You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ: ਸ਼੍ਰੋਮਣੀ ਕਮੇਟੀ ਨੇ ਕਾਂਗਰਸ ਦੇ ਇਸ ਨਾਅਰੇ ਨਾਲ ਇਤਰਾਜ਼, ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਪੰਜਾਬ ਸਣੇ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਉਮੀਦਵਾਰ ਆਪਣੇ ਹਲਕਿਆਂ ਵਿੱਚ ਪ੍ਰਚਾਰ ਵਿੱਚ ਜੁਟੇ ਹੋਏ ਹਨ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ

    • ਵੀਰਵਾਰ ਨੂੰ ਰੋਡ ਰੇਜ ਮਾਮਲੇ ਵਿੱਚ ਨਵਜੋਤ ਸਿੱਧੂ ਖਿਲਾਫ ਸੁਣਵਾਈ ਹੋਵੇਗੀ।
    • ਬਟਾਲਾ ਦੇ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ’ਤੇ ਪੁਲਿਸ ਨੇ ਧਾਰਾ 188 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
    • ਕਾਂਗਰਸ ਆਗੂ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਲਈ ਸਭ ਤੋਂ ਵੱਧ ਵੋਟਾਂ ਉਨ੍ਹਾਂ ਨੂੰ ਪਈਆਂ ਸਨ
    • ਸ਼੍ਰੋਮਣੀ ਕਮੇਟੀ ਨੇ ਕਾਂਗਰਸ ਦੇ ਇੱਕ ਨਾਅਰੇ ਉੱਤੇ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਉਸ ਵਿੱਚ ਅਰਦਾਸ ਦੀਆਂ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
    • ਸ਼੍ਰੋਮਣੀ ਕਮੇਟੀ ਨੇ ਚੋਣ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਹੋਰਡਿੰਗ ਬੋਰਡ ਹਟਾਏ ਜਾਣ ਅਤੇ ਕਾਂਗਰਸ ਪਾਸੋਂ ਜਨਤਕ ਮੁਆਫ਼ੀ ਮੰਗਵਾਈ ਜਾਵੇ
    • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਜੱਦੀ ਹਲਕੇ ਚਮਕੌਰ ਸਾਹਿਬ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਹੋ ਗਏ।
  2. ਨਵਜੋਤ ਸਿੱਧੂ ਖਿਲਾਫ਼ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਹੋਵੇਗੀ ਕੱਲ੍ਹ ਸੁਣਵਾਈ

    ਸੁਪਰੀਮ ਕੋਰਟ ਵਿੱਚ ਕੱਲ੍ਹ (ਵੀਰਾਵਰ) ਨੂੰ ਨਵਜੋਤ ਸਿੰਘ ਸਿੱਧੂ ਖਿਲਾਫ ਰੋਡ ਰੇਜ ਮਾਮਲੇ ਵਿੱਚ ਸੁਣਵਾਈ ਹੋਵੇਗੀ।

    ਅਦਾਲਤ ਪੀੜਤ ਪਰਿਵਾਰ ਵੱਲੋਂ 15 ਮਈ, 2018 ਦੇ ਫੈਸਲੇ 'ਤੇ ਨਜ਼ਰਸਾਨੀ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗਾ।

    ਜਿਸ ਵਿੱਚ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਸਿਰਫ਼ 1,000 ਰੁਪਏ ਦੇ ਜੁਰਮਾਨੇ ਨਾਲ ਛੱਡ ਦਿੱਤਾ ਗਿਆ ਸੀ।

    ਇਸ ਮਾਮਲੇ ਵਿੱਚ ਪਟਿਆਲਾ ਨਿਵਾਸੀ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

    ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਣ-ਬੁੱਝ ਕੇ ਸੱਟ ਪਹੁੰਚਾਉਣ ਲਈ ਦੋਸ਼ੀ ਮੰਨਦਿਆਂ 3 ਸਾਲ ਦੀ ਸਜ਼ਾ ਸੁਣਾਈ ਸੀ।

