You’re viewing a text-only version of this website that uses less data. View the main version of the website including all images and videos.

Take me to the main website

ਬੇਅਦਬੀ ਦੇ ਮਸਲੇ ’ਤੇ ਕੇਂਦਰ ਤੇ ਸੂਬਾ ਸਰਕਾਰਾਂ ਫੇਲ੍ਹ ਸਾਬਿਤ ਹੋਈਆਂ – ਜਥੇਦਾਰ ਹਰਪ੍ਰੀਤ ਸਿੰਘ

ਪੰਜਾਬ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਈ ਗੇੜਾਂ ਵਿਚ ਹੋ ਰਹੀਆਂ ਹਨ ਅਤੇ ਚੋਣ ਨਤੀਜੇ 10 ਮਾਰਚ ਨੂੰ ਆਉਣਗੇ

ਲਾਈਵ ਕਵਰੇਜ

  1. ਪੰਜਾਬ ਚੋਣਾਂ 2022: ਅੱਜ ਦੇ ਖ਼ਾਸ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਸਾਡੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਕੁਝ ਖ਼ਾਸ ਘਟਨਾਕ੍ਰਮ

    • ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਕੈਬਨਿਟ ਵਿੱਚ ਨਵਜੋਤ ਸਿੱਧੂ ਨੂੰ ਮੰਤਰੀ ਬਣਾਉਣ ਲਈ ਇਮਰਾਨ ਖ਼ਾਨ ਨੇ ਸਿਫਾਰਿਸ਼ ਕੀਤੀ ਸੀ।
    • ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੀਐੱਮ ਚਿਹਰੇ ਬਾਰੇ ‘ਬੋਗਸ’ ਸਰਵੇਅ ਕਰਵਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ।
    • ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ।
    • ਰਾਘਵ ਚੱਢਾ ਨੇ ਕਿਹਾ ਹੈ ਕਿ ਇਹ ਕੇਵਲ ਗ਼ੈਰ-ਕਾਨੂੰਨੀ ਮਾਇਨਿੰਗ ਦੇ ਮਸਲੇ ਤੋਂ ਧਿਆਨ ਹਟਾਉਣ ਲਈ ਕੀਤਾ ਗਿਆ ਹੈ।
    • ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ।
    • ਪਟਿਆਲਾ ਦੇ ਕਾਲੀ ਦੇਵੀ ਮੰਦਿਰ ਵਿੱਚ ਕਥਿਤ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
    • ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਫੇਲ੍ਹ ਸਾਬਿਤ ਹੋਈਆਂ ਹਨ।
  2. ਜਥੇਦਾਰ ਹਰਪ੍ਰੀਤ ਸਿੰਘ ਨੇ ਬੇਅਦਬੀ ਦੇ ਮਸਲੇ ’ਤੇ ਸਰਕਾਰਾਂ ’ਤੇ ਚੁੱਕੇ ਸਵਾਲ

    ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ ’ਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।

    ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਅਨੁਸਾਰ ਉਨ੍ਹਾਂ ਕਿਹਾ, “ਇਹ ਬੇਹੱਦ ਮੰਦਭਾਗਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ ਤਾਂ ਮੁਲਜ਼ਮਾਂ ਨੂੰ ਪਾਗਲ ਕਰਾਰ ਦੇ ਦਿੱਤਾ ਜਾਂਦਾ ਹੈ।”

    “ਇਸ ਮਾਮਲੇ ਵਿੱਚ ਕੇਂਦਰ ਦੀਆਂ ਏਜੰਸੀਆਂ, ਕੇਂਦਰ ਸਰਕਾਰ ਦਾ ਤੰਤਰ ਤੇ ਸੂਬਾ ਸਰਕਾਰ ਦਾ ਤੰਤਰ ਫੇਲ੍ਹ ਸਾਬਿਤ ਹੋਇਆ ਹੈ। ਵੱਡੇ-ਵੱਡੇ ਸਕੈਮਾਂ ਦਾ ਪਰਦਾਫਾਸ਼ ਹੋ ਜਾਂਦਾ ਹੈ ਪਰ ਬੇਅਦਬੀ ਦੇ ਦੋਸ਼ੀਆਂ ਤੇ ਖਾਸਕਰ ਉਨ੍ਹਾਂ ਬਾਰੇ ਕੋਈ ਪਤਾ ਨਹੀਂ ਲਗਦਾ ਹੈ ਜੋ ਇਨ੍ਹਾਂ ਬੇਅਦਬੀਆਂ ਦੀ ਸਾਜ਼ਿਸ਼ ਰੱਚਦੇ ਹਨ।”

