You’re viewing a text-only version of this website that uses less data. View the main version of the website including all images and videos.
ਕੋਵਿਨ ਐੱਪ: ਪੰਜਾਬ 'ਚ ਇੱਕ ਦਿਨ ਵਿਚ ਮੌਤਾਂ ਦਾ ਟੁੱਟਿਆ ਰਿਕਾਰਡ - 142 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3.6 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ।
ਲਾਈਵ ਕਵਰੇਜ
ਕੋਰੋਨਾਵਾਇਰਸ ਅਪਡੇਟ -ਸੰਖੇਪ ਰਾਊਂਡ ਅਪ
- ਪੰਜਾਬ ਵਿਚ 24 ਘੰਟਿਆਂ ਦੌਰਾਨ ਪਹਿਲੀ ਤੇ ਦੂਜੀ ਲਹਿਰ ਦੌਰਾਨ ਹੋਈਆਂ ਮੌਤਾਂ ਦਾ ਰਿਕਾਰਡ ਟੁੱਟ ਗਿਆ ਹੈ, ਸੂਬੇ ਵਿਚ ਇਕ ਦਿਨ ਵਿਚ 142 ਮੌਤਾਂ ਦਰਜ ਕੀਤੀਆਂ ਗਈਆਂ ਹਨ।
- ਭਾਰਤ ਵਿਚ ਇੱਕ ਦਿਨ ਦੌਰਾਨ ਮੌਤਾਂ ਦਾ ਅਕੰੜਾ 3000 ਤੋਂ ਉੱਪਰ ਚਲਾ ਗਿਆ ਹੈ, ਇਹ ਵੀ ਕੋਰੋਨਾ ਮਹਾਮਾਰੀ ਦੌਰਾਨ ਸਭ ਤੋਂ ਵੱਧ ਹੈ।
- ਪੱਛਮੀ ਬੰਗਾਲ ਵਿਚ ਹੀ ਹਾਲਾਤ ਗੰਭੀਰ ਹੋ ਰਹੇ ਹਨ, ਇੱਕ ਦਿਨ ਵਿਚ 17 ਹਜ਼ਾਰ ਤੋਂ ਵੱਧ ਨਵੇਂ ਕੇਸ ਅਤੇ 77 ਮੌਤਾਂ ਦਰਜ ਕੀਤੀਆਂ ਗਈਆਂ।
- ਬਿਹਾਰ ਵਿਚ ਵੀ ਸ਼ਾਮੀ 4 ਵਜੇ ਬਜ਼ਾਰ ਬੰਦ ਕਰਕੇ ਸ਼ਾਮੀ 6 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ।
- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਉਨ੍ਹਾਂ ਦਾ ਮੁਲਕ ਭਾਰਤ ਦੀ ਮਦਦ ਲਈ ਹਮੇਸ਼ਾ ਤਿਆਰ ਹੈ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਫੋਨ ਉੱਤੇ ਗੱਲ ਕਰਕੇ ਜਾਣਕਾਰੀ ਸਾਂਝੀ ਕੀਤੀ
- ਪ੍ਰਧਾਨ ਮੰਤਰੀ ਰਾਹਤ ਕੋਸ਼ ਦੀ ਰਕਮ ਨਾਲ ਇੱਕ ਲੱਖ ਪੋਰਟੇਬਲ ਆਕਸੀਜਨ ਕੰਨਸਨਟ੍ਰੇਟਰ ਖਰੀਦਣ ਦਾ ਆਰਡਰ ਦਿੱਤਾ ਗਿਆ ਹੈ।
- ਯੂਕੇ ਦੇ ਸਿਹਤ ਮੰਤਰੀ ਨੇ ਸੰਸਦ ਵਿਚ ਐਮਪੀ ਤਨਮਨਜੀਤ ਸਿੰਘ ਢੇਸੀ ਦੇ ਸਵਾਲ ਦੇ ਜਵਾਬ ਵਿਚ ਕਿਹਾ ਹੈ ਕਿ ਸਰਕਾਰ ਭਾਰਤ ਦੀ ਮਦਦ ਕਰ ਰਹੀ ਹੈ।
ਵੈਕਸੀਨ ਲਈ 18 ਸਾਲ ਤੋਂ ਵੱਧ ਉਮਰ ਵਾਲੇ ਲੋਕ ਅੱਜ ਤੋਂ ਇੰਝ ਕਰਾ ਸਕਦੇ ਹਨ ਰਜਿਸਟਰੇਸ਼ਨ
ਬਰਨਾਲਾ ਵਿੱਚ ਕੋਵਿਡ-19 ਖ਼ਿਲਾਫ਼ ਟੀਕਾਕਰਨ ਮੁੁਹਿੰਮ ਜ਼ਰੀਏ ਲੋਕਾਂ ਨੂੰ ਕਿਵੇਂ ਕੀਤਾ ਜਾ ਰਿਹਾ ਹੈ ਜਾਗਰੂਕ
ਤੁਸੀਂ ਵੀ ਕੋਰੋਨਾ ਵੈਕਸੀਨ ਲਗਵਾਉਣ ਤੋਂ ਡਰਦੇ ਤਾਂ ਨਹੀਂ? ਜੇ ਹਾਂ, ਤਾਂ ਦੇਖੋ ਇਹ ਰਿਪੋਰਟ।
ਅਫ਼ਵਾਹਾਂ ਤੋਂ ਬਚ ਟੀਕਾਕਰਨ ਨੂੰ ਜਨ ਲਹਿਰ ਬਣਾਉਣ ਦੀ ਕੋਸ਼ਿਸ਼ ਕਰਦਿਆਂ ਬਰਨਾਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਨੇ ਕੋਰੋਨਾ ਮਹਾਂਮਰੀ ਤੋਂ ਬਚਾਅ ਲਈ ਚਲਾਈ ਟੀਕਾਕਰਨ ਮੁਹਿੰਮ।
ਕੋਰੋਨਾਵਾਇਰਸ ਪੰਜਾਬ ਅਪਡੇਟ : ਪਿਛਲੇ 24 ਘੰਟਿਆਂ ’ਚ ਹੋਈਆਂ 142 ਮੌਤਾਂ
ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 6472 ਨਵੇਂ ਕੇਸ ਸਾਹਮਣੇ ਆਏ ਹਨ ਅਤੇ 142 ਲੋਕਾਂ ਦੀ ਮੌਤ ਹੋ ਗਈ ਹੈ।
ਇੱਕ ਦਿਨ ਵਿੱਚ ਮੌਤ ਦਾ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।
ਗੁਰਦਾਸਪੁਰ ਵਿੱਚ 22 ਮੌਤਾਂ, ਅੰਮ੍ਰਿਤਸਰ ਵਿੱਚ 18 ਮੌਤਾਂ, ਸੰਗਰੂਰ ਵਿੱਚ 17, ਲੁਧਿਆਣਾ ਵਿੱਚ 15 ਅਤੇ ਮੁਹਾਲੀ ਵਿੱਚ 12 ਮੌਤਾਂ ਹੋਈਆਂ ਹਨ।
ਹੁਣ ਤੱਕ ਸੂਬੇ ਵਿੱਚ 8772 ਮੌਤਾਂ ਕੋਰੋਨਾਵਾਇਰਸ ਨਾਲ ਹੋ ਚੁੱਕੀਆਂ ਹਨ। ਸੂਬੇ ਵਿੱਚ ਹੁਣ ਤੱਕ 3,58,186 ਮਾਮਲੇ ਪੌਜ਼ੀਟਿਵ ਆ ਚੁੱਕੇ ਹਨ ਜਿੰਨਾਂ ਵਿੱਚੋਂ 53,426 ਮਾਮਲੇ ਇਸ ਵੇਲੇ ਐਕਟਿਵ ਹਨ।
ਪਿਛਲੇ 24 ਘੰਟਿਆਂ ਵਿਚ 5272 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਅਤੇ ਹੁਣ ਤੱਕ ਸੂਬੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,95,988 ਹੋ ਗਈ ਹੈ।
ਆਕਸੀਜਨ ਦੀ ਕਾਲਾਬਜ਼ਾਰੀ ਦੇ ਇਲਜ਼ਾਮ ਵਿਚ ਗ੍ਰਿਫ਼ਤਾਰੀ
ਪੰਜਾਬ ਵਿਚ ਆਕਸੀਜਨ ਦੇ ਕਿੱਲ੍ਹਤ ਦੌਰਾਨ ਇਸ ਦੀ ਕਾਲਾਬਜ਼ਾਰੀ ਦੀਆਂ ਕਈ ਪਾਸਿਓ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਲੋਕਾਂ ਨੂੰ ਕੋਵਿਡ ਹੈ ਵੀ ਨਹੀਂ, ਉਹ ਵੀ ਘਰਾਂ ਵਿਚ ਜਮ੍ਹਾਂ ਕਰਨ ਲੱਗੇ ਹੋਏ ਹਨ, ਅਜਿਹੇ ਹਾਲਾਤ ਦਾ ਫਾਇਦਾ ਕੁੱਝ ਕਾਲਾਬਜ਼ਾਰੀ ਵਾਲੇ ਚੁੱਕ ਰਹੇ ਹਨ।
ਜਲੰਧਰ ਸ਼ਹਿਰ ਵਿਚ ਆਕਸੀਜਨ ਦੀ ਕਾਲਾਬਜ਼ਾਰੀ ਕਰਨ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਨੇ ਇਕ ਵਿਅਕਤੀ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ 600 ਰੁਪਏ ਵਾਲਾ ਸਿਲੰਡਰ 18600 ਵਿੱਚ ਕਥਿਤ ਤੌਰ ਉੱਤੇ ਵੇਚਦਾ ਸੀ।
ਪੁਲਿਸ ਨੇ ਉਸ ਕੋਲੋ 5 ਭਰੇ ਤੇ 6 ਖਾਲੀ ਸਿਲੰਡਰ ਬਰਾਮਦ ਕੀਤੇ ਹਨ।
ਇਸ ਦੌਰਾਨ ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਨੇ ਇੱਕ ਵੀਡੀਓ ਪਾਕੇ ਲੋਕਾਂ ਨੂੰ ਘਰਾਂ ਵਿਚ ਬਿਨਾਂ ਲੋੜ ਤੋਂ ਆਕਸੀਜਨ ਸਿਲੰਡਰ ਨਾ ਰੱਖਣ ਦੀ ਅਪੀਲ ਕੀਤੀ ਹੈ.
ਕੋਰੋਨਾ ਦੇ ਮਰੀਜ਼ਾਂ ਲਈ ਗੁਰਦੁਆਰੇ ’ਚ ਸ਼ੁਰੂ ਕੀਤਾ ਗਿਆ ਆਕਸੀਜਨ ਲੰਗਰ
ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਇੱਕ ਗੁਰਦੁਆਰੇ ਦੇ ਬਾਹਰ ਆਕਸੀਜਨ ਦਾ ਲੰਗਰ ਲਗਾਇਆ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਕੋਰੋਨਾ ਪੀੜਤਾਂ ਦੀ ਇਸ ਔਖੀ ਘੜੀ ਵਿੱਚ ਮਦਦ ਕਰਨ ਦੇ ਜਜ਼ਬੇ ਨਾਲ ਵਲੰਟੀਅਰ ਮੁਫ਼ਤ ਆਕਸੀਜਨ ਮੁਹੱਈਆ ਕਰਵਾ ਰਹੇ ਹਨ। ਹੁਣ ਤੱਕ 1000 ਤੋਂ ਵੱਧ ਲੋਕ ਇੱਥੋਂ ਆਕਸੀਜਨ ਲੈ ਚੁੱਕੇ ਹਨ।
ਵੀਡੀਓ: ਪੀਯੂਸ਼ ਨਾਗਪਾਲ
ਇਕਾਂਤਵਾਤ ਦੌਰਾਨ ਸ਼ੀਸ਼ੇ ਦੇ ਆਰ ਪਾਰ ਹੋਈ ਮਾਂ-ਧੀ ਦੀ ਭਾਵੁਕ ਮਿਲਣੀ
ਕੋਰੋਨਾਵਾਇਰਸ ਪ੍ਰਭਾਵਿਤ ਭਾਰਤ ਦੇ ਵੱਖ ਵੱਖ ਹਿੱਸਿਆਂ ’ਚੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਕਈ ਤਸਵੀਰਾਂ ਬਹੁਤ ਭਾਵੁਕ ਕਰ ਦੇਣ ਵਾਲੀਆਂ ਹਨ।
ਅਜਿਹੀ ਹੀ ਇਕ ਤਸਵੀਰ ਰੁਕਮਣੀ ਕੁਮਾਰ ਨੇ ਸਾਂਝੀ ਕੀਤੀ ਹੈ ਜੋ ਇਸ ਵੇਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ ਪੀੜਤ ਹਨ ਅਤੇ ਆਪਣੇ ਘਰ ਵਿੱਚ ਇਕਾਂਤਵਾਸ ਕਰ ਰਹੇ ਹਨ।
ਇਸ ਤਸਵੀਰ ਵਿੱਚ ਰੁਕਮਣੀ ਆਪਣੀ 14 ਸਾਲਾ ਧੀ ਨੂੰ ਸ਼ੀਸ਼ੇ ਦੇ ਦਰਵਾਜ਼ੇ ਵਿੱਚੋਂ ਦੇਖ ਰਹੇ ਹਨ ਅਤੇ ਤਸਵੀਰ ਵਿੱਚ ਦੋਵਾਂ ਦੇ ਸਿਰਫ਼ ਹੱਥ ਨਜ਼ਰ ਆ ਰਹੇ ਹਨ।
