ਧੰਨਵਾਦ
ਪੰਜਾਬ ਸਣੇ ਪੰਜ ਸੂਬਿਆਂ ਦੀਆਂ ਚੋਣ ਸਰਗਰਮੀਆਂ ਨਾਲ ਸਬੰਧਤ ਇਹ ਲਾਇਵ ਪੰਨਾ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ
You’re viewing a text-only version of this website that uses less data. View the main version of the website including all images and videos.
ਪੰਜਾਬ ਸਣੇ 5 ਸੂਬਿਆਂ ਦੀਆਂ 2022 ਵਿਧਾਨ ਸਭਾ ਚੋਣਾਂ ਕਈ ਗੇੜਾਂ ਵਿਚ ਹੋਣ ਜਾ ਰਹੀਆਂ ਹਨ ਅਤੇ 10 ਮਾਰਚ ਨੂੰ ਨਤੀਜੇ ਆਉਣਗੇ
ਪੰਜਾਬ ਸਣੇ ਪੰਜ ਸੂਬਿਆਂ ਦੀਆਂ ਚੋਣ ਸਰਗਰਮੀਆਂ ਨਾਲ ਸਬੰਧਤ ਇਹ ਲਾਇਵ ਪੰਨਾ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ
(ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ, ਧੰਨਵਾਦ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਡੀਜੀਪੀ ਦੀ ਮਾਲੇਰਕੋਟਲਾ ਬਾਰੇ ਕਥਿਤ ਫਿਰਕੂ ਬਿਆਨਬਾਜ਼ੀ ਲਈ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੇ ਇਸ ਸੰਬੰਧ ਕੀਤੇ ਆਪਣੇ ਟਵੀਟਾਂ ਵਿੱਚ ਲਿਖਿਆ-
‘’ਅਸੀਂ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੀਆਂ ਮਲੇਰਕੋਟਲਾ ਵਿੱਚ ਫਿਰਕੂ ਝੜਪਾਂ ਨੂੰ ਹਵਾ ਦੇਣ ਵਾਲੇ ਬਿਆਨਾਂ ਕਾਰਨ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹਾਂ।''
ਮੈਂ ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਅਫ਼ਸਰ ਖ਼ਿਲਾਫ਼ ਜੋ ਕਿ ਮਾਲੇਰਕੋਟਲਾ ਤੋਂ ਕਾਂਗਰਸੀ ਵਿਧਾਇਕ ਰਜ਼ੀਆ ਸੁਲਤਾਨਾ ਦਾ ਪਤੀ ਵੀ ਹੈ ਖ਼ਿਲਾਫ਼ ਫ਼ੌਰੀ ਕਾਰਵਾਈ ਦੇ ਹੁਕਮ ਦੇਣ।‘’
ਮੁਸਤਫ਼ਾ ਮਾਲੇਰਕੋਟਲਾ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਨੇ ਗ਼ਰੀਬਾਂ ਤੇ ਦਬਿਆਂ-ਕੁਚਲਿਆਂ ਦਾ ਸੋਸ਼ਣ ਕਰਕੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕੀਤਾ ਹੈ।
ਜੇ ਸੂਬੇ ਵਿੱਚ ਅਕਾਲੀ ਦਲ- ਬੀਐਸਪੀ ਦੀ ਸਰਕਾਰ ਬਣਦੀ ਹੈ ਤਾਂ ਮੁਸਤਫ਼ਾ ਉੱਪਰ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਤੇ ਆਪਣੇ ਗੁਨਾਹਾਂ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।