    “ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਆਪਣੀਆਂ ਏਜੰਸੀਆਂ ਦੀ ਪੂਰੀ ਤਾਕਤ ਲਗਾ ਲਗਾ ਦੇਣ ਤਾਂ ਜੋ ਬੇਅਦਬੀ ਦੇ ਦੋਸ਼ੀਆਂ, ਖ਼ਾਸਕਰ ਇਨ੍ਹਾਂ ਦੇ ਸਾਜ਼ਿਸ਼ਕਰਤਾਵਾਂ ਨੂੰ ਫੜ੍ਹਿਆ ਜਾ ਸਕੇ।”

    ਇਸ ਦੇ ਨਾਲ ਹੀ ਜਥੇਦਾਰ ਹਰਪ੍ਰੀਤ ਸਿੰਘ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਸੀਸੀਟੀਵੀ ਲਗਾਉਣ ਤੇ ਨਿਗਰਾਨੀ ਵਧਾਉਣ ਦੀ ਹਦਾਇਤ ਦਿੱਤੀ ਹੈ।

  3. ਪਟਿਆਲਾ ਦੇ ਕਾਲੀ ਦੇਵੀ ਮੰਦਿਰ ਵਿੱਚ ਕਥਿਤ ਬੇਅਦਬੀ ਦੀ ਕੋਸ਼ਿਸ਼, ਮੁਲਜ਼ਮ ਕਾਬੂ

    ਪਟਿਆਲਾ ਦੇ ਕਾਲੀ ਦੇਵੀ ਮੰਦਰ ਵਿੱਚ ਕਥਿਤ ਤੌਰ ’ਤੇ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਵਿੱਚ ਲੱਗੇ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਮੰਦਿਰ ਵਿੱਚ ਲੱਗੀ ਕਾਲੀ ਮਾਤਾ ਦੀ ਮੂਰਤੀ ਵੱਲ ਵੱਧਦਾ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ।

    ਪੁਲਿਸ ਨੇ ਮੁਲਜ਼ਮ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਪਟਿਆਲਾ ਵਿੱਚ ਇਸ ਘਟਨਾ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਬੰਦ ਦਾ ਸੱਦਾ ਦਿੱਤਾ ਹੈ।

    ਮੰਦਿਰ ਦੇ ਪੁਜਾਰੀ ਗੱਗੀ ਪੰਡਿਤ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਕਰੀਬ ਦੁਪਹਿਰ 2 ਵਜੇ ਦੀ ਹੈ ਜਦੋਂ ਮੁਲਜ਼ਮ ਵਿਅਕਤੀ ਕਾਲੀ ਮਾਤਾ ਦੇ ਦਰਬਾਰ ਵੱਲ ਚੜ੍ਹ ਆਇਆ ਤੇ ਬੇਅਦਬੀ ਕਰਨ ਦਾ ਕੋਸ਼ਿਸ਼ ਕੀਤੀ।

    ਉਸ ਸਮੇਂ ਹੀ ਮੌਕੇ ’ਤੇ ਖੜੇ ਪੁਜਾਰੀ ਅਤੇ ਸਿਕਿਉਰਿਟੀ ਗਾਰਡਾਂ ਨੇ ਉਸ ਨੂੰ ਫੌਰਨ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

  4. ‘ਨਵਜੋਤ ਸਿੱਧੂ ਦਾ ਅਰਵਿੰਦ ਕੇਜਰੀਵਾਲ ਖਿਲਾਫ਼ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਨਿੰਦਣਯੋਗ ਹੈ’

    ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ AAP ਵੱਲੋਂ ਮੁੱਖ ਮੰਤਰੀ ਚਿਹਰੇ ਲਈ ਕਰਵਾਏ ਗਏ ਪੋਲ ਨੂੰ ਬੋਗਸ ਦੱਸਣਾ ਬੇਬੁਨਿਆਦ ਹੈ।

    ਉਨ੍ਹਾਂ ਕਿਹਾ, “ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਜੋ ਨਿੰਦਣਯੋਗ ਹੈ।”

