You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ: ਭਦੌੜ ਵਿੱਚ ਭਿੜੇ 'ਆਪ' ਤੇ ਕਾਂਗਰਸੀ ਵਰਕਰ ਤੇ ਫਿਰੋਜ਼ਪੁਰ ਵਿੱਚ ਵੀ ਹੋਈ ਝੜਪ, 65 ਫੀਸਦ ਤੋਂ ਵੱਧ ਵੋਟਿੰਗ ਹੋਈ

ਪੰਜਾਬ ਦੇ 117 ਹਲਕਿਆਂ ਲਈ ਵੋਟਿੰਗ ਅੱਜ ਹੋ ਰਹੀ ਹੈ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ, ਬੀਬੀਸੀ ਪੰਜਾਬੀ ਨਾਲ ਜੁੜਨ ਲਈ ਧੰਨਵਾਦ

    • ਪੰਜਾਬ ਵਿੱਚ ਅੱਜ 117 ਹਲਕਿਆਂ ਲਈ ਵੋਟਿੰਗ ਮੁਕੰਮਲ ਹੋਈ
    • ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ 63.44 ਵੋਟ ਫੀਸਦ ਦਰਜ ਕੀਤੀ ਗਈ
    • ਪੋਲਿੰਗ ਸਟੇਸ਼ਨਾਂ ਉੱਪਰ ਕੋਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀ ਦਾ ਰੱਖਿਆ ਗਿਆ ਖ਼ਿਆਲ
    • ਪਰਿਵਾਰਾਂ ਸਮੇਤ ਰਾਜਨੀਤਿਕ ਆਗੂਆਂ ਨੇ ਪਾਈਆਂ ਵੋਟਾਂ
    • ਗੜ੍ਹਸ਼ੰਕਰ ਹਲਕੇ ਦੇ ਦੋ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ
    • ਚੋਣ ਕਮਿਸ਼ਨ ਨੇ ਫ਼ਿਲਮ ਅਦਾਕਾਰ ਸੋਨੂੰ ਸੂਦ ਦੀ ਮੋਗਾ ਵਿਚ ਗੱਡੀ ਜ਼ਬਤ ਕੀਤੀ ਅਤੇ ਉਨ੍ਹਾਂ ਨੂੰ ਘਰੇ ਰਹਿਣ ਦੀ ਹਦਾਇਤ ਦਿੱਤੀ ਗਈ ਸੀ
  2. ਲੋਕਤੰਤਰ ਦੀਆਂ ਖ਼ਾਮੀਆਂ ਜਿਸ ਦਾ ਹਰਜਾਨਾ ਗਰੀਬਾਂ ਨੂੰ ਤਾਰਨਾ ਪੈਂਦਾ ਹੈ- ਨਜ਼ਰੀਆ

    ਲੋਕਤੰਤਰ ਸੰਕਟ ਵਿੱਚ ਹੈ। ਲੋਕਤੰਤਰ ਵਿਰੋਧੀ ਸਿਆਸਤਦਾਨ ਛਾਏ ਹੋਏ ਹਨ ਤੇ ਜਨਤਕ ਬਹਿਸ ਵਿੱਚ ਝੂਠੀਆਂ ਖ਼ਬਰਾਂ ਦਾ ਦਬਦਬਾ ਹੈ। ਸਰਵੇ ਦਰਸਾਉਂਦੇ ਹਨ ਕਿ ਲੋਕਾਂ ਵਿੱਚ ਸਿਸਟਮ ਵਿੱਚ ਯਕੀਨ ਨਹੀਂ ਰਿਹਾ ਹੈ।

    ਪਰ ਫਰਾਂਸ ਦੀ ਇੱਕਆਰਥਿਕ ਮਾਹਰ ਜੂਲੀਆ ਕੇਜਮੁਤਾਬਕ ਇਸ ਦਾ ਹੱਲ ਇਹ ਹੈ ਕਿ ਲੋਕਤੰਤਰ ਵਿੱਚ ਜਿਸ ਤਰੀਕੇ ਨਾਲ ਪੈਸਾ ਆਉਂਦਾ ਹੈ ਉਸ ਤਰੀਕੇ ਨੂੰ ਬਦਲਿਆ ਜਾਵੇ। ਅਜਿਹਾ ਉਹ ਇਸ ਲਈ ਕਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਲੋਕਤੰਤਰ ਵਿੱਚ ਪੈਸਾ ਗਰੀਬਾਂ ਦਾ ਲਗਦਾ ਹੈ ਤੇ ਸੁੱਖ ਅਮੀਰ ਲੋਕਾਂ ਨੂੰ ਮਿਲਦਾ ਹੈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  3. ਪੰਜਾਬ ਚੋਣਾਂ: ਪੰਜ ਵਜੇ ਤੱਕ 63.44 ਫੀਸਦ ਭੁਗਤੀ ਵੋਟ

    ਚੋਣ ਕਮਿਸ਼ਨ ਮੁਤਾਬਕ ਪੰਜਾਬ ਵਿੱਚ ਅੱਜ 117 ਵਿਧਾਨ ਸਭਾ ਹਲਕਿਆਂ ਲਈ ਸ਼ਾਮ 5 ਵਜੇ ਤੱਕ ਪੰਜਾਬ ਵਿੱਚ 63.44 ਵੋਟ ਫੀਸਦ ਦਰਜ ਕੀਤੀ ਗਈ ਹੈ।

    ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ ਸਾਰੇ 196 ਮਹਿਲਾ ਪੋਲਿੰਗ ਸਟੇਸ਼ਨਾਂ `ਤੇ ਵੀ ਵੋਟਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ।

    ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ.ਐੱਸ.ਕਰੁਣਾ ਰਾਜੂ ਮੁਤਾਬਕ ਇਸ ਚੋਣ ਦੀ ਮੁੱਖ ਵਿਸ਼ੇਸ਼ਤਾ ਚੋਣ ਕਮਿਸ਼ਨ ਦੇ 65 ਜਨਰਲ ਅਬਜ਼ਰਵਰ, 29 ਪੁਲਿਸ ਅਬਜ਼ਰਵਰ ਅਤੇ 50 ਖਰਚਾ ਅਬਜ਼ਰਬਰ ਤੋਂ ਇਲਾਵਾ 8784 ਮਾਈਕਰੋ-ਅਬਜ਼ਰਵਰਾਂ ਦੀ ਤਾਇਨਾਤੀ ਸੀ।

    ਉਨ੍ਹਾਂ ਦੱਸਿਆ ਕਿ ਸਵੇਰੇ ਮੌਕ ਪੋਲ ਦੌਰਾਨ 146 ਬੈਲਟ ਯੂਨਿਟ, 152 ਕੰਟਰੋਲ ਯੂਨਿਟ ਅਤੇ 433 ਵੀਵੀਪੀਏਟੀ ਮਸ਼ੀਨਾਂ ਨੂੰ ਬਦਲਿਆ ਗਿਆ ਜਦਕਿ ਅਸਲ ਮਤਦਾਨ ਦੌਰਾਨ 72 ਬੈਲਟ ਯੂਨਿਟ, 64 ਕੰਟਰੋਲ ਯੂਨਿਟ ਅਤੇ 649 ਵੀਵੀਪੀਏਟੀ ਦੀ ਬਦਲੀ ਕੀਤੀ ਗਈ ।

  4. ਪੰਜਾਬ ਵਿਧਾਨ ਸਭਾ ਚੋਣਾਂ-'ਹੌਟ ਸੀਟਾਂ' ਵਿੱਚ ਕੀ ਰਹੇ ਵੋਟਿੰਗ ਦੇ ਹਾਲਾਤ

    ਪੰਜਾਬ ਵਿਧਾਨ ਸਭਾ ਸਵੇਰੇ ਦੇ ਨੁਮਾਇੰਦਿਆਂ ਦੀ ਚੋਣ ਲਈ ਵੋਟਿੰਗ ਦਾ ਸਿਲਸਿਲਾ ਸਵੇਰੇ ਅੱਠ ਵਜੇ ਸ਼ੁਰੂ ਹੋ ਕੇ ਸ਼ਾਮ ਛੇ ਵਜੇ ਤੱਕ ਜਾਰੀ ਰਿਹਾ।

    ਪੰਜਾਬ ਦੀਆਂ ਚਰਚਿਤ ਸੀਟਾਂ ਵਿੱਚ ਵੋਟਿੰਗ ਉਪਰ ਸਭ ਦੀ ਨਜ਼ਰ ਰਹੀ।

    ਪੰਜ ਵਜੇ ਤੱਕ ਇਨ੍ਹਾਂ ਹਲਕਿਆਂ ਵਿਚ ਕਿੰਨੀ ਵੋਟਿੰਗ ਹੋਈ ਇਹ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ।

    ਅੰਮ੍ਰਿਤਸਰ ਪੂਰਬੀ ਵਿੱਚ ਸ਼ਾਮ ਪੰਜ ਵਜੇ ਤੱਕ 53 ਫ਼ੀਸਦ ਵੋਟਿੰਗ ਹੋਈ। ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਇੱਥੋਂ ਉਮੀਦਵਾਰ ਹਨ।