ਬੀਬੀਸੀ ਪੰਜਾਬੀ ਦੇ ਸਹਿਯੋਗੀਪਾਲ ਸਿੰਘ ਨੌਲੀ ਜਲੰਧਰ ਮੁਤਾਬਕ ਸੰਯੁਕਤ ਸਮਾਜ ਮੋਰਚੇ ਵੱਲੋਂ ਤੀਜੀ ਸੂਚੀ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਅੱਠ ਉਮੀਦਵਾਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ।
ਇਸ ਸੂਚੀ ਵਿੱਚ ਵਿੱਚ ਬਸਪਾ ਦੇ ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਚੱਬੇਵਾਲ ਤੋਂ ਟਿਕਟ ਦਿੱਤੀ ਗਈ ਹੈ।
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੁਸ਼ਿਆਰਪੁਰ ਦੀ ਲੋਕ ਸਭਾ ਸੀਟ ਤੋਂ ਬਸਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਸਾਬਕਾ ਆਈਏਐਸ ਖੁਸ਼ੀ ਰਾਮ ਨੂੰ ਫ਼ਗਵਾੜਾ ਤੋਂ ਟਿਕਟ ਦਿੱਤੀ ਗਈ ਹੈ।
ਸ਼੍ਰੋਮਣੀਗੁਰਦੁਆਰਾ ਪ੍ਰਬੰਧਕਕਮੇਟੀ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਜੰਗ ਬਹਾਦਰ ਸਿੰਘ ਨੂੰ ਗੜਸ਼ੰਕਰ ਤੋਂ ਟਿਕਟ ਦਿੱਤੀ ਗਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੈਦਾਨ ਵਿੱਚ ਨਿੱਤਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀ ਅਹੁਦੇ ਲਈ ਚਿਹਰਿਆਂ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਹੈ।
ਇਸ ਦਾ ਕਾਰਨ ਆਮ ਆਦਮੀ ਪਾਰਟੀ ਵਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਹੈ।
ਸੱਤਾਧਾਰੀ ਕਾਂਗਰਸ ਵਿੱਚ ਇਸ ਅਹੁਦੇ ਲਈ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਹੈ।
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ ਹਨ।
ਇਸ ਦਾ ਖੁਲਾਸਾ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰ ਚੁੱਕੇ ਹਨ।
ਕਿਸਾਨਾਂ ਦੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਆਗੂ ਚੁਣਿਆ ਹੋਇਆ ਹੈ।
ਜਦਕਿ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਗਠਜੋੜ ਨੇ ਇਸ ਉੱਤੇ ਕੋਈ ਫੈਸਲਾ ਨਹੀਂ ਲਿਆ ਹੈ।
ਇਸ ਰਿਪੋਰਟ ਵਿੱਚ ਅਸੀਂ ਮੁੱਖ ਮੰਤਰੀ ਲਈ ਪਾਰਟੀਆਂ ਦੇ ਸੰਭਾਵੀਂ ਉਮੀਦਵਾਰਾਂ ਦੇ ਹਾਂ ਤੇ ਨਾਂਹ ਪੱਖਾਂ ਦਾ ਵੇਰਵਾ ਦੇ ਰਹੇ ਹਾਂ।
ਐਤਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਲੋਕ ਕਾਂਗਰਸ ਦੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ।
ਜ਼ਿਕਰਯੋਗ ਹੈ ਪੀਐਲਸੀ ਭਾਜਪਾ ਅਤੇ ਅਕਾਲੀ ਦਲ (ਸੰਯੁਕਤ) ਨਾਲ ਚੋਣ ਸਮਝੌਤੇ ਵਿੱਚ ਹੈ। ਸਮਝੌਤੇ ਮੁਤਾਬਕ ਪਾਰਟੀ ਦੇ ਹਿੱਸੇ 37 ਸੀਟਾਂ ਆਈਆਂ ਹਨ ਜਿਨ੍ਹਾਂ ਵਿੱਚੋਂ 26 ਮਾਲਵਾ ਖੇਤਰ ਵਿੱਚ ਪੈਂਦੀਆਂ ਹਨ।
ਇਸੇ ਤਰ੍ਹਾਂ ਮਾਝੇ ਵਿੱਚ ਪਾਰਟੀ ਕੋਲ 7 ਸੀਟਾਂ ਤੇ ਦੁਆਬੇ ਦੀਆਂ ਚਾਰ ਸੀਟਾਂ ਹਨ।
ਹੁਣ ਤੱਕ ਪਾਰਟੀ 22 ਉਮੀਦਵਾਰਾਂ ਦਾ ਫ਼ੈਸਲਾ ਕਰ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਪਟਿਆਲਾ ਹਲਕੇ ਤੋਂ ਚੋਣ ਲੜ ਰਹੇ ਹਨ।
1.ਫ਼ਰਜ਼ਾਨਾ ਆਲਮ ਮਲੇਰਕੋਟਲਾ ਤੋਂ
2.ਸੰਜੀਵ ਸ਼ਰਮਾ ਪਟਿਆਲਾ ਪੇਂਡੂ ਸੀਟ ਤੋਂ
3.ਕਮਲਦੀਪ ਸੈਣੀ ਖਰੜ ਤੋਂ।
4.ਜਗਮੋਹਨ ਸ਼ਰਮਾ ਲੁਧਿਆਣਾ ਪੂਰਬੀ ਤੋਂ।
5.ਸਤਿੰਦਰਪਾਲ ਸਿੰਘ ਤਾਜਪੁਰੀ ਲੁਧਿਆਣਾ ਦੱਖਣੀ ਤੋਂ
6.ਪ੍ਰੇਮ ਮਿੱਤਲ ਆਤਮਨਗਰ ਤੋਂ
7.ਦਮਨਜੀਤ ਸਿੰਘ ਮੋਹੀ ਦਾਖਾ ਤੋਂ
8.ਮੁਖਤਿਆਰ ਸਿੰਘ ਨਿਹਾਲ ਸਿੰਘ ਵਾਲਾ(ਰਿਜ਼ਰਵ) ਤੋਂ
9.ਰਵਿੰਦਰ ਸਿੰਘ ਗਰੇਵਾਲ ਧਰਮਕੋਟ ਤੋਂ
10.ਡਾ਼ ਅਮਰਜੀਤ ਸਿੰਘ ਸ਼ਰਮਾ ਰਾਮਪੁਰਾ ਫ਼ੂਲ ਤੋਂ
11.ਰਾਜ ਨੰਬਰਦਾਰ ਬਠਿੰਡਾ ਸ਼ਹਿਰੀ ਤੋਂ
12.ਸਵੇਰਾ ਸਿੰਘ ਬਠਿੰਡਾ ਪੇਂਡੂ (ਰਿਜ਼ਰਵ) ਤੋਂ
13.ਸੂਬੇਦਾਰ ਭੋਲਾ ਸਿੰਘ ਬੁਢਲਾਡਾ (ਰਿਜ਼ਰਵ)
14.ਧਰਮ ਸਿੰਘ ਫ਼ੌਜੀ ਭਦੌੜ ਤੋਂ
15.ਬਿਕ੍ਰਮਜੀਤ ਇੰਦਰ ਸਿੰਘ ਚਾਹਲ ਸਨੌਰ ਤੋਂ
16.ਸੁਰਿੰਦਰ ਸਿੰਘ ਖੇੜਕੀ ਸਮਾਣਾ ਤੋਂ
17.ਤੇਜਿੰਦਰ ਸਿੰਘ ਰੰਧਾਵਾ ਫ਼ਤਹਿਗੜ੍ਹ ਚੂੜੀਆਂ ਤੋਂ
18.ਹਰਜਿੰਦਰ ਸਿੰਘ ਠੇਕੇਦਾਰ ਨੂੰ ਅੰਮ੍ਰਤਿਸਰ ਦੱਖਣੀ ਤੋਂ
19.ਅਮਨਦੀਪ ਸਿੰਘ ਭੁਲੱਥ ਤੋਂ
20.ਅਜੀਤਪਾਲ ਸਿੰਘ ਨਕੋਦਰ ਤੋਂ
21.ਸਤਵੀਰ ਸਿੰਘ ਪੱਲੀ ਝਿੱਕੀ ਨਵਾਂ ਸ਼ਹਿਰ ਤੋਂ
22. ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਸ਼ਹਿਰੀ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੀ ਤਰਫ਼ੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।
