You’re viewing a text-only version of this website that uses less data. View the main version of the website including all images and videos.

Take me to the main website

ਕੋਵਿਨ ਐੱਪ: ਪੰਜਾਬ 'ਚ ਇੱਕ ਦਿਨ ਵਿਚ ਮੌਤਾਂ ਦਾ ਟੁੱਟਿਆ ਰਿਕਾਰਡ - 142 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3.6 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ।

ਲਾਈਵ ਕਵਰੇਜ

  1. ਉਡਾਨਾਂ ਰੱਦ ਹੋਣ ਤੋਂ ਬਾਅਦ IPL ਖਿਡਾਰੀਆਂ ਸਮੇਤ ਆਸਟਰੇਲੀਆਈ ਨਾਗਰਿਕ ਭਾਰਤ ਵਿੱਚ ਫਸੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਕਈ ਦੇਸ਼ਾਂ ਨੇ ਭਾਰਤ ਤੋਂ ਆਉਣ- ਜਾਣ ਵਾਲੀਆਂ ਉਡਾਨਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਵਿੱਚ ਆਸਟਰੇਲੀਆ ਵੀ ਸ਼ਾਮਿਲ ਹੈ।

    ਮੰਗਲਵਾਰ ਨੂੰ ਆਸਟਰੇਲੀਆ ਸਰਕਾਰ ਨੇ 15 ਮਈ ਤੱਕ ਭਾਰਤ ਦੀਆਂ ਉਡਾਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਲਗਭਗ 9 ਹਜ਼ਾਰ ਆਸਟਰੇਲੀਆਈ ਨਾਗਰਿਕ ਭਾਰਤ ਵਿੱਚ ਫਸ ਗਏ ਹਨ।

    ਕੁਝ ਨਾਗਰਿਕ ਤਾਂ ਕਈ ਮਹੀਨਿਆਂ ਤੋਂ ਭਾਰਤ ਵਿੱਚ ਫਸੇ ਹੋਏ ਹਨ। ਇਸ ਤੋਂ ਇਲਾਵਾ ਆਈਪੀਐਲ ਵਿੱਚ ਹਿੱਸਾ ਲੈ ਰਹੇ ਆਸਟਰੇਲੀਆਈ ਕ੍ਰਿਕਟ ਖਿਡਾਰੀ ਵੀ ਆਪਣੇ ਦੇਸ਼ ਵਾਪਸ ਮੁੜਨਾ ਚਾਹੁੰਦੇ ਹਨ ਪਰ ਉਡਾਨਾਂ ਰੱਦ ਹੋਣ ਕਾਰਨ ਜਾ ਨਹੀਂ ਪਾ ਰਹੇ।

    ਇੱਕ ਬੱਲੇਬਾਜ਼ ਕ੍ਰਿਸ ਲਿਨ ਨੇ ਭਾਰਤ ਤੋਂ ਆਸਟਰੇਲੀਆ ਜਾਣ ਲਈ ਚਾਰਟਰਡ ਉਡਾਨ ਦੀ ਬੇਨਤੀ ਕੀਤੀ ਸੀ ਜਿਸ ਕਾਰਨ ਆਸਟਰੇਲੀਆ ਵਿੱਚ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਨਿਖੇਧੀ ਕੀਤੀ ਜਾ ਰਹੀ ਹੈ।

    ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਬਾਕੀ ਨਾਗਰਿਕਾਂ ਦੇ ਮੁਕਾਬਲੇ ਕੋਈ ਖਾਸ ਤਰਜੀਹ ਨਹੀਂ ਦਿੱਤੀ ਜਾਵੇਗੀ।

  2. ਪੱਛਮੀ ਬੰਗਾਲ: ਕੋਰੋਨਾ ਦੇ ਇੱਕ ਲੱਖ ਤੋਂ ਵੱਧ ਐਕਟਿਵ ਕੇਸ

    ਪੀ ਐੱਮ ਤਿਵਾੜੀ, ਕੋਲਕਾਤਾ ਤੋਂ

    ਪੱਛਮ ਬੰਗਾਲ ਸਰਕਾਰ ਦੇ ਸਿਹਤ ਵਿਭਾਗ ਵਲੋਂ ਮੰਗਲਵਾਰ ਰਾਤ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ, ਬੀਤੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਦੇ 16,403 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਐਕਟਿਵ ਮਾਮਲੇ ਇੱਕ ਲੱਖ ਨੂੰ ਪਾਰ ਕਰ ਗਏ ਹਨ। ਇਸ ਦੌਰਾਨ 73 ਲੋਕਾਂ ਦੀ ਮੌਤ ਹੋਈ।