    ਧੂਰੀ, ਜਿੱਥੋਂ ਭਗਵੰਤ ਮਾਨ ਉਮੀਦਵਾਰ ਹਨ ਵਿਖੇ 68 ਫ਼ੀਸਦ ਵੋਟਿੰਗ ਹੋਈ।

    ਚਮਕੌਰ ਸਾਹਿਬ ਵਿਖੇ 68 ਫ਼ੀਸਦ ਅਤੇ ਭਦੌੜ ਵਿਖੇ 71.3 ਫ਼ੀਸਦ ਵੋਟਾਂ ਪਈਆਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹਾਂ ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰ ਹਨ।

    ਲੰਬੀ ਵਿਖੇ 72.4 ਫ਼ੀਸਦ ਅਤੇ ਜਲਾਲਾਬਾਦ ਵਿਖੇ 71.5 ਫ਼ੀਸਦ ਵੋਟਿੰਗ ਹੋਈ।

    ਇਨ੍ਹਾਂ ਹਲਕਿਆਂ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉਮੀਦਵਾਰ ਹਨ।

    ਅਮਰਗੜ੍ਹ ਵਿਖੇ 72.8 ਫ਼ੀਸਦ ਵੋਟਿੰਗ ਹੋਈ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਉਮੀਦਵਾਰ ਹਨ।

    ਗਿੱਦੜਬਾਹਾ ਵਿਖੇ 77.8 ਫ਼ੀਸਦ ਵੋਟਾਂ ਪਈਆਂ ਹਨ। ਪਟਿਆਲਾ ਵਿਖੇ 59.5 ਫ਼ੀਸਦ ਵੋਟਿੰਗ ਹੋਈ ਹੈ।

  5. ਗੜ੍ਹਸ਼ੰਕਰ ਹਲਕੇ ਦੇ ਦੋ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ, ਵੇਖੋ ਤਸਵੀਰਾਂ

    ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਨੂੰ ਜਾਣ ਵਾਲੀ ਲਿੰਕ ਸੜਕ ਰੇਲਵੇ ਵੱਲੋਂ ਗਾਡਰ ਲਾ ਕੇ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਦੋਵਾਂ ਪਿੰਡਾਂ ਦੇ ਵੋਟਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਤੇ ਸਾਢੇ ਚਾਰ ਵਜੇ ਤੱਕ ਇੱਕ ਵੀ ਵੋਟ ਨਹੀਂ ਸੀ ਪਈ।

    ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਆਪਣੀ ਮੰਗ ਨੂੰ ਲੈਕੇ 7 ਫਰਵਰੀ ਤੋਂ ਧਰਨਾ ਲਾਇਆ ਹੋਇਆ ਹੈ ਜਿਹੜਾ ਕਿ ਲਗਾਤਾਰ ਜਾਰੀ ਹੈ।

    ਗੜ੍ਹਸ਼ੰਕਰ -ਨਵਾਂਸ਼ਹਿਰ ਰੋਡ 'ਤੇ ਪਿੰਡ ਬਸਿਆਲਾ ਨੂੰ ਜਾਣ ਵਾਲੇ ਲਿੰਕ ਸੜਕ 'ਤੇ ਪੈਂਦੇ ਫਾਟਕ ਨੂੰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰੋਸ ਧਰਨੇ 'ਤੇ ਬੈਠੇ ਸਨ।

    ਪਿੰਡ ਬਸਿਆਲਾ ਦੀਆਂ ਕੁੱਲ ਵੋਟਾਂ 1117 ਅਤੇ ਪਿੰਡ ਰਸੂਲਪੁਰ ਦੀਆਂ ਕੁੱਲ ਵੋਟਾਂ 462 ਹਨ। ਦੋਵੇਂ ਪਿੰਡਾਂ ਦੀਆਂ ਕੁੱਲ ਵੋਟਾਂ 1579 ਬਣਦੀਆਂ ਹਨ।

    ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚੋ 1650 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਜਿੱਤੀ ਸੀ।