ਚੰਡੀਗੜ੍ਹ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸੂਚੀ ਵਿਚ 17 ਨਾਂ ਮਾਲਵੇ, 3 ਦੁਆਬੇ ਅਤੇ 2 ਮਾਝੇ ਦੇ ਹਨ।
ਕੈਪਟਨ ਅਮਰਿੰਦਰ ਸਿੰਘ ਆਪ ਆਪਣੀ ਰਵਾਇਤੀ ਸੀਟ ਪਟਿਆਲਾ ਸ਼ਹਿਰੀ ਤੋਂ ਚੋਣ ਲੜ ਰਹੇ ਹਨ।
ਉਨ੍ਹਾਂ ਇੱਕ ਵਾਰ ਫੇਰ ਦੁਹਰਾਇਆ ਕਿ ਉਹ ਨਵਜੋਤ ਸਿੱਧੂ ਨੂੰ ਉਹ ਚੋਣ ਨਹੀਂ ਜਿੱਤਣ ਦੇਣਗੇ, ਕਿਉਂ ਕਿ ਸਿੱਧੂ ਯੋਗ ਆਗੂ ਨਹੀਂ ਹਨ।
ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਉਨ੍ਹਾਂ ਕਿਹਾ ਕਿ ''ਮੈਂ ਚੰਨੀ ਨੂੰ ਚੰਗਾ ਕਦੇ ਨਹੀਂ ਕਿਹਾ, ਮੈਂ ਕਿਹਾ ਸੀ ਜੋ ਦੋ ਮੰਤਰਾਲੇ ਮੈਂ ਉਨ੍ਹਾਂ ਨੂੰ ਦਿੱਤੇ ਸਨ, ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ।''
ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ, ''ਮੈਂ ਪਹਿਲੇ ਦਿਨੋਂ ਕਿਹਾ ਹੈ ਕਿ ਉਸ ਕੋਲ ਦਿਮਾਗ ਨਹੀਂ ਹੈ, ਉਹ ਸਿਰਫ ਸਮੇਂ ਦੀ ਬਰਬਾਦੀ ਹੈ
। ਮੈਨੂੰ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਪਤਾ ਕਰੋ ਇੱਕ ਸਿੱਧੂ ਹੈ। ਮੁਲਾਕਾਤ ਤੋਂ ਬਾਅਦ ਮੈਂ ਸੋਨੀਆ ਜੀ ਨੂੰ ਜਾ ਕੇ ਕਿਹਾ ਇਹ ਤਾਂ ਕਮਲਾ ਆਦਮੀ ਹੈ।''
ਪੰਜਾਬ ਦੇ ਸਾਬਕਾ ਡੀਜੀਪੀ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਤਸਫ਼ਾ ਖ਼ਿਲਾਫ਼ ਮਾਲੇਰਕੋਟਲਾ ਪੁਲਿਸ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਬੀਬੀਸੀ ਸਹਿਯੋਗੀ ਸੁਖਰਚਨ ਪ੍ਰੀਤ ਮੁਤਾਬਕ ਉਨ੍ਹਾਂ ਉੱਤੇ ਮਾਲੇਰਕੋਟਲਾ ਵਿਚ ਇੱਕ ਜਲਸੇ ਦੌਰਾਨ ਭੜਕਾਊ ਭਾਸ਼ਣ ਕਰਨ ਅਤੇ ਧਮਕੀਆਂ ਦੇਣ ਦਾ ਇਲਜ਼ਾਮ ਹੈ।
ਭਾਰਤੀ ਜਨਤਾ ਪਾਰਟੀ ਸਣੇ ਦੂਜੀਆਂ ਵਿਰੋਧੀਆਂ ਪਾਰਟੀਆ ਨੇ ਇਸ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਦੀ ਕਾਰਵਾਈ ਕਰਾਰ ਦਿੱਤਾ ਸੀ।
ਮੁਹੰਮਦ ਮੁਸਤਫ਼ਾ ਨੇ ਟਵੀਟ ਰਾਹੀ ਆਪਣੇ ਭਾਸ਼ਣ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਹੈ।
ਉਨ੍ਹਾਂ ਕਿਹਾ ਹੈ ਆਪਣੇ ਭੁੱਖ ਪੂਰੀ ਕਰਨ ਲਈ ਹਰ ਚੀਜ ਵਿਚ ਹਿੰਦੂ ਮੁਸਲਮਾਨ ਨਾ ਦੇਖੋ।
ਉਨ੍ਹਾਂ ਆਪਣੇ ਸ਼ਬਦਾਂ ‘‘ਫ਼ਿਤਨੇ ਅਤੇ ਫਿਤਨੌ’’ਨੂੰ ਕੰਨ ਖੋਲ ਦੇ ਸੁਣਨ ਤੇ ਸਮਝਣ ਲਈ ਕਿਹਾ ਹੈ, ਜਿਸ ਦਾ ਅਰਥ ਗੈਰ ਸਮਾਜਿਕ ਤੱਤ ਹੈ।
ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਚ ਜੋ ਕੁਝ ਹੋਇਆ ਉਸ ਵਿਚ ਹਿੰਦੂ ਮੁਸਲਮਾਨ ਦਾ ਕੋਈ ਸੰਦਰਭ ਨਹੀਂ ਹੈ।
ਉਨ੍ਹਾਂ ਕਿ ਇਹ ਇੱਕ ਪਾਸੜ ਭੜਕਾਹਟ ਪੈਦਾ ਕਰਨ ਵਾਲਿਆ ਖ਼ਿਲਾਫ਼ ਬੋਲੇ ਗਏ ਸ਼ਬਦ ਸਨ, ਜੋ ਸਾਰੇ ਮੁਸਲਮਾਨ ਸਨ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਯੂੂਪੀ ਵਿੱਚ ਅੱਜ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ''ਅੱਜ ਕਹਿ ਰਹੇ ਹਨ ਪਰ ਮੈਂ ਕਹਿਣਾ ਚਾਹੁੰਦਾ ਹਾਂ, ਯੇਹ ਵਹੀ ਸਪਾ ਹੈ, ਜਿਸ ਸੇ ਜਨਤਾ ਖ਼ਫ਼ਾ ਹੈ ਔਰ ਦਸ ਮਾਰਚ ਕੋ ਅਖਿਲੇਸ਼ ਜੀ ਕਹੇਂਗੇ ਕਿ ਈਵੀਐਮ ਬੇਵਫ਼ਾ ਹੈ।''
ਖ਼ਬਰ ਏਜੰਸੀ ਏਐਨਆਈ ਮੁਤਾਬਕ ਕੇਂਦਰੀ ਮੰਤਰੀ ਨੇ ਸਵਾਲ ਚੁੱਕਿਆ ਕਿ ਸਮਾਜਵਾਦੀ ਪਾਰਟੀ ਅਜੇ ਤੱਕ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਿਉਂ ਨਹੀਂ ਕਰ ਸਕੀ ਹੈ?
ਉਨ੍ਹਾਂ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦਾ ਗਠਬੰਧਨ ਖ਼ਤਮ ਹੋ ਚੁੱਕਿਆ ਹੈ।
ਉਨ੍ਹਾਂ ਕੋਲ ਉਮੀਦਵਾਰਾਂ ਦੇ ਉਹੀ ਨਾਮ ਹਨ ਜੋ ਜਾਂ ਤਾਂ''ਜੇਲ੍ਹ ਵਿੱਚ ਹਨ ਜਾਂ ਬੇਲ 'ਤੇ ਹਨ''।
ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਉਂਦੇ ਦਿਨਾਂ 'ਚ ਉਨ੍ਹਾਂ 'ਤੇ ਵੀ ਈਡੀ ਦੀ ਛਾਪੇਮਾਰੀ ਕੀਤੀ ਜਾ ਸਕਦੀ ਹੈ।
ਕੇਜਰੀਵਾਲ ਨੇ ਕਿਹਾ ਕਿ ''ਈਡੀ ਸਤੇਂਦਰ ਜੈਨ ਨੂੰ ਗ੍ਰਿਫਤਾਰ ਕਰ ਸਕਦੀ ਹੈ ਪਰ ਪਹਿਲਾਂ ਵੀ ਦੋ ਵਾਰ ਕੇਂਦਰ ਉਨ੍ਹਾਂ 'ਤੇ ਛਾਪੇਮਾਰੀ ਕਰਵਾ ਚੁੱਕੀ ਹੈ ਪਰ ਕੁਝ ਨਹੀਂ ਮਿਲਿਆ। ਇਸ ਵਾਰ ਵੀ ਉਨ੍ਹਾਂ ਦਾ ਸੁਆਗਤ ਹੈ।
'' ਇਸਦੇ ਨਾਲ ਹੀ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ''ਅਸੀਂ ਚੰਨੀ ਜੀ ਵਾਂਗ ਛਾਪੇਮਾਰੀ 'ਤੇ ਰੋਵਾਂਗੇ ਨਹੀਂ।
ਉਹ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੇ ਗਲਤ ਕੀਤਾ ਹੈ...ਅਸੀਂ ਕੁਝ ਗਲਤ ਨਹੀਂ ਕੀਤਾ ਇਸ ਲਈ ਸਾਨੂੰ ਕੋਈ ਡਰ ਨਹੀਂ।''
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਭਗ ਇੱਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਭਾਜਪਾ ਖਿਲਾਫ਼ ਇੱਕ ਵੱਡੀ ਲਹਿਰ ਵੇਖਣ ਨੂੰ ਮਿਲੀ ਹੈ।