    “ਇਹ ਉਨ੍ਹਾਂ ਦੀ ਬੌਖਲਾਹਟ ਨੂੰ ਜ਼ਾਹਿਰ ਕਰਦਾ ਹੈ ਕਿ ਉਹ ਇਸ ਕਰਕੇ ਬੌਖਲਾਏ ਹੋਏ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਹੈ।”

    ਉਨ੍ਹਾਂ ਕਿਹਾ, “ਨਵਜੋਤ ਸਿੰਘ ਸਿੱਧੂ ਵੱਖ-ਵੱਖ ਪਾਰਟੀਆਂ ਵਿੱਚ ਰਹਿੰਦਿਆਂ 15 ਸਾਲ ਸੱਤਾ ਵਿੱਚ ਰਹੇ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਪੰਜਾਬ ਲਈ ਕੀ ਕੀਤਾ।”

  5. ਅਕਾਲੀ ਆਗੂ ਬਿਕਰਮਜੀਤ ਮਜੀਠੀਆ ਦੀ ਅਗਾਊਂ ਜ਼ਮਾਨਤ ਰੱਦ ਹੋਈ

    ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਡਰੱਗਸ ਕੇਸ ਵਿੱਚ ਅਗਾਊਂ ਜ਼ਮਾਨਤ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ।

    ਪੰਜਾਬ ਹਰਿਆਣਾ ਹਾਈ ਕੋਰਟ ਨੇ ਦੋਵੇਂ ਪੱਖਾਂ ਦੀ ਬਹਿੱਸ ਹੋਣ ਮਗਰੋਂ ਫੈਸਲਾ ਰਿਜ਼ਰਵ ਰੱਖ ਲਿਆ ਸੀ। ਫਿਰ ਅਦਾਲਤ ਨੇ ਇਹ ਫੈਸਲਾ ਸੁਣਾਇਆ।

    ਪੁਲਿਸ ਵੱਲੋਂ ਡਰੱਗਜ਼ ਕੇਸ ਵਿੱਚ ਬਿਕਰਮ ਮਜੀਠੀਆ ਐਫਆਈਆਰ ਦਰਜ ਕੀਤੀ ਗਈ ਸੀ, ਉਸ ਮਗਰੋਂ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਲੱਭਿਆ ਜਾ ਰਿਹਾ ਸੀ।

    10 ਜਨਵਰੀ ਨੂੰ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਮਿਲੀ ਸੀ ਜਿਸ ਮਗਰੋਂ ਉਹ ਮੀਡੀਆ ਦੇ ਸਾਹਮਣੇ ਆਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਤੇ ਵੀ ਭੱਜੇ ਨਹੀਂ ਸਨ।

    ਅਕਾਲੀ ਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੈਸਲਾ ਮਨਜ਼ੂਰ ਹੈ ਤੇ ਕਾਨੂੰਨੀ ਲੜਾਈ ਜਾਰੀ ਰਹੇਗੀ।

    ਅਦਾਲਤ ਵਿੱਚ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ।

    ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ ਨੂੰ ਅਗਾਊਂ ਜ਼ਮਾਨਤ 7 ਦਿਨਾਂ ਵਾਸਤੇ ਵਧਾਉਣ ਲਈ ਅਪੀਲ ਕੀਤੀ ਗਈ ਸੀ ਤਾਂ ਜੋ ਉਹ ਸਰੰਡਰ ਕਰਨ ਤੋਂ ਪਹਿਲਾਂ ਆਪਣੀ ਨਾਮਜ਼ਦਗੀ ਭਰ ਸਕਣ।

  6. ਪੰਜਾਬ ’ਚ 65 ਸੀਟਾਂ ’ਤੇ ਲੜੇਗੀ ਭਾਜਪਾ

    ਪੰਜਾਬ ਵਿਧਾਨਸਭਾ ਚੋਣਾਂ 2022 ਦੇ ਮੱਦੇਨਜ਼ਰ ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਪੰਜਾਬ ਲੋਕ ਕਾਂਗਰਸ ਮੁੱਖੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ। ਤਿੰਨਾਂ ਪਾਰਟੀਆਂ ਵਿਚਾਲੇ ਹੇਠ ਲਿਖਤ ਤਰੀਕੇ ਨਾਲ ਸੀਟਾਂ ਦੀ ਵੰਡ ਹੋਈ ਹੈ।