    ਪਰ ਸੁਪਰੀਮ ਕੋਰਟ ਨੇ ਇਹ ਦੇਖਦਿਆਂ ਕਿ ਘਟਨਾ 30 ਸਾਲ ਪੁਰਾਣੀ ਹੈ ਅਤੇ ਕੋਈ ਪੁਰਾਣੀ ਰੰਜਿਸ਼ ਨਹੀਂ ਸੀ, ਇਸ ਲਈ ਸਿਰਫ਼ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ।

  3. ਭਾਜਪਾ ਉਮੀਦਵਾਰ ਫਤਹਿਜੰਗ ਖ਼ਿਲਾਫ਼ ਕੇਸ ਦਰਜ

    ਬਟਾਲਾ ਦੇ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ’ਤੇ ਕੇਸ ਦਰਜ ਹੋਇਆ ਹੈ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਧਾਰਾ 188 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

    ਇਸ ਦੇ ਨਾਲ ਹੀ 80/85 ਅਗਿਆਤ ਨੌਜਵਾਨਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

    ਐੱਸਡੀਓ ਪੀਐੱਸਪੀਸੀਐੱਲ ਦੇ ਐੱਸਡੀਓ ਭਗਵੰਤ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

  4. ‘ਜਨਤਾ ਦੇ ਪੈਸੇ ਨਾਲ ਅਮਿਤ ਸ਼ਾਹ ਨੂੰ ਮੁਫ਼ਤ ਬਿਜਲੀ ਮਿਲੇ ਤਾਂ ਠੀਕ ਹੈ ਪਰ ਜਨਤਾ ਨੂੰ ਬਿਜਲੀ ਮਿਲੇ ਤਾਂ ਦਿੱਕਤ ਹੈ’

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਿਆ ਹੈ।

    ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਭਾਜਪਾ ਆਗੂ ਅਮਿਤ ਸ਼ਾਹ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਉਨ੍ਹਾਂ ਨੂੰ ਕਿੰਨੀਆਂ ਯੂਨਿਟਾਂ ਮੁਫ਼ਤ ਮਿਲਦੀਆਂ ਹਨ।

    ਉਨ੍ਹਾਂ ਨੇ ਕਿਹਾ, “ਅਮਿਤ ਸ਼ਾਹ ਨੂੰ ਮੁਫ਼ਤ ਬਿਜਲੀ ਮਿਲੇ ਤਾਂ ਦਿੱਕਤ ਨਹੀਂ ਪਰ ਜਨਤਾ ਨੂੰ 300 ਯੁਨਿਟ ਬਿਜਲੀ ਮਿਲੇ ਤਾਂ ਅਮਿਤ ਸ਼ਾਹ ਨੂੰ ਮਿਰਚ ਲੱਗਦੀ ਹੈ। ਇਹ ਕਾਂ ਗ਼ਲਤ ਹੈ।“

    “ਇਹ ਪੈਸਾ ਜਨਤਾ ਦਾ ਹੈ ਤੇ ਜਨਤਾ ਦੇ ਪੈਸੇ ਨਾਲ ਅਮਿਤ ਸ਼ਾਹ ਨੂੰ ਮੁਫ਼ਤ ਬਿਜਲੀ ਮਿਲੇ ਤਾਂ ਠੀਕ ਹੈ ਪਰ ਜਨਤਾ ਨੂੰ ਨਹੀਂ ਮਿਲਣੀ ਚਾਹੀਦੀ ਹੈ।“

