵੇਰੇ ਟੈਲੀਗ੍ਰਾਮ 'ਤੇ ਇੱਕ ਸੰਦੇਸ਼ ਵਿਚ ਕਿਹਾ ਕਿ ਜੰਗ ਦੌਰਾਨ ਬੰਬਾਰੀ ਅਤੇ ਗੋਲੀਬਾਰੀ ਵਿੱਚ ਲਗਭਗ 927 ਸਕੂਲਾਂ ਅਤੇ ਹੋਰ ਵਿਦਿਅਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

    ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ (81) ਪੂਰਬੀ ਯੂਕਰੇਨ ਦੇ ਦੋਨੇਤਸਕ ਖੇਤਰ ਵਿੱਚ ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਕੀਵ (78) ਅਤੇ ਖਾਰਕੀਵ ਖੇਤਰ (64) ਵਿੱਚ ਵਧ ਅੰਕੜੇ ਦਰਜ ਹੋਏ।

    ਬੀਬੀਸੀ ਇਨ੍ਹਾਂ ਅੰਕੜਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ।

  8. ਯੂਕਰੇਨ: ਜੰਗ ਦੇ ਸਾਏ ਹੇਠ ਇਸ ਜੋੜੇ ਨੇ ਕਰਵਾਇਆ ਵਿਆਹ

    ਹਾਲ ਹੀ ਦੇ ਦਿਨਾਂ ਵਿੱਚ ਯੂਕਰੇਨ ਤੋਂ ਬਹੁਤ ਹੀ ਦੁਖਦਾਈ ਖਬਰਾਂ ਸਾਹਮਣੇ ਆਈਆਂ ਹਨ। ਪਰ ਇੱਕ ਜੋੜੇ ਹੈ ਜਿਸਨੇ ਜੰਗ ਦੇ ਸਾਏ ਹੇਠ ਆਪਣੇ ਪਿਆਰ ਨੂੰ ਪਰਵਾਨ ਚੜ੍ਹਾਇਆ ਹੈ।

    ਅਨਾਸਤਾਸੀਆ ਗ੍ਰੈਚੋਵਾ ਅਤੇ ਐਂਟੋਨ ਸੋਕੋਲੋਵ, ਖਾਰਕੀਵ ਵਿੱਚ ਲੋੜਵੰਦ ਲੋਕਾਂ ਨੂੰ ਦਵਾਈਆਂ ਵੰਡਦੇ ਹਨ। ਖ਼ਬਰ ਏਜੰਸੀ ਰੌਈਟਰਜ਼ ਦੇ ਅਨੁਸਾਰ, ਇਨ੍ਹਾਂ ਦੋਵਾਂ ਨੇ ਸ਼ਹਿਰ ਦੇ ਇੱਕ ਭੂਮੀਗਤ ਮੈਟਰੋ ਸਟੇਸ਼ਨ ਵਿੱਚ ਵਿਆਹ ਕਰਵਾਇਆ।

    ਯੂਕਰੇਨ ਦੇ ਕੁਝ ਇਲਾਕਿਆਂ 'ਚੋਂ ਰੂਸੀ ਫੌਜਾਂ ਪਿੱਛੇ ਹੱਟ ਗਈਆਂ ਹਨ ਪਰ ਉੱਤਰ-ਪੂਰਬ ਵਿੱਚ ਖਾਰਕੀਵ 'ਚ ਜੰਗ ਅਜੇ ਵੀ ਜਾਰੀ ਹੈ।

    ਇੱਕ ਸਥਾਨਕ ਨਿਵਾਸੀ ਮਾਰੀਆ ਅਵਦੇਵਾ ਨੇ ਦੱਸਿਆ ਕਿ ਉਹ ਵੀ ਇਸ ਵਿਆਹ ਵਿੱਚ ਸ਼ਾਮਲ ਹੋਈ ਸਨ।

    ਉਨ੍ਹਾਂ ਟਵਿੱਟਰ 'ਤੇ ਕਿਹਾ, “ਐਂਟਨ ਅਤੇ ਅਨਾਸਤਾਸੀਆ ਦੀ ਅਜੇ ਹਨੀਮੂਨ 'ਤੇ ਜਾਣ ਦੀ ਕੋਈ ਯੋਜਨਾ ਨਹੀਂ ਹੈ''।

    "ਉਹ, ਇੱਕ ਦਿਨ ਕਿਸੇ ਬੀਚ ਅਤੇ ਖਜੂਰ ਦੇ ਰੁੱਖਾਂ ਵਾਲੀ ਕਿਸੇ ਥਾਂ ਜਾਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ, ਇੱਕ ਜੰਗ ਜਿੱਤਣੀ ਬਾਕੀ ਹੈ ਅਤੇ ਆਉਣ ਵਾਲੇ ਦਿਨ ਤਕਲੀਫਦੇਹ ਹਨ। ਪਰ ਕੱਲ੍ਹ, ਇਨ੍ਹਾਂ ਭੈੜੇ ਹਾਲਾਤਾਂ ਵਿੱਚ ਵੀ ਉਮੀਦ, ਸੁੰਦਰਤਾ ਅਤੇ ਪਿਆਰ ਸੀ।"

  9. ਭਾਰਤ ਨੇ ਯੂਕਰੇਨ ਦੇ ਬੂਚਾ 'ਚ ਨਾਗਰਿਕਾਂ ਦੇ ਕਤਲ ਦੀ ਕੀਤੀ ਨਿੰਦਾ

    ਭਾਰਤ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਯੂਕਰੇਨ ਦੇ ਬੂਚਾ 'ਚ ਨਾਗਰਿਕਾਂ ਦੇ ਕਤਲ ਦੀ ਨਿੰਦਾ ਕਰਦਿਆਂ ਸੰਯੁਕਤ ਰਾਸ਼ਟਰ ਤੋਂ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

    ਸੁਰੱਖਿਆ ਪਰਿਸ਼ਦ ਦੀ ਬੈਠਕ ਵਿੱਚ ਬੋਲਦਿਆਂ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤਿਰੁਮੂਰਤੀ ਨੇ ਬੂਚਾ ਤੋਂ ਆ ਰਹੀਆਂ ਕਤਲ ਦੀਆਂ ਰਿਪੋਰਟਾਂ ਨੂੰ "ਅੰਦਰ ਤੱਕ ਪਰੇਸ਼ਾਨ ਕਰਨ ਵਾਲੀਆਂ" ਦੱਸਿਆ ਅਤੇ ਕਿਹਾ ਕਿ ਭਾਰਤ ਨੇ "ਸਪਸ਼ਟ ਤੌਰ 'ਤੇ" ਹੱਤਿਆਵਾਂ ਦੀ ਨਿੰਦਾ ਕਰਦਾ ਹੈ।

    ਕਈ ਹੋਰ ਦੇਸ਼ਾਂ ਨੇ ਵੀ ਕੀਵ ਦੇ ਬਾਹਰਵਾਰ ਵਸੇ ਸ਼ਹਿਰ ਬੂਕਾ ਵਿੱਚ ਹੋਏ ਇਨ੍ਹਾਂ ਕਤਲਾਂ ਬਾਰੇ ਸੰਯੁਕਤ ਰਾਸ਼ਟਰ ਤੋਂ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

    ਤਿਰੁਮੂਰਤੀ ਨੇ ਕਿਹਾ, "ਬੂਚਾ ਵਿੱਚ ਨਾਗਰਿਕ ਹੱਤਿਆਵਾਂ ਦੀਆਂ ਤਾਜ਼ਾ ਰਿਪੋਰਟਾਂ ਬਹੁਤ ਪਰੇਸ਼ਾਨ ਕਰਨ ਵਾਲੀਆਂ ਹਨ। ਅਸੀਂ ਸਪਸ਼ਟ ਤੌਰ 'ਤੇ ਇਨ੍ਹਾਂ ਹੱਤਿਆਵਾਂ ਦੀ ਨਿੰਦਾ ਕਰਦੇ ਹਾਂ ਅਤੇ ਸੁਤੰਤਰ ਜਾਂਚ ਦਾ ਸਮਰਥਨ ਕਰਦੇ ਹਾਂ।"

    ਬੂਕਾ ਤੋਂ ਰੂਸੀ ਫੌਜ ਦੀ ਵਾਪਸੀ ਤੋਂ ਬਾਅਦ ਉੱਥੋਂ ਦੀਆਂ ਸੜਕਾਂ 'ਤੇ ਕਈ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਲਾਸ਼ਾਂ ਦੇ ਹੱਥ ਪਿੱਛੇ ਵੱਲ ਨੂੰ ਬੰਨ੍ਹੇ ਹੋਏ ਮਿਲੇ ਅਤੇ ਉਨ੍ਹਾਂ ਨੂੰ ਬਹੁਤ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਹਨ।

    ਇਸ ਤੋਂ ਇਲਾਵਾ, ਕਈ ਅੱਧ ਸੜੀਆਂ ਲਾਸ਼ਾਂ ਅਤੇ ਆਮ ਨਾਗਰਿਕਾਂ ਦੀਆਂ ਗੱਡੀਆਂ ਵੀ ਬੂਚਾ ਦੀਆਂ ਸੜਕਾਂ 'ਤੇ ਮਿਲੀਆਂ ਹਨ।

    ਲੰਘੇ ਦਿਨੀਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਸੀ ਕਿ ਬੂਚਾ ਵਿੱਚ ਘੱਟੋ-ਘੱਟ 300 ਲੋਕ ਮਾਰੇ ਗਏ ਹਨ। ਉਨ੍ਹਾਂ ਕਿਹਾ ਸੀ ਕਿ ਜਿਵੇਂ-ਜਿਵੇਂ ਉਨ੍ਹਾਂ ਦੀ ਜਾਂਚ ਅੱਗੇ ਵਧੇਗੀ, ਇਹ ਅੰਕੜੇ ਹੋਰ ਵਧਣ ਦੀ ਸੰਭਾਵਨਾ ਹੈ।

    ਜ਼ੇਲੇਂਸਕੀ ਨੇ ਰੂਸ 'ਤੇ ਨਸਲਕੁਸ਼ੀ ਕਰਨ ਦਾ ਦੋਸ਼ ਲਾਇਆ।

  10. ਯੂਕਰੇਨ: ਤਸਵੀਰਾਂ ਵਿੱਚ ਜੰਗ ਦਾ ਹਾਲ

  11. ਬੂਚਾ ਵਿੱਚ ਰੂਸੀ ਫੌਜ ਨੇ 320 ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ - ਮੇਅਰ

    ਯੂਕਰੇਨ ਦੇ ਬੂਚਾ ਸ਼ਹਿਰ ਦੇ ਮੇਅਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਰੂਸ ਨੇ ਆਪਣੇ ਕਬਜ਼ੇ ਦੌਰਾਨ ਬੂਚਾ ਵਿੱਚ ਲਗਭਗ 320 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਕੇ ਕਤਲ ਕਰ ਦਿੱਤਾ।

    ਬੀਬੀਸੀ ਦੇ ਪ੍ਰੋਗਰਾਮ ਵਰਲਡ ਟੁਨਾਈਟ ਵਿੱਚ ਬੂਚਾ ਦੇ ਮੇਅਰ ਐਨਾਟੋਲੀ ਫੇਡੋਰੁਕ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਰੂਸੀ ਫੌਜ ਨੂੰ ਕਈ ਲੋਕਾਂ ਨੂੰ ਕਤਲ ਹੋਏ ਦੇਖਿਆ ਹੈ।

    ਫੇਡੋਰੁਕ ਨੇ ਕਿਹਾ, “ਆਮ ਲੋਕਾਂ ਦੀਆਂ ਤਿੰਨ ਕਾਰਾਂ ਕੀਵ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਵਿੱਚੋਂ ਇੱਕ ਕਾਰ ਵਿੱਚ ਇੱਕ ਗਰਭਵਤੀ ਔਰਤ ਸੀ ਜਿਸਦਾ ਪਤੀ ਚੀਕ ਰਿਹਾ ਸੀ ਕਿ ਉਸਨੂੰ ਗੋਲੀ ਨਾ ਮਾਰੋ! ਪਰ ਉਨ੍ਹਾਂ ਨੇ ਉਸ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ।''

    ਫੇਡੋਰੁਕ ਨੇ ਇਹ ਵੀ ਇਲਜ਼ਾਮ ਲਾਇਆ ਕਿ ਰੂਸੀ ਫੌਜ ਆਪਣੇ ਕਬਜ਼ੇ ਦੌਰਾਨ ਸਥਾਨਕ ਸਿਆਸਤਦਾਨਾਂ ਦੀ ਵੀ ਭਾਲ ਕਰ ਰਹੀ ਸੀ।

    ਫੇਡੋਰੁਕ ਨੇ ਲਾਵਰੋਵ ਦੇ ਬਿਆਨ 'ਤੇ ਕਿਹਾ ਕਿ "ਮੈਂ ਚਾਹੁੰਦਾ ਹਾਂ ਕਿ ਉਹ ਬੂਚਾ ਸ਼ਹਿਰ ਆਉਣ, ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਦੇਖਣ, ਉਨ੍ਹਾਂ ਦੇ ਪਰਿਵਾਰਾਂ, ਮਾਵਾਂ, ਪਤੀਆਂ, ਪਤਨੀਆਂ ਦੀਆਂ ਅੱਖਾਂ ਵਿੱਚ ਦੇਖਣ, ਉਨ੍ਹਾਂ ਬੱਚਿਆਂ ਦੀਆਂ ਅੱਖਾਂ ਵਿੱਚ ਦੇਖਣ ਜੋ ਅਨਾਥ ਹੋ ਗਏ ਹਨ''।

