You’re viewing a text-only version of this website that uses less data. View the main version of the website including all images and videos.

Take me to the main website

ਕਿਸਾਨ ਅੰਦੋਲਨ: ਕਿਸਾਨਾਂ ਨੇ ਮਿਨੀ ਸਕੱਤਰੇਤ ਘੇਰਿਆ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ, ਕਿਸਾਨਾਂ ਨੇ ਤੋੜੇ ਬੈਰੀਕੇਡ

ਕਰਨਾਲ ਵਿੱਚ ਕਿਸਾਨਾਂ ਵੱਲੋਂ 7 ਸਤੰਬਰ ਦੇ ਧਰਨੇ ਅਤੇ ਮਿੰਨੀ ਸਕੱਤਰੇਤ ਨੂੰ ਘੇਰਣ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ

ਲਾਈਵ ਕਵਰੇਜ

  1. ਰਾਕੇਸ਼ ਟਿਕੈਤ ਦੇ ਕਿਸਾਨ ਮਹਾਪੰਚਾਇਤ ਦੇ ਮੰਚ ਤੋਂ ਲਗਾਏ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਦਾ ਪੂਰਾ ਮਾਮਲਾ

    ਉੱਤਰ ਪ੍ਰਦੇਸ਼ 'ਚ ਮੁਜ਼ੱਫ਼ਰਨਗਰ ਦੇ ਸਰਕਾਰੀ ਇੰਟਰ ਕਾਲਜ ਦੇ ਮੈਦਾਨ 'ਚ ਪੰਜ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਹੋਈ ਮਹਾਪੰਚਾਇਤ 'ਚ ਕਿਸਾਨਾਂ ਦੀ ਭੀੜ ਤੋਂ ਇਲਾਵਾ ਜਿਸ ਇੱਕ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਭਾਸ਼ਣ ਵਿੱਚ ਉਨ੍ਹਾਂ ਵੱਲੋਂ ਲਗਾਏ ਗਏ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਹਨ।

    ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਚੌਧਰੀ ਮਹਿੰਦਰ ਸਿੰਘ ਟਿਕੈਤ ਦੇ ਸਮੇਂ ਵੀ ਅਜਿਹੇ ਨਾਅਰੇ ਲਗਾਏ ਜਾਂਦੇ ਸੀ ਅਤੇ ਇਹ ਹੁਣ ਵੀ ਲਗਾਏ ਜਾਣਗੇ।

    ਰਾਕੇਸ਼ ਟਿਕੈਤ ਨੇ ਮੰਚ ਤੋਂ ਕਿਹਾ, ''ਅੱਲ੍ਹਾ ਹੂ ਅਕਬਰ'' ਅਤੇ ਹੇਠਿਓਂ ਆਵਾਜ਼ ਆਈ - ''ਹਰ ਹਰ ਮਹਾਦੇਵ''। ਇਹ ਸਿਲਸਿਲਾ ਵਾਰ-ਵਾਰ ਦੋਹਰਾਇਆ ਗਿਆ।

    ਇਸ ਨਾਅਰੇ ਨੂੰ ਲੈ ਕੇ ਰਾਕੇਸ਼ ਟਿਕੈਤ ਦੀ ਆਲੋਚਨਾ ਕਰਨ ਵਾਲੇ ਸਿਰਫ਼ ਇਸੇ ਕਲਿਪ ਨੂੰ ਚਲਾ ਰਹੇ ਹਨ, ਜਦਕਿ ਉਨ੍ਹਾਂ ਦੇ ਸਮਰਥਕ ਅਜਿਹੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਭਾਸ਼ਣ ਦਾ ਪੂਰਾ ਵੀਡੀਓ ਦੇਖਣ ਦੀ ਸਲਾਹ ਦੇ ਰਹੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ’ਤੇ ਕਲਿੱਕ ਕਰੋ

