ਪੰਜਾਬ ਚੋਣਾਂ 2022: ਪਿਛਲੀ ਵਾਰ ਚਮਕੌਰ ਸਾਹਿਬ ਤੋਂ ਜਿੱਤੇ ਸੀਐੱਮ ਚਰਨਜੀਤ ਚੰਨੀ ਸੋਮਵਾਰ ਨੂੰ ਭਦੌੜ ਤੋਂ ਨਾਮਜ਼ਦਗੀ ਭਰਨਗੇ

ਪੰਜਾਬ ਅਤੇ ਉੱਤਰਪ੍ਰਦੇਸ਼ ਸਣੇ 5 ਸੂਬਿਆਂ ਦਾ ਵਿਧਾਨ ਸਭਾ ਚੋਣਾਂ ਅਮਲ ਫਰਬਰੀ ਮਹੀਨੇ ਵਿਚ ਪੂਰਾ ਹੋਣਾ ਹੈ ਅਤੇ ਨਤੀਜੇ 10 ਮਾਰਚ ਨੂੰ ਆਉਣਗੇ

ਲਾਈਵ ਕਵਰੇਜ

  1. ਪ੍ਰਕਾਸ਼ ਸਿੰਘ ਬਾਦਲ: ਪੰਜਾਬ ਤੇ ਪੰਥਕ ਸਿਆਸਤ ਦਾ ਧੁਰਾ ਰਹੇ ਅਕਾਲੀ ਆਗੂ ਦੀ ਜ਼ਿੰਦਗੀ ਦੇ ਅਹਿਮ ਪੜ੍ਹਾਅ

  2. ਅੱਜ ਦੇ ਅਹਿਮ ਘਟਨਾਕ੍ਰਮ

    ਅਸੀਂ ਬੀਬੀਸੀ ਪੰਜਾਬੀ ਦਾ ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਲਾਈਵ ਪੇਜ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ, ਪੇਸ਼ ਹੈ ਅੱਜ ਦਾ ਅਹਿਮ ਘਟਨਾਕ੍ਰਮ

    • ਸੋਮਵਾਰ ਨੂੰ ਚਰਨਜੀਤ ਚੰਨੀ ਭਦੌੜ ਤੋਂ ਆਪਣੀ ਨਾਮਜ਼ਦਗੀ ਭਰਨਗੇ। ਚੰਨੀ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ।
    • ਕਾਂਗਰਸੀ ਵਿਧਾਇਕ ਅੰਗਦ ਸੈਣੀ ਨੇ ਨਵਾਂਸ਼ਹਿਰ ਤੋਂ ਟਿਕਟ ਕੱਟੇ ਜਾਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।
    • ਕਾਂਗਰਸ ਦੇ ਆਪਣੇ 8 ਉਮੀਦਵਾਰਾਂ ਦੀ ਆਖਰੀ ਲਿਸਟ ਜਾਰੀ ਕਰ ਦਿੱਤੀ ਹੈ।
    • ਸੁਖਬੀਰ ਬਾਦਲ ਜਲਾਲਾਬਾਦ ਤੋਂ, ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਤੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਨਾਮਜ਼ਦਗੀ ਭਰਨਗੇ।
    • ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ 'ਚ 'ਆਪ' ਦੀ ਸਰਕਾਰ ਬਣੇਗੀ ਤਾਂ ਹਰ ਸਰਕਾਰੀ ਦਫ਼ਤਰ ਵਿੱਚ ਬੀਆਰ ਅੰਬੇਡਕਰ ਅਤੇ ਭਗਤ ਸਿੰਘ ਦੀ ਫੋਟੋ ਲਗਾਈ ਜਾਵੇਗੀ।
  3. ਚਰਨਜੀਤ ਚੰਨੀ ਦੇ 2 ਸੀਟਾਂ ਤੋਂ ਲੜਨ 'ਤੇ ਕੇਜਰੀਵਾਲ ਦਾ ਵਿਅੰਗ

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, bhagwant maan/facebook

    ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਹਲਕਾ ਭਦੌੜ ਤੋਂ ਉਮੀਦਵਾਰ ਐਲਾਨੇ ਜਾਣ ’ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਅੰਗ ਕਸਿਆ ਹੈ।

    ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ,'' ਮੈਂ ਕਿਹਾ ਸੀ ਨਾ ਕਿ ਸਾਡੇ ਸਰਵੇ ਮੁਤਾਬਕ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਅੱਜ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਦੋ ਸੀਟਾਂ ਤੋਂ ਚੋਣ ਲੜਨਗੇ। ਇਸਦਾ ਮਤਲਬ ਸਰਵੇ ਸੱਚ ਹੈ?''

    ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਚਮਕੌਰ ਸਾਹਿਬ ਤੋਂ ਇਲਾਵਾ ਹੁਣ ਭਦੌੜ ਸੀਟ ਵਾਸਤੇ ਵੀ ਐਲਾਨਿਆ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਕੇਂਦਰ ਸਰਕਾਰ ਐੱਮਐੱਸਪੀ ਬਾਰੇ ਆਪਣਾ ਵਾਅਦਾ ਪੂਰਾ ਕਰੇ - ਟਿਕੈਤ

    ਬੀਕੇਯੂ ਦੇ ਪ੍ਰਧਾਨ ਰਾਕੇਸ਼ ਟਿਕੈਤ

    ਤਸਵੀਰ ਸਰੋਤ, ani

    ਸੋਮਵਾਰ ਨੂੰ ਪੂਰੇ ਦੇਸ਼ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦਿਵਸ ਮਨਾਇਆ ਜਾ ਰਿਹਾ ਹੈ।

    ਬੀਕੇਯੂ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਐੱਮਐੱਸਪੀ ਬਾਰੇ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ।

    ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਖਿਲਾਫ਼ ਦਾਇਰ ਮਾਮਲੇ ਵੀ ਵਾਅਦੇ ਮੁਤਾਬਕ ਵਾਪਸ ਲੈਣੇ ਚਾਹੀਦੇ ਹਨ।

  5. ਚਰਨਜੀਤ ਸਿੰਘ ਚੰਨੀ ਭਦੌੜ ਸੀਟ ਤੋਂ ਸੋਮਵਾਰ ਨੂੰ ਭਰਨਗੇ ਪਰਚਾ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, charnjit singh channi/Facebok

    ਪਿਛਲੀ ਵਾਰ ਚਮਕੌਰ ਸਾਹਿਬ ਤੋਂ ਜਿੱਤੇ ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ ਭਦੌੜ ਸੀਟ ਤੋਂ ਨਾਮਜ਼ਦਗੀ ਭਰਨਗੇ।

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵੇਲੇ ਚਮਕੌਰ ਸਾਹਿਬ ਤੋਂ ਵਿਧਾਇਕ ਹਨ।

    ਕਾਂਗਰਸ ਦੀ 86 ਉਮੀਦਵਾਰਾਂ ਦੀ ਪਹਿਲੀ ਲਿਸਟ ਵਿੱਚ ਚਮਕੌਰ ਸਾਹਿਬ ਸੀਟ ਤੋਂ ਵੀ ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਐਲਾਨਿਆ ਸੀ।

    ਕਾਂਗਰਸ ਵੱਲੋਂ ਆਖਰੀ ਅੱਠ ਸੀਟਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ।

    ਪਟਿਆਲਾ ਸ਼ਹਿਰੀ ਤੋਂ ਵਿਸ਼ਣੂ ਸ਼ਰਮਾ ਨੂੰ ਕਾਂਗਰਸ ਨੇ ਐਲਾਨਿਆ ਹੈ।

  6. ਨਵਜੋਤ ਸਿੱਧੂ ਨੇ ਭਵਿੱਖ ਦੀ ਰਣਨੀਤੀ ਬਾਰੇ ਕੀਤਾ ਇਹ ਦਾਅਵਾ

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, Navjot singh sidhu/facebook

    ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਜਿੱਥੇ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਬਿਕਰਮ ਮਜੀਠੀਆ ਉੱਪਰ ਸਿਆਸੀ ਹਮਲੇ ਕੀਤੇ।

    ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ,’’ਇਸ ਵਾਰ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਲੋਕਾਂ ਨੂੰ ਸਰਕਾਰ ਕੋਲ ਨਹੀਂ ਜਾਣਾ ਪਵੇਗਾ ਸਗੋਂ ਸਰਕਾਰ ਲੋਕਾਂ ਦੇ ਦੁਆਰ ਆਵੇਗੀ।‘’

    ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ,’’ਪੰਜਾਬ ਦੇ ਵਪਾਰੀ ਨੂੰ ਆਗਿਆ ਦੇਵਾਂਗੇ ਕਿ ਉਸ ਨੂੰ ਭਾਰਤ ਵਿੱਚੋਂ ਜਿੱਥੋਂ ਸਸਤੀ ਬਿਜਲੀ ਮਿਲਦੀ ਹੈ ਉੱਥੋਂ ਖ਼ਰੀਦ ਲਵੇ।‘’

    ਉਨ੍ਹਾਂ ਨੇ ਕਿਹਾ ਕਿ ਜੇ ਲੋਕਾਂ ਦਾ ਪੰਜਾਬ ਦੇ ਸਰਕਾਰੀ ਹਸਪਤਾਲ ਵਿੱਚ 20 ਲੱਖ ਰੁਪਏ ਤੱਕ ਦਾ ਇਲਾਜ ਨਾ ਹੋਇਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ।‘’

  7. ਦਵਿੰਦਰ ਪਾਲ ਭੁੱਲਰ ਬਾਰੇ ਕੇਜਰੀਵਾਲ ਦੇ ਇਲਜ਼ਾਮ ਬਾਰੇ ਅਕਾਲੀ ਦਲ ਕੀ ਬੋਲਿਆ

    ਹਰਚਰਨ ਬੈਂਸ

    ਤਸਵੀਰ ਸਰੋਤ, shiromni Akali Dal/facebook

    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਿਵਾਦ ਬਾਰੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਕੀਤੇ ਅਕਾਲੀ ਦਲ ਉੱਪਰ ਹਮਲੇ ਦਾ ਜਵਾਬ ਦਿੱਤਾ ਹੈ।

    ਉਨ੍ਹਾਂ ਨੇ ਕਿਹਾ ਕਿ ਸਜ਼ਾ ਰਿਵੀਊ ਕਮੇਟੀ ਦੇ ਚੇਅਰਮੈਨ ‘’ਕੇਜਰੀਵਾਲ ਸਰਕਾਰ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਹਨ। ਕਮੇਟੀ ਨੇ ਸੱਤ ਬੰਦਿਆਂ ਦੇ ਕੇਸ ਉੱਪਰ ਵਿਚਾਰ ਕੀਤਾ। ਇਨ੍ਹਾਂ ਸੱਤਾਂ ਵਿੱਚੋਂ ਛੇ ਹੋਰ ਸੂਬਿਆਂ ਦੇ ਬੰਦੇ ਸਨ ਅਤੇ ਸਾਰੇ ਸੂਬਿਆਂ ਨੇ ਆਪੋ-ਆਪਣੇ ਬੰਦਿਆਂ ਨੂੰ ਛੱਡ ਦਿੱਤਾ ਹੈ।‘’

    ਬੈਂਸ ਨੇ ਕਿਹਾ,’’ਕਮੇਟੀ ਨੇ ਦਵਿੰਦਰ ਪਾਲ ਸਿੰਘ ਭੁੱਲਰ ਦਾ ਕੇਸ ਸਰਬਸੰਮਤੀ ਨਾਲ ਖਾਰਜ ਕੀਤਾ, ਜਿਸ ਦੀ ਰਿਪੋਰਟ ਆ ਚੁੱਕੀ ਹੈ। ਜਿਸ ਬਾਰੇ ਕੇਜਰੀਵਾਲ ਕਹਿ ਰਹੇ ਹਨ ਕਿ ਕਮੇਟੀ ਬਣੀ ਹੈ ਤੇ ਅਜੇ ਰਿਪੋਰਟ ਆਉਣੀ ਹੈ।‘’

    ਕੇਜਰੀਵਾਲ ਵੱਲੋਂ ਸੁਮੇਧ ਸੈਣੀ ਨੂੰ ਡੀਜੀਪੀ ਲਗਾਏ ਜਾਣ ਬਾਰੇ ਉਨ੍ਹਾਂ ਨੇ ਕਿਹਾ,’’ਚਲੋ ਅਸੀਂ ਤਾਂ ਮਾੜੇ ਸਾਰੇ ਹੀ ਮਾੜੇ ਪਰ ਤੁਹਾਡੇ ਤਾਂ ਹੱਥ-ਵੱਸ ਸੀ, ਤੁਸੀਂ ਰਿਹਾਅ ਕਿਉਂ ਨਹੀਂ ਕਰ ਰਹੇ।‘’

  8. ਸੁਖਬੀਰ ਬਾਦਲ ਨੇ ਮੁੜ ਦੁਹਰਾਏ ਐਲਾਨ

    ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਇਹ ਐਲਾਨ ਕੀਤੇ:

    • ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਨੇ, ਸਭ ਦੇ ਬਣ ਜਾਣਗੇ ਨੀਲੇ ਕਾਰਡ ਵਾਲੇ ਪਰਿਵਾਰ ਦੀ ਮੁੱਖ ਮਹਿਲਾ ਨੂੰ 2000 ਰੁਪਏ ਹਰ ਮਹੀਨਾ
    • ਸਭ ਲਈ ਪਹਿਲੀ 400 ਯੂਨਿਟ ਬਿਜਲੀ ਮੁਫ਼ਤ
    • ਪੜ੍ਹਨ ਦੇ ਚਾਹਵਾਨ ਨੌਜਵਾਨਾਂ ਲਈ 10 ਲੱਖ ਤੱਕ ਦਾ ਸਟੂਡੈਂਟ ਕਾਰਡ ਬਿਨਾਂ ਕਿਸੇ ਵਿਆਜ
    • ਹਰ 25000 ਹਜ਼ਾਰ ਆਬਾਦੀ ਵਿੱਚ 5000 ਬੱਚਿਆਂ ਦਾ ਵੱਡਾ ਸਕੂਲ ਬਣਾਵਾਂਗੇ
    • ਸਰਕਾਰੀ ਸਕੂਲ ਦੇ ਪੜ੍ਹੇ ਬੱਚਿਆਂ ਨੂੰ ਪੰਜਾਬ ਦੇ ਕਿਸੇ ਵੀ ਕਾਲਜ 'ਚ ਦਾਖਲਾ ਮਿਲੇਗਾ,
    • ਕਾਨੂੰਨ ਬਣਾਵਾਂਗੇ 33% ਸੀਟਾਂ ਸਰਕਾਰੀ ਸਕੂਲ ਤੋਂ ਪੜ੍ਹੇ ਬੱਚਿਆਂ ਲਈ ਰੱਖੀਆਂ ਜਾਣ, ਉਸ ਦਾ ਸਾਰਾ ਖਰਚਾ ਵੀ ਸਰਕਾਰ ਚੁੱਕੇਗੀ
    • ਭਾਈ ਘਨੱਈਆ ਸਕੀਮ 10 ਹਜ਼ਾਰ ਦੀ ਲਿਮਿਟ ਨਾਲ ਫਿਰ ਤੋਂ ਲੈ ਕੇ ਆਵਾਂਗੇ
    • 33% ਸਰਕਾਰੀ ਸਕੂਲਾਂ ਤੋਂ ਪੜ੍ਹੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਰਾਖਵੀਆਂ ਹੋਣਗੀਆਂ
    ਸੁਖਬੀਰ ਬਾਦਲ

    ਤਸਵੀਰ ਸਰੋਤ, Sukhbir badal

  9. ਸਾਬਕਾ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਪਾਰਟੀ ਛੱਡੀ

    jassi Khangura

    ਤਸਵੀਰ ਸਰੋਤ, jassi Khangura

    ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

    ਸੋਨੀਆਂ ਗਾਂਧੀ ਨੂੰ ਲਿਖੇ ਪੱਤਰ ਵਿਚ ਜੱਸੀ ਖੰਗੂੜਾ ਨੇ ਲਿਖਿਆ ਕਿ ਉਹ ਭਰੇ ਮਨ ਨਾਲ ਪਾਰਟੀ ਛੱਡ ਰਹੇ ਹਨ।

    ਉਨ੍ਹਾਂ ਕਾਂਗਰਸ ਵਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਮਾਤਾ ਨੂੰ ਵਿਧਾਨ ਸਭਾ ਚੋਣਾਂ ਲੜਨ ਲਈ ਦਿੱਤੇ ਮੌਕਿਆਂ ਦਾ ਧੰਨਵਾਦ ਕੀਤਾ।

    ਜੱਸੀ ਖੰਗੂੜਾ ਨੇ ਵਿਧਾਇਕ ਦੇ ਤੌਰ ਉੱਤੇ ਪ੍ਰਬੰਧਕੀ ਤਜਰਬੇ ਦੁਆਉਣ ਲਈ ਕਾਂਗਰਸ ਪ੍ਰਧਾਨ ਨੂੰ ਧੰਨਵਾਦ ਕਿਹਾ।

    ਜੱਸੀ ਖੰਗੂੜਾ ਨੇ ਫੇਸਬੁੱਕ ਉੱਤੇ ਪੋਸਟ ਪਾਕੇ ਲਿਖਿਆ ਕਿ ਉਹ ਆਪਣਾ ਕਿਸਮਤ ਦੇ ਫੈਸਲੇ ਲਈ ਕਾਂਗਰਸ ਛੱਡ ਰਹੇ ਹਨ।

    ਉਨ੍ਹਾਂ ਆਪਣੇ ਅਗਲੇ ਕਦਮ ਬਾਰੇ ਕੁਝ ਨਹੀਂ ਲਿਖਿਆ।

  10. ਸੁਮੇਧ ਸੈਣੀ ਨੂੰ ਡੀਜੀਪੀ ਕਿਸ ਨੇ ਬਣਾਇਆ ਸੀ

    Bhagwant Mann

    ਤਸਵੀਰ ਸਰੋਤ, AAP

    ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ 'ਚ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੀ ਪੈੱਸ ਕਾਂਫਰਸਨ ਦੌਰਾਨ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਬਾਰੇ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਹੈ।

    ਭਗਵੰਤ ਮਾਨ ਨੇ ਕਿਹਾ, ''ਇੱਕ ਹੋਰ ਗੱਲ ਹੈ, ਹੁਣ ਇੱਥੇ ਮਜੀਠੀਆ ਜਾਂ ਸੁਖਬੀਰ ਬਾਦਲ ਵੀ ਪ੍ਰੈੱਸ ਕਾਨਫਰੰਸ ਕਰਨਗੇ। ਉਨ੍ਹਾਂ ਨੂੰ ਇਹ ਜ਼ਰੂਰ ਪੁੱਛ ਲੈਣਾ ਕੇ ਜੋ ਉਨ੍ਹਾਂ ਦੇ ਪਰਿਵਾਰ ਨੂੰ (ਮਤਲਬ) ਬਰਬਾਦ ਕਰਨ ਵਾਲੇ ਸੁਮੇਧ ਸੈਣੀ ਸਨ ਉਨ੍ਹਾਂ ਨੂੰ ਡੀਜੀਪੀ ਕਿਸਨੇ ਬਣਾਇਆ ਸੀ।

    ਇਹ ਵੀ ਪੁੱਛ ਲੈਣਾ ਉਨ੍ਹਾਂ ਨੂੰ।'' ਕੇਜਰੀਵਾਲ ਨੇ ਕਿਹਾ ਕਿ ਇਸ 'ਤੇ ਅਕਾਲੀ ਦਲ ਕੇਵਲ ਗੰਦੀ ਰਾਜਨੀਤੀ ਕਰ ਰਿਹਾ ਹੈ। ਦਿੱਲੀ ਦੇ ਅੰਦਰ ਲਾਅ ਐਂਡ ਆਰਡਰ, ਦਿੱਲੀ ਸਰਕਾਰ ਦੇ ਅੰਤਰਗਤ ਨਹੀਂ ਸਗੋਂ ਕੇਂਦਰ ਅਤੇ ਐੱਲਜੀ ਦੇ ਤਹਿਤ ਹੈ ਅਤੇ ਇਹ ਸਾਰੇ ਮਾਮਲੇ 'ਸੈਂਟੈਂਸ ਰੀਵਿਊ ਬੋਰਡ' ਦੁਆਰਾ ਦੇਖੇ ਜਾਂਦੇ ਹਨ।

  11. ਹਰ ਦਫ਼ਤਰ ਵਿਚੋਂ ਹਟੇਗੀ ਮੁੱਖ ਮੰਤਰੀ ਦੀ ਤਸਵੀਰ

    ਅਰਵਿੰਦ ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ 'ਚ 'ਆਪ' ਦੀ ਸਰਕਾਰ ਬਣੇਗੀ ਤਾਂ ਹਰ ਸਰਕਾਰੀ ਦਫ਼ਤਰ ਵਿੱਚ ਬੀਆਰ ਅੰਬੇਡਕਰ ਅਤੇ ਭਗਤ ਸਿੰਘ ਦੀ ਫੋਟੋ ਲਗਾਈ ਜਾਵੇਗੀ।

    ਉਹ ਅੱਜ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

    ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਦੇ ਹਰ ਦਫਤਰ 'ਚ ਬੀਆਰ ਅੰਬੇਡਕਰ ਅਤੇ ਭਗ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ।

    ਉਨ੍ਹਾਂ ਕਿਹਾ ਕਿ ''ਅਸੀਂ ਐਲਾਨ ਕਰਦੇ ਹਾਂ ਕਿ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ, ਪੰਜਾਬ ਸਰਕਾਰ ਦੇ ਕਿਸੇ ਵੀ ਦਫਤਰ 'ਚ ਸੀਐੱਮ ਜਾਂ ਕਿਸੇ ਵੀ ਵੱਡੇ ਨੇਤਾ ਦੀ ਤਸਵੀਰ ਨਹੀਂ ਲਗਾਈ ਜਾਵੇਗੀ।

    ਪੰਜਾਬ ਸਰਕਾਰ ਦੇ ਹਰ ਦਫਤਰ 'ਚ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ।''

  12. ਪੰਜਾਬ ਕਾਂਗਰਸ ਤੋਂ ਟਿਕਟਾਂ ਨਾ ਮਿਲਣ ਤੋਂ ਖਫ਼ਾ ਮਹਿਲਾ ਆਗੂ ਕੀ ਕਹਿ ਰਹੀਆਂ ਹਨ

    ਵੀਡੀਓ ਕੈਪਸ਼ਨ, ਪੰਜਾਬ ਕਾਂਗਰਸ ਤੋਂ ਟਿਕਟਾਂ ਨਾ ਮਿਲਣ ਤੋਂ ਖਫ਼ਾ ਮਹਿਲਾ ਆਗੂ ਕੀ ਕਹਿ ਰਹੀਆਂ ਹਨ

    ਪੰਜਾਬ ਵਿੱਚ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ’ਚ ਕਈ ਆਗੂ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ। ਸਤਵਿੰਦਰ ਬਿੱਟੀ, ਪਰਪੀਤ ਬਰਾੜ ਅਤੇ ਦਮਨ ਬਾਜਵਾ ਟਿਕਟਾਂ ਨਾ ਮਿਲਣ ’ਤੇ ਨਾਰਾਜ਼ ਹਨ ।

    ਸਤਵਿੰਦਰ ਬਿੱਟੀ ਸਾਹਨੇਵਾਲ ਤੋਂ ਟਿਕਟ ਦੇ ਇੱਛੁਕ ਸਨ ਪਰ ਟਿਕਲ ਮਿਲੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ। ਬਿੱਟੀ ਨੂੰ 2017 ਵਿੱਚ ਟਿਕਟ ਮਿਲੀ ਸੀ ਪਰ ਉਹ ਹਾਰ ਗਏ ਸਨ।

    ਪਰਪੀਤ ਬਰਾੜ ਮੋਗਾ ਤੋਂ ਟਿਕਟ ਚਾਹੁੰਦੇ ਸੀ ਪਰ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੇ ਦਿੱਤੀ ਗਈ ਹੈ।

    ਦਮਨ ਬਾਜਵਾ ਸੁਨਾਮ ਤੋਂ ਟਿਕਟ ਚਾਹੁੰਦੇ ਸਨ ਪਰ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਸੁਰਜੀਤ ਧਿਮਾਨ ਦੇ ਭਤੀਜੇ ਜਸਵਿੰਦਰ ਧਿਮਾਨ ਨੂੰ ਟਿਕਟ ਮਿਲੀ ਹੈ।

    ਦਮਨ ਬਾਜਵਾ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਸੁਨਾਮ ਤੋਂ ਲੜੇ ਸਨ ਪਰ ਹਾਰ ਗਏ ਸਨ। ਕਾਂਗਰਸ ਪਾਰਟੀ ਦੀ ਆਗੂ ਅਲਕਾ ਲਾਂਬਾ ਨੇ ਟਿਕਟਾਂ ਦੀ ਵੰਡ ਅਤੇ ਰੁੱਸੇ ਲੋਕਾਂ ਬਾਰੇ ਇਹ ਪੱਖ ਰੱਖਿਆ।

  13. ਉੱਤਰ ਪ੍ਰਦੇਸ਼ ਵਿਚ ਭਾਜਪਾ ਖ਼ਿਲਾਫ਼ ਪ੍ਰਚਾਰ ਕਰਨਗੇ ਕਿਸਾਨ

    ਰਾਕੇਸ਼ ਟਿਕੈਤ

    ਤਸਵੀਰ ਸਰੋਤ, SKM

    ਸੰਯੁਕਤ ਕਿਸਾਨ ਮੋਰਚੇ ਨੇ 3 ਫਰਬਰੀ ਤੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਭਾਜਪਾ ਜਨਤਾ ਪਾਰਟੀ ਖ਼ਿਲਾਫ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।

    ਇਸ ਦਾ ਫ਼ੈਸਲਾ ਤਾਲਮੇਲ ਕਮੇਟੀ ਦੀ ਸਾਂਝੀ ਬੈਠਕ ਦੌਰਾਨ ਲਿਆ ਗਿਆ ਹੈ।

    ਹਿੰਦੋਸਤਾਨ ਟਾਇਮਜ਼ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹਵਾਲੇ ਨਾਲ ਲਿਖਿਆ ਹੈ ਕਿ 3 ਫਰਬਰੀ ਨੂੰ ਕਿਸਾਨ ਮੋਰਚਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਸ਼ੁਰੂਆਤ ਕਰੇਗਾ ਅਤੇ ਨੁੱਕੜ ਬੈਠਕਾਂ ਦਾ ਆਗਾਜ਼ ਕੀਤਾ ਜਾਵੇਗਾ।

    ਕਿਸਾਨ ਆਗੂਆਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਹੋਏ ਸਮਝੌਤੇ ਤਹਿਤ ਨਾ ਅਜੇ ਤੱਕ ਘੱਟੋ ਘੱਟ ਸਮਰਥਨ ਮੁੱਲ ਲਈ ਕਮੇਟੀ ਬਣਾਈ ਹੈ ਅਤੇ ਨਾ ਹੀ ਕਿਸਾਨਾਂ ਉੱਤੇ ਦਰਜ ਕੇਸ ਵਾਪਸ ਲਣੇ ਹਨ।

    ਇਸੇ ਤਰ੍ਹਾਂ ਲਖੀਮਪੁਰ ਹਿੰਸਾ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੀ ਮੰਤਰੀ ਮੰਡਲ ਵਿਚੋਂ ਬਰਖ਼ਾਸਤਗੀ ਵੀ ਨਹੀਂ ਹੋਈ ਹੈ।

    ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੋਰਚਾ ਮੁੜ ਲੱਗ ਸਕਦਾ ਹੈ।

  14. ਵਿਧਾਨ ਸਭਾ ਚੋਣਾਂ ਦੇ ਅਹਿਮ ਅਪਡੇਟ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Charanjit channi

    • ਸ਼ਨੀਵਾਰ ਨੂੰ ਪੰਜਾਬ ਵਿੱਚ ਆਪ ਆਗੂ ਭਗਵੰਤ ਮਾਨ, ਮਨਪ੍ਰੀਤ ਸਿੰਘ ਬਾਦਲ, ਪਰਗਟ ਸਿੰਘ ਸੁਖਜਿੰਦਰ ਸਿੰਘ ਰੰਧਾਵਾ, ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ, ਬੀਜੇਪੀ ਦੇ ਰਣਜੀਤ ਸਿੰਘ ਅਤੇ ਸਮਾਜਵਾਦੀ ਪਾਰਟੀ ਵੱਲੋਂ ਡਾ. ਸੋਹਣ ਲਾਲ ਬਲੱਗਣ ਸਮੇਤ ਕਈ ਆਗੂਆਂ ਵੱਲੋਂ ਆਪੋ-ਆਪਣੇ ਹਲਕਿਆਂ ਵਿੱਚ ਨਜ਼ਦਗੀਆਂ ਭਰੀਆਂ ਗਈਆਂ।
    • ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ।
    • ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰੀ ਲੋਕਾਂ ਲਈ ਇਨ੍ਹਾਂ '10 ਗਰੰਟੀਆਂ' ਦਾ ਐਲਾਨ ਕੀਤਾ।
    • ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ, ਇਸ ਬਾਰੇ ਅਕਾਲੀ ਦਲ ਵਾਲੇ ਗੰਦੀ ਰਾਜਨੀਤੀ ਕਰਨ ਰਹੇ ਹਨ।
    • ਚੋਣ ਕਮਿਸ਼ਨ ਨੇ ਯੂਪੀ ਵਿਧਾਨ ਸਭਾ ਚੋਣਾਂ ਲਈ ਐਗਜ਼ਿਟ ਪੋਲਜ਼ ਉੱਪਰ ਪਾਬੰਦੀ ਲਗਾ ਦਿੱਤੀ ਹੈ।
  15. ਪੰਜਾਬ ਚੋਣਾਂ ਲਾਇਵ: ਤੁਹਾਡਾ ਸਵਾਗਤ ਹੈ

    ਪੰਜਾਬ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਾਬਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਇਸ ਵੇਲੇ ਚੋਣਾਂ ਦੀਆਂ ਅਹਿਮ ਘਟਨਾਵਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਨ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਤੇ ਅਨੂਰੀਤ ਭਾਰਦਵਾਜ, ਸ਼ਨੀਵਾਰ ਸ਼ਾਮ ਤੱਕ ਦੀਆਂ ਘਟਨਾਵਾਂ ਦਾ ਵੇਰਵਾ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।

    ਤੁਸੀਂ ਸਾਡੇYouTube,Facebook,TwitterਅਤੇInstagram'ਤੇ ਵੀ ਸਾਡੇ ਨਾਲ ਜੁੜ ਸਕਦੇ ਹੋ.