    ਭਾਜਪਾ – 65 ਸੀਟਾਂ

    ਪੰਜਾਬ ਲੋਕ ਕਾਂਗਰਸ – 37 ਸੀਟਾਂ

    ਸ਼੍ਰੋਮਣੀ ਅਕਾਲੀ ਦਲ (ਸੰਯੁਕਤ) – 15 ਸੀਟਾਂ

  7. ਕਾਂਗਰਸ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

    ਕਾਂਗਰਸ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇਹ ਇੱਕ ਫੇਕ ਨਿਊਜ਼ ਫੈਲਾਉਣ ਦੀ ਕੋਸ਼ਿਸ਼ ਹੈ।

  8. ਨਵਜੋਤ ਸਿੰਘ ਸਿੱਧੂ ਨੇ ਸਾਧਿਆ ਕੇਜਰੀਵਾਲ ‘ਤੇ ਨਿਸ਼ਾਨਾ, ਆਮ ਆਦਮੀ ਪਾਰਟੀ ਵੱਲੋਂ ਸੀਐੱਮ ਲਈ ਚਿਹਰੇ 21 ਲੱਖ ਵੋਟ ਮਿਲਣ ਦੇ ਦਾਅਵੇ ਦੀ EC ਨੂੰ ਕੀਤੀ ਸ਼ਿਕਾਇਤ - ਸਿੱਧੂ

    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਤੋਂ ਰਾਇ ਪੁੱਛਣ ਦੀ ਪ੍ਰਕਿਰਿਆ ਨੂੰ ਸਕੈਮ ਕਰਾਰ ਦਿੱਤਾ ਹੈ।

    ਨਵਜੋਤ ਸਿੰਘ ਸਿੱਧੂ ਨੇ ਕਿਹਾ, “ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਜਾ ਰਹੇ ਹਾਂ ਕਿ ਕਿਵੇਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਕੀਤੀ ਵੋਟਿੰਗ ਬੋਗਸ ਹੈ ਤੇ ਇਹ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੈ।”

    “ਆਮ ਆਦਮੀ ਪਾਰਟੀ ਵੱਲੋਂ ਇੱਕ ਨਿੱਜੀ ਨੰਬਰ ਦਿੱਤਾ ਗਿਆ ਸੀ। 21 ਲੱਖ ਤੋਂ ਵੱਧ ਵੋਟਾਂ ਮਿਲਣ ਦਾ ਦਾਅਵਾ ਆਪ ਵੱਲੋਂ ਕੀਤਾ ਗਿਆ ਹੈ, ਉਹ ਸੰਭਵ ਹੀ ਨਹੀਂ ਹੈ। ਜੇ ਪਾਰਟੀ ਦਾ ਦਾਅਵਾ ਸਹੀ ਹੈ ਤਾਂ ਉਹ ਕਾਲ ਰਿਕਾਰਡ ਪੇਸ਼ ਕਰੇ।”

    “ਅਸੀਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਇਹ ਇੱਕ ਫੇਕ ਨਿਊਜ਼ ਫੈਲਾਉਣ ਦੀ ਕੋਸ਼ਿਸ਼ ਹੈ।”

    ਇਨ੍ਹਾਂ ਇਲਜ਼ਾਮਾਂ ਬਾਰੇ ਜਿਵੇਂ ਹੀ ਆਮ ਆਦਮੀ ਪਾਰਟੀ ਕੋਈ ਬਿਆਨ ਜਾਰੀ ਕਰੇਗੀ, ਅਸੀਂ ਉਸ ਨੂੰ ਤੁਹਾਡੇ ਤੱਕ ਪਹੁੰਚਾਵਾਂਗੇ।

  9. ਮੁੱਖ ਮੰਤਰੀ ਚੰਨੀ ਖ਼ਿਲਾਫ਼ ਦਰਜ ਹੋਵੇ ਐੱਫ਼ਆਈਆਰ, ਚੰਨੀ ਅਜਿਹੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ।

    ਆਮ ਆਦਮੀ ਪਾਰਟੀ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਗੈਰ ਕਾਨੂੰਨੀ ਮਾਇਨਿੰਗ ਮਾਮਲੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

    ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਵਿਚ ਕਰੋੜਾਂ ਦਾ ਰੇਤ ਮਾਫ਼ੀਆ ਚੱਲ ਰਿਹਾ ਹੈ।

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਕਥਿਤ ਸਬੰਧਾਂ ਦੀ ਜਾਂਚ ਹੋਵੇ। ਚਰਨਜੀਤ ਸਿੰਘ ਚੰਨੀ ਖ਼ਿਲ਼ਾਫ਼ ਐੱਫ਼ਆਈਆਰ ਦਰਜ ਕਰਵਾਏ, ਰੇਤ ਚੋਰੀ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਜਿਹੇ ਇਲਜ਼ਾਮਾਂ ਨੂੰ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਦੇ ਆਏ ਹਨ।

  10. ਰਾਣਾ ਦੀ ਸੋਨੀਆਂ ਨੂੰ ਚਿੱਠੀ ਦਾ ਖਹਿਰਾ ਨੇ ਦਿੱਤਾ ਜਵਾਬ

    ਸੁਖਪਾਲ ਖਹਿਰਾ ਦੇ ਅਧਿਕਾਰਤ ਫੇਸਬੁੱਕ ਪੇਜ਼ ਉੱਤੇ ਇੱਕ ਪੋਸਟ ਪਾ ਕੇ ਰਾਣਾ ਗੁਰਜੀਤ ਨੂੰ ਜਵਾਬ ਦਿੱਤਾ ਗਿਆ ਹੈ।

    ਪੋਸਟ ਵਿਚ ਕਿਹਾ ਗਿਆ ਹੈ, ‘’ਮੇਰੇ ਖ਼ਿਲਾਫ਼ ਬੇਬੁਨਿਆਦ ਅਤੇ ਮਨਘੜਤ ਇਲਜਾਮ ਲਗਾਉਣ ਅਤੇ ਕਾਂਗਰਸ ਦੀ ਭੁਲੱਥ ਵਿੱਚ ਚਿੰਤਾ ਕਰਨ ਤੋਂ ਪਹਿਲਾਂ ਦਾਗ਼ੀ ਅਤੇ ਹੰਕਾਰੀ ਰਾਣਾ ਗੁਰਜੀਤ ਨੂੰ ਆਪਣਾ ਮੁੰਡਾ ਅਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਤੋਂ ਹਟਾਉਣਾ ਚਾਹੀਦਾ ਹੈ।’’

    ‘’ਇਸੇ ਤਰਾਂ ਇਸ ਦਾਗ਼ੀ ਆਗੂ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਇਹ ਜਨਤਕ ਤੋਰ ਤੇ ਸਵੀਕਾਰ ਕਰੇ ਕਿ ਕਾਂਗਰਸ ਨੂੰ ਹਰਾਉਣ ਲਈ ਇਸ ਨੇ ਆਪਣੇ ਇੱਕ ਕਰਿੰਦੇ ਗੋਰੇ ਗਿੱਲ ਨੂੰ ਕੈਪਟਨ ਦੀ ਪਾਰਟੀ ਵਿੱਚ ਭੇਜਿਆ ਹੈ ਅਤੇ ਜੋਗਿੰਦਰ ਮਾਨ ਨੂੰ ਆਪ ਵਿੱਚ ਭੇਜਿਆ ਹੈ।’’

    ‘’ਅਸਲ ਵਿੱਚ ਇਸ ਦਾਗ਼ੀ ਆਗੂ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਕਿਸੇ ਤਰਾਂ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਕੇ ਇਨ੍ਹਾਂ ਸਾਰੀਆਂ ਸੀਟਾਂ ਤੇ ਹਰਾਇਆ ਜਾਵੇ।’’

  11. ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਦੂਜੇ ਸੂਬੇ ਦੇ ਲੋਕਾਂ ਲਈ ਵੋਟ ਅਪੀਲ ਲਈ ਕਿਹਾ

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਦੇ ਲੋਕਾਂ ਨੂੰ ਅਪੀਲ ਕਰਨ ਲਈ ਕਿਹਾ ਹੈ ਕਿ ਇਹ ਇੱਕ ਮੌਕਾ ਕੇਜਰੀਵਾਲ ਨੂੰ ਦੇਣ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੇ ਕਿਹਾ, "ਇੱਕ ਮੌਕਾ ਕੇਜਰੀਵਾਲ ਨੂੰ" ਅਸੀਂ ਅੱਜ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ। ਦਿੱਲੀ ਦੇ ਲੋਕ ਵੀਡੀਓ ਬਣਾ ਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ 'ਆਪ' ਦੁਆਰਾ ਕੀਤੇ ਕੰਮਾਂ ਬਾਰੇ ਦੱਸ ਸਕਦੇ ਹਨ ਅਤੇ ਉਨ੍ਹਾਂ ਨੂੰ ਅਪੀਲ ਕਰ ਸਕਦੇ ਹਨ ਕਿ ਉਹ ਚੋਣਾਂ ਤੋਂ ਪਹਿਲਾਂ ਕੇਜਰੀਵਾਲ/ਆਪ ਨੂੰ ਇੱਕ ਮੌਕਾ ਦੇਣ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰੋ।“

    ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ 50 ਦਿੱਲੀ ਵਾਲਿਆਂ ਨਾਲ ਰਾਤ ਦਾ ਖਾਣਾ ਵੀ ਖਾਣਗੇ, ਜਿਨ੍ਹਾਂ ਦੀ ਵੀਡੀਓ ਵਾਇਰਲ ਹੋਵੇਗੀ।

  12. ਰਾਣਾ ਗੁਰਜੀਤ ਸਿੰਘ ਨੇ ਸੁਖਪਾਲ ਖਹਿਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ

    ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ‘ਭੁਲੱਥ ਤੋਂ ਸੁਖਪਾਲ ਖਹਿਰਾ ਨੂੰ ਪਾਰਟੀ ਦਾ ਟਿਕਟ ਦੇਣ ਵਿੱਚ ਦਖ਼ਲ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ “ਦਾਗ਼ੀ” ਕਹਿ ਕੇ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।

  13. ਭਗੰਵਤ ਮਾਨ ਦਾ ਧੂਰੀ ਦੌਰਾ ਜਿਸ ਉੱਤੇ ਮਿਲਿਆ ਨੋਟਿਸ, ਸੰਗਰੂਰ ਤੋਂ ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਭਗਵੰਤ ਮਾਨ ਨੂੰ ਧੂਰੀ ਦੌਰੇ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ

  14. ਸਿੱਧੂ ਲਈ ਪਾਕਿਸਤਾਨ ਤੋਂ ਆਈ ਸੀ ਸਿਫ਼ਾਰਿਸ਼

    ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਅਹਿਮ ਖੁਲਾਸਾ ਕੀਤਾ ਹੈ।

    ਦੈਨਿਕ ਜਾਗਰਣ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2017 ਵਿਚ ਸਿੱਧੂ ਨੂੰ ਮੰਤਰੀ ਬਣਵਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਲੌਬਿੰਗ ਕੀਤੀ ਸੀ।

    ਕੈਪਟਨ ਅਮਰਿੰਦਰ ਦੇ ਦਾਅਵੇ ਮੁਤਾਬਕ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੇ ਕਰੀਬੀ ਦੋਸਤ ਨੇ ਉਨ੍ਹਾਂ ਨੂੰ ਫੋਨ ਉੱਤੇ ਮੈਸੇਜ ਭੇਜ ਕੇ ਸਿੱਧੂ ਨੂੰ ਮੰਤਰੀ ਬਣਾਉਣ ਦੀ ਲਿਖਤ ਸ਼ਿਫ਼ਾਰਿਸ਼ ਕੀਤੀ ਸੀ।

    ਕੈਪਟਨ ਨੇ ਕਿਹਾ, ‘‘ਮੈਂ ਕਦੇ ਨਾ ਇਮਰਾਨ ਖਾਨ ਨੂੰ ਮਿਲਿਆ ਸੀ ਅਤੇ ਨਾ ਹੀ ਮੈਂ ਉਨ੍ਹਾਂ ਨੂੰ ਜਾਣਦਾ ਸੀ, ਇਸ ਵਿਚ 2017 ਵਿਚ ਚੋਣਾਂ ਜਿੱਤਣ ਤੋਂ ਬਾਅਦ ਆਏ ਇਸ ਮੈਸੇਜ ਤੋਂ ਮੈਂ ਹੈਰਾਨ ਸੀ।’’

    ਕੈਪਟਨ ਨੇ ਦਾਅਵਾ ਕੀਤਾ ਹੈ ਕਿ ਇਹ ਜਾਣਕਾਰੀ ਉਨ੍ਹਾਂ ਪ੍ਰਿਅੰਕਾ ਗਾਂਧੀ ਨਾਲ ਵੀ ਸਾਂਝੀ ਕੀਤੀ ਸੀ।

    ਨਵਜੋਤ ਸਿੱਧੂ ਇਸ ਇਲਜ਼ਾਮ ਉੱਤੇ ਸੋਮਵਾਰ ਨੂੰ 2.30 ਵਜੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ਼ ਰੱਖਣਗੇ।

    ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਕੀ ਹੁਣ ਕੋਈ ਕਰੈਡਿਬਿਲਟੀ ਨਹੀਂ ਹੈ, ਉਹਨਾਂ ਕੋਲ ਝੂਠ ਬੋਲ਼ਣ ਅਤੇ ਸਿੱਧੂ ਨੂੰ ਬਦਨਾਮ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ।

  15. ਪੰਜਾਬ ਚੋਣਾਂ: ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ

    ਸੰਗਰੂਰ ਦਾ ਵਿਧਾਨ ਸਭਾ ਹਲਕਾ ਧੂਰੀ ਇਸ ਵਾਰ ਚਰਚਾ ਵਿੱਚ ਹੈ ਕਿਉਂਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਚੋਣ ਲੜਨ ਜਾ ਰਹੇ ਹਨ।

    ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ? ਇਸ ਦੇ ਪਿੱਛੇ ਤਿੰਨ ਕਾਰਨ ਮੰਨੇ ਜਾ ਰਹੇ ਹਨ। ਪਹਿਲਾ ਤਾਂ ਇਹ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਹੈ ਜਿੱਥੋਂ ਭਗਵੰਤ ਮਾਨ ਮੌਜੂਦਾ ਐੱਮਪੀ ਹਨ ਅਤੇ ਲਗਾਤਾਰ ਦੋ ਵਾਰ ਜਿੱਤੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  16. ਪੰਜਾਬ ਵਿਧਾਨ ਸਭਾ ਚੋਣਾ: ਮੁੱਖ ਮੰਤਰੀ ਅਹੁਦੇ ਲਈ 6 ਚਿਹਰੇ - ਕੀ ਪੌਜ਼ੀਟਿਵ ਤੇ ਕੀ ਨੈਗੇਟਿਵ

  17. ਪੰਜਾਬ ਚੋਣਾਂ 2022: ਚਰਨਜੀਤ ਚੰਨੀ ਦੀ ਚੜ੍ਹਤ ਦੇ ਬਾਵਜੂਦ ਕਾਂਗਰਸ ਦਾ ਭਵਿੱਖ ਤੈਅ ਕਰਨਗੇ ਇਹ ਫੈਕਟਰ

    ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਭਾਵਨਾਵਾਂ ਨੂੰ ਦੋ ਮੁੱਖ ਫੈਕਟਰ ਪ੍ਰਭਾਵਿਤ ਕਰ ਰਹੇ ਹਨ।

    ਪਹਿਲਾ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੈਪਟਨ ਅਮਰਿੰਦਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੈਦਾ ਹੋਏ ਲੋਕ ਰੋਹ ਨੂੰ ਕੁਝ ਮੱਠਾ ਕਰਨਾ।

    ਚੰਨੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਤਾਰ-ਤਾਰ ਕਰਨ ਲਈ ਸਮੁੱਚੀ ਵਿਰੋਧੀ ਧਿਰ ਦਾ ਨਿਸ਼ਾਨਾ ਹੁਣ ਚਰਨਜੀਤ ਚੰਨੀ ਉੱਤੇ ਕੇਂਦਰਿਤ ਹੋ ਗਿਆ ਹੈ।

    ਦੂਜਾ ਹੈ ਕਾਂਗਰਸ ਪਾਰਟੀ ਦੀ ਰਵਾਇਤੀ ਸੂਬਾਈ ਲੀਡਰਸ਼ਿਪ ਦਾ ਆਪਸੀ ਕਾਟੋਕਲੇਸ਼ ਅਤੇ ਇੱਕ-ਦੂਜੇ ਦੀਆਂ ਟੰਗਾਂ ਖਿੱਚਣਾ। ਇਸ ਬਗਾਵਤ ਦਾ ਲਾਹਾ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਖਾਸ ਤੌਰ ਉੱਤੇ ਉਮੀਦਾਂ ਲਾਈ ਬੈਠੀਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  18. ਸੰਯੁਕਤ ਸਮਾਜ ਮੋਰਚੇ ਦਾ ਸੰਕਟ

    ਪਹਿਲੀ ਵਾਰ ਚੋਣਾਂ ਲੜ ਰਹੇ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਲਈ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਪਾਰਟੀ ਦੇ ਰਜਿਸਟ੍ਰੇਸ਼ਨ ਉੱਤੇ ਚੋਣ ਕਮਿਸ਼ਨ ਨੇ ਕੁਝ ਇਤਰਾਜ਼ ਲਾ ਦਿੱਤੇ ਹਨ।

    ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜੋ ਇਤਰਾਜ਼ ਲਾਏ ਗਏ ਹਨ, ਉਹ ਮਾਮੂਲੀ ਜਿਹੇ ਹਨ, ਜਿਵੇਂ ਕੁਝ ਵਿਅਕਤੀਆਂ ਦੇ ਹਸਤਾਖ਼ਤਰਾਂ ਨੂੰ ਲੈਕੇ, ਮੋਹਰ ਬਾਰੇ ਅਤੇ ਪਾਰਟੀ ਦੇ ਦਫ਼ਤਰ ਬਾਰੇ।

    ਉਨ੍ਹਾਂ ਕਿਹਾ ਕਿ ਆਸ ਹੈ ਕਿ ਮਸਲਾ ਜਲਦ ਹੱਲ ਹੋ ਜਾਵੇਗਾ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਜਿਵੇਂ ਇਹ ਪਾਰਟੀ ਦੀ ਰਜਿਸਟ੍ਰੇਸ਼ਨ ਰੋਕਣ ਲਈ ਫਾਇਲ ਵਿਚ ਦੇਰੀ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।

    ਇਸੇ ਦੌਰਾਨ ਕਿਸਾਨ ਮੋਰਚੇ ਦੇ ਸੂਤਰਾਂ ਮੁਤਾਬਕ ਖੱਬੀਆਂ ਪਾਰਟੀਆਂ ਨਾਲ ਸਬੰਧਤ ਕੁਝ ਧਿਰਾਂ ਆਪਣੇ ਰਵਾਇਤੀ ਚੋਣ ਨਿਸ਼ਾਨਾਂ ਉੱਤੇ ਚੋਣ ਲੜਨ ਲਈ ਦਬਾਅ ਪਾ ਰਹੀਆਂ ਹਨ।

  19. ਵਿਧਾਨ ਸਭਾ ਚੋਣਾਂ 2022: ਅਹਿਮ ਘਟਨਾਕ੍ਰਮ

    ·ਸਮਾਜਵਾਦੀ ਪਾਰਟੀ ਨੇ ਟੀਵੀ ਚੈਨਲਾਂ ਦੇ ਓਪੀਨੀਅਨ ਪੋਲਜ਼ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਹੈ।

    ·ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ

    ·ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਚਰਚਾ ਵਿੱਚ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦੇ ਸੀਐਮ ਨੂੰ ਇਸ ਬਾਰੇ ਬੇਨਤੀ ਕੀਤੀ ਹੈ।

    ·ਸੰਯੁਕਤ ਸਮਾਜ ਮੋਰਚੇ ਵੱਲੋਂ ਤੀਜੀ ਸੂਚੀ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਅੱਠ ਉਮੀਦਵਾਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ।

    ·ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਲੋਕ ਕਾਂਗਰਸ ਦੇ ਵਿਧਾਨ ਸਭਾ ਚੋਣਾਂ ਲਈ 22 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।

    ·ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਉਂਦੇ ਦਿਨਾਂ 'ਚ ਉਨ੍ਹਾਂ 'ਤੇ ਵੀ ਈਡੀ ਦੀ ਛਾਪੇਮਾਰੀ ਕੀਤੀ ਜਾ ਸਕਦੀ ਹੈ।

  20. ਪੰਜਾਬ ਚੋਣਾਂ 2022: ਤੁਹਾਡਾ ਸਵਾਗਤ ਹੈ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਤੇ ਸੁਮਨਦੀਪ ਕੌਰ ਤੁਹਾਡੇ ਲਈ ਅਹਿਮ ਅਪਡੇਟ ਲਿਆ ਰਹੇ ਹਨ। ਕੱਲ ਤੱਕ ਦੇ ਅਹਿਮ ਘਟਨਾਕ੍ਰਮ ਬਾਰੇ ਜਾਣਨ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰੋ