You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ 2022: ਅਕਾਲੀ ਦਲ ਨੇ ਨਵਜੋਤ ਸਿੱਧੂ ਖਿਲਾਫ਼ ਬਿਕਰਮ ਮਜੀਠੀਆ ਨੂੰ ਮੈਦਾਨ ਵਿੱਚ ਉਤਾਰਿਆ

ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਲਾਈਵ ਕਵਰੇਜ

  1. ਪੰਜਾਬ ਚੋਣਾਂ 2022: ਅੱਜ ਦੇ ਅਹਿਮ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ, ਅੱਜ ਦੇ ਘਟਨਾਕ੍ਰਮ ਨਾਲ ਜੁੜੀਆਂ ਅਹਿਮ ਖ਼ਬਰਾਂ

    • ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਈਸਟ ਤੋਂ ਬਿਕਰਮ ਨਵਜੋਤ ਸਿੱਧੂ ਖਿਲਾਫ਼ ਉਤਾਰਨ ਦਾ ਐਲਾਨ ਕੀਤਾ ਹੈ।
    • ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਨ ਸਭਾ ਚੋਣ ਲੜਨਗੇ।
    • ਖਰੜ ਤੋਂ ਕਾਂਗਰਸ ਵਿਧਾਇਕ ਜਗਮੋਹਨ ਕੰਗ ਟਿਕਟ ਕੱਟਣ ’ਤੇ ਪਾਰਟੀ ਤੋਂ ਨਰਾਜ਼ ਹਨ ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਹੈ।
    • ਰਾਹੁਲ ਗਾਂਧੀ ਵੀਰਵਾਰ ਨੂੰ ਪੰਜਾਬ ਦੇ ਦੌਰੇ ’ਤੇ ਹਨ ਤੇ ਉਹ ਜਲੰਧਰ ਵਿੱਚ ਵਰਚੁਅਲ ਰੈਲੀ ਕਰਨਗੇ।
    • ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 28 ਤੋਂ 30 ਜਨਵਰੀ ਵਿਚਾਲੇ ਤਿੰਨ ਦਿਨਾਂ ਲਈ ਪੰਜਾਬ ਦੇ ਦੌਰੇ 'ਤੇ ਹੋਣਗੇ।
  2. ਲਾਲ ਕਿਲ੍ਹੇ ਦੀ ਘਟਨਾ ਦਾ ਇੱਕ ਸਾਲ – ਜੋ ਲੋਕ ਉੱਥੇ ਮੌਜੂਦ ਸਨ, ਉਹ ਘਟਨਾ ਬਾਰੇ ਕੀ ਸੋਚਦੇ ਹਨ

    ਪਿਛਲੇ ਸਾਲ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਕੁਝ ਲੋਕ ਲਾਲ ਕਿਲ੍ਹੇ ਵੱਲ ਚਲੇ ਗਏ ਸਨ ਅਤੇ ਉੱਥੇ ਹਿੰਸਾ ਹੋਈ ਸੀ।

    ਉਸ ਘਟਨਾ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ।

    ਬੀਬੀਸੀ ਨੇ ਉਸ ਘਟਨਾਕ੍ਰਮ ਦੌਰਾਨ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ।

  3. ਅਕਾਲੀ ਦਲ ਵੱਲੋਂ ਨਵਜੋਤ ਸਿੱਧੂ ਦੇ ਖ਼ਿਲਾਫ਼ ਮਜੀਠੀਆ ਚੋਣ ਲੜਨਗੇ - ਸੁਖਬੀਰ ਬਾਦਲ

    ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਅੰਮ੍ਰਿਤਸਰ ਪੂਰਬੀ ਸੀਟ ਤੋਂ ਬਿਕਰਮ ਮਜੀਠੀਆ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,''ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੀ ਜ਼ਮਾਨਤ ਜ਼ਬਤ ਕਰਵਾਏਗਾ।''

    ਪ੍ਰਕਾਸ਼ ਸਿੰਘ ਬਾਦਲ ਦੇ ਚੋਣਾਂ 'ਚ ਹਿੱਸਾ ਲੈਣ ਬਾਰੇ ਵੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਤੇ ਕਿਹਾ, ''ਪਾਰਟੀ ਦੇ ਸਰਪ੍ਰਸਤ, ਵੱਡੇ ਬਾਦਲ ਸਾਹਿਬ ਲੰਬੀ ਸੀਟ 'ਤੇ ਅਗਵਾਈ ਕਰਨਗੇ।''

  4. ਜਗਮੋਹਨ ਕੰਗ ਟਿਕਟ ਨਾ ਮਿਲਣ ਤੋਂ ਨਰਾਜ਼, ਰਾਘਵ ਚੱਢਾ ਨਾਲ ਕੀਤੀ ਮੁਲਾਕਾਤ

    ਖਰੜ ਤੋਂ ਮੌਜੂਦਾ ਕਾਂਗਰਸ ਵਿਧਾਇਕ ਜਗਮੋਹਨ ਸਿੰਘ ਕੰਗ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਇੰਚਾਰਜ ਰਾਘਵ ਚੱਢਾ ਮਿਲੇ ਹਨ।

    ਕਾਂਗਰਸ ਆਗੂ ਜਗਮੋਹਨ ਸਿੰਘ ਕੰਗ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਂ ਤੋਂ ਨਾਰਾਜ਼ ਹਨ।

    ਖਰੜ ਤੋਂ ਕਾਂਗਰਸ ਨੇ ਵਿਜੇ ਕੁਮਾਰ ਟਿੰਕੂ ਨੂੰ ਟਿਕਟ ਦਿੱਤੀ ਹੈ।

    ਮੀਡੀਆ ਨਾਲ ਗੱਲਬਾਤ ਵਿੱਚ ਜਗਮੋਹਨ ਕੰਗ ਨੇ ਕਿਹਾ, ''ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਇਸ ਵਾਰ ਵੀ ਮੇਰੀ ਟਿਕਟ 'ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਮੇਤ ਸਾਰੀ ਹਾਈ ਕਮਾਂਡ ਮੇਰੇ ਨਾਲ ਸੀ।”

    ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਰਾਘਵ ਚੱਢਾ ਵੱਲੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ।

  5. ਕੇਜਰੀਵਾਲ 28 ਤੋਂ 30 ਜਨਵਰੀ ਤੱਕ ਪੰਜਾਬ ਦੇ ਦੌਰੇ 'ਤੇ ਰਹਿਣਗੇ

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤਿੰਨ ਦਿਨਾਂ ਲਈ ਪੰਜਾਬ ਦੇ ਦੌਰੇ 'ਤੇ ਹੋਣਗੇ।

    ਉਨ੍ਹਾਂ ਦਾ ਇਹ ਦੌਰਾ 28 ਤੋਂ 30 ਜਨਵਰੀ ਤੱਕ ਚੱਲੇਗਾ ਅਤੇ ਇਸ ਦੌਰਾਨ ਉਹ ਜਲੰਧਰ ਤੇ ਅੰਮ੍ਰਿਤਸਰ ਸਮੇਤ ਕਈ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ।

  6. ਭਗਵੰਤ ਮਾਨ ਨੇ ਕਿਹਾ, ‘ਜੇ ਸਾਡੀ ਸਰਕਾਰ ਆਵੇਗੀ ਤਾਂ ਡਰੱਗ ਟਾਸਕ ਫੋਰਸ ਦਾ ਗਠਨ ਕਰਾਂਗੇ’

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ, "ਜੇਕਰ ਪੰਜਾਬ ਵਿੱਚ ਸਾਡੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਪੁਲਿਸ ਨੂੰ ਪੂਰੀ ਖੁੱਲ੍ਹ ਦੇਵਾਂਗੇ।"

    "ਨਸ਼ਾ ਮੁਕਤ ਪੰਜਾਬ ਲਈ ਡਰੱਗ ਟਾਸਕ ਫੋਰਸ ਦਾ ਗਠਨ ਕਰਾਂਗੇ, ਜਿਸ ਵਿੱਚ ਕੋਈ ਸਿਆਸੀ ਦਖਲ ਨਹੀਂ ਹੋਵੇਗਾ।"

    ਉਨ੍ਹਾਂ ਨੇ ਅੱਗੇ ਕਿਹਾ, "ਜਿਵੇਂ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਅਸੀਂ ਤੁਹਾਨੂੰ ਇਸ ਦੀ ਅੰਦਰੂਨੀ ਸੁਰੱਖਿਆ ਦੀ ਗਾਰੰਟੀ ਦਿੰਦੇ ਹਾਂ...ਸਾਡਾ ਅੰਦਰੂਨੀ ਸੁਰੱਖਿਆ ਰੋਡਮੈਪ ਤਿਆਰ ਹੈ...ਕਾਂਗਰਸ ਅੰਦਰੋਂ-ਅੰਦਰੀ ਲੜ ਰਹੀ ਹੈ, ਉਹ ਇਸ ਵੱਲ ਧਿਆਨ ਨਹੀਂ ਦੇ ਰਹੇ।"

  7. ਪੰਜਾਬ ਚੋਣਾਂ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟੂ ਇਲਜ਼ਾਮ ਅਤੇ ਰਿਸ਼ਤੇਦਾਰਾਂ ਤੋਂ ਬਰਾਮਦਗੀ ਬਾਰੇ ਕੀ ਦਿੱਤੇ ਜਵਾਬ

  8. ਰਾਘਵ ਚੱਢਾ ਨੇ 10 ਮਿਸਾਲਾਂ ਦੇ ਕੇ ਕਿਹਾ, ‘ਕਾਂਗਰਸ ਦਲਿਤ ਵਿਰੋਧੀ ਹੈ’

    ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕਾਂਗਰਸ ਹਾਈ ਕਮਾਨ ਦਲਿਤ ਵਿਰੋਧੀ ਹੈ ਅਤੇ ਉਹ ਦਲਿਤਾਂ ਦੀ ਆਵਾਜ਼ ਨਹੀਂ ਸੁਣਦਾ।

    ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨੂੰ ਤੱਥਾਂ ਨਾਲ ਸਾਬਿਤ ਕਰ ਸਕਦੇ ਹਨ।

    ਰਾਘਵ ਨੇ ਕਿਹਾ ਨੇ ਕਿ ਕਾਂਗਰਸ ਦੇ ਵੱਡੇ ਆਗੂਆਂ ਨੇ ਹਾਈ ਕਮਾਨ ਕੋਲੋਂ ਆਪਣੇ ਰਿਸ਼ਤੇਦਾਰਾਂ ਲਈ ਟਿਕਟ ਮੰਗੀ ਤਾਂ ਉਨ੍ਹਾਂ ਨੇ ਦਿੱਤੀ ਪਰ ਜਦੋਂ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਲਈ ਬਸੀ ਪਠਾਣਾਂ ਤੋਂ ਟਿਕਟ ਮੰਗੀ ਤਾਂ ਨਹੀਂ ਦਿੱਤੀ।

    ਰਾਘਵ ਨੇ ਕਾਂਗਰਸ ਦੀ ਦੂਜੀ ਸੂਚੀ ‘ਚੋਂ 10 ਉਦਾਹਰਣ ਗਿਣਵਾਏ, ਜਿਨ੍ਹਾਂ ਵਿੱਚ 10 ਵੱਡੇ ਨੇਤਾਵਾਂ ਨੇ ਆਪਣੇ ਜਵਾਈ, ਬੇਟੇ ਅਤੇ ਭਤੀਜੇ ਲਈ ਟਿਕਟ ਮੰਗੀ ਤਾਂ ਕਾਂਗਰਸ ਨੇ ਦੇ ਦਿੱਤੀ।

    ਰਾਘਵ ਨੇ ਇਲਜ਼ਾਮ ਲਗਾਇਆ, “ਕਾਂਗਰਸ ਵਿੱਚ ਤਾਂ ਭਾਈ-ਭਤੀਜਾਵਾਦ ਚੱਲਦਾ ਹੀ ਹੈ।“

    “ਪਰ ਜਦੋਂ ਪੰਜਾਬ ਸੂਬੇ ਦੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਕੋਲੋਂ ਆਪਣੇ ਭਰਾ ਲਈ ਟਿਕਟ ਮੰਗੀ ਤਾਂ ਕਾਂਗਰਸ ਹਾਈ ਕਮਾਨ ਨੇ ਮਨ੍ਹਾਂ ਕਰ ਦਿੱਤਾ।“

  9. ਬਿਕਰਮ ਮਜੀਠੀਆ ਨੇ ਛਾਪੇਮਾਰੀ ਨੂੰ ਲੈ ਕੇ ਕਾਂਗਰਸ 'ਤੇ ਸਾਧੇ ਨਿਸ਼ਾਨੇ

    ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਆਪਣੀ ਗ੍ਰਿਫ਼ਤਾਰੀ 'ਤੇ ਹਾਈ ਕੋਰਟ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ।

    ਮਜੀਠੀਆ ਨੇ ਕਿਹਾ, “ਜਦੋਂ ਮੇਰੀ ਅਗਾਊਂ ਜ਼ਮਾਨਤ ਹਾਈ ਕੋਰਟ ਨੇ ਰੱਦ ਕੀਤੀ ਤਾਂ ਮੇਰੇ ਵਕੀਲ ਨੇ ਨਾਲ ਹੀ ਕਿਹਾ ਕਿ ਇਨ੍ਹਾਂ ਨੇ ਨਾਮਜ਼ਦਗੀ ਭਰਨੀ ਹੈ ਤੇ ਸਾਨੂੰ ਸੁਪਰੀਮ ਕੋਰਟ ਤੱਕ ਜਾਣ ਦਾ ਸਮਾਂ ਦਿੱਤਾ ਜਾਵੇ।“

    “ਇਸ ਲਈ ਉਨ੍ਹਾਂ ਨੇ ਇੱਕ ਹਫ਼ਤੇ ਦੇ ਸਮੇਂ ਦੀ ਮੰਗ ਕੀਤੀ ਤਾਂ ਅੱਗੋਂ ਜੱਜ ਨੇ ਕਿਹਾ ਮੈਂ ਇਸ ‘ਤੇ ਵਿਚਾਰ ਕਰਾਂਗਾ।“

    “ਇਸ ਤਰ੍ਹਾਂ ਮੇਰੇ ਵਕੀਲ ਨੇ ਕਿਹਾ ਅਜੇ ਤੱਕ ਇੱਕੋ ਆਦੇਸ਼ ਆਇਆ ਹੈ ਅਗਾਊਂ ਜ਼ਮਾਨਤ ਨੂੰ ਲੈ ਕੇ ਜਦੋਂ ਤੱਕ ਦੂਜਾ ਆਦੇਸ਼ ਨਹੀਂ ਆ ਜਾਂਦਾ ਉਸ ਨੂੰ ਪੜ੍ਹੇ ਬਿਨਾਂ ਅਗਲੇ ਕਦਮ ਬਾਰੇ ਸਲਾਹ ਨਹੀਂ ਕੀਤੀ ਜਾ ਸਕਦੀ।“

    “ਪਰ ਇਨ੍ਹਾਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਦੋਂ ਜੱਜ ਨੇ ਕਹਿ ਦਿੱਤਾ ਸੀ ਕਿ ‘ਮੈਂ ਵਿਚਾਰ ਕਰਾਂਗਾ’ ਤਾਂ ਪੁਲਿਸ ਦੀ ਕੀ ਮੰਸ਼ਾ ਹੈ।“

    ਉਨ੍ਹਾਂ ਨੇ ਕਿਹਾ, “ਕਾਂਗਰਸ ਨੇ ਮੇਰੇ ਨਾਲ ਜਿਹੜੀ ਸਿਆਸੀ ਲੜਾਈ ਲੜਨੀ ਲੜ ਲਵੇ ਪਰ ਮੇਰੀ ਪਤਨੀ, ਮੇਰਾ ਛੋਟਾ 8 ਸਾਲਾ ਬੱਚਾ ਕੋਵਿਡ ਪੌਜ਼ੀਟਿਵ ਹੈ ਅਤੇ ਇਸ ਦੌਰਾਨ ਉਨ੍ਹਾਂ ਤੰਗ-ਪ੍ਰੇਸ਼ਾਨ ਕਰਨਾ, ਕੀ ਮਜੀਠੀਏ ਲਈ ਸਵਿੰਧਾਨ ਵੱਖਰਾ ਹੋ ਗਿਆ।“

    ਦਰਅਸਲ, ਡਰੱਗਜ਼ ਮਾਮਲੇ ਵਿੱਚ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ‘ਚ ਬੀਤੇ ਦਿਨ ਪੰਜਾਬ ਪੁਲਿਸ ਛਾਪੇਮਾਰੀ ਕੀਤੀ ਗਈ ਹੈ।

    ਡਰੱਗਜ਼ ਕੇਸ ਵਿੱਚ ਐੱਫਆਈਆਰ ਦਰਜ ਹੋਣ ਮਗਰੋਂ ਮਜੀਠੀਆ ਅਗਾਊਂ ਜ਼ਮਾਨਤ ’ਤੇ ਚੱਲ ਰਹੇ ਸਨ। ਪਰ 24 ਜਨਵਰੀ ਨੂੰ ਹਾਈ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ।

  10. ਸੁਖਬੀਰ ਬਾਦਲ ਨੇ ਕਿਹਾ, 'ਸਾਡਾ ਨਿਸ਼ਾਨਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਪਰ...'

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ।

    ਇਸ ਮੌਕੇ ਉਨ੍ਹਾਂ ਨੇ ਕਿਹਾ, “5-7 ਸਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, "ਮੈਂ ਅੱਜ ਇੱਥੇ ਅਰਦਾਸ-ਬੇਨਤੀ ਕਰਨ ਆਇਆ ਹਾਂ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਤੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ... ਉਨ੍ਹਾਂ ਮੈਦਾਨ-ਏ-ਜੰਗ ਵਿੱਚ ਕੱਖ ਨਾ ਰਹੇ।"

    “ਪਿਛਲੇ 5-7 ਸਾਲ ਇਹ ਜਿਹੜੀਆਂ ਪਾਰਟੀਆਂ ਨੇ ਤੇ ਇਹ ਲੋਕ ਇਕੱਲੀ ਸਿਆਸਤ ਕਰਦੇ ਰਹੇ। ਇਨ੍ਹਾਂ ਦਾ ਨਿਸ਼ਾਨਾ ਗੁਰੂ ਦੇ ਦੋਸ਼ੀਆਂ ਨੂੰ ਫੜ੍ਹਨਾ ਨਹੀਂ ਬਲਕਿ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਨੂੰ ਬਦਨਾਮ ਕਰਨਾ ਸੀ।“

    ਉਨ੍ਹਾਂ ਨੇ ਕਿਹਾ ਕਿ ਜਿਹੜਾ ਦੋਸ਼ੀ ਦਰਬਾਰ ਸਾਹਿਬ ਵਿੱਚ ਬੇਅਦਬੀ ਲਈ ਫੜਿਆ ਗਿਆ ਉਸ ਬਾਰੇ ਵੀ ਕੋਈ ਪੁੱਛਗਿੱਛ ਨਹੀਂ ਹੋਈ।

    ਉਨ੍ਹਾਂ ਨੇ ਕਿਹਾ, “ਅਸੀਂ ਉਸ ਵੇਲੇ ਇਸ ਕਰ ਕੇ ਨਹੀਂ ਕਰਵਾ ਸਕੇ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਰੌਲਾ ਪਾਇਆ ਸੀ ਕਿ ਅਸੀਂ ਪੰਜਾਬ ਸਰਕਾਰ ਕੋਲੋਂ ਜਾਂਚ ਨਹੀਂ ਕਰਵਾਉਣੀ।“

  11. ਪਟਿਆਲਾ ਕੌਮੀ ਝੰਡਾ ਲਹਿਰਾਉਣ ਆਏ ਮਨਪ੍ਰੀਤ ਬਾਦਲ ਦਾ ਵਿਰੋਧ

    ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਉਣ ਆਏ ਮਨਪ੍ਰੀਤ ਬਾਦਲ ਦਾ ਪੰਜਾਬ ਯੂਟੀ ਅਤੇ ਪੈਨਸ਼ਨਰ ਸਾਂਝਾ ਫਰੰਟ ਮੁਲਾਜ਼ਮਾਂ ਨੇ ਵਿਰੋਧ ਕੀਤਾ।

    ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਪਟਿਆਲਾ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ।

    ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ, ਪਟਿਆਲਾ ਵੱਲੋਂ ਕੀਤੇ ਫੈਸਲੇ ਤਹਿਤ 26 ਜਨਵਰੀ ਨੂੰ ਪਟਿਆਲਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਜਲੰਧਰ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਣਾ ਸੀ।

  12. ਪੰਜਾਬ ਚੋਣਾਂ 2022: ਮੁੱਖ ਮੰਤਰੀ ਦੇ 6 ਚਿਹਰੇ, ਕਿਸਦਾ ਕੀ ਹੈ ਪੌਜ਼ੀਟਿਵ ਅਤੇ ਨੈਗੇਟਿਵ ਪੱਖ਼

    ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੈਦਾਨ ਵਿੱਚ ਨਿੱਤਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀ ਅਹੁਦੇ ਲਈ ਚਿਹਰਿਆਂ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਹੈ।

    ਇਸ ਦਾ ਕਾਰਨ ਆਮ ਆਦਮੀ ਪਾਰਟੀ ਵਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਹੈ।

    ਸੱਤਾਧਾਰੀ ਕਾਂਗਰਸ ਵਿੱਚ ਇਸ ਅਹੁਦੇ ਲਈ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਹੈ।

    ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

  13. ਪੰਜਾਬ ਕਾਂਗਰਸ ਦੀ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ

    ਪੰਜਾਬ ਕਾਂਗਰਸ ਨੇ ਮੰਗਲਵਾਰ ਨੂੰ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ।

    ਇਸ ਵਿੱਚ 23 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ।

    ਤਿੰਨ ਵਿਧਾਇਕਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ। ਇਨ੍ਹਾਂ ਵਿੱਚ ਸ਼ਾਮਲ ਹਨ ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਤੇ ਸ਼ੁਤਰਾਨਾ ਤੋਂ ਨਿਰਮਲ ਸਿੰਘ ਸ਼ੁਤਰਾਨਾ।

    ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ ਟਿਕਟ ਦਿੱਤੀ ਗਈ ਹੈ।

    ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇਦਾਰ ਸਮਿਤ ਸਿੰਘ ਨੂੰ ਆਮਰਗੜ੍ਹ ਤੋਂ ਟਿਕਟ ਦਿੱਤੀ ਗਈ ਹੈ।

    ਕਾਂਗਰਸ ਨੇ ਆਪਣੀ ਪਹਿਲੀ ਸੂਚੀ ਵਿੱਚ 86 ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ। ਹੁਣ 8 ਸੀਟਾਂ ਬਾਰੇ ਫੈਸਲਾ ਬਾਕੀ ਹੈ।

  14. ਪੰਜਾਬ ਚੋਣਾਂ ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਪੰਜਾਬ ਵਿੱਚ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰਨੀ ਸ਼ੁਰੂ ਹੋ ਗਈ ਹੈ। 25 ਜਨਵਰੀ ਨੂੰ 12 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਹੈ।
    • ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇ ਕਾਂਗਰਸ ਸਰਕਾਰ ਬਿਕਰਮ ਮਜੀਠੀਆ ਖਿਲਾਫ਼ ਇੱਕ ਵੀ ਸਬੂਤ ਪੇਸ਼ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ।
    • ਅਦਾਲਤ ਨੇ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਉੱਤੇ ਤਿੰਨ ਦਿਨਾਂ ਲਈ ਰੋਕ ਲਗਾ ਦਿੱਤੀ ਹੈ।
    • ਪੰਜਾਬ ਦੇ ਐੱਸੀ ਕਮਿਸ਼ਨ ਨੇ ਭਗਵੰਤ ਮਾਨ ਵੱਲੋਂ ਬੀਆਰ ਅੰਬੇਡਕਰ ਦੀ ਮੂਰਤੀ ਦੀ ਕਥਿਤ ਬੇਅਦਬੀ ਦੇ ਮਾਮਲੇ ਵਿੱਚ ਜਲੰਧਰ ਦੇਹਾਤੀ ਦੇ ਐੱਸਐੱਸਪੀ ਤੋਂ ਰਿਪੋਰਟ ਮੰਗੀ ਹੈ।
    • ਚੋਣਾਂ ਦੌਰਾਨ ਪਾਰਟੀਆਂ ਵੱਲੋਂ ‘ਮੁਫ਼ਤ ਤੋਹਫ਼ਿਆਂ’ ਦੇ ਐਲਾਨ ਬਾਰੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਭੇਜਿਆ ਹੈ।
    • ਕਾਂਗਰਸ ਆਗੂ ਰਾਹਲ ਗਾਂਧੀ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ।
  15. ਬੀਬੀਸੀ ਪੰਜਾਬੀ ਦੇ ਲਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਚੋਣਾਂ ਬਾਰੇ ਅਪਡੇਟ ਦੇਵਾਂਗੇ। 25 ਜਨਵਰੀ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