    ਦਰਅਸਲ, ਐਤਵਾਰ ਨੂੰ ਗੋਆ ਵਿੱਚ ਚੋਣ ਪ੍ਰਚਾਰ ਕਰਦਿਆਂ ਹੋਇਆਂ ਅਮਿਤ ਸ਼ਾਹ ਨੇ ਬਿਨਾਂ ਕਿਸੇ ਪਾਰਟੀ ਦਾ ਨਾਮ ਲਏ ਮੁਫ਼ਤ ਚੀਜ਼ਾਂ ਦੇਣ ਦੇ ਵਾਅਦੇ ‘ਤੇ ਸਵਾਲ ਚੁੱਕੇ ਸਨ।

  5. ਸੀਐੱਮ ਬਣਨ ਬਾਰੇ ਪਰਗਟ ਸਿੰਘ ਨੇ ਕੀ ਕਿਹਾ

    ਕਾਂਗਰਸੀ ਆਗੂ ਪਰਗਟ ਸਿੰਘ ਨੇ ਅੱਜ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਦਮਪੁਰ ਤੋਂ ਮਹਿੰਦਰ ਸਿੰਘ ਕੇਪੀ ਟਿਕਟ ਕੱਟਵਾਉਣ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਸੀ।

    ਦਰਅਸਲ, ਕਾਂਗਰਸ ਨੇ ਆਦਮਪੁਰ ਤੋਂ ਮਹਿੰਦਰ ਸਿੰਘ ਕੇਪੀ ਦੀ ਥਾਂ ਬਸਪਾ ਨੂੰ ਛੱਡ ਕੇ ਆਏ ਸੁਖਵਿੰਦਰ ਕੋਟਲੀ ਨੂੰ ਟਿਕਟ ਦਿੱਤੀ ਹੈ।

    ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਦੀ ਰਿਪੋਰਟ ਮੁਤਾਬਕ ਮਹਿੰਦਰ ਸਿੰਘ ਕੇਪੀ ਨੇ ਅਸਿੱਧੇ ਤੌਰ ‘ਤੇ ਪਰਗਟ ਸਿੰਘ ‘ਤੇ ਉਨ੍ਹਾਂ ਨੂੰ ਕਾਂਗਰਸ ‘ਚ ਜ਼ਲੀਲ ਕਰਕੇ ਟਿਕਟ ਕਟਾਉਣ ਦੀ ਗੱਲ ਕਹੀ ਗਈ ਸੀ।

    ਇਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਪਰਗਟ ਸਿੰਘ ਨੂੰ ਪੁੱਛਿਆ ਕਿ ਕੀ ਉਹ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਤਰੱਕੀ ਕਿਸ ਨੂੰ ਚੰਗੀ ਨਹੀਂ ਲਗਦੀ।

    ਹਾਲਾਂਕਿ, ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰੇ ਦੀ ਰੇਸ ’ਚ ਉਹ ਆਪਣੇ ਆਪ ਨੂੰ ਨਹੀਂ ਦੱਸਦੇ ਹਨ।

  6. ਸੁਨੀਲ ਜਾਖੜ ਦਾ ਦਾਅਵਾ, ਸੀਐੱਮ ਅਹੁਦੇ ਲਈ ਸਭ ਤੋਂ ਵੱਧ ਵੋਟਾਂ ਉਨ੍ਹਾਂ ਨੂੰ ਪਈਆਂ ਸਨ

    ਕਾਂਗਰਸ ਆਗੂ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਲਈ ਸਭ ਤੋਂ ਵੱਧ ਵੋਟਾਂ ਉਨ੍ਹਾਂ ਨੂੰ ਪਈਆਂ ਸਨ।

    ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਦੇ ਅਸਤੀਫੇ ਮਗਰੋਂ 42 ਵਿਧਾਇਕਾਂ ਨੇ ਉਨ੍ਹਾਂ ਨੂੰ ਸੀਐੱਮ ਬਣਾਉਣ ਲਈ ਵੋਟ ਦਿੱਤਾ ਸੀ। ਸੁਨੀਲ ਜਾਖੜ ਨੇ 1 ਫਰਵਰੀ ਨੂੰ ਅਬੋਹਰ ਵਿੱਚ ਚੋਣ ਪ੍ਰਚਾਰ ਦੌਰਾਨ ਇਹ ਗੱਲ ਆਖੀ।

  7. ਕਾਂਗਰਸ ਪਾਰਟੀ ਵੱਲੋਂ ਸਿੱਖ ਸ਼ਬਦਾਵਲੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ- ਸ਼੍ਰੋਮਣੀ ਕਮੇਟੀ

    ਕਾਂਗਰਸ ਪਾਰਟੀ ਨੇ ‘ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਦਾ ਨਾਅਰਾ ਦਿੱਤਾ ਹੈ ਜਿਸ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ।

    ਸ਼੍ਰੋਮਣੀ ਕਮੇਟੀ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ ਤੇ ਕਿਹਾ ਹੈ ਕਿ ਪਾਰਟੀ ਵੱਲੋਂ ਸਿੱਖ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨੂੰ ਤੋੜਿਆ ਮਰੋੜਿਆ ਗਿਆ ਹੈ।

    ਸ਼੍ਰੋਮਣੀ ਕਮੇਟੀ ਨੇ ਚੋਣ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਹੋਰਡਿੰਗ ਬੋਰਡ ਹਟਾਏ ਜਾਣ ਅਤੇ ਕਾਂਗਰਸ ਪਾਸੋਂ ਜਨਤਕ ਮੁਆਫ਼ੀ ਮੰਗਵਾਈ ਜਾਵੇ।

    ਦਰਅਸਲ, ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਹੋਰਡਿੰਗ ਬੋਰਡ ਲਗਵਾਏ ਹਨ, ਜਿੱਥੇ ਉਨ੍ਹਾਂ ਨੇ ਲਿਖਿਆ ਹੈ, “ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ।“

    ਜਿਸ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਹੈ, “ਕਾਂਗਰਸ ਪਾਰਟੀ ਵੱਲੋਂ ਆਪਣੇ ਨਿੱਜੀ ਅਤੇ ਰਾਜਸੀ ਹਿੱਤਾਂ ਲਈ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨੂੰ ਤੋੜ-ਮਰੋੜ ਕੇ ਵਰਤਿਆ ਹੈ।“

  8. ਸੁਖਬੀਰ ਬਾਦਲ - ਸਾਡੀ ਸਰਕਾਰ ਆਈ ਤਾਂ ਚੰਨੀ ਦੇ ਸਾਰੇ ਫ਼ੈਸਲੇ ਰਿਵੀਊ ਹੋਣਗੇ

    ਪੰਜਾਬ ਵਿਧਾਨ ਸਭਾ ਚੋਣਾਂ 'ਚ ਹੁਣ ਕੁਝ ਦਿਨ ਰਹਿ ਗਏ ਹਨ। ਸਿਆਸੀ ਪਾਰਟੀਆਂ 'ਚ ਹਲਚਲ ਦਾ ਮਾਹੌਲ ਹੈ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।

    ਬੀਬੀਸੀ ਪੰਜਾਬੀ ਨੇ ਆਗਾਮੀ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਬਾਦਲ ਨਾਲ ਚੰਡੀਗੜ੍ਹ ਵਿਖੇ ਖਾਸ ਗੱਲਬਾਤ ਕੀਤੀ।

    ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਦੁਆਰਾ ਪਿਛਲੇ ਤਿੰਨ ਮਹੀਨਿਆਂ 'ਚ ਕੀਤੇ ਗਏ ਸਾਰੇ ਫ਼ੈਸਲਿਆਂ ਦਾ 'ਰਿਵੀਊ' ਕੀਤਾ ਜਾਏਗਾ।

  9. ਗੋਆ ਦੇ ਵੋਟਰਾਂ ਨੂੰ ‘ਆਪ’ ਦੇ ਉਮੀਦਵਾਰ ਹਲਫ਼ੀਆ ਬਿਆਨ ਵਿੱਚ ਇਹ ਲਿਖ ਕੇ ਦੇਣਗੇ

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਉਮੀਦਵਾਰਾਂ ਦੀ ਈਮਾਨਦਾਰੀ ਦਾ ਵਾਅਦਾ ਕੀਤਾ।

    ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਉਮੀਦਵਾਰ ਬੜੇ ਧਿਆਨ ਨਾਲ ਚੁਣੇ ਹਨ, ਸਾਰੇ ਈਮਾਨਦਾਰ ਹਨ ਪਰ ‘’ਉਮੀਦਵਾਰ ਸਿਰਫ਼ ਈਮਾਨਦਾਰ ਹੋਣਾ ਹੀ ਨਹੀਂ ਚਾਹੀਦਾ ਦਿਸਣਾ ਵੀ ਚਾਹੀਦਾ ਹੈ’’।

    ‘’ਉਮੀਦਵਾਰ ਆਪਣੇ ਵੱਲੋਂ ਦਸਤਖ਼ਤ ਕੀਤੇ ਹਲਫ਼ੀਆ ਬਿਆਨ ਦੀ ਇੱਕ-ਇੱਕ ਕਾਪੀ ਹਰ ਘਰ ਵਿੱਚ ਪਹੁੰਚਾਏਗਾ।‘’

    ਕੇਜਰੀਵਾਲ ਨੇ ਕਿਹਾ ਕਿ ਐਫ਼ੀਡੈਵਿਟ ਵਿੱਚ,’’ਅਸੀਂ ਕਹਿ ਰਹੇ ਹਾਂ ਕਿ ਜੇ ਮੈਂ ਬੇਈਮਾਨੀ ਕਰਾਂ ਜਾਂ ਆਪਣੀ ਪਾਰਟੀ ਬਦਲਾਂ ਤਾਂ ਤੁਸੀਂ ਮੇਰੇ ਉੱਪਰ ਕੇਸ ਕਰ ਸਕਦੇ ਹੋ।‘’

    ਉਨ੍ਹਾਂ ਨੇ ਕਿਹਾ,’’ਭਰੋਸਾ ਤੋੜਨ ਅਤੇ ਝੂਠਾ ਹਲਫ਼ੀਆ ਬਿਆਨ ਦੇਣ ਸਮੇਤ ਕਈ ਕਿਸਮ ਦੇ ਫਿਰ ਕੇਸ ਬਣਨਗੇ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਤਾਕਤ ਦੇ ਰਹੇ ਹਾਂ।‘’

    ਇਸ ਮੌਕੇ ਉਮੀਦਵਾਰਾਂ ਦੇ ਹਲਫ਼ੀਆ ਬਿਆਨ ਪੜ੍ਹ ਕੇ ਵੀ ਸੁਣਾਇਆ ਗਿਆ।

  10. ਕੈਪਟਨ ਅਮਰਿੰਦਰ ਸਿੰਘ ਦਾ ਇੱਕ 'ਧਾਕੜ ਆਗੂ' ਤੋਂ ਇੱਕ 'ਮਜਬੂਰ ਮੁੱਖ ਮੰਤਰੀ' ਬਣਨ ਤੱਕ ਦਾ ਸਫਰ, ਜਾਣੋ ਖ਼ਾਸ ਗੱਲਾਂ

    ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਇੱਕ ਸਿਆਸਤਦਾਨ ਹੋਣ ਦੇ ਨਾਲ-ਨਾਲ ਸਿੱਖ ਅਤੇ ਫੌਜੀ ਇਤਿਹਾਸਕਾਰ ਵੀ ਹਨ।

    ਕਾਰਜਕਾਲ ਪੂਰਾ ਹੋਣ ਦੇ ਕਰੀਬ 4 ਮਹੀਨੇ ਪਹਿਲਾਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰਨਾ ਉਨ੍ਹਾਂ ਦੀ ਸਿਆਸੀ ਸਾਖ਼ ਨੂੰ ਤਾਂ ਜ਼ਰੂਰ ਹਿਲਾ ਗਿਆ ਹੈ।

    ਕੈਪਟਨ ਅਮਰਿੰਦਰ ਸਿੰਘ ਦਾ ਸਬੰਧ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਹੈ। ਇਸ ਲਈ ਕੁਝ ਲੋਕ ਉਨ੍ਹਾਂ ਨੂੰ ''ਮਹਾਰਾਜਾ'' ਅਮਰਿੰਦਰ ਸਿੰਘ ਵੀ ਕਹਿੰਦੇ ਹਨ।

    ਉਨ੍ਹਾਂ ਭਾਰਤੀ ਫੌਜ ਵਿੱਚ ਬਤੌਰ ਅਫ਼ਸਰ ਨੌਕਰੀ ਕੀਤੀ ਹੈ ਅਤੇ ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਇਸ ਲਈ ਉਨ੍ਹਾਂ ਦੇ ਨਾਂ ਅੱਗੇ ਕੈਪਟਨ ਲੱਗਦਾ ਹੈ।

  11. ਮੀਨਾਕਸ਼ੀ ਲੇਖੀ ਮੁਤਾਬਕ ਕਾਂਗਰਸ ਵਿੱਚ ਕੀ 'ਨਵਾਂ ਨਹੀਂ ਹੈ'

    ਖ਼ਬਰ ਏਜੰਸੀ ਏਐਨਆਈ ਮੁਤਾਬਕ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਾਂਗਰਸੀ ਸੁਨੀਲ ਜਾਖੜ ਦੀ 42 ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਨੂੰ ਸੀਐਮ ਬਣਾਉਣ ਸੰਬੰਧੀ ਵੋਟ ਕਰਨ ਬਾਰੇ ਦਿੱਤੇ ਬਿਆਨ ਬਾਰੇ ਪ੍ਰਤੀਕਿਰਿਆ ਦਿੱਤੀ ਹੈ।

    ਮੀਨਾਕਸ਼ੀ ਲੇਖੀ ਨੇ ਕਿਹਾ,''ਇਹ ਨਵਾਂ ਨਹੀਂ ਹੈ। ਜਦੋਂ ਨਹਿਰੂ ਜੀ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਹਰ ਕਿਸੇ ਨੇ ਪਟੇਲ ਜੀ ਦੀ ਹਮਾਇਤ ਕੀਤੀ ਸੀ, ਨਾ ਕਿ ਉਨ੍ਹਾਂ ਦੀ। ਜੇ ਪਟੇਲ ਜੀ ਦੀ ਇਜ਼ਤ ਨਹੀਂ ਕੀਤੀ ਗਈ ਤਾਂ ਤੁਸੀਂ ਜਾਖੜ ਜੀ ਲਈ ਕਿਵੇਂ ਉਮੀਦ ਕਰ ਸਕਦੇ ਹੋ।''

  12. ਕੈਪਟਨ ਤੋਂ ਬਾਅਦ ਮੁੱਖ ਮੰਤਰੀ ਬਣਾਉਣ ਲਈ ਮੈਨੂੰ 42 ਵੋਟਾਂ ਪਈਆਂ- ਸੁਨੀਲ ਜਾਖੜ

    ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਬਣਾਉਣ ਲਈ ਉਨ੍ਹਾਂ ਦੇ ਨਾਮ 'ਤੇ ਵੀ ਵਿਚਾਰ ਕੀਤਾ ਗਿਆ ਸੀ।

    ਉਨ੍ਹਾਂ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਕੈਪਟਨ ਨੂੰ ਹਟਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਬਣਾਉਣ ਲਈ 79 ਵਿਧਾਇਕਾਂ ਤੋਂ ਫ਼ੋਨ 'ਤੇ ਰਾਇ ਮੰਗੀ ਗਈ ਸੀ।

    "ਮੈਂ ਤੁਹਾਨੂੰ ਫੈਕਟ ਦੱਸ ਦਿਆਂ 42 ਵੋਟਾਂ ਸੁਨੀਲ ਨੂੰ ਪਈਆਂ, 16 ਵੋਟਾਂ ਸੁਖਜਿੰਦਰ ਰੰਧਾਵੇ ਨੂੰ ਪਈਆਂ, 12 ਵੋਟਾਂ ਪਈਆਂ ਮਾਹਾਰਾਣੀ ਪ੍ਰਨੀਤ ਕੌਰ ਨੂੰ, 6 ਵੋਟਾਂ ਪਈਆਂ ਨਵਜੋਤ ਸਿੰਘ ਸਿੱਧੂ ਨੂੰ ਅਤੇ 2 ਵੋਟਾਂ ਚੰਨੀ ਨੂੰ ਪਈਆਂ।"

    ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਨ ਦਾ ਕੋਈ ਗਿਲਾ ਨਹੀਂ ਹੈ ਤੇ ਮੈਨੂੰ ਖ਼ੁਸ਼ੀ ਹੈ ਕਿ 42 ਜਣਿਆਂ ਨੇ ਮੈਨੂੰ ਬਿਨਾਂ ਕੁਝ ਹੁੰਦਿਆਂ ਵੀ ਇਸ ਦੇ ਯੋਗ ਸਮਝਿਆ।

    ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨਾਂ ਨੂੰ ਉੱਪ ਮੁਖ ਮੰਤਰੀ ਬਣਾਉਣ ਦੀ ਗੱਲ ਵੀ ਕੀਤੀ ਸੀ।

    ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਧਾਇਕਾਂ ਨੂੰ ਕੋਈ ਵਿਕਲਪ ਨਹੀਂ ਦਿੱਤੇ ਗਏ ਸਨ ਸਗੋਂ ਉਨ੍ਹਾਂ ਨੂੰ ਸਿਰਫ਼ ਇਹ ਕਿਹਾ ਗਿਆ ਸੀ ਕਿ ਕੈਪਟਨ ਸਾਹਿਬ ਪਾਸੇ ਹੋ ਗਏ ਹਨ, ਆਪਾਂ ਮੁੱਖ ਮੰਤਰੀ ਬਣਾਉਣਆ ਹੈ ਤੁਸੀਂ ਨਾਮ ਦਿਓ।

  13. ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਦੀ ਮਾਫ਼ੀ ਅਤੇ 'ਮੀ ਟੂ' ਉਪਰ ਕੀ ਆਖਿਆ

    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ, ਭਾਪਜਾ ਨਾਲ ਗੱਠਜੋੜ, ਬੇਅਦਬੀ, ਨਸ਼ਿਆਂ ਦੇ ਮੁੱਦੇ 'ਤੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

    ਰਿਪੋਰਟ - ਮਨਪ੍ਰੀਤ ਕੌਰ, ਸ਼ੂਟ - ਗੁਲਸ਼ਨ ਕੁਮਾਰ

  14. ਜਦੋਂ ਸੀਐਮ ਚੰਨੀ ਚਮਕੌਰ ਸਾਹਿਬ 'ਚ ਹੋਏ ਭਾਵੁਕ

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਜੱਦੀ ਹਲਕੇ ਚਮਕੌਰ ਸਾਹਿਬ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਹੋ ਗਏ।

    ਵੋਟਰਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਇੱਥੇ ਪੰਦਰਾਂ ਸਾਲ ਹੋ ਗਏ ਹਨ...ਹੁਣ ਤੁਸੀਂ ਹੀ ਮੈਨੂੰ ਸਾਂਭਣਾ ਹੈ।

    ਉਨ੍ਹਾਂ ਦੀ ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਦੀ ਇਹ ਕਲਿੱਪ ਪੰਜਾਬ ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਗਈ।

  15. ਚਰਨਜੀਤ ਸਿੰਘ ਚੰਨੀ ਦੇ ਭਦੌੜ ਤੋਂ ਨਾਮਜ਼ਦਗੀ ਭਰਨ ਦੇ ਕੀ ਮਾਅਨੇ ਲਏ ਜਾ ਰਹੇ ਹਨ

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਭਦੌੜ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਭਦੌੜ ਸੀਟ ਵੀ ਐੱਸ ਸੀ ਰਾਖਵੀਆਂ ਸੀਟਾਂ ਵਿੱਚ ਆਉਂਦੀ ਹੈ।

    ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਲਿਸਟ ਵਿੱਚ ਚਮਕੌਰ ਸਾਹਿਬ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ।

    ਮੌਜੂਦਾ ਮੁੱਖ ਮੰਤਰੀ ਦੇ ਦੋ ਥਾਵਾਂ ਤੋਂ ਚੋਣ ਲੜਨ ਦੇ ਵਿਰੋਧੀਆਂ ਅਤੇ ਜਾਣਕਾਰਾਂ ਵੱਲੋਂ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ।

    ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

  16. ਕੈਪਟਨ ਅਮਰਿੰਦਰ ਨੇ ਕੇਂਦਰ ਤੇ ਸੂਬੇ ਦੇ ਰਿਸ਼ਤੇ ਬਾਰੇ ਇਹ ਕਿਹਾ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਲੋੜ ਹੈ ਕਿ ਪੰਜਾਬ ਦੀ ਤਰੱਕੀ ਬਾਰੇ ਕੇਂਦਰ ਸਰਕਾਰ ਤੇ ਸੂਬੇ ਸਰਕਾਰ ਦੀ ਸੋਚ ਇੱਕੋ ਜਿਹੀ ਹੋਵੇ।

    ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਗਠਜੋੜ ਪੰਜਾਬ ਨੂੰ ਸਹੀ ਰਾਹ 'ਤੇ ਪਾਉਣ ਦੀ ਗੱਲ ਕਰ ਰਿਹਾ ਹੈ।

  17. ਪੰਜਾਬ ਚੋਣਾਂ ਦਾ ਪ੍ਰਮੁੱਖ ਘਟਨਾਕ੍ਰਮ

    ਚੋਣਾਂ ਲਈ ਕੁਲ 2279 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। 1 ਫਰਵਰੀ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ ਸੀ।

    ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਫੈਸਲਾ ਲਿਆ ਹੈ ਕਿ ਉਹ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨਗੇ। ਉਨ੍ਹਾਂ ਦੀ ਥਾਵੇਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠਾ ਹਲਕੇ ਤੋਂ ਚੋਣ ਲੜਨਗੇ।

    ਆਦਮਪੁਰ ਸੀਟ ਤੋਂ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਮਹਿੰਦਰ ਕੇਪੀ ਤੇ ਸੁਖਵਿੰਦਰ ਕੋਟਲੀ ਦੋਵੇਂ ਨਾਮਜ਼ਦਗੀ ਦਾਖਲ ਕਰਨ ਪੁਹੰਚ ਗਏ। ਕਾਂਗਰਸ ਵੱਲੋਂ ਟਿਕਟ ਕੋਟਲੀ ਨੂੰ ਦਿੱਤੀ ਗਈ ਹੈ।

    ਕੇਂਦਰੀ ਬਜਟ ਦੇ ਐਲਾਨਾਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ਲਈ ਇੱਕ ਵੱਡਾ ਘੋਲ ਕਰਨ ਲਈ ਤਿਆਰ ਹੋ ਜਾਣ।

  18. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪਾਜ ਰਾਹੀਂ ਅਸੀਂ ਤੁਹਾਡੇ ਨਾਲ ਚੋਣਾਂ ਦੌਰਾਨ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।