  6. ਪੰਜਾਬ ਚੋਣਾਂ: ਪਹਿਲੀ ਵਾਰ ਵੋਟ ਪਾਉਣ ਸਮੇਂ ਕੀ ਦੇਖਦੇ ਹਨ ਨੌਜਵਾਨ

  7. ਇੱਕ ਸਕੂਲ ਜਿੱਥੇ ਦੋ ਜ਼ਿਲ੍ਹਿਆਂ ਦੇ ਦੋ ਹਲਕੇ ਕਰ ਰਹੇ ਹਨ ਮਤਦਾਨ - ਵੇਖੋ ਤਸਵੀਰਾਂ

    ਬਰਨਾਲਾ-ਬਠਿੰਡਾ ਜ਼ਿਲ੍ਹਿਆਂ ਦੀ ਹੱਦ 'ਤੇ ਪੈਂਦੇ ਦੋ ਪਿੰਡਾਂ ਦੀ ਵੋਟ ਇੱਕ ਹੀ ਜਗ੍ਹਾ ਉੱਤੇ ਪੈ ਰਹੀ ਹੈ।

    ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲ੍ਹੇ ਦਾ ਪਿੰਡ ਜੈਮਲ ਸਿੰਘ ਵਾਲਾ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਲੀਕੇ ਦੇ ਸਕੂਲ ਇੱਕ ਹੀ ਚਾਰਦਵਾਰੀ ਵਿੱਚ ਹੋਣ ਕਰਕੇ ਰਾਮਪੁਰਾ ਅਤੇ ਭਦੌੜ ਦੋ ਵੱਖ-ਵੱਖ ਹਲਕਿਆਂ ਦੀਆਂ ਵੋਟਾਂ ਇੱਕ ਹੀ ਸਕੂਲ ਬਿਲਡਿੰਗ ਵਿੱਚ ਪੈ ਰਹੀਆਂ ਹਨ।

    ਜ਼ਿਕਰਯੋਗ ਹੈ ਕਿ ਰਾਮਪੁਰਾ ਫੂਲ ਤੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਵੱਡੇ ਚਿਹਰੇ ਚੋਣਾਂ ਲੜ ਰਹੇ ਹਨ।

  8. ਪੰਜਾਬ: ਸੂਬੇ ਵਿੱਚ ਪੰਜ ਵਜੇ ਤੱਕ 63.44 ਫ਼ੀਸਦ ਵੋਟਿੰਗ

    ਸ਼ਾਮ ਪੰਜ ਵਜੇ ਤੱਕ ਪੰਜਾਬ ਵਿੱਚ ਕੁੱਲ 63.44 ਫ਼ੀਸਦ ਵੋਟਿੰਗ ਹੋ ਚੁੱਕੀ ਹੈ।

    ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 70 ਫ਼ੀਸਦ ਤੋਂ ਵੀ ਵੱਧ ਵੋਟਾਂ ਪੈ ਚੁੱਕੀਆਂ ਹਨ।

    ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ 77.80 ਫੀਸਦ ਵੋਟਿੰਗ ਹੋਈ ਹੈ।

    ਇਸ ਤੋਂ ਇਲਾਵਾ ਫ਼ਾਜ਼ਿਲਕਾ, ਮੁਕਤਸਰ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਵਿੱਚ ਵੀ 70 ਫ਼ੀਸਦ ਤੋਂ ਵੱਧ ਵੋਟਾਂ ਪੈ ਚੁੱਕੀਆਂ ਹਨ।

  9. ਅਮਰੀਕ ਸਿੰਘ ਢਿੱਲੋਂ ਉਪਰ ਲੱਗੇ ਨਕਦੀ ਵੰਡਣ ਦੇ ਇਲਜ਼ਾਮ, ਉਨ੍ਹਾਂ ਨੇ ਕੀਤਾ ਇਨਕਾਰ

    ਮੌਜੂਦਾ ਵਿਧਾਇਕ ਅਤੇ ਸਮਰਾਲਾ ਦੇ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਉੱਪਰ ਪੈਸੇ ਦੇ ਕੇ ਵੋਟਾਂ ਖ਼ਰੀਦਣ ਦੇ ਆਰੋਪ ਲੱਗੇ ਹਨ।

    ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਬਸਪਾ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਇਹ ਇਲਜ਼ਾਮ ਲਗਾਏ ਹਨ।

    ਉਨ੍ਹਾਂ ਮੁਤਾਬਕ ਅਮਰੀਕ ਸਿੰਘ ਢਿੱਲੋਂ ਦੇ ਸਹਿਯੋਗੀ ਵੀਡੀਓ ਵਿੱਚ ਨਗਦੀ ਵੰਡਦੇ ਨਜ਼ਰ ਆ ਰਹੇ ਹਨ।

    ਅਮਰੀਕ ਸਿੰਘ ਢਿੱਲੋਂ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ।

    ਪੁਲਿਸ ਵੱਲੋਂ ਅਕਾਲੀ ਉਮੀਦਵਾਰ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਆਖਿਆ ਗਿਆ ਹੈ ਅਤੇ ਅਮਰੀਕ ਢਿੱਲੋਂ ਦੇ ਦਫਤਰ ਦੀ ਤਲਾਸ਼ੀ ਲਈ ਜਾ ਰਹੀ ਹੈ।