  2. ਕਿਸਾਨ ਅੰਦੋਲਨ: ਰਾਕੇਸ਼ ਟਕੈਤ ਸਮੇਤ ਹੋਰ ਕਿਸਾਨ ਪੁੱਜੇ ਕਰਨਾਲ

    ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ ਵੱਖ ਹਿੱਸਿਆਂ ਤੋਂ ਕਿਸਾਨਾਂ ਦਾ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਖੇ ਪੁੱਜਣਾ ਸ਼ੁਰੂ ਹੋ ਗਿਆ ਹੈ ਜਿਨ੍ਹਾਂ ਵਿੱਚ ਬਜ਼ੁਰਗ ਅਤੇ ਔਰਤਾਂ ਵੀ ਸ਼ਾਮਲ ਹਨ।

    ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਵੀ ਕਰਨਾਲ ਪਹੁੰਚ ਚੁੱਕੇ ਹਨ। ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਪਹਿਲਾਂ ਹੀ ਉਥੇ ਮੌਜੂਦ ਹਨ।

    ਪ੍ਰਸ਼ਾਸਨ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਹਰਿਆਣਾ ਪੁਲਿਸ ਦੇ ਨਾਲ- ਨਾਲ ਰੈਪਿਡ ਐਕਸ਼ਨ ਫੋਰਸ ਅਤੇ ਬੀਐੱਸਐੱਫ ਵੀ ਤੈਨਾਤ ਹੈ।

  3. ਅਨਿਲ ਵਿਜ- ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ

    ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।

    ਉਨ੍ਹਾਂ ਕਿਹਾ, “ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹਨ (ਕਿਸਾਨ ਮਹਾਪੰਚਾਇਤ ਲਈ)। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ ਨਾਲ ਜਨਤਕ ਮੀਟਿੰਗ ਕਰਨ।”

  4. ਸ਼੍ਰੋਮਣੀ ਅਕਾਲੀ ਦਲ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਦਿੱਤਾ ਗੱਲਬਾਤ ਦਾ ਸੱਦਾ

    'ਗੱਲ ਪੰਜਾਬ ਦੀ' ਮੁਹਿੰਮ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਾਂਝਾ ਕਿਸਾਨ ਮੋਰਚਾ ਨੂੰ ਇੱਕ ਚਿੱਠੀ ਲਿਖੀ।

    ਸ਼੍ਰੋਮਣੀ ਅਕਾਲੀ ਦਲ ਦੇ ਟਵਿੱਟਰ ਅਕਾਊਂਟ ਤੋਂ ਚਿੱਠੀ ਸਾਂਝੀ ਕਰਦਿਆਂ ਲਿਖਿਆ ਗਿਆ, “ਇਸ ਵਿੱਚ ਉਨ੍ਹਾਂ ਨੂੰ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ 'ਤੇ ਸਾਡੀ ਪਾਰਟੀ ਦੀ ਸਥਿਤੀ ਬਾਰੇ ਸੁਤੰਤਰ ਵਿਚਾਰ ਵਟਾਂਦਰੇ ਲਈ ਸੱਦਾ ਦਿੱਤਾ ਗਿਆ। ਜੇ ਐੱਸਕੇਐੱਮ ਦੇ ਆਗੂਆਂ ਨੂੰ ਕੋਈ ਸ਼ੱਕ ਹੈ, ਤਾਂ ਅਸੀਂ ਹਰ ਸਵਾਲ ਦਾ ਜਵਾਬ ਦੇਵਾਂਗੇ।”

    ਇਹ ਚਿੱਠੀ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਭੇਜੀ ਗਈ ਹੈ।

  5. ਕਰਨਾਲ ਮਹਾਂਪੰਚਾਇਤ: ਸੁਰੱਖਿਆ ਦੇ ਪੁਖਤਾ ਪ੍ਰਬੰਧ, ਕਿਸਾਨ ਪੁੱਜਣੇ ਸ਼ੁਰੂ

    ਕਰਨਾਲ ਮਹਾਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

    ਹਰਿਆਣਾ ਪੁਲਿਸ, ਬੀਐਸਐਫ ਅਤੇ ਰੈਪਿਡ ਐਕਸ਼ਨ ਫੋਰਸ ਜਗ੍ਹਾ-ਜਗ੍ਹਾ ਤੈਨਾਤ ਕੀਤੀ ਗਈ ਹੈ।

    ਦਿੱਲੀ ਤੋਂ ਹਰਿਆਣਾ ਆਉਣ ਵਾਲੇ ਤੇ ਚੰਡੀਗੜ੍ਹ ਤੋਂ ਦਿੱਲੀ ਵੱਲ ਜਾ ਰਹੇ ਲੋਕਾਂ ਲਈ ਰੂਟ ਵਿੱਚ ਬਦਲਾਅ ਕੀਤਾ ਗਿਆ ਹੈ।

    ਜਾਣਕਾਰੀ ਮੁਤਾਬਿਕ ਕਿਸਾਨਾਂ ਦਾ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚਣਾ ਸ਼ੁਰੂ ਹੋ ਗਿਆ ਹੈ।

  6. ਰਣਦੀਪ ਸਿੰਘ ਸੁਰਜੇਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ 'ਤੇ ਚੁੱਕੇ ਸਵਾਲ

    ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰ ਕਿਹਾ, “ਜਦੋਂ ਵੀ ਤਾਨਾਸ਼ਾਹ ਡਰਦਾ ਹੈ, ਉਹ ਇੰਟਰਨੈਟ ਬੰਦ ਕਰ ਦਿੰਦਾ ਹੈ!"

    ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਹਾ, "ਤੁਸੀਂ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਅਤੇ ਜਨਾਦੇਸ਼ ਦੋਵਾਂ ਨੂੰ ਗੁਆ ਦਿੱਤਾ ਹੈ। ਜੇ ਤੁਹਾਡੀ ਪਾਰਟੀ ਤਾਲਿਬਾਨ ਨਾਲ ਗੱਲ ਕਰ ਸਕਦੀ ਹੈ ਤਾਂ ਅੰਨਦਾਤਾ ਨਾਲ ਕਿਉਂ ਨਹੀਂ?”

  7. ਕਰਨਾਲ ਮਹਾਂਪੰਚਾਇਤ: ਸੁਰੱਖਿਆ ਪ੍ਰਬੰਧਾਂ ਨੂੰ ਦੇਖੋ ਇਨ੍ਹਾਂ ਤਸਵੀਰਾਂ ਰਾਹੀਂ

    ਕਰਨਾਲ ਦੀ ਨਵੀਂ ਅਨਾਜ ਮੰਡੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

    ਐੱਸਪੀ ਗੰਗਾ ਰਾਮ ਪੂਨੀਆ ਮੁਤਾਬਿਕ ਰੈਪਿਡ ਐਕਸ਼ਨ ਫੋਰਸ ਦੀਆਂ 40 ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਡ੍ਰੋਨ, ਵੀਡਿਓਗ੍ਰਾਫੀ ਵੀ ਕੀਤੀ ਜਾਵੇਗੀ।

  8. ਕਰਨਾਲ ਮਹਾਂਪੰਚਾਇਤ: ਡੀਸੀ ਦਫ਼ਤਰ ਅਤੇ ਐਸਪੀ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ

    ਕਰਨਾਲ ਦੀ ਨਵੀਂ ਅਨਾਜ ਮੰਡੀ ਤੋਂ ਇਲਾਵਾ ਕਰਨਾਲ ਦੇ ਡਿਪਟੀ ਕਮਿਸ਼ਨਰ ਅਤੇ ਐੱਸਪੀ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਪੁਲਿਸ ਦੇ ਜਵਾਨ ਇਨ੍ਹਾਂ ਦੋਹਾਂ ਦਫ਼ਤਰਾਂ ਦੇ ਬਾਹਰ ਮੌਜੂਦ ਹਨ।

    ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਭੜਕਾਊ ਚੀਜ਼ਾਂ ਨੂੰ ਕਾਬੂ ਰੱਖਣ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ ਉੱਪਰ ਪਾਬੰਦੀ ਲਗਾਈ ਗਈ ਹੈ।

    28 ਅਗਸਤ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਮਾਗਮ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਖੇ ਮਹਾਪੰਚਾਇਤ ਸੱਦੀ ਹੈ।

    5 ਸਿਤੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਖੇ ਵੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਪੰਚਾਇਤ ਕੀਤੀ ਗਈ ਹੈ।

  9. ਹਰਿਆਣਾ ਪੁਲਿਸ ਖੋਲ੍ਹ ਰਹੀ ਹੈ ਨਾਕੇ, ਸ਼ਾਂਤੀਪੂਰਵੁਕ ਕਰਨਾਲ ਪੁੱਜੋ: ਗੁਰਨਾਮ ਸਿੰਘ ਚਢੂਨੀ

    ਕਿਸਾਨ ਜਥੇਬੰਦੀਆਂ ਵੱਲੋਂ ਕਰਨਾਲ ਵਿਖੇ ਘਿਰਾਓ ਅਤੇ ਮਹਾਂਪੰਚਾਇਤ ਦੇ ਸੱਦੇ ਤੋਂ ਬਾਅਦ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਵੀਡੀਓ ਜਾਰੀ ਕਰਦਿਆਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਕਰਨਾਲ ਪੁੱਜਣ ਦੀ ਅਪੀਲ ਕੀਤੀ ਹੈ।

    ਉਨ੍ਹਾਂ ਨੇ ਆਖਿਆ ਹੈ, "ਪੁਲਿਸ ਨੇ ਨਾਕੇ ਲਗਾਏ ਸਨ ਅਤੇ ਅਨਾਜ ਮੰਡੀ ਨੂੰ ਵੀ ਸੀਲ ਕਰ ਦਿੱਤਾ ਸੀ ਪਰ ਹੁਣ ਸੰਦੇਸ਼ ਮਿਲਿਆ ਹੈ ਕਿ ਪੁਲਿਸ ਸਾਰੇ ਨਾਕੇ ਖੋਲ੍ਹ ਰਹੀ ਹੈ।"

    ਉਨ੍ਹਾਂ ਨੇ ਮਹਾਪੰਚਾਇਤ ਵਿੱਚ ਪਹੁੰਚ ਰਹੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ, "ਸਾਡਾ ਅੰਦੋਲਨ ਸ਼ਾਂਤੀਪੂਰਵਕ ਰਹੇਗਾ। ਜੇਕਰ ਕਿਸੇ ਵੱਲੋਂ ਕੋਈ ਗੜਬੜੀ ਕੀਤੀ ਗਈ ਤਾਂ ਅੰਦੋਲਨ ਟੁੱਟ ਜਾਵੇਗਾ।"

    ਉਨ੍ਹਾਂ ਨੇ ਕਿਸਾਨਾਂ ਨੂੰ ਕਰਨਾਲ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਵੀ ਇੱਥੇ ਆ ਰਹੇ ਹਨ ਅਤੇ ਇਥੇ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ।

  10. 'ਕਾਨੂੰਨ ਵਿਵਸਥਾ ਖਰਾਬ ਹੋਈ ਤਾਂ ਪੁਲਿਸ ਕਾਰਵਾਈ ਕਰੇਗੀ'

    ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਰਨਾਲ ਦੇ ਐੱਸਪੀ ਗੰਗਾਰਾਮ ਪੂਨੀਆ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਕਿਸਾਨ ਮਹਾਪੰਚਾਇਤ ਸ਼ਾਂਤੀਪੂਰਵਕ ਢੰਗ ਨਾਲ ਹੋਵੇ ਅਤੇ ਆਪਸੀ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਇਆ ਜਾਵੇ। ਅਸੀਂ ਕੱਲ੍ਹ ਕਿਸਾਨ ਆਗੂਆਂ ਨਾਲ ਇਸ ਮਾਮਲੇ 'ਤੇ ਗੱਲ ਕੀਤੀ। ਜੇਕਰ ਕਾਨੂੰਨ ਵਿਵਸਥਾ ਖਰਾਬ ਹੋਈ ਤਾਂ ਪੁਲਿਸ ਕਾਰਵਾਈ ਕਰੇਗੀ।”

    ਉਨ੍ਹਾਂ ਅੱਗੇ ਕਿਹਾ, “ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਕਿਸਾਨ ਮਹਾਪੰਚਾਇਤ ਦੇ ਮੱਦੇਨਜ਼ਰ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਕੀਤੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 40 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਜਨਤਕ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀਆਂ ਹਨ।”

  11. ਕਿਸਾਨ ਸੰਗਠਨਾਂ ਨੂੰ ਪੁਲਿਸ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਕੀਤੀ ਅਪੀਲ

    28 ਅਗਸਤ ਨੂੰ ਕਰਨਾਲ ਵਿਖੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨਵੀਂ ਅਨਾਜ ਮੰਡੀ ਵਿੱਚ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ।

    ਕਿਸਾਨ ਜਥੇਬੰਦੀਆਂ ਵੱਲੋਂ ਅਨਾਜ ਮੰਡੀ ਵਿੱਚ ਇਕੱਠੇ ਹੋਣ ਤੋਂ ਬਾਅਦ ਮਿੰਨੀ ਸਕੱਤਰੇਤ ਦੇ ਘੇਰਾਓ ਬਾਰੇ ਵੀ ਆਖਿਆ ਗਿਆ ਹੈ।

    ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। ਕਰਨਾਲ ਪੁਲਿਸ ਵੱਲੋਂ ਕਿਸਾਨ ਸੰਗਠਨਾਂ ਨੂੰ ਇੱਕ ਅਪੀਲ ਵਿੱਚ ਆਖਿਆ ਗਿਆ ਹੈ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਜਾਵੇ।

    ਪ੍ਰਸ਼ਾਸਨ ਨੇ ਧਾਰਾ 144 ਲਗਾਉਣ ਤੋਂ ਇਲਾਵਾ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤਾ ਹੈ। ਟ੍ਰੈਫਿਕ ਰੂਟ ਵੀ ਬਦਲੇ ਗਏ ਹਨ।

    ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਰੱਖਣ ਲਈ ਹਰਿਆਣਾ ਪੁਲਿਸ ਦੇ ਨਾਲ ਰੈਪਿਡ ਐਕਸ਼ਨ ਫੋਰਸ, ਬੀਐਸਐਫ ਦੇ ਜਵਾਨ ਵੀ ਕਰਨਾਲ ਵਿਖੇ ਮੌਜੂਦ ਹਨ।

  12. ਕਰਨਾਲ ਮਹਾਪੰਚਾਇਤ: ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ

    ਕਰਨਾਲ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਕਰਨਾਲ ਦੀ ਦਾਣਾ ਮੰਡੀ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ।

    ਯੋਗਿੰਦਰ ਯਾਦਵ ਨੇ ਇਸ ਸਬੰਧੀ ਕਿਸਾਨਾਂ ਨੂੰ ਅਪੀਲ ਕਰਦੇ ਆਖਿਆ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨ ਕਰਨਾਲ ਪੁੱਜਣ। ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਵੀ ਯੋਗਿੰਦਰ ਯਾਦਵ ਦੁਆਰਾ ਕੀਤੀ ਗਈ ਹੈ।

    ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਹਰਿਆਣਾ ਪੁਲੀਸ ਤੋਂ ਇਲਾਵਾ ਬੀ ਐੱਸ ਐੱਫ, ਰੈਪਿਡ ਐਕਸ਼ਨ ਫੋਰਸ ਦੇ ਜਵਾਨ ਵੀ ਨਿਗਰਾਨੀ ਲਈ ਮੌਜੂਦ ਰਹਿਣਗੇ।

    ਕਰਨਾਲ ਵਿੱਚ ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ ਕਰਨ ਤੋਂ ਇਲਾਵਾ ਪੰਜ ਜ਼ਿਲ੍ਹੇ ਜਿਨ੍ਹਾਂ ਵਿੱਚ ਕਰਨਾਲ, ਕੁਰੂਕਸ਼ੇਤਰ, ਕੈਥਲ,ਜੀਂਦ ਅਤੇ ਪਾਣੀਪਤ ਸ਼ਾਮਿਲ ਹਨ ਦੀਆਂ ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤਾ ਗਿਆ ਹੈ।

  13. ਟ੍ਰੈਫਿਕ ਰੂਟ ਵਿੱਚ ਬਦਲਾਅ

    ਕਰਨਾਲ ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਤੋਂ ਹਰਿਆਣਾ ਆਉਣ ਵਾਲੇ ਵਾਹਨਾਂ ਨੂੰ ਪੈਪਸੀ ਪੁਲ ਪਾਨੀਪਤ ਤੋਂ ਮੂਨਕ, ਅਸੰਧ, ਗਗਸੀਨਾ ਰਾਹੀਂ ਕਰਨਾਲ ਦੇ ਹਾਂਸੀ ਚੌਕ ਬਾਈਪਾਸ ਨਹਿਰ ਤੋਂ ਹੁੰਦੇ ਹੋਏ ਜੀਟੀ ਰੋਡ 44 ਰਾਹੀਂ ਚੰਡੀਗਡ਼੍ਹ ਵੱਲ ਮੋੜਿਆ ਜਾਵੇਗਾ।

    ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਿੱਪਲੀ ਚੌਕ ਕੁਰੂਕਸ਼ੇਤਰ ਤੋਂ ਇੰਦਰੀ, ਬਯਾਨਾ, ਕੁੰਜਪੁਰਾ ਤੋਂ ਹੁੰਦੇ ਹੋਏ ਅੰਮ੍ਰਿਤਪੁਰ ਖੁਰਦ ਕਹਿਰਵਾਲੀ ਅਤੇ ਘਰੌਂਦਾ ਦੇ ਜੀਟੀ ਰੋਡ ਰਾਹੀਂ ਦਿੱਲੀ ਵੱਲ ਰਵਾਨਾ ਕੀਤਾ ਜਾਵੇਗਾ।

  14. ਕਰਨਾਲ ਵਿੱਚ ਧਾਰਾ 144 ਲਾਗੂ

    ਕਿਸਾਨਾਂ ਵੱਲੋਂ 7 ਸਤੰਬਰ ਦੇ ਧਰਨੇ ਅਤੇ ਮਿੰਨੀ ਸਕੱਤਰੇਤ ਨੂੰ ਘੇਰਣ ਦੇ ਸੱਦੇ ਦੇ ਮੱਦੇਨਜ਼ਰ ਕਰਨਾਲ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕੀਤੀ ਗਈ ਹੈ।

    ਕਰਨਾਲ ਵਿੱਚ 7 ਸਿਤੰਬਰ ਤੱਕ ਇੰਟਰਨੈੱਟ ਸੇਵਾ ਨੂੰ ਪ੍ਰਸ਼ਾਸਨ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।

    ਕਰਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਗੰਗਾ ਰਾਮ ਪੂਨੀਆਂ ਦੀ ਅਮਨ-ਕਾਨੂੰਨ ਨੂੰ ਦੇਖਦਿਆਂ ਕੀਤੀ ਗਈ ਸਿਫ਼ਾਰਿਸ਼ ਦੇ ਆਧਾਰ ਉੱਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ।

    ਪਿਛਲੇ ਦਿਨੀ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੌਰਾਨ ਕਈ ਕਿਸਾਨ ਗੰਭੀਰ ਜ਼ਖ਼ਮੀ ਹੋਏ ਸਨ, ਜਦਕਿ 11 ਕਿਸਾਨ ਹਿਰਾਸਤ ਵਿੱਚ ਲਏ ਗਏ ਸਨ ਜਿਨ੍ਹਾਂ ਨੂੰ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ ਸੀ।

  15. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਅੱਜ ਕਰਨਾਲ ਵਿੱਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਬਾਰੇ ਲਾਈਵ ਅਪਡੇਟ ਅਸੀਂ ਤੁਹਾਡੇ ਨਾਲ ਇਸ ਪੇਜ ਰਾਹੀਂ ਸਾਂਝੇ ਕਰਾਂਗੇ।