ਇਸ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਮੋਹਰੀ ਭੂਮਿਕਾ ਵਿੱਚ ਸਨ। ਪੰਜਾਬ ਅਤੇ ਹਰਿਆਣਾ ਵਿੱਚ ਅਤੇ ਕਈ ਥਾਂਈਂ ਪੱਛਮੀ ਯੂਪੀ ਵਿੱਚ ਵੀ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਰੋਹ ਨੂੰ ਸਹਿਣ ਕਰਨਾ ਪਿਆ।
ਹਾਲਾਂਕਿ ਦੇਖਣ ਵਿੱਚ ਆ ਰਿਹਾ ਹੈ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਉਸ ਤੋਂ ਕੁਝ ਸਮਾਂ ਪਹਿਲਾਂ ਤੋਂ ਭਾਜਪਾ ਪੰਜਾਬ ਵਿੱਚ ਆਪਣੀਆਂ ਸਿਆਸੀ ਫ਼ਸੀਲਾਂ ਨੂੰ ਮਜ਼ਬੂਤ ਕਰ ਰਹੀ ਹੈ।
ਪੰਜਾਬ ਦੀ ਸਿਆਸਤ ਵਿੱਚ ਤੀਜੀ ਧਿਰ ਦੇ ਕਦੇ ਪੈਰ ਨਹੀਂ ਲੱਗ ਸਕਦੇ। ਪੰਜਾਬ ਦੀਆਂ ਖੱਬੀਆਂ ਧਿਰਾਂ ਦੇ ਤਜਰਬੇ ਤੋਂ ਇਹ ਇੱਕ ਸਿਆਸੀ ਅਖਾਣ ਬਣ ਗਿਆ ਸੀ।
ਪਰ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਵਿੱਚ ਉੱਭਰੀ ਆਮ ਆਦਮੀ ਪਾਰਟੀ ਨੇ ਇਸ ਅਖਾਣ ਨੂੰ ਗ਼ਲਤ ਸਾਬਿਤ ਕਰ ਦਿੱਤਾ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਰਬ-ਹਿੰਦ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਅਸਫ਼ਲਤਾ ਦੇ ਤਜਰਬੇ ਤੋਂ ਉਲਟ 'ਆਪ' ਨੇ ਰਵਾਇਤੀ ਪਾਰਟੀਆਂ ਨੂੰ ਚੰਗੀ ਪਟਕਣੀ ਦਿੱਤੀ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਜਾਰੀ ਕੀਤੀ ਜਾਵੇਗੀ।
ਪਾਰਟੀ ਦੇ ਟਵਿੱਟਰ ਹੈਂਡਲ ਤੋਂ ਇਸ ਸਬੰਧੀ ਇੱਕ ਟਵੀਟ ਸਾਂਝਾ ਕੀਤਾ ਗਿਆ ਹੈ। ਟਵੀਟ ਮੁਤਾਬਕ, ''ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਚੋਣਾਂ 2022 ਲਈ ਪਾਰਟੀ ਉਮੀਦਵਾਰਾਂ ਦੀ ਪਹਿਲੀ ਲਿਸਟ 23 ਜਨਵਰੀ, ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਜਾਰੀ ਕਰਨਗੇ।''
ਟਵੀਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਮਾਗਮ ਦਾ ਲਾਈਵ ਵੈਬਕਾਸਟ ਕੀਤਾ ਜਾਵੇਗਾ ਅਤੇ ਇਸ ਸਬੰਧੀ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ।
ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਤੇ ਅਨੁਰੀਤ ਭਾਰਦਵਾਜ ਤੁਹਾਡੇ ਲਈ ਅਹਿਮ ਅਪਡੇਟ ਲਿਆ ਰਹੇ ਹਨ। ਕੱਲ ਤੱਕ ਦੇ ਅਹਿਮ ਘਟਨਾਕ੍ਰਮ ਬਾਰੇ ਜਾਣਨ ਲਈ ਤੁਸੀਂ ਇਸ ਲਿੰਕ ਉੱਤੇ ਕਲਿਕ ਕਰੋ