    ਕੋਲਕਾਤਾ ਵਿੱਚ ਸਭ ਤੋਂ ਜ਼ਿਆਦਾ 3,708 ਨਵੇਂ ਕੇਸ ਅਤੇ 24 ਮੌਤਾਂ, ਉਸ ਤੋਂ ਬਾਅਦ ਗੁਆਂਢੀ ਉੱਤਰ 24 ਪਰਗਨਾ ਵਿੱਚ ਕਰੀਬ ਸਾਢੇ ਤਿੰਨ ਹਜ਼ਾਰ ਮਾਮਲੇ ਅਤੇ 14 ਮੌਤਾਂ ਹੋਈਆਂ ਹਨ।

    ਸੂਬਾ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਆਕਸੀਜਨ ਦੀ ਕੋਈ ਦਿੱਕਤ ਨਹੀਂ ਹੈ। ਸੂਬੇ ਵਿੱਚ ਰੋਜ਼ਾਨਾ 497 ਮੀਟ੍ਰਿਕ ਟਨ ਤਰਲ ਆਕਸੀਜਨ ਦਾ ਉਤਪਾਦਨ ਹੋ ਰਿਹਾ ਹੈ ਜਦੋਂ ਕਿ ਮੰਗ ਕਰੀਬ 300 ਮੀਟ੍ਰਿਕ ਟਨ ਦੀ ਹੈ।

    ਸੂਬੇ ਦੇ 105 ਹਸਪਤਾਲਾਂ ਵਿੱਚ ਪਾਈਪਲਾਈਨ ਜ਼ਰੀਏ ਆਕਸਜੀਨ ਸਪਲਾਈ ਕੀਤੀ ਜਾਂਦੀ ਹੈ। ਮਰੀਜ਼ਾਂ ਤੱਕ ਆਕਸੀਜਨ ਮੁਹੱਈਆ ਕਰਵਾਉਣ ਲਈ 41 ਹੋਰ ਹਸਪਤਾਲਾਂ ਵਿੱਚ ਇਹ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ।

    ਕੇਂਦਰ ਦੀ ਪ੍ਰਵਾਨਗੀ ਤੋਂ ਬਾਅਦ ਪੰਜ ਆਕਸੀਜਨ ਪਲਾਂਟ ਲਗਾਏ ਜਾਣਗੇ। ਉਨ੍ਹਾਂ ਵਿੱਚੋਂ ਤਿੰਨ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।

    ਹੁਣ ਤੱਕ ਸੂਬੇ ਵਿੱਚ 2.61 ਲੱਖ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ। ਸੂਬਾ ਸਰਕਾਰ ਨੇ ਤਿੰਨ ਕਰੋੜ ਵੈਕਸੀਨ ਦੀਆਂ ਖ਼ੁਰਾਕਾਂ ਖ਼ਰੀਦਣ ਦਾ ਟੀਚਾ ਰੱਖਿਆ ਹੈ।

  3. ਕੋਰੋਨਾ ਦੇ ਮਰੀਜ਼ਾਂ ਲਈ ਗੁਰਦੁਆਰੇ ’ਚ ਸ਼ੁਰੂ ਕੀਤਾ ਗਿਆ ਆਕਸੀਜਨ ਲੰਗਰ

    ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਇੱਕ ਗੁਰਦੁਆਰੇ ਦੇ ਬਾਹਰ ਆਕਸੀਜਨ ਲੰਗਰ ਚਲਾਇਆ ਜਾ ਰਿਹਾ ਹੈ।

    ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਹ ਵਲੰਟੀਅਰ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਹੁਣ ਤੱਕ 1000 ਤੋਂ ਵੱਧ ਲੋਕ ਇੱਥੇ ਆਕਸੀਜਨ ਲੈ ਚੁੱਕੇ ਹਨ।

    (ਵੀਡੀਓ: ਪੀਯੂਸ਼ ਨਾਗਪਾਲ)

  4. UP: ਬੇਹਾਲ ਹਸਪਤਾਲ, ਇੱਕ ਖਾਲ੍ਹੀ ਬੈੱਡ ਲਈ 100 ਲੋਕਾਂ ਦੀ ਲੰਬੀ ਕਤਾਰ

    ਸਮੀਰਾਤਮਜ ਮਿਸ਼, ਲਖਨਊ ਤੋਂ

    ਉੱਤਰ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਕਮੀ ਨਹੀਂ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ 'ਚ 32,993 ਨਵੇਂ ਕੇਸ ਆਏ ਹਨ ਅਤੇ 256 ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਸੂਬੇ ਦੀ ਰਾਜਧਾਨੀ ਲਖਨਊ ਵਿੱਚ 24 ਘੰਟਿਆਂ ਵਿੱਚ 4437 ਨਵੇਂ ਕੇਸ ਸਾਹਮਣੇ ਆਏ ਹਨ ਅਤੇ 37 ਲੋਕਾਂ ਦੀ ਮੌਤ ਹੋ ਗਈ ਹੈ।

    ਸੂਬੇ ਦੇ ਉੱਚ ਮੁੱਖ ਸਕੱਤਰ (ਚਿਕਿਤਸਾ ਅਤੇ ਸਿਹਤ), ਅਮਿਤ ਮੋਹਨ ਪ੍ਰਸਾਦ ਮੁਤਾਬਕ ਇਸ ਦੌਰਾਨ 30 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ।

    ਇਸ ਵੇਲੇ ਸੂਬੇ ਵਿੱਚ ਕੁੱਲ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਐਕਟਿਵ ਹਨ ਅਤੇ 11,678 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਰਫ਼ ਲਖਨਊ ਵਿੱਚ ਹੀ 50 ਹਜ਼ਾਰ ਦੇ ਕਰੀਬ ਐਕਟਿਵ ਕੇਸ ਹਨ।

    ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਉਪ ਮੁੱਖ ਮੰਤਰੀ ਡਾ ਦਿਨੇਸ਼ ਸ਼ਰਮਾ ਵੀ ਕੋਵਿਡ ਪੌਜ਼ੀਟਿਵ ਹਨ।

    ਸੂਬਾ ਸਰਕਾਰ ਦੀ ਕੋਸ਼ਿਸ਼ਾਂ ਦੇ ਬਾਵਜੂਦ ਕੋਵਿਡ ਮਰੀਜ਼ਾਂ ਨੂੰ ਇਲਾਜ, ਆਕਸੀਜਨ ਅਤੇ ਦਵਾਈਆਂ ਲਈ ਇਧਰ ਉੱਧਰ ਭਟਕਣਾ ਪੈ ਰਿਹਾ ਹੈ।

    ਰਾਜਧਾਨੀ ਲਖਨਊ ਦੇ ਹਾਲਾਤ ਇਹ ਹਨ ਕਿ ਜੇਕਰ ਇੱਕ ਹਸਪਤਾਲ 'ਚ ਕੋਈ ਮਰੀਜ਼ ਠੀਕ ਹੁੰਦਾ ਹੈ ਤਾਂ ਭਰਤੀ ਲਈ ਸੈਂਕੜੇ ਮਰੀਜ਼ਾਂ ਦੀ ਕਤਾਰ ਲੱਗ ਜਾਂਦੀ ਹੈ। ਹਾਲਾਂਕਿ ਲਖਨਊ ਵਿੱਚ ਆਕਸੀਜਨ ਐਕਸਪ੍ਰੈਸ ਦੇ ਆਉਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ ਪਰ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਅਜੇ ਵੀ ਆਕਸੀਜਨ ਲਈ ਲੰਬੀਆਂ ਕਤਾਰਾਂ ਲੱਗੀਆਂ ਹਨ।

  5. ਬਿਹਾਰ: ਹਰ ਦਿਨ 12 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਆ ਰਹੇ ਹਨ

    ਨੀਰਜ ਸਹਾਇ, ਪਟਨਾ ਤੋਂ

    ਬਿਹਾਰ ਵਿੱਚ ਕੋਰੋਨਾਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਸੂਬਾ ਪੱਧਰ ਦੀ ਬੈਠਕ ਕੀਤੀ ਅਤੇ ਸਿਹਤ ਵਿਭਾਗ ਨੇ ਮਹਾਂਮਾਰੀ ਸਬੰਧੀ ਅੰਕੜੇ ਜਾਰੀ ਕੀਤੇ।

    ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 12,604 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਸੋਮਵਾਰ ਨਾਲੋਂ 801 ਦੀ ਗਿਣਤੀ ਵਿੱਚ ਜ਼ਿਆਦਾ ਹਨ।

    ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 94,275 ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਜਿੱਥੇ ਸੋਮਵਾਰ ਨੂੰ 67 ਲੋਕਾਂ ਦੀ ਮੌਤ ਹੋਈ ਉਥੇ ਹੀ ਮੰਗਲਵਾਰ ਨੂੰ ਇਹ ਗਿਣਤੀ 85 ਹੋ ਗਈ।

    ਸੂਬੇ ਦੀ ਰਿਕਵਰੀ ਦਰ 77.43 ਫੀਸਦ ਹੈ ਅਤੇ ਹੁਣ ਤੱਕ 3,31,418 ਮਰੀਜ਼ ਠੀਕ ਹੋ ਚੁੱਕੇ ਹਨ।

    ਸੂਬਾ ਪੱਧਰ 'ਤੇ ਪਿਛਲੇ 24 ਘੰਟਿਆਂ ਵਿੱਚ 1,00,328 ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ ਲਾਗ ਦਰ ਲਗਭਗ 14 ਫੀਸਦੀ ਹੋ ਗਈ ਹੈ।

    ਸੋਮਵਾਰ ਨੂੰ 80 ਹਜ਼ਾਰ ਤੋਂ ਵੱਧ ਸੈਂਪਲਾਂ ਦੀ ਜਾਂਚ ਕੀਤੀ ਗਈ ਜਿਸ ਵਿੱਚੋਂ 11 ਹਜ਼ਾਰ ਤੋਂ ਵੱਧ ਮਾਮਲੇ ਪੌਜ਼ੀਟਿਵ ਆਏ ਸਨ ਅਤੇ ਲਾਗ ਦਰ 12.68 ਫੀਸਦ ਰਹੀ।

    ਪਟਨਾ ਵਿੱਚ 17 ਹਜ਼ਾਰ ਤੋਂ ਵੱਧ ਐਕਟਿਵ ਕੇਸ ਹਨ ਜੋ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਹਨ।

    ਔਰੰਗਾਬਾਦ ਅਤੇ ਬੇਗੂਸਰਾਏ ਵੀ ਮਹਾਂਮਾਰੀ ਨਾਲ ਪ੍ਰਭਾਵਿਤ ਹਨ। ਪਿਛਲੇ ਪੰਜ ਦਿਨਾਂ ਦੇ ਅੰਕੜਿਆਂ ਮੁਤਾਬਕ ਔਸਤ 12 ਹਜ਼ਾਰ ਤੋਂ ਵੱਧ ਮਾਮਲੇ ਹਰ ਰੋਜ਼ ਸਾਹਮਣੇ ਆਏ ਹਨ ਅਤੇ ਸੋਮਵਾਰ ਨੂੰ ਇਹ ਗਿਣਤੀ 11,801 ਰਹੀ।

  6. ਕੋਰੋਨਾਵਾਇਰਸ ਕਰਕੇ ਮਾੜੇ ਹੁੰਦੇ ਹਾਲਾਤ ਦਾ ਦਿੱਲੀ ਦੇ ਹਸਪਤਾਲ ਤੋਂ ਜਾਇਜ਼ਾ

    ਕੋਰੋਨਾਵਾਇਰਸ ਕਰਕੇ ਮਾੜੇ ਹੁੰਦੇ ਹਾਲਾਤ ਕਾਰਨ ਦਿੱਲੀ ਦੇ ਹਸਪਤਾਲ ਵਿੱਚ ICU 'ਚ ਜਾ ਕੇ ਬੀਬੀਸੀ ਦੀ ਟੀਮ ਨੇ ਦੇਖਿਆ ਪਰੇਸ਼ਾਨ ਕਰਨ ਵਾਲਾ ਦ੍ਰਿਸ਼।

    ਭਾਰਤ 'ਚ ਕੋਰੋਨਾਵਾਇਰਸ ਦੇ ਮਾਮਲੇ ਰੋਜ਼ ਨਵਾਂ ਰਿਕਾਰਡ ਬਣਾ ਰਹੇ ਹਨ। ਹਸਪਤਾਲਾਂ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਬੋਝ ਵਧਦਾ ਜਾ ਰਿਹਾ।

    (ਰਿਪੋਰਟ- ਯੋਗਿਤਾ ਲਿਮਾਏ, ਬੀਬੀਸੀ ਪੱਤਰਕਾਰ)

  7. ਪੰਜਾਬ: 26 ਅਪ੍ਰੈਲ ਨੂੰ ਹੋਈਆਂ ਸਭ ਤੋਂ ਵੱਧ ਮੌਤਾਂ

    ਅਰਵਿੰਦ ਛਾਬੜਾ, ਚੰਡੀਗੜ੍ਹ ਤੋਂ

    ਸੋਮਵਾਰ, 26 ਅਪ੍ਰੈਲ, ਨੂੰ ਪੰਜਾਬ ਵਿੱਚ ਸਾਲ ਦੀਆਂ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਯਾਨੀ 98 ਮੌਤਾਂ ਹੋਈਆਂ। ਪੰਜਾਬ ਕੋਵਿਡ ਨੂੰ ਲੈ ਕੇ ਬਹੁਤ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਸੂਬੇ ਵਿੱਚ ਲਗਭਗ ਕੋਵਿਡ ਦੇ 50 ਹਜ਼ਾਰ ਸਰਗਰਮ ਕੇਸ ਹਨ ਜਿਨ੍ਹਾਂ ਵਿੱਚ ਆਕਸੀਜਨ ਸਹਾਇਤਾ 'ਤੇ 665 ਵਿਅਕਤੀ ਹਨ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਅਜੇ ਤੱਕ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਦੀ ਕੋਈ ਘਾਟ ਨਹੀਂ ਹੈ, ਲੋਕ ਆਪਣੇ ਅਜ਼ੀਜ਼ਾਂ ਲਈ ਆਕਸੀਜਨ ਸਹਾਇਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ।ਕੁੱਝ ਲੋਕਾਂ ਨੂੰ ਇਸ ਨੂੰ ਕਾਲੇ ਬਾਜ਼ਾਰ ਵਿੱਚ ਖ਼ਰੀਦਣ ਲਈ ਮਜਬੂਰ ਵੀ ਹੋਣਾ ਪਿਆ ਹੈ। ਮੰਗਲਵਾਰ ਤੋਂ ਸੂਬਾ ਸਰਕਾਰ ਨੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਗਾ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਪੂਰਾ ਲਾਕਡਾਉਨ ਰਹੇਗਾ। ਦੁਕਾਨਾਂ ਨੂੰ ਸ਼ਾਮ 5 ਵਜੇ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਨਿੱਜੀ ਫ਼ਰਮਾਂ ਨੂੰ ਸਿਰਫ਼ ਘਰੋਂ ਕੰਮ ਕਰਨ ਦੀ ਆਗਿਆ ਹੈ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਸੂਬੇ ਦੀ ਖ਼ਰਾਬ ਹਾਲਾਤ ਤੇ ਰੌਸ਼ਨੀ ਪਾਉਂਦੀਆਂ ਹਨ। ਇੱਕ ਕਹਿੰਦਾ ਹੈ: ਫ਼ਤਿਹਗੜ੍ਹ ਸਾਹਿਬ ਵਿੱਚ 8 ਸਿਵਲ ਹਸਪਤਾਲ, ਜ਼ੀਰੋ ਵੈਂਟੀਲੇਟਰ ਹਨ। ਇੱਕ ਹੋਰ ਕਹਿੰਦਾ ਹੈ: ਪਟਿਆਲਾ ਦੇ ਹਸਪਤਾਲ ਵਿੱਚ 24 ਘੰਟਿਆਂ ਵਿੱਚ 31 ਮੌਤਾਂ। ਇੱਕਖ਼ਬਰ ਸਰਕਾਰ ਦੇ ਹਵਾਲੇ ਨਾਲ ਦੱਸਦੀ ਹੈ: ਸਿਰਫ਼ 1.9 ਲੱਖ ਵੈਕਸੀਨ ਖ਼ੁਰਾਕਾਂ ਬਚੀਆਂ ਹਨ ਜੋ ਦੋ ਦਿਨ ਲਈ ਵੀ ਕਾਫ਼ੀ ਨਹੀਂ ਹਨ। ਪਹਿਲਾਂ ਹੀ ਸੂਬਾ ਵੈਕਸੀਨ ਦੇ ਟਾਰਗੈਟ ਤੋਂ ਪਿੱਛੇ ਚੱਲ ਰਿਹਾ ਹੈ।

  8. ਕੋਵਿਡ ਵੈਕਸੀਨ ਲਈ 18 ਸਾਲ ਤੋਂ ਵੱਧ ਉਮਰ ਵਾਲੇ ਲੋਕ ਅੱਜ ਤੋਂ ਇੰਝ ਕਰਾ ਸਕਦੇ ਹਨ ਰਜਿਸਟਰੇਸ਼ਨ

    ਕੋਰੋਨਾਵਾਇਰਸ ਖਿਲਾਫ ਟੀਕਾਕਰਨ ਦੇ ਤੀਜੇ ਗੇੜ ਲਈ ਰਜਿਸਟਰੇਸ਼ਨ 28 ਅਪ੍ਰੈਲ ਯਾਨਿ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ 18 ਸਾਲ ਦੀ ਉਮਰ ਤੋਂ ਵੱਧ ਵਾਲਿਆਂ ਲਈ ਭਾਰਤ ਵਿੱਚ ਅੱਜ ਤੋਂ ਰਜਿਸਟਰੇਸ਼ਨ ਸ਼ੁਰੂ ਹੈ, ਇੰਝ ਕਰੋ ਅਪਲਾਈ

  9. ਪਿਛਲੇ 24 ਘੰਟਿਆਂ ਵਿੱਚ ਕਿੱਥੇ ਕੀ ਹੋਇਆ

    • ਪੰਜਾਬ ਸਰਕਾਰ ਵੱਲੋਂ ਕੋਰੋਨਾ ਲੌਕਡਾਊਨ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਸੂਬੇ ਵਿੱਚ ਸਾਰੀਆਂ ਦੁਕਾਨਾਂ 5 ਵਜੇ ਬੰਦ ਹੋ ਜਾਣਗੀਆਂ ਅਤੇ ਹੋਮ ਡਿਲੀਵਰੀ ਰਾਤ 9 ਵਜੇ ਤੱਕ ਹੋਵੇਗੀ। ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਹੋਵੇਗਾ।
    • ਕੋਰੋਨਾ ਦੀ ਲਾਗ ਦੀ ਸੁਨਾਮੀ ਨੂੰ 'ਕੌਮੀ ਸੰਕਟ' ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦੇ। ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਕੋਵਿਡ ਪ੍ਰਬੰਧਨ ਲਈ ਰਾਸ਼ਟਰੀ ਨੀਤੀ ਦਾ ਫੈਸਲਾ ਲੈਣ ਲਈ ਸ਼ੁਰੂ ਕੀਤੀ ਗਈ ਕਾਰਵਾਈ ਦਾ ਉਦੇਸ਼ ਉੱਚ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਨੂੰ ਸੁਣਨਾ ਨਹੀਂ ਹੈ।
    • ਪੱਛਮੀ ਆਸਟਰੇਲੀਆ ਰਾਜ ਦੇ ਪ੍ਰੀਮੀਅਰ ਮਾਰਕ ਮੈਕਗੌਵਨ ਨੇ ਕਿਹਾ ਹੈ ਕਿ ਆਸਟਰੇਲੀਆ ਪਰਤਣ ਵਾਲੇ ਯਾਤਰੀਆਂ ਲਈ ਭਾਰਤ ਵਿੱਚ ਹੋ ਰਹੇ ਕੋਵਿਡ -19 ਟੈਸਟ ਦੇ ਨਤੀਜੇ ਜਾਂ ਤਾਂ ਸਹੀ ਨਹੀਂ ਹਨ ਜਾਂ ਭਰੋਸੇਮੰਦ ਨਹੀਂ ਹਨ।
    • ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋ ਗਈ ਸੀ। ਇਸ ਲਈ ਦਿੱਲੀ ਸਰਕਾਰ ਨੇ ਬੈਂਕਾਕ ਤੋਂ 18 ਟੈਂਕਰ ਮੰਗਵਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਈ ਕੇਂਦਰ ਸਰਕਾਰ ਤੋਂ ਏਅਰ ਫੋਰਸ ਦੀ ਮਦਦ ਮੰਗੀ ਹੈ।
    • ਕਰਨਾਟਕ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਭਾਰੀ ਤੇਜ਼ੀ ਤੋਂ ਬਾਅਦ ਰਾਜ ਸਰਕਾਰ ਨੇ ਉਥੇ 14 ਦਿਨਾਂ ਕਰਫਿਊ ਦਾ ਐਲਾਨ ਕੀਤਾ ਹੈ।
  10. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ।

    ਅਸੀਂ ਤੁਹਾਡੇ ਨਾਲ ਭਾਰਤ ਸਣੇ ਹੋਰ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਬਾਰੇ ਖ਼ਬਰਾਂ ਸਾਂਝੀਆਂ ਕਰਾਂਗੇ।