  10. ਭਗਵੰਤ ਮਾਨ ਦੇ ਮਾਤਾ ਪੁੱਤ ਬਾਰੇ ਗੱਲ ਦੱਸ ਹੋਏ ਭਾਵੁਕ

    ਪੰਜਾਬ ਵਿਧਾਨ ਸਭਾ ਚੋਣਾਂ ਲਈ ਮਹਿਲਾ ਸਿਆਸਦਾਨਾਂ ਨੇ ਵੀ ਵੋਟ ਪਾਈ।

    ਇਨ੍ਹਾਂ ਨੇ ਆਪੋ ਆਪਣੀ ਜਿੱਤ ਦੇ ਦਾਅਵਿਆਂ ਸਣੇ ਮੁੱਦਿਆਂ ਦੀ ਵੀ ਗੱਲ ਕੀਤੀ।

  11. ਉੱਤਰ ਪ੍ਰਦੇਸ਼ ਵਿੱਚ ਤੀਜੇ ਗੇੜ ਦੀਆਂ ਚੋਣਾਂ ਜਾਰੀ, ਚੌਥੇ ਗੇੜ ਲਈ ਪ੍ਰਧਾਨ ਮੰਤਰੀ ਨੇ ਕੀਤਾ ਪ੍ਰਚਾਰ

    ਉੱਤਰ ਪ੍ਰਦੇਸ਼ ਦੇ ਹਰਦੋਈ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਥੇ ਗੇੜ ਲਈ ਪ੍ਰਚਾਰ ਕੀਤਾ ਹੈ।

    ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਅੱਜ ਉੱਤਰ ਪ੍ਰਦੇਸ਼ ਵਿੱਚ ਵੀ ਤੀਜੇ ਗੇੜ ਦੀਆਂ ਚੋਣਾਂ ਹੋ ਰਹੀਆਂ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਅਹਿਮਦਾਬਾਦ ਬੰਬ ਬਲਾਸਟ ਅਤੇ ਚਰਮਪੰਥੀ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਹਨ।

    ਪ੍ਰਧਾਨ ਮੰਤਰੀ ਨੇ ਆਖਿਆ, "ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਦਾ ਰਵੱਈਆ ਹੋਰ ਵੀ ਖਤਰਨਾਕ ਰਿਹਾ ਹੈ। ਇਹ ਲੋਕ ਓਸਾਮਾ ਵਰਗੇ ਅੱਤਵਾਦੀਆਂ ਨੂੰ ਜੀ ਕਹਿ ਕੇ ਬੁਲਾਉਂਦੇ ਸਨ ਅਤੇ ਬਾਟਲਾ ਹਾਊਸ ਐਨਕਾਊਂਟਰ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ 'ਤੇ ਰੋਂਦੇ ਸਨ।"

    ਪ੍ਰਧਾਨ ਮੰਤਰੀ ਨੇ ਵਾਰਾਣਸੀ ਲਖਨਊ ਅਯੁੱਧਿਆ ਅਦਾਲਤ ਵਿੱਚ ਹੋਏ ਧਮਾਕਿਆਂ ਦਾ ਵੀ ਜ਼ਿਕਰ ਕੀਤਾ।

    ਤੀਜੇ ਗੇੜ ਦੌਰਾਨ ਉੱਤਰ ਪ੍ਰਦੇਸ਼ ਵਿੱਚ 48 ਫ਼ੀਸਦ ਵੋਟਿੰਗ ਹੋਈ ਹੈ।

  12. ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਪੀਏ ਉੱਪਰ ਪਰਚਾ, ਕੁੱਟਮਾਰ ਦੇ ਇਲਜ਼ਾਮ

    ਗਿੱਦੜਬਾਹਾ ਤੋਂ ਕਾਂਗਰਸ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ ਏ ਵਿਰੁੱਧ ਕੁੱਟਮਾਰ ਤੇ ਡਿਊਟੀ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ।

    ਇਸ ਮਾਮਲੇ ਵਿੱਚ ਮੰਤਰੀ ਦੇ ਪੀਏ ਰਣਧੀਰ ਸਿੰਘ ਅਤੇ ਹੋਰ ਤਿੰਨ ਅਣਪਛਾਤੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

    ਬੀਬੀਸੀ ਸਹਿਯੋਗੀ ਭਾਰਤ ਭੂਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਥਾਣਾ ਕੋਟਭਾਈ ਵਿਖੇ ਚੋਣ ਕਮਿਸ਼ਨ ਦੇ ਅਮਲੇ ਦੇ ਕਰਮਚਾਰੀ ਨਾਲ ਕਥਿਤ ਕੁੱਟਮਾਰ ਕਾਰਨ ਇਹ ਮਾਮਲਾ ਹੋਇਆ ਹੈ।

    ਪੀੜਤ ਕਰਮਚਾਰੀ ਮੁਤਾਬਕ ਉਸ ਦਾ ਸਰਕਾਰੀ ਅਤੇ ਨਿੱਜੀ ਫੋਨ ਖੋਹ ਲਿਆ ਗਿਆ ਜਿਸ ਤੋਂ ਬਾਅਦ ਉਸਦੀ ਸ਼ਨੀਵਾਰ ਰਾਤ ਕੁੱਟਮਾਰ ਕੀਤੀ ਗਈ। ਪੀੜਤ ਕਰਮਚਾਰੀ ਮੁਤਾਬਕ ਘਟਨਾ ਦੇ ਸਮੇਂ ਰਾਜਾ ਵੜਿੰਗ ਵੀ ਮੌਜੂਦ ਸਨ।

  13. ਪੰਜਾਬ ਵਿਧਾਨ ਸਭਾ ਚੋਣਾਂ: ਜਾਣੋ ਭਗਵੰਤ ਮਾਨ ਦੀ ਮਾਤਾ ਨੇ ਕੀ ਆਖਿਆ

    ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਵੋਟਿੰਗ ਤੋਂ ਬਾਅਦ ਆਪਣੇ ਮਾਤਾ ਹਰਪਾਲ ਕੌਰ ਨੂੰ ਮਿਲੇ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਨੇ ਆਖਿਆ ਕਿ ਸਾਡੇ ਲਈ ਭਗਵੰਤ ਪਹਿਲਾਂ ਹੀ ਮੁੱਖ ਮੰਤਰੀ ਹੈ। ਇਲਾਕੇ ਦੇ ਲੋਕ ਉਸ ਨੂੰ ਪਿਆਰ ਕਰਦੇ ਹਨ।

    ਭਗਵੰਤ ਮਾਨ ਨੇ ਵੀ ਆਖਿਆ ਕਿ ਜੇਕਰ ਉਨ੍ਹਾਂ ਦੀ ਮਾਤਾ ਨੇ ਇਹ ਕਹਿ ਦਿੱਤਾ ਤਾਂ ਹੋਰ ਕੀ ਚਾਹੀਦਾ ਹੈ। ਮਾਂ ਨੇ ਆਖਿਆ ਕਿ ਨੌਜਵਾਨ ਵਿਦਿਆਰਥੀਆਂ ਸਮੇਤ ਹਰ ਕੋਈ ਪੰਜਾਬ ਵਿੱਚ ਬਦਲਾਅ ਚਾਹੁੰਦਾ ਹੈ।

  14. ਪੰਜਾਬ ਵਿਧਾਨ ਸਭਾ ਚੋਣਾਂ: 3 ਵਜੇ ਤਕ 49.81 ਫ਼ੀਸਦ ਵੋਟਿੰਗ,ਜਾਣੋ ਤੁਹਾਡੇ ਜ਼ਿਲ੍ਹੇ ਦਾ ਕੀ ਹੈ ਹਾਲ

    ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਤਦਾਨ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 3 ਵਜੇ ਤੱਕ 49.81 ਫ਼ੀਸਦ ਵੋਟਿੰਗ ਹੋਈ ਹੈ। ਮਲੇਰਕੋਟਲਾ ਜ਼ਿਲ੍ਹਾ 57 ਫ਼ੀਸਦ ਵੋਟਿੰਗ ਨਾਲ ਸਭ ਤੋਂ ਅੱਗੇ ਹੈ। 61.40 ਫ਼ੀਸਦ ਵੋਟਿੰਗ ਨਾਲ ਗਿੱਦੜਬਾਹਾ ਹਲਕਾ ਸਭ ਤੋਂ ਅੱਗੇ ਹੈ।

    • ਅੰਮ੍ਰਿਤਸਰ-44.29%
    • ਬਰਨਾਲਾ-53.09%
    • ਬਠਿੰਡਾ -55.48%
    • ਫ਼ਰੀਦਕੋਟ -51.63%
    • ਫਤਹਿਗੜ੍ਹ ਸਾਹਿਬ-51.79%
    • ਫ਼ਾਜ਼ਿਲਕਾ-56.97%
    • ਫ਼ਿਰੋਜ਼ਪੁਰ-55.08%
    • ਗੁਰਦਾਸਪੁਰ-51.22%
    • ਹੁਸ਼ਿਆਰਪੁਰ-49.87%
    • ਜਲੰਧਰ-45.53%
    • ਕਪੂਰਥਲਾ-48.86%
    • ਮਾਨਸਾ-56.94%
    • ਲੁਧਿਆਣਾ-45.11%
    • ਮੋਗਾ-45.36%
    • ਮਲੇਰਕੋਟਲਾ-57.07%
    • ਪਠਾਨਕੋਟ-48.01%
    • ਪਟਿਆਲਾ -54.30%
    • ਰੋਪੜ-53.80%
    • ਮੁਹਾਲੀ-42.00%
    • ਸੰਗਰੂਰ-54.18%
    • ਨਵਾਂ ਸ਼ਹਿਰ-50.34%
    • ਸ੍ਰੀ ਮੁਕਤਸਰ ਸਾਹਿਬ-56.12%
    • ਤਰਨ ਤਾਰਨ-45.93%
  15. ਪੰਜਾਬ ਚੋਣਾਂ: ਭਦੌਰ ਵਿੱਚ ਵੋਟਰ ਕੀ ਕਹਿ ਰਹੇ

    ਭਦੌੜ ’ਚ ਕੀ ਹੈ ਇਸ ਵੇਲੇ ਸਿਆਸੀ ਮਾਹੌਲ, ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਦੱਸ ਰਹੇ ਹਨ

  16. ਪੰਜਾਬ ਚੋਣਾਂ: ਭਦੌੜ ਵਿੱਚ 'ਆਪ' ਤੇ ਕਾਂਗਰਸੀ ਆਪਸ ਵਿੱਚ ਭਿੜੇ

  17. ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਪਰਿਵਾਰ ਨੇ ਪਾਈ ਵੋਟ, ਦੇਖੋ ਤਸਵੀਰਾਂ

    ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ ਚੋਣਾਂ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਦੇ ਆਗੂਆਂ ਨੇ ਪਰਿਵਾਰ ਸਮੇਤ ਵੋਟ ਪਾਈ।

    ਸਾਂਸਦ ਪ੍ਰਨੀਤ ਕੌਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਨੇ ਪਟਿਆਲਾ ਵਿਖੇ ਵੋਟ ਪਾਈ।

    ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੁਖਦੇਵ ਸਿੰਘ ਢੀਂਡਸਾ ਨੇ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ।

  18. ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਲੈ ਰਹੇ ਹਨ ਡੇਰਾ ਸੱਚਾ ਸੌਦਾ ਤੋਂ ਸਮਰਥਨ: ਚਰਨਜੀਤ ਸਿੰਘ ਚੰਨੀ

    ਪੰਜਾਬ ਵਿਧਾਨ ਸਭਾ ਚੋਣਾਂ ਲਈ ਮਤਦਾਨ ਜਾਰੀ ਹੈ ਅਤੇ ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਡੇਰਾ ਸੱਚਾ ਸੌਦਾ ਤੋਂ ਸਮਰਥਨ ਲੈਣ ਦੇ ਇਲਜ਼ਾਮ ਲਗਾਏ ਹਨ।

    ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦਿਆਂ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਹੇਂ ਡੇਰਾ ਸੱਚਾ ਸੌਦਾ ਤੋਂ ਸਮਰਥਨ ਲੈ ਰਹੇ ਹਨ।

    ਚੰਨੀ ਨੇ ਭਗਵੰਤ ਮਾਨ ਉੱਪਰ ਵੀ ਧੂਰੀ ਤੋਂ ਡੇਰੇ ਦਾ ਸਮਰਥਨ ਲੈਣ ਦੇ ਇਲਜ਼ਾਮ ਲਗਾਏ ਹਨ।

    ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਰਾਜਨੀਤਿਕ ਦਲਾਂ ਦੀ ਬੌਖਲਾਹਟ ਦੱਸਦੀ ਹੈ ਕਿ ਸੂਬੇ ਵਿੱਚ ਕਾਂਗਰਸ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ।

  19. ਪੰਜਾਬ ਵਿਧਾਨ ਸਭਾ ਚੋਣਾਂ-ਜਦੋਂ ਸਿੱਧੂ ਤੇ ਮਜੀਠੀਆ ਆਏ ਆਹਮਣੋ ਸਾਹਮਣੇ

    ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਸਿਲਸਿਲਾ ਜਾਰੀ ਹੈ ਅਤੇ ਸਭ ਤੋਂ ਚਰਚਿਤ ਸੀਟਾਂ ਵਿੱਚ ਸ਼ਾਮਿਲ ਅੰਮ੍ਰਿਤਸਰ ਪੂਰਬੀ ਵਿੱਚ ਵੋਟਿੰਗ ਦੌਰਾਨ ਇੱਕ ਅਜਿਹਾ ਪਲ ਸਾਹਮਣੇ ਆਇਆ ਜਦੋਂ ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਆਹਮਣੋ ਸਾਹਮਣੇ ਹੋਏ।

    ਅੰਮ੍ਰਿਤਸਰ ਪੂਰਬੀ ਦੇ ਇੱਕ ਪੋਲਿੰਗ ਬੂਥ ਤੋਂ ਬਿਕਰਮ ਸਿੰਘ ਮਜੀਠੀਆ ਬਾਹਰ ਆ ਰਹੇ ਸਨ ਅਤੇ ਨਵਜੋਤ ਸਿੰਘ ਸਿੱਧੂ ਅੰਦਰ ਜਾ ਰਹੇ ਸਨ।

    ਇਸ ਦੌਰਾਨ ਦੋਹਾਂ ਵਿੱਚ ਕੁਝ ਸੈਕਿੰਡ ਗੱਲਬਾਤ ਹੋਈ ਜਿਸ ਤੋਂ ਬਾਅਦ ਉਹ ਆਪਣੇ ਆਪਣੇ ਰਾਹ ਵਿੱਚ ਅੱਗੇ ਵਧ ਗਏ।

    ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਦੁਪਹਿਰ 1 ਵਜੇ ਤੱਕ ਮਿਲੀ ਜਾਣਕਾਰੀ ਮੁਤਾਬਕ 18.60 ਫ਼ੀਸਦ ਵੋਟਾਂ ਹੀ ਪਈਆਂ ਹਨ।

  20. ਪੰਜਾਬ ਵਿਧਾਨ ਸਭਾ ਚੋਣਾਂ: 1 ਵਜੇ ਤਕ 34.10 ਫ਼ੀਸਦ ਵੋਟਿੰਗ, ਜਾਣੋ ਤੁਹਾਡੇ ਜ਼ਿਲ੍ਹੇ ਦਾ ਕੀ ਹੈ ਹਾਲ

    ਪੰਜਾਬ ਵਿਧਾਨ ਸਭਾ ਚੋਣਾਂ ਜਾਰੀ ਹਨ। ਚੋਣ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 1 ਵਜੇ ਤਕ 34.10 ਫ਼ੀਸਦ ਵੋਟਿੰਗ ਹੋਈ ਹੈ।

    • ਅੰਮ੍ਰਿਤਸਰ-30.23%
    • ਬਰਨਾਲਾ-37.26%
    • ਬਠਿੰਡਾ -38.75%
    • ਫ਼ਰੀਦਕੋਟ -35.83%
    • ਫਤਹਿਗੜ੍ਹ ਸਾਹਿਬ-37.13%
    • ਫ਼ਾਜ਼ਿਲਕਾ-40.59%
    • ਫ਼ਿਰੋਜ਼ਪੁਰ-37.97
    • ਗੁਰਦਾਸਪੁਰ-35.76%
    • ਹੁਸ਼ਿਆਰਪੁਰ-34.98%
    • ਜਲੰਧਰ-29.70%
    • ਕਪੂਰਥਲਾ-34.32%
    • ਮਾਨਸਾ-38.95%
    • ਲੁਧਿਆਣਾ-29.58%
    • ਮੋਗਾ-29.55%
    • ਮਲੇਰਕੋਟਲਾ-39.78%
    • ਪਠਾਨਕੋਟ-28.54%
    • ਪਟਿਆਲਾ -38.61%
    • ਰੋਪੜ-37.41%
    • ਮੁਹਾਲੀ-27.22%
    • ਸੰਗਰੂਰ-37.91%
    • ਨਵਾਂ ਸ਼ਹਿਰ-34.86%
    • ਸ੍ਰੀ ਮੁਕਤਸਰ ਸਾਹਿਬ-39.61%
    • ਤਰਨ ਤਾਰਨ-31.36%