You’re viewing a text-only version of this website that uses less data. View the main version of the website including all images and videos.

Take me to the main website

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ’ਚ ਜ਼ੇਲੇਂਸਕੀ, ‘ਬੂਚਾ ਵਰਗੇ ਅਜੇ ਕਈ ਸੀਨ ਹਨ’

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਯੂਕਰੇਨ-ਰੂਸ ਜੰਗ, ਪਾਕਿਸਤਾਨ ਦੀ ਸਿਆਸੀ ਹਲਚਲ ਅਤੇ ਦੇਸ-ਦੁਨੀਆਂ ਦੀਆਂ ਹੋਰ ਅਹਿਮ ਖ਼ਬਰਾਂ ਦੀ ਜਾਣਕਾਰੀ ਦੇ ਰਹੇ ਹਾਂ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਪਾਕਿਸਤਾਨ, ਯੂਕਰੇਨ ਅਤੇ ਦੇਸ਼-ਵਿਦੇਸ਼ ਦੇ ਹੋਰ ਘਟਨਾਕ੍ਰਮ ਵਾਲੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਪੇਸ਼ ਹੈ ਹੁਣ ਤੱਕ ਦਾ ਮੁੱਖ ਘਟਨਾਕ੍ਰਮ

    • ਰਾਸ਼ਟਰਪਤੀ ਜ਼ੈਲੇਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਮੰਗ ਕੀਤੀ ਹੈ ਕਿ ਰੂਸ ਦੀ "ਜਵਾਬਦੇਹੀ" ਤਲਬ ਹੋਣੀ ਚਾਹੀਦੀ ਹੈ
    • ਪਾਕਿਸਤਾਨ ਵਿੱਚ ਡਿਪਟੀ ਸਪੀਕਰ ਦੇ ਫ਼ੈਸਲੇ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਕੱਲ੍ਹ ਤੱਕ ਲਈ ਟਲੀ
    • ਨਿਊਜ਼ ਏਜੰਸੀ ਨੇ ਪ੍ਰੌਸੀਕਿਊਟਰ-ਜਨਰਲ ਦੇ ਦਫ਼ਤਰ (ਪੀਜੀਓ) ਦਾ ਹਵਾਲਾ ਦਿੰਦਿਆਂ ਹੋਇਆ ਦੱਸਿਆ ਹੈ ਕਿ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਵਿੱਚ 165 ਬੱਚਿਆਂ ਦੀ ਮੌਤ ਹੋ ਚੁੱਕੀ ਹੈ
    • ਹਰਿਆਣਾ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਚੰਡੀਗੜ੍ਹ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰ ਕੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ
    • ਯੂਕਰੇਨ ਵੱਲੋਂ ਰੂਸ ਉੱਪਰ ਬੂਚਾ ਵਿਖੇ ਜੰਗੀ ਅਪਰਾਧਾਂ ਦੇ ਇਲਜ਼ਾਮ ਲਗਾਏ ਹਨ
    • ਪੱਛਮੀ ਦੇਸ਼ਾਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਰੂਸ ਉੱਪਰ ਹੋਰ ਸਖ਼ਤ ਪਾਬੰਦੀਆਂ ਲਗਵਾਉਣ ਦੀ ਗੱਲ ਕੀਤੀ ਜਾ ਰਹੀ ਹੈ
  2. ਬੰਦੀ ਸਿੰਘਾਂ ਦੀ ਰਿਹਾਈ ਅਤੇ ਵੱਖਰੇ ਚੈਨਲ ਬਾਰੇ ਕੀ ਬੋਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈੱਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਮੁੜ ਦੁਹਰਾਈ।

    ਉਨ੍ਹਾਂ ਨੇ ਕਿਹਾ, “ਸਾਡੇ ਸਿੱਖ ਵੀਰਾਂ ਦੀ ਰਿਹਾਈ ਜਿਸ ਦਾ ਐਲਾਨ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਕੀਤਾ ਸੀ ਕਿ ਅਸੀਂ ਰਿਆਇਤ ਦੇ ਕੇ ਇਨ੍ਹਾਂ ਨੂੰ ਰਿਹਾਅ ਕਰਾਂਗੇ।“

    “ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਭੁੱਲਰ, ਹਵਾਰਾ ਅਤੇ ਹੋਰ ਵੀ ਕਈ ਸਿੱਖ ਜੇਲ੍ਹਾਂ ਵਿੱਚ ਬੈਠੇ ਹਨ, ਉਨ੍ਹਾਂ ਸਰਕਾਰ ਤੁਰੰਤ ਰਿਹਾਅ ਕਰੇ।“

    ਇਸ ਮੌਕੇ ਉਨ੍ਹਾਂ ਨੇ ਦਿੱਲੀ ਸਰਕਾਰ ‘ਤੇ ਨਿਸ਼ਾਨਾ ਲਗਉਂਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਪੰਜਾਬ ਵਿੱਚ ਮਖੌਟਾ ਤਾਂ ਸਿੱਖੀ ਵਾਲਾ ਧਾਰਨ ਕੀਤਾ ਸੀ ਪਰ ਪ੍ਰੋ. ਦਵਿੰਦਰਪਾਲ ਭੁੱਲਰ ਦੀ ਤਿੰਨ ਵਾਰੀ ਰਿਹਾਈ ਉਥੋਂ ਰੱਦ ਹੋ ਗਈ ਹੈ।

    ਉਨ੍ਹਾਂ ਕੇਂਦਰ ਨੂੰ ਵਿਸਾਖੀ ਮੌਕੇ ਅਪੀਲ ਕਰਦਿਆਂ ਕਿਹਾ, “ਉਨ੍ਹਾਂ ਸਾਰਿਆਂ ਸਿੰਘਾਂ ਨੂੰ ਇਸ ਖਾਲਸੇ ਦੇ ਦਿਹਾੜੇ ‘ਤੇ ਰਿਹਾਅ ਕੀਤਾ ਜਾਵੇ।“

    ਇਸ ਤੋਂ ਇਲਾਵਾ ਧਾਮੀ ਨੇ ਕਿਹਾ, “ਸਾਨੂੰ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਆਦੇਸ਼ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਚਲਾਵੇ। ਇਸ ਬਾਰੇ ਮੈਂਬਰ ਕਮੇਟੀ ਬਣਾ ਦਿੱਤੀ ਗਈ ਹੈ ਜੋ ਇਹ ਇਸ ਸਬੰਧੀ ਪੂਰੀ ਰਿਪੋਰਟ ਪੇਸ਼ ਕਰੇਗੀ।“

  3. ਬੂਚਾ ਵਿੱਚ ਕੀਤਾ ਕਾਰਾ ਰੂਸ ਦਾ ਸਿਰਫ਼ ਇੱਕ ਉਦਾਹਰਣ ਹੈ- ਜ਼ੈਲੇਂਸਕੀ

    ਰਾਸ਼ਟਰਪਤੀ ਜ਼ੈਲੇਂਸਕੀ ਨੇ ਮੰਗ ਕੀਤੀ ਹੈ ਕਿ ਰੂਸ ਦੀ "ਜਵਾਬਦੇਹੀ" ਤਲਬ ਹੋਣੀ ਚਾਹੀਦੀ ਹੈ।

    ਜ਼ੈਲੇਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਵਰਚੂਅਲ ਤੌਰ ‘ਤੇ ਸ਼ਮੂਲੀਅਤ ਕਰਦਿਆਂ ਇਹ ਮੰਗ ਕੀਤੀ।

    ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਨੂਰਮਬਰਗ ਵਿੱਚ ਪ੍ਰਬੰਧਿਤ ਕੀਤੇ ਗਏ ਅੰਤਰਰਾਸ਼ਟਰੀ ਟ੍ਰਿਬਿਊਨਲ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।

    ਜ਼ੈਲੇਂਸਕੀ ਦਾ ਕਹਿਣਾ ਹੈ ਕਿ ਬੂਚਾ ਵਿੱਚ "ਕਤਲੇਆਮ" ਰੂਸ ਵੱਲੋਂ ਪਿਛਲੇ 41 ਦਿਨਾਂ ਵਿੱਚ ਕੀਤੇ ਗਏ ਕਾਰਿਆਂ ਦਾ ਦੀ ਸਿਰਫ਼ ਇੱਕ ਉਦਾਹਰਣ ਹੈ।

    ਉਹ ਅੱਗੇ ਕਹਿੰਦੇ ਹਨ, ''ਦੁਨੀਆ ਨੇ ਅਜੇ ਪੂਰੀ ਸੱਚਾਈ ਦੇਖਣੀ ਹੈ, ਜਿਨ੍ਹਾਂ ਪਿੰਡਾਂ ‘ਤੇ ਰੂਸੀ ਫੌਜ ਨੇ ਕਬਜ਼ਾ ਕੀਤਾ ਉਸ ਨੇ ਉਨ੍ਹਾਂ ਨੂੰ ਖੁੱਲ੍ਹੇਆਮ ਲੁੱਟਿਆ ਹੈ।"

    ਜ਼ੈਲੇਂਸਕੀ ਨੇ ਸੰਯੁਕਤ ਰਾਸ਼ਟਰ ਵਿਚ ਰੂਸ ਦੀ ਭੂਮਿਕਾ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਹਮਲਾ ਗਲੋਬਲ ਸੁਰੱਖਿਆ ਦੇ ਪੂਰੇ ਢਾਂਚੇ ਨੂੰ "ਕਮਜ਼ੋਰ" ਬਣਾਉਂਦਾ ਹੈ।

    ਉਨ੍ਹਾਂ ਨੇ ਕੌਂਸਲ ਨੂੰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਵਜੋਂ ਰੂਸ ਨੂੰ ਬਾਹਰ ਕੱਢਣ ਦੀ ਮੰਗ ਵੀ ਕੀਤੀ।

    ਉਹ ਕਹਿੰਦੇ ਹਨ ਕਿ ਜੇ ਕੌਂਸਲ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਕੋਈ ਰਸਤਾ ਨਹੀਂ ਲੱਭ ਸਕਦੀ ਤਾਂ ਇਸ ਨੂੰ "ਭੰਗ" ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਾਬਤ ਕਰਦਾ ਹੈ ਕਿ "ਗੱਲਬਾਤ ਤੋਂ ਇਲਾਵਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ।"

  4. ਪਾਕਿਸਤਾਨ: ਡਿਪਟੀ ਸਪੀਕਰ ਦੇ ਫ਼ੈਸਲੇ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਕੱਲ੍ਹ ਤੱਕ ਲਈ ਟਲੀ

    ਪਾਕਿਸਤਾਨ ਦੇ ਸੁਪਰੀਮ ਕੋਰਟ ਵਿੱਚ ਡਿਪਟੀ ਸਪੀਕਰ ਦੇ ਫ਼ੈਸਲੇ ‘ਤੇ ਚੱਲ ਰਹੀ ਸੁਣਵਾਈ ਕੱਲ੍ਹ ਤੱਕ ਲਈ ਟਲ ਗਈ ਹੈ।

    ਬੀਬੀਸੀ ਉਰਦੂ ਸੇਵਾ ਦੀ ਰਿਪੋਰਟ ਮੁਤਾਬਕ, ਸੁਪਰੀਮ ਕੋਰਟ ਵਿੱਚ ਹੁਣ ਮਾਮਲੇ ‘ਤੇ ਮੰਗਲਵਾਰ ਨੂੰ ਸਵੇਰੇ 11.30 ਵਜੇ ਸੁਣਵਾਈ ਹੋਵੇਗੀ।

    ਡਿਪਟੀ ਸਪੀਕਰ ਨੇ ਤਿੰਨ ਅਪ੍ਰੈਲ ਨੂੰ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਹਕੂਮਤ ਵਿਰੋਧੀ ਧਿਰ ਵੱਲੋਂ ਲਿਆਂਦੇ ਗਏ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਸੀ।

    ਸੁਣਵਾਈ ਦੌਰਾਨ ਚੀਫ ਜਸਟਿਸ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿਦੇਸ਼ ਨੀਤੀ ਜਾਂ ਸੂਬੇ ਦੀ ਨੀਤੀ ਨਿਰਧਾਰਿਤ ਨਹੀਂ ਕਰ ਸਕਦਾ ਹੈ ਅਤੇ ਅਦਾਲਤ ਦਾ ਕੰਮ ਕੇਵਲ ਸੰਵਿਧਾਨ ਅਤੇ ਕਾਨੂੰਨ ਦੇਖਣਾ ਹੈ।

  5. ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਲਾਲ ਕਿਲੇ ਮਨਾਇਆ ਜਾਵੇਗਾ - ਸਿਰਸਾ

    ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਲਾਲ ਕਿਲੇ ‘ਤੇ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ।

    ਉਨ੍ਹਾਂ ਨੇ ਦੱਸਿਆ, “20 ਅਤੇ 21 ਅਪ੍ਰੈਲ ਨੂੰ ਭਾਰਤ ਸਰਕਾਰ ਦੋ ਦਿਨਾਂ ਸਮਾਗਮ ਕਰਵਾ ਰਹੀ ਹੈ, ਜਿਸ ਵਿੱਚ ਕੀਰਤਨ ਸਮਾਗਮ ਅਤੇ ਲੇਜ਼ਰ ਸ਼ੋਅ ਹੋਣਗੇ।

  6. ਹਰਿਆਣਾ ਦੇ ਮੁੱਖ ਮੰਤਰੀ ਨੇ ਮਤੇ ਨੂੰ ਲੈ ਕੇ ਇਹ ਖ਼ਾਸ ਗੱਲਾਂ ਆਖੀਆਂ

    ਹਰਿਆਣਾ ਵਿਧਾਨ ਸਭਾ ਵਿੱਚ ਮਤਾ ਪਾਸ ਹੋਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਨ੍ਹਾਂ ਮੁੱਖ ਗੱਲਾਂ ਦਾ ਜ਼ਿਕਰ ਕੀਤਾ-

    • ਅਸੀਂ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਲਿਖਣ ਵਾਲੇ ਹਾਂ ਕਿ ਆਪਸੀ (ਪੰਜਾਬ-ਹਰਿਆਣਾ) ਦੀ ਗੱਲਬਾਤ ਨਾਲ ਕੋਈ ਹੱਲ ਨਹੀਂ ਨਿਕਲ ਰਿਹਾ ਹੈ
    • ਇਸ ਤੋਂ ਬਾਅਦ ਸੁਪਰੀਮ ਕੋਰਟ ਫ਼ੈਸਲਾ ਕਰੇਗੀ ਅਤੇ ਕਿਸੇ ਜ਼ਿੰਮੇ ਲਗਾਏਗੀ। ਉਹ ਉਸ ਦਾ ਕੰਮ ਹੈ ਕਿ ਉਹ ਖੁਦਾਈ ਦਾ ਕੰਮ ਕਿਸ ਦੇ ਜ਼ਿੰਮੇ ਲਗਾਉਂਦਾ ਪੰਜਾਬ, ਕੇਂਦਰ ਜਾਂ ਕਿਸੇ ਹੋਰ ਅਤੇ ਉਸ ਤੋਂ ਬਾਅਦ ਹਰਿਆਣਾ ਨੂੰ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
    • ਉਨ੍ਹਾਂ ਨੇ ਚੰਡੀਗੜ੍ਹ ਵਿੱਚ ਆਪਣਾ ਵੱਖਰਾ ਹਾਈ ਕੋਰਟ ਵੀ ਮੰਗਿਆ ਹੈ।
    • ਚੰਡੀਗੜ੍ਹ ਵਿੱਚ ਹਰਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਗਿਣਤੀ ਘੱਟ ਰਹੀ ਹੈ, ਉਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ ਅਤੇ 60:40 ਦਾ ਅਨੁਪਾਤ ਬਰਕਰਾਰ ਰੱਖਿਆ ਜਾਵੇ
  7. ਯੂਕਰੇਨ ਦਾ ਦਾਅਵਾ ਰੂਸ ਦੇ ਹਮਲੇ ਦੌਰਾਨ 165 ਬੱਚਿਆਂ ਦੀ ਮੌਤ ਹੋਈ ਹੈ

    ਇੰਟਰਫੈਕਸ-ਯੂਕਰੇਨ ਨਿਊਜ਼ ਏਜੰਸੀ ਨੇ ਪ੍ਰੌਸੀਕਿਊਟਰ-ਜਨਰਲ ਦੇ ਦਫ਼ਤਰ (ਪੀਜੀਓ) ਦਾ ਹਵਾਲਾ ਦਿੰਦਿਆਂ ਹੋਇਆ ਦੱਸਿਆ ਹੈ ਕਿ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਵਿੱਚ 165 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

    ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 266 ਬੱਚੇ ਜ਼ਖਮੀ ਹੋਏ ਹਨ।

  8. ਗੈਂਗਸਟਰਾਂ ਉੱਪਰ ਸਖ਼ਤੀ ਸਮੇਤ ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਜਾਰੀ ਹੈ ਤੇ ਕੀਵ ਨਜ਼ਦੀਕ ਸ਼ਹਿਰ ਬੂਚਾ ਵਿਖੇ ਨਾਗਰਿਕਾਂ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਆਗੂਆਂ ਵੱਲੋਂ ਰੂਸ ਦੀ ਨਿਖੇਧੀ ਕੀਤੀ ਗਈ।

    ਚੰਡੀਗੜ੍ਹ ਦੇ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਦਰਮਿਆਨ ਵੀ ਸਿਆਸਤ ਗਰਮਾਈ ਹੋਈ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਇਹ ਰਿਹਾ ਅਹਿਮ:

    • ਹਰਿਆਣਾ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਚੰਡੀਗੜ੍ਹ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਸਬੰਧੀ ਮਤਾ ਪਾਸ ਕੀਤਾ ਗਿਆ ਹੈ। ਵਿਰੋਧੀ ਰਾਜਨੀਤਕ ਦਲਾਂ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਗਿਆ ਹੈ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਇਸ ਦੌਰਾਨ ਸੂਬੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
    • ਇਸ ਟਾਸਕ ਫੋਰਸ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਕਰਨਗੇ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨੀ ਮੁੱਦਿਆਂ ਉੱਪਰ ਸੂਬੇ ਦੇ ਕਿਸਾਨ ਆਗੂਆਂ ਨਾਲ ਵੀ ਅੱਜ ਬੈਠਕ ਕਰਨਗੇ।
    • ਯੂਕਰੇਨ ਦੇ ਰਾਸ਼ਟਰਪਤੀ ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਸੰਬੋਧਨ ਕਰਨਗੇ।
    • ਯੂਕਰੇਨ ਵੱਲੋਂ ਰੂਸ ਉੱਪਰ ਬੂਚਾ ਵਿਖੇ ਜੰਗੀ ਅਪਰਾਧਾਂ ਦੇ ਇਲਜ਼ਾਮ ਲਗਾਏ ਹਨ। ਅਮਰੀਕਾ ਦੇ ਰਾਸ਼ਟਰਪਤੀ ਨੇ ਆਖਿਆ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੰਗੀ ਅਪਰਾਧਾਂ ਸਬੰਧੀ ਕਾਰਵਾਈਆਂ ਦਾ ਸਾਹਮਣਾ ਕਰਨ।
    • ਪੱਛਮੀ ਦੇਸ਼ਾਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਰੂਸ ਉੱਪਰ ਹੋਰ ਸਖ਼ਤ ਪਾਬੰਦੀਆਂ ਲਗਵਾਉਣ ਦੀ ਗੱਲ ਕੀਤੀ ਜਾ ਰਹੀ ਹੈ।
  9. ਹਰਿਆਣਾ ਵਿਧਾਨ ਸਭਾ ਵਿੱਚ ਸਰਬ ਸਹਿਮਤੀ ਨਾਲ ਚੰਡੀਗੜ੍ਹ ਤੇ ਐੱਸਵਾਈਐੱਲ ਦੇ ਪਾਣੀ ਲਈ ਮਤਾ ਪਾਸ

    ਹਰਿਆਣਾ ਵਿਧਾਨ ਸਭਾ ਵਿੱਚ ਸਰਬ ਸਹਿਮਤੀ ਨਾਲ ਚੰਡੀਗੜ੍ਹ ਤੇ ਐੱਸਵਾਈਐੱਲ ਦੇ ਪਾਣੀ ਲਈ ਮਤਾ ਪਾਸ ਹੋ ਗਿਆ ਹੈ।

    ਮਤੇ ਬਾਰੇ ਬੋਲਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੇਂਦਰ ਵੱਲੋਂ ਨਿਯੁਕਤੀ 1966 ਦੇ ਐਕਟ ਦੇ ਖ਼ਿਲਾਫ਼ ਹੈ। ਨਦੀਆਂ ਦਾ ਪ੍ਰੋਜੈਕਟ ਪੰਜਾਬ-ਹਰਿਆਣਾ ਦੀ ਸਾਂਝੀ ਜਾਇਦਾਦ ਹੈ।

    “ਸੁਪਰੀਮ ਕੋਰਟ ਨੇ ਵਾਰ-ਵਾਰ ਕਿਹਾ ਹੈ ਕਿ ਕੇਂਦਰ, ਪੰਜਾਬ ਅਤੇ ਹਰਿਆਣਾ ਦੀ ਸਰਕਾਰ ਬੈਠ ਕੇ ਇਸ ‘ਤੇ ਹੱਲ ਕੱਢੇ। ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ।ਪਰ ਸਾਡਾ ਇੱਕ ਵਾਰ ਵੀ ਬੈਠਣਾ ਨਹੀਂ ਹੋਇਆ, ਪੰਜਾਬ, ਹਰਿਆਣਾ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ ਹੈ।“

    “ਅਸੀਂ ਇਸ ਨੂੰ ਕਦੇ ਚੋਣ ਦਾ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਪਰ ਹੁਣ ਜਦੋਂ ਇਹ ਨਵੀਂ ਸਰਕਾਰ ਆਈ ਤਾਂ ਇਸ ਨੇ ਜੋ ਕੁਝ ਕੀਤਾ ਤਾਂ ਸਵਾਲ ਖੜ੍ਹਾ ਹੋਣਾ ਬਣਦਾ ਹੈ, ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ।“

  10. ਰੂਸ-ਯੂਕਰੇਨ ਜੰਗ: ਵੇਖੋ ਤਸਵੀਰਾਂ

  11. ਰੂਸ-ਯੂਕਰੇਨ ਜੰਗ: ਚੀਨ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਗੱਲਬਾਤ

    ਚੀਨ ਦੇ ਵਿਦੇਸ਼ ਮੰਤਰੀ ਵਾਂਗ ਯਾਈ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤ੍ਰੋ ਕੁਲੇਬਾ ਨਾਲ ਮੰਗਲਵਾਰ ਨੂੰ ਟੈਲੀਫੋਨ 'ਤੇ ਗੱਲ ਕੀਤੀ ਹੈ।

    ਇਸ ਗੱਲਬਾਤ ਤੋਂ ਬਾਅਦ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਆਖਿਆ ਕਿ ਚੀਨ ਅਤੇ ਯੂਕਰੇਨ ਇਸ ਗੱਲ 'ਤੇ ਸਹਿਮਤ ਹਨ ਕਿ ਜੰਗ ਦੇ ਸਮਾਪਤੀ ਅੰਤਰਰਾਸ਼ਟਰੀ ਵਪਾਰ, ਅਮਨ ਲਈ ਮਹੱਤਵਪੂਰਨ ਹੈ।

    1 ਮਾਰਚ ਤੋਂ ਬਾਅਦ ਦੋਹਾਂ ਆਗੂਆਂ ਦਰਮਿਆਨ ਇਹ ਪਹਿਲੀ ਵਾਰ ਹੋਈ ਗੱਲਬਾਤ ਹੈ।

  12. ਪੁਤਿਨ ਜੰਗੀ ਅਪਰਾਧਾਂ ਦੇ ਖ਼ਿਲਾਫ਼ ਕਾਰਵਾਈ ਦਾ ਸਾਹਮਣਾ ਕਰਨ: ਬਾਇਡਨ

    ਯੂਕਰੇਨ ਦੀ ਰਾਜਧਾਨੀ ਕੀਵ ਨਜ਼ਦੀਕ ਸਥਿਤ ਸ਼ਹਿਰ ਬੂਚਾ ਵਿਖੇ ਯੂਕਰੇਨੀ ਨਾਗਰਿਕਾਂ ਖਿਲਾਫ਼ ਤਸ਼ਦੱਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

    ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ 300 ਤੋਂ ਵੱਧ ਨਾਗਰਿਕਾਂ ਦਾ ਕਤਲ ਹੋਇਆ ਹੈ।

    ਦੁਨੀਆ ਭਰ ਦੇ ਆਗੂਆਂ ਵੱਲੋਂ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕੀਤੀ ਗਈ ਹੈ ਅਤੇ ਇਸ ਨੂੰ ਜੰਗੀ ਅਪਰਾਧ ਆਖਿਆ ਹੈ।

    ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਖਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਜੰਗੀ ਅਪਰਾਧਾਂ ਦੇ ਖ਼ਿਲਾਫ਼ ਕਾਰਵਾਈ ਦਾ ਸਾਹਮਣਾ ਕਰਨ।

    ਯੂਕੇ ਦੇ ਵਿਦੇਸ਼ ਸਕੱਤਰ ਲਿਜ਼ ਤਰੁੱਸ ਨੇ ਵੀ ਰੂਸ ਖ਼ਿਲਾਫ਼ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਗੱਲ ਆਖੀ ਹੈ।

    ਉਧਰ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਨੁਮਾਇੰਦੇ ਨੇ ਬੂਚਾ ਵਿਖੇ ਰੂਸ ਦੀਆਂ ਫ਼ੌਜਾਂ ਵੱਲੋਂ ਕਿਸੇ ਵੀ ਕਤਲੇਆਮ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ।

  13. ਪੰਜਾਬ ਵਿੱਚ ਬਣੇਗੀ 'ਐਂਟੀ-ਗੈਂਗਸਟਰ ਟਾਸਕ ਫੋਰਸ'

  14. ਪੰਜਾਬ ਯੂਨੀਵਰਸਿਟੀ ਅਤੇ ਹਾਈ ਕੋਰਟ ਦਾ ਮੁੱਦਾ ਵੀ ਸੈਸ਼ਨ ਵਿੱਚ

    ਹਰਿਆਣਾ ਦੇ ਉੱਪ ਮੁੱਖ ਮੰਤਰੀ ਅਤੇ ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਨੇ ਇਸ ਮਤੇ ਨੂੰ ਚਰਚਾ ਦੌਰਾਨ ਸਮਰਥਨ ਦਿੱਤਾ।

    ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦੇ ਸਾਂਝੇ ਹਾਈਕੋਰਟ ਦਾ ਮੁੱਦਾ ਵੀ ਚੁੱਕਿਆ।

    ਇਸੇ ਨਾਲ ਹੀ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਵੀ 60:40 ਨਿਯਮ ਨੂੰ ਲਾਗੂ ਕਰਾਉਣ ਦਾ ਮੁੱਦਾ ਚੁੱਕਿਆ ਤਾਂ ਜੋ ਹਰਿਆਣਾ ਦੇ ਨੌਜਵਾਨਾਂ ਨੂੰ ਵੀ ਚੰਗੀ ਸਿੱਖਿਆ ਮਿਲੇ।

  15. ਚੰਡੀਗੜ੍ਹ ਅਤੇ ਸਤਲੁਜ ਯਮੁਨਾ ਨਹਿਰ ਬਾਰੇ ਹਰਿਆਣਾ ਵਿਧਾਨ ਸਭਾ ਵਿੱਚ ਮਤਾ ਪੇਸ਼

    ਪੰਜਾਬ ਵਿਧਾਨ ਸਭਾ ਵਿੱਚ ਚੰਡੀਗੜ੍ਹ ਬਾਰੇ ਮਤਾ ਸਰਬਸੰਮਤੀ ਨਾਲ ਪਾਸ ਹੋਣ ਤੋਂ ਬਾਅਦ ਮੰਗਲਵਾਰ ਨੂੰ ਹਰਿਆਣਾ ਸਰਕਾਰ ਵੱਲੋਂ ਵੀ ਵਿਸ਼ੇਸ਼ ਸਦਨ ਬੁਲਾਇਆ ਗਿਆ।

    ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਚੰਡੀਗੜ੍ਹ ਬਾਰੇ ਇੱਕ ਮਤਾ ਵਿਧਾਨ ਸਭਾ ਵਿੱਚ ਪੇਸ਼ ਕੀਤਾ।

    ਵਿਧਾਨ ਸਭਾ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਪੰਜਾਬ ਵੱਲੋਂ ਸਮਝੌਤਿਆਂ ਅਤੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।

    ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਆਖਿਆ ਗਿਆ ਹੈ ਕਿ ਰਾਵੀ ਅਤੇ ਬਿਆਸ ਦਰਿਆਵਾਂ ਦੇ ਪਾਣੀਆਂ ਉੱਪਰ ਸਤਲੁਜ ਯਮੁਨਾ ਨਹਿਰ ਬਣਾਉਣ ਲਈ ਹਰਿਆਣਾ ਦਾ ਹੱਕ ਹੈ ਅਤੇ ਇਹ ਕਾਨੂੰਨੀ ਤੌਰ 'ਤੇ ਵੀ ਸਮੇਂ ਸਮੇਂ 'ਤੇ ਸਿੱਧ ਕੀਤਾ ਗਿਆ ਹੈ।

    ਐਸਵਾਈਐਲ ਨਹਿਰ ਬਣਾਉਣ ਲਈ ਵਿਧਾਨ ਸਭਾ ਵਿੱਚ ਸੱਤ ਵਾਰ ਮਤੇ ਪਾਸ ਹੋਏ ਹਨ।

    ਮਨੋਹਰ ਲਾਲ ਖੱਟਰ ਵੱਲੋਂ ਰਾਜੀਵ-ਲੌਂਗੋਵਾਲ ਸਮਝੌਤੇ, ਇੰਦਰਾ ਗਾਂਧੀ ਐਗਰੀਮੈਂਟ ਅਤੇ ਵੈਂਕਟਰਮਈਆ ਕਮਿਸ਼ਨ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਪੰਜਾਬ ਦੇ ਹਿੰਦੀ ਬੋਲਣ ਵਾਲੇ ਇਲਾਕੇ ਹਰਿਆਣਾ ਨੂੰ ਦੇਣ ਦੀ ਗੱਲ ਕੀਤੀ ਗਈ ਸੀ।

    ਮਤੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਐਸਵਾਈਐਲ ਨਹਿਰ ਨੂੰ ਬਣਾਇਆ ਜਾਵੇ।

  16. ਯੂਕਰੇਨ-ਰੂਸ ਜੰਗ: ਲਾਸ਼ਾਂ ਯੂਕਰੇਨ ਦੇ ਇਸ ਸ਼ਹਿਰ ਦੀਆਂ ਸੜਕਾਂ ’ਤੇ ਵਿੱਛੀਆਂ, ਅੱਖੀਂ ਦੇਖਿਆ ਹਾਲ

    ਯੂਕਰੇਨ ਦੇ ਸ਼ਹਿਰ ਬੂਚਾ ਵਿਖੇ ਰੂਸ ਦੀਆਂ ਫੌਜਾਂ ਉੱਪਰ ਕੀ ਇਲਜ਼ਾਮ ਹਨ ਅਤੇ ਕੀ ਸੋਚਦੇ ਹਨ ਬੂਚਾ ਵਾਸੀ, ਸਮਝਣ ਲਈ ਪੜ੍ਹੋ ਇਹ ਰਿਪੋਰਟ

  17. ਬੂਚਾ ਵਿੱਚ ਰੂਸੀ ਫ਼ੌਜਾਂ ਨੇ ਕੀਤੀ 300 ਤੋਂ ਵੱਧ ਨਾਗਰਿਕਾਂ ਦੀ ਹੱਤਿਆ- ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਕਰੇਨ ਦੇ ਨਾਗਰਿਕਾਂ ਦੇ ਨਾਮ ਆਪਣੇ ਸੰਬੋਧਨ ਵਿੱਚ ਆਖਿਆ ਹੈ ਕਿ ਉਹ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਵਿੱਚ ਸੰਬੋਧਨ ਕਰਨਗੇ।

    ਇਸ ਸਮਾਗਮ ਦੌਰਾਨ ਉਨ੍ਹਾਂ ਨੇ ਰੂਸ ਉੱਪਰ ਇਲਜ਼ਾਮ ਲਗਾਏ ਕਿ ਬੂਚਾ ਵਿੱਚ ਉਨ੍ਹਾਂ ਦੀਆਂ ਫ਼ੌਜਾਂ ਨੇ 300 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਅਤੇ ਤਸ਼ੱਦਦ ਕੀਤਾ ਹੈ। ਉਨ੍ਹਾਂ ਨੇ ਆਖਿਆ ਕਿ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਜੰਗੀ ਅਪਰਾਧ ਕੀਤੇ ਗਏ ਹਨ ਅਤੇ ਇਸ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।

    ਉਨ੍ਹਾਂ ਨੇ ਆਖਿਆ ਕਿ ਇਹ ਅੰਕੜੇ ਸਿਰਫ਼ ਬੂਚਾ ਦੇ ਹਨ ਅਤੇ ਅਸਲ ਅੰਕੜੇ ਇਸ ਤੋਂ ਵੀ ਵੱਧ ਹੋ ਸਕਦੇ ਹਨ।

    ਉਨ੍ਹਾਂ ਨੇ ਦੂਜੇ ਸ਼ਹਿਰਾਂ ਵਿੱਚ ਵੀ ਅਜਿਹੇ ਹਾਲਾਤ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ।

    ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਰੂਸ ਉਪਰ ਹੋਰ ਸਖਤ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ।

  18. ਹੁਣ ਤੱਕ ਦੇ ਅਹਿਮ ਘਟਨਾਕ੍ਰਮ

    • ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਮੰਗਲਵਾਰ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ ਹੈ
    • ਇਮਰਾਨ ਖ਼ਾਨ ਨੇ ਕਿਹਾ ਕਿ ਬੇਸ਼ੱਕ ਉਹ ਚੋਣਾਂ ਹਾਰ ਜਾਣ ਪਰ ਉਨ੍ਹਾਂ ਲੋਕਾਂ ਨੂੰ ਟਿਕਟ ਦੇਣਗੇ, ਜੋ ਮੁਲਕ ਦਾ ਸੋਚਦੇ ਹਨ
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਹਮਲੇ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ।
    • ਯੂਕਰੇਨ ਦੀ ਰਾਜਧਾਨੀ ਕੀਵ ਨਜ਼ਦੀਕ ਸ਼ਹਿਰ ਬੂਚਾ ਵਿਖੇ ਨਾਗਰਿਕਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਨਿਖੇਧੀ ਹੋ ਰਹੀ ਹੈ
    • ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਆਖਿਆ ਹੈ ਕਿ ਇਹ ਸਬੂਤ ਹੈ ਕਿ ਰੂਸ ਵੱਲੋਂ ਜੰਗੀ ਅਪਰਾਧ ਕੀਤੇ ਜਾ ਰਹੇ ਹਨ।
  19. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਅਤੇ ਦੇਸ ਦੁਨੀਆਂ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    4 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।