  12. ਰੂਸ 'ਤੇ ਹੋਰ ਪਾਬੰਦੀਆਂ ਲਾਉਣ ਨੂੰ ਤਿਆਰ ਯੂਐੱਸ ਅਤੇ ਈਯੂ

    ਯੂਕਰੇਨ ਦੇ ਬੂਚਾ ਸ਼ਹਿਰ ਵਿੱਚ ਜੰਗੀ ਅਪਰਾਧਾਂ ਦੇ ਇਲਜ਼ਾਮਾਂ ਦੇ ਚੱਲਦਿਆਂ ਅਮਰੀਕਾ ਅਤੇ ਯੂਰਪੀ ਸੰਘ ਰੂਸ ਉੱਤੇ ਹੋਰ ਪਾਬੰਦੀਆਂ ਲਗਾਉਣ ਲਈ ਤਿਆਰ ਹਨ।

    ਵਾਲ ਸਟਰੀਟ ਜਰਨਲ ਦੀ ਰਿਪੋਰਟ ਹੈ ਕਿ ਵਾਸ਼ਿੰਗਟਨ ਪੁਤਿਨ ਦੀਆਂ ਦੋ ਧੀਆਂ ਅਤੇ ਰੂਸ ਦੇ ਸਭ ਤੋਂ ਵੱਡੇ ਬੈਂਕ ਨੂੰ ਨਿਸ਼ਾਨਾ ਬਣਾਉਣ ਵਾਲੇ ਉਪਾਵਾਂ 'ਤੇ ਵਿਚਾਰ ਕਰ ਰਿਹਾ ਹੈ।

    ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਰੂਸ ਵਿੱਚ ਨਵੇਂ ਨਿਵੇਸ਼ 'ਤੇ ਪਾਬੰਦੀ ਲਗਾਏਗਾ ਅਤੇ ਰੂਸੀ ਵਿੱਤੀ ਸੰਸਥਾਵਾਂ ਦੇ ਨਾਲ-ਨਾਲ ਕ੍ਰੇਮਲਿਨ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਹੋਰ ਪਾਬੰਦੀਆਂ ਲਗਾਏਗਾ।

    ਯੂਰਪੀਅਨ ਯੂਨੀਅਨ ਦੇ ਰਾਜਦੂਤ ਬੁੱਧਵਾਰ ਨੂੰ ਪਾਬੰਦੀਆਂ ਦੇ ਪੰਜਵੇਂ ਪੈਕੇਜ ਦੀਆਂ ਯੋਜਨਾਵਾਂ 'ਤੇ ਵਿਚਾਰ ਕਰਨਗੇ, ਜਿਸ ਵਿੱਚ ਰੂਸੀ ਕੋਲੇ ਦੇ ਆਯਾਤ 'ਤੇ ਪਾਬੰਦੀ ਲਗਾਉਣਾ ਅਤੇ ਜ਼ਿਆਦਾਤਰ ਰੂਸੀ ਮਾਲਕੀ ਵਾਲੇ ਜਾਂ ਸੰਚਾਲਿਤ ਸਮੁੰਦਰੀ ਜਹਾਜ਼ਾਂ ਨੂੰ ਈਯੂ ਪੋਰਟਾਂ ਦੀ ਵਰਤੋਂ ਕਰਨ ਤੋਂ ਰੋਕਣਾ ਸ਼ਾਮਲ ਹੈ।

  13. ਯੂਕਰੇਨ-ਰੂਸ ਜੰਗ ਦਾ ਅਹਿਮ ਘਟਨਾਕ੍ਰਮ

    • ਭਾਰਤ ਨੇ ਸੰਯੂਕਤ ਰਾਸ਼ਟਰ ਵਿੱਚ ਯੂਕਰੇਨ ਵਿੱਚ ਆਮ ਨਾਗਰਿਕਾਂ ਦੀ ਹੱਤਿਆ ਦੀ ਆਲੋਟਨਾ ਕੀਤੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਮੰਗ ਕੀਤੀ ਹੈ ਕਿ ਰੂਸ ਦੀ "ਜਵਾਬਦੇਹੀ" ਤਲਬ ਹੋਣੀ ਚਾਹੀਦੀ ਹੈ।
    • ਨਿਊਜ਼ ਏਜੰਸੀ ਨੇ ਪ੍ਰੌਸੀਕਿਊਟਰ-ਜਨਰਲ ਦੇ ਦਫ਼ਤਰ (ਪੀਜੀਓ) ਦਾ ਹਵਾਲਾ ਦਿੰਦਿਆਂ ਹੋਇਆ ਦੱਸਿਆ ਹੈ ਕਿ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਵਿੱਚ 165 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
    • ਯੂਕਰੇਨ ਵੱਲੋਂ ਰੂਸ ਉੱਪਰ ਬੂਚਾ ਵਿਖੇ ਜੰਗੀ ਅਪਰਾਧਾਂ ਦੇ ਇਲਜ਼ਾਮ ਲਗਾਏ ਹਨ। ਰੂਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
  14. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਅਤੇ ਦੇਸ ਦੁਨੀਆਂ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    5 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।