ਪਿਛਲੇ ਸਾਲ ਰੁਕਮਣੀ ਤੋਂ ਬਿਨਾਂ ਉਨ੍ਹਾਂ ਦੇ ਪਤੀ, ਮਾਤਾ-ਪਿਤਾ ਅਤੇ ਧੀ ਸਮੇਤ ਪੂਰੇ ਪਰਿਵਾਰ ਨੇ ਕੋਰੋਨਾ ਦਾ ਪ੍ਰਕੋਪ ਝੱਲਿਆ।
ਰੁਕਮਣੀ ਨੇ ਬੀਬੀਸੀ ਪੱਤਰਕਾਰ ਗੀਤਾ ਪਾਂਡੇ ਨੂੰ ਦੱਸਿਆ ਕਿ ਦਰਦ ਅਤੇ ਅਸਹਿਜਤਾ ਤੋਂ ਜ਼ਿਆਦਾ ਆਪਣੇ ਬੱਚੇ ਤੋਂ ਦੂਰੀ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਉਹ ਆਪਣੇ ਘਰ ਵਿਚ ਇਕ ਕਮਰੇ ਵਿੱਚ ਇਕਾਂਤਵਾਸ ਕਰ ਰਹੇ ਹਨ। ਕੇਵਲ ਸ਼ੀਸ਼ੇ ਦੇ ਇਕ ਦਰਵਾਜ਼ੇ ਰਾਹੀਂ ਆਪਣੀ ਧੀ ਨੂੰ ਦੇਖਦੇ ਹਨ ਤੇ ਅਤੇ ਮੋਬਾਇਲ ਫੋਨ ਰਾਹੀਂ ਉਸ ਨਾਲ ਗੱਲ ਕਰਦੇ ਹਨ ।
ਰੁਕਮਣੀ ਨੇ ਅੱਗੇ ਦੱਸਿਆ ਕਿ ਮੈਂ ਆਪਣੀ ਬੇਟੀ ਦੀਆਂ ਅੱਖਾਂ ’ਚੋਂ ਫ਼ਿਕਰ ਨੂੰ ਦੇਖ ਸਕਦੀ ਸੀ ਅਤੇ ਉਨ੍ਹਾਂ ਦੀ ਬੇਟੀ ਵਾਰ- ਵਾਰ ਤਬੀਅਤ ਨੂੰ ਲੈ ਕੇ ਸਵਾਲ ਕਰਦੀ ਹੈ।
ਜਦੋਂ ਮੈਂ ਅੱਜ ਉਸ ਨੂੰ ਦੱਸਿਆ ਕਿ ਮੈਂ ਠੀਕ ਮਹਿਸੂਸ ਕਰ ਰਹੀ ਹਾਂ ਤਾਂ ਉਸ ਦੇ ਚਿਹਰੇ ਉੱਪਰ ਖੁਸ਼ੀ ਅਤੇ ਅੱਖਾਂ ’ਚ ਚਮਕ ਸਾਫ਼ ਨਜ਼ਰ ਆ ਰਹੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਲੱਖਾਂ ਲੋਕ ਇਸ ਵੇਲੇ ਕੋਰੋਨਾਵਾਇਰਸ ਦੀ ਜਕੜ ਵਿੱਚ ਹਨ ਅਤੇ 2 ਲੱਖ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਕੋਰੋਨਾ ਨਾਲ ਮੇਰੀ ਜੰਗ: 'ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਸਮੇਂ 'ਤੇ ਮਦਦ ਮਿਲੀ'
ਉਦੈਪੁਰ, ਰਾਜਸਥਾਨ ਦੇ ਰਹਿਣ ਵਾਲੇ ਕੋਰੋਨਾ ਪੀੜਤ ਨੇਹਾ ਸਿੰਗ ਗਹਿਲੋਤ ਨੇ ਠੀਕ ਹੋਣ ਤੋਂ ਬਾਅਦ ਦੱਸਿਆ ਕਿਵੇਂ ਆਲੇ ਦੁਆਲੇ ਰਹਿੰਦੇ ਲੋਕਾਂ ਤੋਂ ਮਿਲੀ ਮਦਦ ਅਤੇ ਡਾਕਟਰਾਂ ਦੇ ਸਹਿਯੋਗ ਨਾਲ ਉਹ ਇਸ ਬੀਮਾਰੀ ਖ਼ਿਲਾਫ਼ ਜੰਗ ਜਿੱਤ ਸਕੇ।
ਸਿੰਘੂ ਬਾਰਡਰ ਪਹੁੰਚੇ ਆਕਸੀਜਨ ਟਰੱਕ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਪਹੁੰਚਾਇਆ
ਸਿੰਘੂ ਬਾਰਡਰ 'ਤੇ ਆਏ ਇੱਕ ਆਕਸੀਜਨ ਦੇ ਟਰੱਕ ਨੂੰ ਕਿਸਾਨ ਮੁਜ਼ਾਹਾਰਾਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਸਹੀ ਰਾਹੇ ਪਾ ਮੰਜ਼ਲ 'ਤੇ ਪਹੁੰਚਣ ਵਿੱਚ ਕੀਤੀ ਮਦਦ।
ਕੌਣ ਕਰ ਸਕਦਾ ਹੈ ਪਲਾਜ਼ਮਾ ਡੋਨੇਟ ਤੇ ਕਿਵੇਂ ਇਹ ਕੋਰੋਨਾ ਮਰੀਜ਼ਾਂ ਦੀ ਮਦਦ ਕਰਦਾ ਹੈ
ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਆਉਣ 'ਤੇ ਕੋਵਿਡ ਨਾਲ ਜੁੜੇ ਕਈ ਤਰ੍ਹਾਂ ਦੀ ਸਵਾਲ ਫਿਰ ਉੱਠਣ ਲੱਗੇ ਹਨ।
ਇੱਥੇ ਅਸੀਂ ਗੱਲ ਕਰਾਂਗੇ ਕੋਵਿਡ ਮਰੀਜ਼ਾਂ ਲਈ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਡੋਨੇਟ ਕਰਨ ਸਬੰਧੀ ਉੱਠ ਰਹੇ ਸਵਾਲਾਂ ਦੀ। ਅਜਿਹੇ ਸਵਾਲਾਂ ਸਬੰਧੀ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਕਈ ਅਫ਼ਵਾਹਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਅਜਿਹੇ ਕਈ ਸਵਾਲਾਂ ਦੇ ਜਵਾਬ ਜਾਨਣ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਲਾਜ਼ਮਾ ਕੀ ਹੁੰਦਾ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜ਼ ਦੇ ਖੂਨ ਵਿੱਚੋਂ ਪਲਾਜ਼ਮਾ, ਕਿਸੇ ਦੂਜੇ ਮਰੀਜ਼ ਨੂੰ ਠੀਕ ਕਰਨ ਲਈ ਕਿਉਂ ਵਰਤਿਆ ਜਾਂਦਾ ਹੈ?
ਪਲਾਜ਼ਮਾ ਬਾਰੇ ਅਹਿਮ ਜਾਣਕਾਰੀ ਇੱਥੇ ਕਲਿੱਕ ਕਰਕੇ ਪੜ੍ਹੋ
ਝਾਰਖੰਡ ’ਚ ਕੋਵਿਡ ਦੇ ਹਾਲਾਤ ਕਿੰਨ੍ਹੇ ਗੰਭੀਰ
ਆਨੰਦ ਦੱਤ, ਰਾਂਚੀ ਤੋਂ
ਝਾਰਖੰਡ ’ਚ ਕੋਵਿਡ-19 ਦੀ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਬੀਤੀ 27 ਅਪ੍ਰੈਲ ਦੀ ਰਾਤ ਨੂੰ 9 ਵਜੇ ਤੱਕ 51,252 ਐਕਟਿਵ ਮਾਮਲੇ ਸਾਹਮਣੇ ਆਏ ਸਨ।
1 ਅਪ੍ਰੈਲ ਤੋਂ 26 ਅਪ੍ਰੈਲ ਤੱਕ 1000 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਤੱਕ ਰਾਜ ਭਰ ’ਚ ਕੋਰੋਨਾ ਨਾਲ ਕੁਲ 2246 ਮੌਤਾਂ ਹੋ ਚੁੱਕੀਆਂ ਹਨ।
ਬੀਤੇ ਮੰਗਲਵਾਰ ਨੂੰ ਕੁੱਲ 103 ਕੋਵਿਡ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਇਸ ਵਿਗੜਦੀ ਸਥਿਤੀ ਨੂੰ ਵੇਖਦਿਆਂ ਸੂਬਾ ਸਰਕਾਰ ਨੇ 22 ਤੋਂ 29 ਅਪ੍ਰੈਲ ਤੱਕ ਲੌਕਡਾਊਨ ਲਗਾ ਦਿੱਤਾ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਲੌਕਡਾਊਨ ਦੀ ਮਿਆਦ ’ਚ ਵਾਧਾ ਕੀਤਾ ਜਾ ਸਕਦਾ ਹੈ।
ਸੁੱਖ ਦੀ ਗੱਲ ਇਹ ਹੈ ਕਿ ਸੂਬੇ ਦੇ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ। ਪਰ ਮਰੀਜ਼ਾਂ ਦੀਆਂ ਮੁਸ਼ਕਲਾਂ ਜ਼ਿਆਦਾ ਘੱਟ ਨਹੀਂ ਹੋਈਆਂ ਹਨ।
ਦਿੱਲੀ ਸਰਕਾਰ ਦੀ ਬੇਨਤੀ ’ਤੇ ਹੇਮੰਤ ਸੋਰੇਨ ਨੇ 58 ਟਨ ਆਕਸੀਜਨ ਜਮਸ਼ੇਦਪੁਰ ਤੋਂ ਦਿੱਲੀ ਭੇਜੀ ਹੈ। ਇਸ ਲਈ ਰਾਜਸਥਾਨ ਸਰਕਾਰ ਵੱਲੋਂ ਵੀ ਗੁਜ਼ਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ’ਚ ਲੋਕਾਂ ਨੇ ਘਰਾਂ ’ਚ ਆਕਸੀਜਨ ਸਿਲੰਡਰ ਸਟਾਕ ਕਰ ਲਏ ਹਨ। ਇਸ ਸਮੇਂ ਇੱਕ ਸਿਲੰਡਰ 12-15000 ਰੁਪਏ ’ਚ ਮਿਲ ਰਿਹਾ ਹੈ।
ਪ੍ਰਿੰਸ ਚਾਰਲਸ ਨੇ ਭਾਰਤ ਦੇ ਲੋਕਾਂ ਨਾਮ ਸੰਦੇਸ਼ 'ਚ ਕਿਹਾ, "ਅਸੀਂ ਇਹ ਜੰਗ ਮਿਲ ਕੇ ਜਿੱਤਾਂਗੇ"
ਪ੍ਰਿੰਸ ਚਾਰਲਸ ਨੇ ਭਾਰਤ ਦੇ ਲੋਕਾਂ ਦੇ ਨਾਮ ਸੰਦੇਸ਼ ਦਿੰਦਿਆਂ ਕੋਰੋਨਾਵਾਇਰਸ ਕਾਰਨ ਹੋ ਰਹੇ ਨੁਕਸਾਨ 'ਤੇ ਗ਼ਹਿਰਾ ਦੁੱਖ ਜਤਾਇਆ।
ਯੂਕੇ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਵੇਲਜ਼ ਦੇ ਰਾਜਕੁਮਾਰ, ਪ੍ਰਿੰਸ ਚਾਰਲਸ ਨੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਅਸਰ ਅਤੇ ਦੋ ਲੱਖ ਤੋਂ ਵੱਧ ਮੌਤਾਂ ਹੋਣ 'ਤੇ ਅਫ਼ਸੋਸ ਜ਼ਾਹਰ ਕੀਤਾ ਹੈ।
ਇੱਕ ਅਧਿਕਾਰਿਕ ਬਿਆਨ ਵਿੱਚ ਦੱਸਿਆ ਗਿਆ ਕਿ ਰਾਜਕੁਮਾਰ ਚਾਰਲਸ ਨੇ ਬ੍ਰਿਟਿਸ਼ ਏਸ਼ੀਅਨ ਟਰੱਸਟ ਦੇ ਚੈਰਿਟੀ ਕੰਮਾਂ ਅਤੇ ਇਸ ਦੁਆਰਾ ਕੀਤੀ ਗਈ ਅਪੀਲ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।
ਪ੍ਰਿੰਸ ਚਾਰਲਸ ਨੇ ਕਿਹਾ, "ਭਾਰਤ ਵਿੱਚ ਕੋਵਿਡ-19 ਨਾਲ ਜੁੜੀਆਂ ਦਰਦਨਾਕ ਤਸਵੀਰਾਂ ਜੋ ਅਸੀਂ ਸਭ ਨੇ ਦੇਖੀਆਂ ਹਨ, ਨੂੰ ਦੇਖ ਕੇ ਮੈਨੂੰ ਗਹਿਰਾ ਦੁੱਖ ਹੋਇਆ ਹੈ। ਬਹੁਤ ਸਾਰੇ ਲੋਕਾਂ ਵਾਂਗ, ਮੈਨੂੰ ਵੀ ਭਾਰਤ ਨਾਲ ਬਹੁਤ ਪਿਆਰ ਹੈ ਅਤੇ ਮੈਂ ਇਸ ਦੇਸ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਯਾਤਰਾਵਾਂ ਕੀਤੀਆਂ ਹਨ।"
ਉਨ੍ਹਾਂ ਹੋਰ ਲੋਕਾਂ ਨੂੰ ਭਾਰਤ ਦੀ ਮਦਦ ਲਈ ਅਪੀਲ ਕਰਦਿਆਂ ਕਿਹਾ, "ਭਾਰਤ ਨੇ ਇਸ ਔਖੇ ਸਮੇਂ ਵਿੱਚ ਦੂਸਰੇ ਦੇਸਾਂ ਦੀ ਬਹੁਤ ਮਦਦ ਕੀਤੀ ਹੈ ਅਤੇ ਹੁਣ ਸਾਨੂੰ ਭਾਰਤ ਦੀ ਮਦਦ ਕਰਨ ਦੀ ਲੋੜ ਹੈ"
ਪ੍ਰਿੰਸ ਚਾਰਲਸ ਨੇ ਇਸ ਬਿਆਨ ਵਿੱਚ ਅੱਗੇ ਕਿਹਾ, "ਜੇ ਮੈਂ ਕਰ ਸਕਾਂ, ਮੈਂ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਏ ਭਾਰਤ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ, ਉਹ ਮੇਰੇ ਖ਼ਿਆਲਾਂ ਅਤੇ ਅਰਦਾਸਾਂ ਵਿੱਚ ਸ਼ਾਮਿਲ ਹਨ।"
ਅੰਤ ਵਿੱਚ ਉਹਨਾਂ ਕਿਹਾ, "ਅਸੀਂ ਇਹ ਜੰਗ ਮਿਲਗੇ ਜਿੱਤਾਂਗੇ।"
ਕੋਰੋਨਾ ਦਾ ਕਹਿਰ: ਇਸ ਸਿਸਟਮ ਦੀ ਬਦੌਲਤ ਮੈਂ ਆਪਣੀ ਪਤਨੀ ਦੇ ਬੱਚਾ, ਦੋਵੇਂ ਗਵਾ ਦਿੱਤੇ
ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਆਪਣਿਆਂ ਨੂੰ ਗਵਾਉਣ ਵਾਲਿਆਂ ਦਾ ਕਹਿਣਾ ਹੈ, "ਬੀਮਾਰੀ ਖ਼ਰਾਬ ਹੈ ਪਰ ਉਸ ਨਾਲੋਂ ਖ਼ਰਾਬ ਹੈ ਇਹ ਸਿਸਟਮ।"
ਬੀਬੀਸੀ ਪੱਤਰਕਾਰ ਦਿਵਿਆ ਆਰੀਆ ਦੀ ਇਹ ਰਿਪੋਰਟ ਦੇਸ ਦੀ ਰਾਜਧਾਨੀ ਦਿੱਲੀ ਸਮੇਤ ਪੇਂਡੂ ਭਾਰਤ ਵਿਚਲੇ ਅਧਿਕਾਰਿਤ ਸਿਸਟਮ 'ਤੇ ਸਵਾਲ ਖੜੇ ਕਰਦੀ ਹੈ।
ਕੋਵਿਨ ਐਪ: ਕ੍ਰੈਸ਼ ਹੋਇਆ ਸਰਵਰ, ਲੋਕ ਨਹੀਂ ਕਰਵਾ ਪਾ ਰਹੇ ਵੈਕਸੀਨ ਲਈ ਰਜ਼ਿਸਟ੍ਰੇਸ਼ਨ
18 ਸਾਲ ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਕੋਵਿਡ ਟੀਕਾਕਰਨ ਲਈ ਰਜ਼ਿਸਟ੍ਰੇਸ਼ਨ ਪ੍ਰੀਕਿਰਿਆ ਬੁੱਧਵਾਰ ਸ਼ਾਮ ਚਾਰ ਵਜੇ ਤੋਂ ਸ਼ੁਰੂ ਹੋਈ ਸੀ ਪਰ ਇਸ ਲਈ ਬਣਾਏ ਗਏ ਕੋਵਿਨ ਐਪ ਤੇ ਅਰੋਗਿਆ ਸੇਤੂ ਐਪ ਦੇ ਸਰਵਰ ਕ੍ਰੈਸ਼ ਹੋ ਗਏ ਹਨ।
ਵੱਡੀ ਗਿਣਤੀ ਵਿੱਚ ਲੋਕ ਵੈਕਸੀਨ ਲਈ ਪੰਜੀਕਰਨ ਕਰਵਾਉਣ ਦੇ ਇਰਾਦੇ ਨਾਲ ਕੋਵਿਨ ਐਪ ’ਤੇ ਰਜਿਸਟਰ ਕਰਵਾਉਣਾ ਚਾਹੁੰਦੇ ਸਨ। ਪਰ ਕੋਵਿਨ ਐਪ ਤੇ ਉਨ੍ਹਾਂ ਨੂੰ ਇਹ ਸੰਦੇਸ਼ ਮਿਲ ਰਿਹਾ ਸੀ ਕਿ ਫ਼ਿਲਹਾਲ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਰਜਿਸਟ੍ਰੇਸ਼ਨ ਹੋ ਰਹੀ ਹੈ।
ਕੁਝ ਲੋਕਾਂ ਦੀ ਇਹ ਸ਼ਿਕਾਇਤ ਵੀ ਸੀ ਕਿ ਕੋਵਿਨ ਐਪ ’ਤੇ ਓਟੀਪੀ (ਵਨ ਟਾਈਮ ਪਾਸਵਰਡ) ਜੇਨਰੇਟ ਨਹੀਂ ਹੋ ਰਿਹਾ ਹੈ।
ਹਾਲਾਂਕਿ ਅਰੋਗਿਆ ਸੇਤੂ ਐਪ ਦਾ ਇਸ ਬਾਰੇ ਜਵਾਬ ਵੀ ਆ ਗਿਆ ਹੈ।
ਅਰੋਗਿਆ ਸੇਤੂ ਦਾ ਕਹਿਣਾ ਹੈ ਕਿ ਚਾਰ ਵਜੇ ਇੱਕ ਮਾਮੂਲੀ ਜਿਹੀ ਤਕਨੀਕੀ ਅੜਚਨ ਆਈ ਸੀ, ਜਿਸ ਵਿੱਚ ਸੁਧਾਰ ਕਰ ਲਿਆ ਗਿਆ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਲੋਕ ਹੁਣ ਵੈਕਸੀਨ ਲਈ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ।
ਉੱਧਰ, ਅਰੋਗਿਆ ਸੇਤੂ ਐਪ ਤੇ ਵੀ ਲੋਕਾਂ ਨੂੰ 'ਸਰਵਰ ਇਸ਼ੂ' ਦਾ ਸੰਦੇਸ਼ ਦੇਖਣ ਨੂੰ ਮਿਲ ਰਿਹਾ ਸੀ।
ਇਸ ਤੋਂ ਪਹਿਲਾਂ ਸਰਕਾਰ ਨੇ ਇਹ ਕਿਹਾ ਸੀ ਕਿ 28 ਅਪ੍ਰੈਲ ਤੋਂ ਲੋਕ ਅਰੋਗਿਆ ਸੇਤੂ ਅਤੇ ਕੋਵਿਨ ਐਪ ਤੇ ਵੈਕਸੀਨ ਲਈ ਰਜ਼ਿਸਟ੍ਰੇਸ਼ਨ ਕਰਵਾ ਸਕਣਗੇ।
ਮੋਗਾ ਤੋਂ 'ਮਾਸਕ ਵਾਲੀ ਬੇਬੇ' ਦਾ ਸੁਨੇਹਾ
ਸੁਰਿੰਦਰ ਮਾਨ, ਮੋਗਾ ਤੋਂ
99 ਸਾਲਾਂ ਦੇ ਗੁਰਦੇਵ ਕੌਰ ਧਾਲੀਵਾਲ ਕੋਰੋਨਾਵਾਇਰਸ ਨੂੰ ਲੈ ਕੇ ਹਾਲੇ ਵੀ ਚਿੰਤਤ ਹਨ ਤੇ ਇਸ ਉਮਰ ’ਚ ਵੀ ਉਹ ਲੋੜਵੰਦਾਂ ਲਈ ਮਾਸਕ ਬਨਾਉਣ ’ਚ ਰੁੱਝੇ ਰਹਿੰਦੇ ਹਨ।
ਅਸਲ ਵਿੱਚ ਮੋਗਾ ਸ਼ਹਿਰ ’ਚ ਰਹਿਣ ਵਾਲੇ ਗੁਰਦੇਵ ਕੌਰ ਪਿਛਲੇ ਸਾਲ ਉਸ ਵੇਲੇ ਚਰਚਾ ਵਿੱਚ ਆਏ ਸੀ ਜਦੋਂ ਸਿਲਾਈ ਮਸ਼ੀਨ ਰਾਹੀਂ ਆਪਣੇ ਹੱਥੀਂ ਮਾਸਕ ਬਣਾ ਕੇ ਮੁਫ਼ਤ ਵੰਡਣ ਦੀ ਮੁਹਿੰਮ ਵਿੱਢੀ ਸੀ।
ਅੱਜ ਜਦੋਂ ਭਾਰਤ ਵਿੱਚ ਮੁੜ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਤਾਂ ਗੁਰਦੇਵ ਕੌਰ ਧਾਲੀਵਾਲ ਦੱਸਦੇ ਹਨ ਕਿ ਕਦੇ ਚਿਤ-ਚੇਤੇ ਵਿੱਚ ਵੀ ਨਹੀਂ ਸੋਚਿਆ ਸੀ 100 ਸਾਲ ਪਹਿਲਾਂ ਸਿੰਗਾਪੁਰ ’ਚ ਬਣੀ ਉਨ੍ਹਾਂ ਦੀ ਸਿਲਾਈ ਮਸ਼ੀਨ ਨੂੰ ਉਹ ਮਨੁੱਖਤਾ ਦੀ ਭਲਾਈ ਲਈ ਵਰਤਣਗੇ।
ਉਹ ਕਹਿੰਦੇ ਹਨ, ‘‘ਮੈਨੂੰ ਇਹ ਮਸ਼ੀਨ ਮੇਰੇ ਸਹੁਰਾ ਪਰਿਵਾਰ ਨੇ ਸੁਗਾਤ ਵਜੋਂ ਦਿੱਤੀ ਸੀ ਤੇ ਇਸ ਨਾਲ ਮਾਸਕ ਸਿਉਂਕੇ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ। ਕੋਰੋਨਾ ਨੂੰ ਹਰਾਉਣਾ ਜ਼ਰੂਰੀਹੈ ਤੇ ਮੈਂ ਆਖਰੀ ਸਾਹ ਤੱਕ ਹੱਥੀਂ ਮਾਸਕ ਬਣਾ ਕੇ ਮਨੁੱਖਤਾ ਦੀ ਸੇਵਾ ਕਰਦੀ ਰਹਾਂਗੀ। ਮੇਰੀ ਤਾਂ ਸਭ ਨੂੰ ਅਪੀਲ ਹੈ ਕਿ ਕੋਰੋਨਾ ਤੋਂ ਬਚਣ ਲਈ ਹਰ ਪ੍ਰਾਣੀ ਮਾਸਕ ਜ਼ਰੂਰ ਲਾਵੇ।’’
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਆਪਣੇ ਟਵਿੱਟਰ ਅਕਾਊਂਟ ਰਾਹੀਂ ਗੁਰਦੇਵ ਕੌਰ ਧਾਲੀਵਾਲ ਦੇ ਕੰਮ ਦੀ ਸ਼ਲਾਘਾ ਕੀਤੀ ਸੀ ਤੇ ਮੁੱਖ ਮੰਤਰੀ ਨੇ ਉਨਾਂ ਨੂੰ ‘ਸਟ੍ਰੌਂਗਰ ਕੋਰੋਨਾ ਵਾਰਿਅਰ’ ਕਹਿ ਕੇ ਨਿਵਾਜਿਆ ਸੀ।
ਗੁਰਦੇਵ ਕੌਰ ਕਹਿੰਦੇ ਹਨ, ‘‘ਹੁਣ ਨੈਣ-ਪ੍ਰਾਣਾਂ ’ਚ ਵੀ ਪਹਿਲਾਂ ਵਾਲੀ ਤਾਕਤ ਨਹੀਂ ਰਹੀ ਪਰ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਦੇ ਕਹਿੰਦੀ ਹਾਂ ਕਿ ਉਹ ਅੱਜ ਦੇ ਦੌਰ ਵਿੱਚ ਮਾਸਕਾਂ ਦੀ ਸੇਵਾ ਜ਼ਰੂਰ ਕਰਨ। ਮੈਂ ਤਾਂ ਮਾਸਕ ਬਣਾ ਕੇ ਵੰਡਦੀ ਹੀ ਰਹਾਂਗੀ।’’
ਦਿੱਲੀ 'ਚ ਮੈਡੀਕਲ ਆਕਸੀਜਨ ਦੀ ਘਾਟ ਕਾਰਨ ਪਰੇਸ਼ਾਨ ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੇ ਸਰਕਾਰ ਨੂੰ ਕੀ ਕਿਹਾ
ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਦੇਸ ਦੀ ਰਾਜਧਾਨੀ ਦਿੱਲੀ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਮੁਸ਼ਕਲਾਂ ਦਾ ਪਹਾੜ ਟੁੱਟ ਗਿਆ ਹੈ।
ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਦੀ ਕਮੀ ਕਾਰਨ ਪਰਿਵਾਰ ਆਪਣੇ ਮਰੀਜ਼ਾਂ ਲਈ ਖੁਦ ਆਕਸੀਜਨ ਦਾ ਪ੍ਰਬੰਧ ਕਰਨ ਲਈ ਮਜਬੂਰ ਹਨ।
ਹਾਲਾਤ ਇਹ ਹਨ ਕਿ ਵੱਧ ਕੀਮਤਾਂ 'ਤੇ ਵੀ ਉਨ੍ਹਾਂ ਨੂੰ ਆਕਸੀਜਨ ਨਹੀਂ ਮਿਲ ਪਾ ਰਹੀ। ਅਜਿਹੇ ਵਿੱਚ ਪਰੇਸ਼ਾਨ ਮਰੀਜ਼ ਸਰਕਾਰ ਨੂੰ ਕੀ ਕਹਿ ਰਹੇ ਹਨ?
ਵੀਡੀਓ- ਪੀਯੂਸ਼ ਨਾਗਪਾਲ
ਰਾਜਨੇਤਾ, ਖਿਡਾਰੀ, ਕਲਾਕਾਰ ਲੋਕਾਂ ਨੂੰ ਇਸ ਮਹਾਂਮਾਰੀ ਦੀ ਗੰਭੀਰਤਾ ਪ੍ਰਤੀ ਜਾਗਰੂਕ ਨਹੀਂ ਕਰ ਸਕੇ'
ਭਾਰਤ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਤੇ ਵਿਸ਼ੇਸ਼ ਕਵਰੇਜ ਕਰ ਰਹੀ ਬੀਬੀਸੀ ਦੀ ਟੀਮ ਨੇ ਇੱਕ ਵੈੱਬੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਪੀਜੀਆਈ ਦੇ ਹਿਰਦੇ ਰੋਗ ਡਿਪਾਰਟਮੈਂਟ ਦੇ ਸਾਬਕਾ ਮੁਖੀ ਐਚ ਕੇ ਬਾਲੀ ਨੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ-
- ਚੰਡੀਗੜ੍ਹ ਅਤੇ ਟਰਾਈਸਿਟੀ ਵਿਚ ਹਾਲੇ ਦਿੱਲੀ ਜਿਹੇ ਹਾਲਾਤ ਨਹੀਂ ਹਨ ਪਰ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਫਿਲਹਾਲ ਆਕਸੀਜਨ ਦੀ ਕਮੀ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਤਿਆਰ ਰਹਿਣਾ ਪਵੇਗਾ।
- ਪੰਜਾਬ ਅਤੇ ਹਰਿਆਣਾ ਦੇ ਬਾਸ਼ਿੰਦਿਆਂ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਜਾਗਰੂਕਤਾ ਜਿਸ ਪੱਧਰ ਉੱਪਰ ਹੋਣੀ ਚਾਹੀਦੀ ਸੀ, ਉਹ ਨਹੀਂ ਹੈ। ਲੋਕ ਧਾਰਮਿਕ ਜਗ੍ਹਾ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਜਾਂਦੇ ਹਨ। ਕਈ ਕੇਸਾਂ ਵਿੱਚ ਟੈਸਟਿੰਗ ਨਹੀਂ ਹੁੰਦੀ ਅਤੇ ਜਦੋਂ ਲੱਛਣ ਗੰਭੀਰ ਹੋ ਜਾਂਦੇ ਹਨ ਤਾਂ ਉਸ ਵੇਲੇ ਮਰੀਜ਼ ਦਾ ਬਚਣਾ ਥੋੜ੍ਹਾ ਔਖਾ ਹੋ ਜਾਂਦਾ ਹੈ।
- ਰਾਜਨੇਤਾ, ਮੈਡੀਕਲ ਖਿੱਤੇ ਦੇ ਲੋਕ,ਖਿਡਾਰੀ, ਕਲਾਕਾਰ ਅਤੇ ਟਾਸਕ ਫੋਰਸ ਆਦਿ ਮੀਡਿਆ ਰਾਹੀਂ ਲੋਕਾਂ ਨੂੰ ਇਸ ਮਹਾਂਮਾਰੀ ਦੀ ਗੰਭੀਰਤਾ ਪ੍ਰਤੀ ਜਾਗਰੂਕ ਨਹੀਂ ਕਰ ਸਕੇ।
- ਟੀਕਾਕਰਨ ਨੂੰ ਲੈ ਕੇ ਆਮ ਜਨਤਾ ਵਿੱਚ ਪ੍ਰਤੀਰੋਧ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿਚ ਟੀਕਾਕਰਨ ਦੀ ਦਰ ਬਾਕੀ ਰਾਜਾਂ ਤੋਂ ਘੱਟ ਹੈ ਅਤੇ ਵੱਡੀ ਗਿਣਤੀ ਵਿੱਚ ਟੀਕੇ ਬਰਬਾਦ ਵੀ ਹੋਏ ਹਨ।
- ਕੋਰੋਨਾਵਾਇਰਸ ਦੇ ਲੱਛਣਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਕਈ ਵਾਰੀ ਇਨ੍ਹਾਂ ਦੇ ਲੱਛਣਾਂ ਨੂੰ ਕੇਵਲ ਮਾਮੂਲੀ ਬੁਖਾਰ ਸਮਝ ਲਿਆ ਜਾਂਦਾ ਹੈ।
- ਲੋਕਾਂ ਨੂੰ ਅੱਗੇ ਆ ਕੇ ਟੈਸਟ ਕਰਵਾਉਣੇ ਚਾਹੀਦੇ ਹਨ ਅਤੇ ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਓਦੋਂ ਤੱਕ ਏਕਾਂਤਵਾਸ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਪੰਜਾਬ ਵਿੱਚ ਪੌਜ਼ੀਟਿਵਿਟੀ ਦਰ ਅਤੇ ਮੌਤ ਦੀ ਦਰ ਨੂੰ ਘਟਾ ਸਕਦੇਹਾਂ।
- ਪੰਜਾਬ ਵਿੱਚ ਬਹੁਤੇ ਲੋਕ ਰੁਮਾਲ ਵਗੈਰਾ ਬੰਨ੍ਹ ਕੇ ਹੀ ਸਾਰ ਲੈਂਦੇ ਹਨ। ਇੱਕ ਮਾਸਕ 40%ਤੱਕ ਬਚਾਅ ਕਰਦਾ ਹੈ ਅਤੇ ਕਿਉਂਕਿ ਹੁਣ ਰਿਪੋਰਟਾਂ ਆ ਰਹੀਆਂ ਹਨ ਕਿ ਕੋਰੋਨਾਵਾਇਰਸ ਦੇ ਕੁਝ ਅੰਸ਼ ਹਵਾ ਵਿੱਚ ਵੀ ਹੋ ਸਕਦੇ ਹਨ ਤਾਂ ਇਸ ਲਈ ਡਬਲ ਮਾਸਕ ਪਾਉਣ ਨਾਲ 90ਪ੍ਰਤੀਸ਼ਤ ਤੱਕ ਬਚਾਅ ਹੋ ਸਕਦਾ ਹੈ।
- ਲੌਕਡਾਊਨ ਜਿਹੇ ਹਾਲਾਤਾਂ ਤੋਂ ਪਹਿਲਾਂ ਸਾਨੂੰ ਤਿਆਰੀ ਦੀ ਜ਼ਰੂਰਤ ਹੈ। ਜੋ ਲੋਕ ਮਜ਼ਦੂਰੀ ਕਰਦੇ ਹਨ ਉਨ੍ਹਾਂ ਨੂੰ ਖਾਣਾ ਅਤੇ ਪੈਸੇ ਵਗੈਰਾ ਮੁਹੱਈਆ ਕਰਵਾਏ ਜਾਣ।
- ਜਿਸ ਪੱਧਰ ਉੱਪਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਤਿਆਰੀ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ ਹੈ ਪਰ ਹੁਣ ਸਮਾਂ ਇਸ ਦੀ ਨਿਖੇਧੀ ਦਾ ਨਹੀਂ ਸਗੋਂ ਜਾਗਰੂਕਤਾ ਅਤੇ ਆਪਣਾ ਧਿਆਨ ਰੱਖਣ ਦਾ ਹੈ।
ਪੰਜਾਬ ਵਿੱਚ ਰਾਤ ਦੇ ਕਰਫ਼ਿਊ ਦੌਰਾਨ ਪਟਿਆਲਾ ਕੇਂਦਰੀ ਜੇਲ੍ਹ ਤੋਂ ਤਿੰਨ ਕੈਦੀ ਫ਼ਰਾਰ
ਗੁਰਮਿੰਦਰ ਸਿੰਘ ਗਰੇਵਾਲ, ਬੀਬੀਸੀ ਪੰਜਾਬੀ
ਪੰਜਾਬ ਵਿੱਚ ਬੀਤੀ ਰਾਤ ਕੋਵਿਡ ਦੇ ਚੱਲਦਿਆਂ ਲੱਗੇ ਕਰਫ਼ਿਊ ਦੌਰਾਨ ਪਟਿਆਲਾ ਦੀ ਸਖ਼ਤ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿੱਚੋਂ 3 ਕੈਦੀ ਸੰਨ੍ਹ ਲਾ ਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।
ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਸਮੇਤ ਹੋਰ ਸੂਬਿਆਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ।
ਐਸ.ਐਸ.ਪੀ.ਦਫ਼ਤਰ, ਮਿੰਨੀ ਸਕੱਤਰੇਤ ਅਤੇ ਪੁਲਿਸ ਲਾਈਨਜ਼ ਦੇ ਨੇੜੇ ਸਖ਼ਤ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿੱਚੋਂ ਫ਼ਰਾਰ ਕੈਦੀਆਂ ਵਿੱਚ ਇੱਕ ਯੂ.ਕੇ. ਤੋਂ ਡਿਪੋਰਟ ਹੋਇਆ ਮੁਜਰਮ ਸ਼ੇਰ ਸਿੰਘ ਸੀ।
ਸ਼ੇਰ ਸਿੰਘ, ਗੀਤਾ ਔਲਖ਼ ਨਾਂਅ ਦੀ ਔਰਤ ਦੇ ਕਤਲ ਕੇਸ ਨਾਲ ਸੰਬੰਧਤ ਸੀ। ਉਸ ਨੂੰ ਉੱਥੇ 22 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਨੂੰ ਹਫ਼ਤਾ ਪਹਿਲਾਂ ਹੀ ਬਠਿੰਡਾ ਦੀ ਜੇਲ੍ਹ ਵਿੱਚੋਂ ਪਟਿਆਲਾ ਜੇਲ੍ਹ ਤਬਦੀਲ ਕੀਤਾ ