You’re viewing a text-only version of this website that uses less data. View the main version of the website including all images and videos.

Take me to the main website

Election Result: ਬੰਗਾਲ 'ਚ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਹਾਰੀ ਪਰ TMC ਦੀ ਸੂਬੇ ਵਿਚ ਵੱਡੀ ਜਿੱਤ

ਅੱਜ ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ

ਲਾਈਵ ਕਵਰੇਜ

  1. ਚੋਣ ਕਮਿਸ਼ਨ ਨੇ ਜਸ਼ਨ ਮਨਾਉਣ ਵਾਲਿਆਂ ਖਿਲਾਫ ਕਾਰਵਾਈ ਲਈ ਕਿਹਾ

    ਮੁੱਢਲੇ ਰੁਝਾਨਾਂ ਤੋਂ ਬਾਅਦ ਕਈ ਪਾਰਟੀਆਂ ਦੇ ਸਮਰਥਕਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਜਸ਼ਨ ਮਨਾਉਣ ਦੀਆ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ। ਮਹਾਂਮਾਰੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜਸ਼ਨ ਅਤੇ ਅਜਿਹੇ ਜਲੂਸਾਂ ਉਪਰ ਰੋਕ ਲਗਾਈ ਗਈ ਹੈ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਦਾ ਨੋਟਿਸ ਲੈਂਦਿਆ ਚੋਣ ਕਮਿਸ਼ਨ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਅਜਿਹੇ ਹਾਲਾਤ ਵਿੱਚ ਐੱਫ਼ਆਈਆਰ ਦਰਜ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਚੋਣ ਕਮਿਸ਼ਨ ਨੇ ਇਨ੍ਹਾਂ ਇਲਾਕਿਆਂ ਵਿੱਚ ਪੈਂਦੇ ਪੁਲੀਸ ਸਟੇਸ਼ਨ ਦੇ ਐੱਸਐੱਚਓ ਨੂੰ ਸਸਪੈਂਡ ਕਰਨ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਬਾਰੇ ਰਿਪੋਰਟ ਦਰਜ਼ ਕਰਨ ਦੇ ਹੁਕਮ ਵੀ ਦਿੱਤੇ ਹਨ।

    ਚੋਣ ਕਮਿਸ਼ਨ ਮੁਤਾਬਕ ਅਜਿਹੀ ਹਰ ਘਟਨਾ ਦੀ ਰਿਪੋਰਟ ਪ੍ਰਸ਼ਾਸਨ ਨੂੰ ਦਰਜ ਕਰਨੀ ਪਵੇਗੀ।ਜ਼ਿਕਰਯੋਗ ਹੈ ਕਿ ਚੇਨੱਈ ਤੋਂ ਡੀਐਮਕੇ ਸਮਰਥਕਾਂ ਅਤੇ ਕੋਲਕਾਤਾ ਤੋਂ ਟੀਐਮਸੀ ਦੇ ਸਮਰਥਕਾਂ ਦੀਆਂ ਜਸ਼ਨ ਮਨਾਉਣ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਕਦਮ ਚੁੱਕਿਆ ਹੈ। ਚੋਣ ਕਮਿਸ਼ਨ ਨੇ ਜੇਤੂ ਜਲੂਸਾਂ ਉਪਰ ਰੋਕ ਲਗਾਈ ਹੈ ਅਤੇ ਰਿਟਰਨਿੰਗ ਅਫ਼ਸਰ ਤੋਂ ਜੇਤੂ ਉਮੀਦਵਾਰ ਸਰਟੀਫ਼ਿਕੇਟ ਲੈਣ ਲਈ ਵੀ ਮਹਿਜ਼ ਦੋ ਵਿਅਕਤੀਆਂ ਨੂੰ ਹੀ ਜਾਣ ਦੀ ਆਗਿਆ ਹੈ।

  2. TMC ਦੇ ਸਮਰਥਕਾਂ ਨੇ ਕੋਲਕਾਤਾ ਵਿੱਚ ਮਨਾਇਆ ਜਸ਼ਨ

    ਟੀਐਮਸੀ ਹੁਣ ਤੱਕ ਦੇ ਰੁਝਾਨਾਂ ਮੁਤਾਬਕ, ਪੱਛਮੀ ਬੰਗਾਲ ਵਿੱਚ 202 ਸੀਟਾਂ ਤੇ ਅੱਗੇ ਚੱਲ ਰਹੀ ਹੈ। ਪਾਰਟੀ ਦੇ ਸਮਰਥਕਾਂ ਨੇ ਮਨਾਇਆ ਜਸ਼ਨ।

  3. ਡੀਐਮਕੇ ਦੇ ਸਮਰਥਕਾਂ ਨੇ ਮਨਾਇਆ ਜਸ਼ਨ

    ਚੋਣ ਕਮਿਸ਼ਨ ਨੇ ਜੇਤੂ ਜਲੂਸਾਂ 'ਤੇ ਪਾਬੰਦੀ ਲਗਾਈ ਹੈ। ਪਰ ਡੀਐਮਕੇ ਦੇ ਸਮਰਥਕਾਂ ਨੇ ਪਾਰਟੀ ਦਫਤਰ ਦੇ ਬਾਹਰ ਖੁਲ੍ਹ ਕੇ ਜਸ਼ਨ ਮਨਾਇਆ। ਰੁਝਾਨਾਂ ਮੁਤਾਬਕ, ਡੀਐਮਕੇ ਇਸ ਸਮੇਂ 118 ਸੀਟਾਂ 'ਤੇ ਅੱਗੇ ਹੈ।

  4. ਅਸਾਮ ਦੇ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ ਅੱਗੇ

    ਅਸਾਮ ਵਿੱਚ 126 ਸੀਟਾਂ ਲਈ ਵੋਟਾਂ ਪਈਆ ਜਿੰਨਾਂ ਵਿੱਚੋਂ ਹੁਣ ਤੱਕ 119 ਸੀਟਾਂ ਦੇ ਰੁਝਾਨ ਸਾਹਮਣੇ ਆਏ ਹਨ

    ਚੋਣ ਕਮਿਸ਼ਨ ਮੁਤਬਾਕ ਮੁਤਾਬਕ ਸੱਤਾਧਾਰੀ ਭਾਜਪਾ 60 ਸੀਟਾਂ ਨਾਲ ਅੱਗੇ ਚੱਲ ਰਹੀ ਹੈ ਜਦੋਂ ਕਿ ਕਾਂਗਰਸ 26 ਸੀਟਾਂ 'ਤੇ ਅੱਗੇ ਹੈ।

    ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਅਸਮ ਗਣ ਪ੍ਰੀਸ਼ਦ (ਏਜੀਪੀ) 10 ਸੀਟਾਂ, ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫ਼ਰੰਟ 11 ਅਤੇ ਯੂਨਾਈਟਿਡ ਪੀਪਲਜ਼ ਪਾਰਟੀ, ਲਿਬਰਲ 7 ਸੀਟਾਂ 'ਤੇ ਲੀਡ ਕਰ ਰਹੀਆਂ ਹਨ।ਇਸ ਤੋਂ ਇਲਾਵਾ ਇੱਕ ਅਜ਼ਾਦ ਉਮੀਦਵਾਰ ਅਤੇ ਬੋਡੋਲੈਂਡ ਪੀਪਲਜ਼ ਫ਼ਰੰਟ ਦੇ ਉਮੀਦਵਾਰ ਤਿੰਨ ਸੀਟਾਂ ਤੋਂ ਅੱਗੇ ਚੱਲ ਰਹੇ ਹਨ।

  5. ਮਮਤਾ ਬੈਨਰਜੀ ਨੂੰ ਚੁਣੌਤੀ ਦੇਣ ਵਾਲੇ ਕੌਣ ਹਨ ਨੰਦੀਗ੍ਰਾਮ ਦੇ 'ਦਾਦਾ'

    ਮਮਤਾ ਬੈਨਰਜੀ ਦੇ ਨਜ਼ਦੀਕੀ ਤੇ ਉਨ੍ਹਾਂ ਦੀ ਸਰਕਾਰ ਵਿੱਚ ਮੰਤਰੀ ਰਹੇ ਸ਼ੁਭੇਂਦੂ ਅਧਿਕਾਰੀ ਨੇ ਤੇਜ਼ੀ ਨਾਲ ਬਦਲੇ ਹਾਲਾਤ ਵਿੱਚ ਲੰਘੇ ਦਸੰਬਰ ਵਿੱਚ ਭਾਜਪਾ ਦਾ ਹੱਥ ਫੜ ਲਿਆ।

    ਕਦੇ ਟੀਐੱਮਸੀ ਪ੍ਰਮੁੱਖ ਮਮਤਾ ਬੈਨਰਜੀ ਦੇ ਸਭ ਤੋਂ ਨਜ਼ਦੀਕੀ ਰਹੇ ਸ਼ੁਭੇਂਦੂ ਹੁਣ ਉਨ੍ਹਾਂ ਦੇ ਸਭ ਤੋਂ ਕੱਟੜ ਵਿਰੋਧੀ ਬਣਨ ਤੱਕ ਦਾ 360 ਡਿਗਰੀ ਦਾ ਅਸਰ, ਰਾਜਨੀਤੀ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ।

    ਕੌਣ ਹਨ ਸ਼ੁਭੇਂਦੂ ਅਧਿਕਾਰੀ ਜਾਣਨ ਲਈ ਇਹ ਪੜ੍ਹੋ

  6. ਪੰਜ ਸੂਬਿਆਂ ਦੇ ਚੋਣ ਰੁਝਾਨਾਂ ਵਿੱਚ ਕਾਂਗਰਸ ਨੂੰ ਹਰ ਪਾਸਿਓਂ ਕਰਨਾ ਪੈ ਰਿਹਾ ਹੈ ਨਿਰਾਸ਼ਾ ਦਾ ਸਾਹਮਣਾ

    ਪੰਜ ਸੂਬਿਆਂ ਵਿੱਚ ਹੋ ਰਹੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਤੋਂ ਜੋ ਸੰਕੇਤ ਮਿਲ ਰਹੇ ਹਨ, ਉਹ ਕਾਂਗਰਸ ਲਈ ਨਿਰਾਸ਼ਾਜਨਕ ਹਨ। ਚੋਣ ਕਮਿਸ਼ਨ ਮੁਤਾਬਕ ਪੱਛਮੀ ਬੰਗਾਲ ਵਿੱਚ 275 ਸੀਟਾਂ ਦੇ ਰੁਝਾਨ ਆ ਗਏ ਹਨ ਪਰ ਕਾਂਗਰਸ ਅਤੇ ਸੀਪੀਐੱਮ ਦੇ ਉਮੀਦਵਾਰ ਇੱਕ ਵੀ ਸੀਟ 'ਤੇ ਅੱਗੇ ਨਹੀਂ ਚੱਲ ਰਹੇ ਹਨ।

    ਬਾਅਦ ਵਿੱਚ ਕਾਂਗਸਰ ਦਾ ਇੱਕ ਉਮੀਦਵਾਰ ਅੱਗੇ ਹੋਇਆ।

    ਟੀਐੱਮਸੀ 191 ਸੀਟਾਂ 'ਤੇ ਅੱਗੇ ਚਲਦਿਆਂ ਬਹੁਮੱਤ ਵੱਲ ਵੱਧ ਰਹੀ ਹੈ ਅਤੇ ਭਾਜਪਾ 82 ਸੀਟਾਂ ਤੱਕ ਪਹੁੰਚ ਗਈ ਹੈ।

    ਅਸਾਮ ਵਿੱਚ ਵੀ ਕਾਂਗਰਸ ਲਈ ਖ਼ਬਰ ਮਾੜੀ ਹੀ ਹੈ। ਅਸਾਮ ਵਿੱਚ ਭਾਜਪਾ 56 ਸੀਟਾਂ 'ਤੇ ਅੱਗੇ ਹੈ ਜਦੋਂ ਕਿ ਕਾਂਗਰਸ ਮਹਿਜ਼ 28 ਸੀਟਾਂ 'ਤੇ। ਤੀਜੇ ਨੰਬਰ 'ਤੇ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫ਼੍ਰੰਟ ਹੈ, ਜੋ 11 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

    ਕੇਰਲ ਵਿੱਚ ਹਰ ਪੰਜ ਸਾਲ ਬਾਅਦ ਸੱਤਾ ਬਦਲਦੀ ਰਹੀ ਹੈ ਅਤੇ ਉਥੇ ਕਾਂਗਰਸ ਨੂੰ ਆਸ ਸੀ ਕਿ ਸੱਤਾ ਵਿੱਚ ਵਾਪਸ ਪਰਤੇਗੀ ਪਰ ਇਥੇ ਵੀ ਸਥਿਤੀ ਨਿਰਾਸ਼ਾਜਨਕ ਹੈ।

    ਕੇਰਲ ਵਿੱਚ ਕਾਂਗਰਸ 24 ਸੀਟਾਂ 'ਤੇ ਅਤੇ ਸੀਪੀਐੱਮ 56 'ਤੇ ਅੱਗੇ ਚੱਲ ਰਹੀ ਹੈ। ਇਸ ਵਾਰ ਕੇਰਲ ਵਿੱਚ ਹਰ ਪੰਜ ਸਾਲ ਬਾਅਦ ਸੱਤਾ ਬਦਲਾਅ ਦਾ ਟਰੈਂਡ ਵੀ ਟੁੱਟਦਾ ਨਜ਼ਰ ਆ ਰਿਹਾ ਹੈ।

    ਤਾਮਿਲਨਾਡੂ ਵਿੱਚ ਵਿਰੋਧੀ ਡੀਐੱਮਕੇ ਸੱਤਾ ਵਿੱਚ ਵਾਪਸ ਆਉਣ ਵੱਲ ਵੱਧਦੀ ਨਜ਼ਰ ਆ ਰਹੀ ਹੈ ਜਦੋਂ ਕਿ ਕਾਂਗਰਸ ਮਹਿਜ਼ 13 ਸੀਟਾਂ 'ਤੇ ਅੱਗੇ ਹੈ। ਪੁੱਡੂਚੇਰੀ ਵਿੱਚ ਕਾਂਗਰਸ ਸੱਤਾਧਾਰੀ ਸੀ ਪਰ ਉਥੇ ਵੀ ਮਹਿਜ਼ ਇੱਕ ਸੀਟ 'ਤੇ ਹੀ ਅੱਗੇ ਹੈ।

  7. ਕੋਰੋਨਾ ਦੇ ਚਲਦਿਆਂ ਪੀਪੀਈ ਕਿੱਟਾਂ ਪਾ ਵੋਟਾਂ ਦੀ ਗਿਣਤੀ ਕਰਦੇ ਅਧਿਕਾਰੀ

    ਵਿਧਾਨ ਸਭਾ ਚੋਣਾਂ ਲਈ ਗਿਣਤੀ ਜਾਰੀ ਹੈ ਅਤੇ ਇਹ ਤਸਵੀਰਾਂ ਪੱਛਮੀ ਬੰਗਾਲ ਦੇ ਕਲੀਮਪੌਂਗ ਵਿਧਾਨ ਸਭਾ ਸੀਟ ਦੀਆਂ ਹਨ।ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਕੋਰੋਨਾਵਾਇਰਸ ਤੋਂ ਬਚਾਅ ਲਈ ਅਧਿਕਾਰੀ ਪੀਪੀਈ ਕਿੱਟ ਵਿੱਚ ਆਪਣੀ ਡਿਊਟੀ ਕਰਦੇ ਨਜ਼ਰ ਆ ਰਹੇ ਹਨ।

    ਇਹ ਤਸਵੀਰਾਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਟਵਿੱਟਰ ਉੱਪਰ ਸਾਂਝੀਆਂ ਕੀਤੀਆਂ ਹਨ।

  8. ਤਾਜ਼ਾ ਰੁਝਾਨਾਂ ਵਿੱਚ ਟੀਐਮਸੀ ਅੱਗੇ

    ਚੋਣ ਕਮਿਸ਼ਨ ਮੁਤਾਬਕ ਪੱਛਮੀ ਬੰਗਾਲ ਦੀਆਂ 292 ਵਿੱਚੋਂ 263 ਦੇ ਰੁਝਾਨ ਆਏ ਹਨ। ਇਨ੍ਹਾਂ ਵਿੱਚ ਟੀਐਮਸੀ 172 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਭਾਜਪਾ 87 ਸੀਟਾਂ ਤੇ।

    ਮਮਤਾ ਬੈਨਰਜੀ ਅਜੇ ਵੀ ਰੁਝਾਨਾਂ ਵਿੱਚ ਨੰਦੀਗ੍ਰਾਮ ਤੋਂ ਪਿੱਛੇ ਚਲ ਰਹੇ ਹਨ।

  9. ਨੰਦੀਗ੍ਰਾਮ: ਮੁੱਢਲੇ ਰੁਝਾਨਾਂ ਵਿੱਚ ਮਮਤਾ ਬੈਨਰਜੀ ਪਿੱਛੇ

    ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਉਪਰ ਸਭ ਦੀ ਨਜ਼ਰ ਨੰਦੀਗ੍ਰਾਮ ਸੀਟ ਉੱਪਰ ਹੈ, ਜਿੱਥੇ ਮੁਕਾਬਲਾ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸ਼ੁਭੇਂਦੂ ਅਧਿਕਾਰੀ ਦਰਮਿਆਨ ਹੈ।

    ਚੋਣ ਕਮਿਸ਼ਨ ਮੁਤਾਬਕ ਰੁਝਾਨਾਂ ਵਿੱਚ ਸ਼ੁਭੇਂਦੂ ਅਧਿਕਾਰੀ ਮਮਤਾ ਨਾਲੋਂ 1497 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

    ਉਹ ਪਹਿਲਾਂ ਟੀਐੱਮਸੀ ਦਾ ਹੀ ਹਿੱਸਾ ਸਨ ਅਤੇ ਮਮਤਾ ਬੈਨਰਜੀ ਦੇ ਖ਼ਾਸ ਲੋਕਾਂ ਵਿੱਚੋਂ ਇੱਕ ਮੰਨੇ ਜਾਂਦੇ ਰਹੇ ਹਨ।

  10. ਤਾਮਿਲ ਨਾਡੂ ਦੇ ਚੋਣ ਰੁਝਾਨ

    ਤਾਮਿਲ ਨਾਡੂ ਵਿੱਚ 164 ਸੀਟਾਂ ਦੇ ਆਏ ਰੁਝਾਨਾਂ ਮੁਤਾਬਕ, DMK 72 ਤੇ AIADMK 67 ਸੀਟਾਂ 'ਤੇ ਅੱਗੇ ਹੈ।

  11. ਪੱਛਮੀ ਬੰਗਾਲ ਦੇ ਤਾਜ਼ਾ ਰੁਝਾਨ

    ਚੋਣ ਕਮਿਸ਼ਨ ਦੇ 44 ਸੀਟਾਂ ਦੇ ਆਏ ਰੁਝਾਨ ਮੁਤਾਬਕ ਤ੍ਰਿਨਾਮੂਲ ਕਾਂਗਰਸ 29 ਤੇ ਭਾਜਪਾ 14 ਸੀਟਾਂ 'ਤੇ ਅੱਗੇ ਹੈ।

  12. ਕਿੱਥੇ ਕਿਹੜੀਆਂ ਪਾਰਟੀਆਂ ’ਚ ਮੁਕਾਬਲਾ?

    ਪੱਛਮੀ ਬੰਗਾਲ

    • ਪਾਰਟੀਆਂ: ਤ੍ਰਿਣਮੂਲ ਕਾਂਗਰਸ – ਭਾਜਪਾ – ਕਾਂਗਰਸ – ਹੋਰ
    • ਕੁੱਲ ਸੀਟਾਂ: 292
    • ਬਹੁਮਤ ਲਈ ਲੋੜ: 148 ਸੀਟਾਂ

    ਤਾਮਿਲਨਾਡੂ

    • ਪਾਰਟੀਆਂ: ਦ੍ਰਵਿੜ ਮੁਨੇਤਰ ਕੜਗ਼ਮ (DMK)– ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗ਼ਮ AIADMK – ਹੋਰ
    • ਕੁੱਲ ਸੀਟਾਂ: 234
    • ਬਹੁਮਤ ਲਈ ਲੋੜ: 118 ਸੀਟਾਂ

    ਕੇਰਲ

    • ਪਾਰਟੀਆਂ: ਮਾਰਕਸਵਾਦੀ ਕਮਿਊਨਿਸਟ ਪਾਰਟੀ – ਕਾਂਗਰਸ – ਭਾਜਪਾ - ਹੋਰ
    • ਕੁੱਲ ਸੀਟਾਂ: 140
    • ਬਹੁਮਤ ਲਈ ਲੋੜ: 71 ਸੀਟਾਂ

    ਅਸਮ

    • ਪਾਰਟੀਆਂ: ਭਾਜਪਾ – ਕਾਂਗਰਸ – ਹੋਰ
    • ਕੁੱਲ ਸੀਟਾਂ: 126
    • ਬਹੁਮਤ ਲਈ ਲੋੜ – 64 ਸੀਟਾਂ

    ਪੁੱਡੂਚੇਰੀ

    • ਪਾਰਟੀਆਂ: ਕਾਂਗਰਸ – ਆਲ ਇੰਡੀਆ ਐਨ ਆਰ ਕਾਂਗਰਸ (AINRC) – ਹੋਰ
    • ਕੁੱਲ ਸੀਟਾਂ: 30
    • ਬਹੁਮਤ ਲਈ ਲੋੜ: 16 ਸੀਟਾਂ
  13. ਐਗਜ਼ਿਟ ਪੋਲ 'ਚ ਪੰਜ ਸੂਬਿਆਂ ਦੇ ਨਤੀਜੇ ਕੀ ਕਹਿ ਰਹੇ ਹਨ

    ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਐਗਜ਼ਿਟ ਪੋਲ ਆ ਚੁੱਕੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰਪੱਛਮੀ ਬੰਗਾਲ ਵਿੱਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਰਹੇਗਾ।

    ਕੇਰਲ ਵਿੱਚ ਸੱਤਾਧਾਰੀ ਵਾਮ ਮੋਰਚਾ ਸੱਤਾ ਸੰਭਾਲ ਸਕਦਾ ਹੈ ਅਤੇ ਅਸਾਮ ਵਿੱਚ ਭਾਜਪਾ ਇਸ ਵਾਰ ਜਿੱਤ ਹਾਸਲ ਕਰ ਸਕਦੀ ਹੈ।

    ਐਗਜ਼ਿਟ ਪੋਲ ਦੇ ਨਤੀਜਿਆਂ ਦੇ ਅਨੁਸਾਰ ਤਾਮਿਲਨਾਡੂ ਵਿੱਚ ਡੀਐਮਕੇ ਦੀ ਅਗਵਾਈ ਵਾਲੀ ਵਿਰੋਧੀ ਧਿਰ ਦਾ ਗਠਜੋੜ ਵਾਪਸੀ ਕਰ ਸਕਦਾ ਹੈ, ਜਦਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਗੁਆਂਢੀ ਸੂਬੇ ਪੁਡੂਚੇਰੀ ਵਿੱਚ ਹਾਰ ਸਕਦਾ ਹੈ।

    ਪੱਛਮੀ ਬੰਗਾਲ ਬਾਰੇ ਲਗਭਗ ਇੱਕੋ ਜਿਹਾ ਅਨੁਮਾਨ ਲਗਾਇਆ ਗਿਆ ਹੈ। ਪੰਜ ਸੂਬਿਆਂ ਵਿੱਚ ਚੋਣਾਂ ਹੋਈਆਂ ਹਨ ਪਰ ਸਭ ਦੀ ਨਜ਼ਰਾਂ ਪੱਛਮੀ ਬੰਗਾਲ 'ਤੇ ਹਨ।

    ਵੱਖ-ਵੱਖ ਐਗਜ਼ਿਟ ਪੋਲਜ਼ ਕੀ ਨਤੀਜੇ ਦਿਖਾ ਰਹੇ ਹਨ, ਤਫ਼ਸੀਲ ਵਿੱਚ ਇੱਥੇ ਪੜ੍ਹੋ

  14. ਸਾਡੇ ਲਾਈਵ ਪੇਜ 'ਤੇ ਤੁਹਾਡੇ ਸਵਾਗਤ ਹੈ।

    ਅੱਜ ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਚੋਣ ਨਤੀਜਿਆਂ ਬਾਰੇ ਅਪਡੇਟ ਸਾਂਝੇ ਕਰਦੇ ਰਹਾਂਗੇ।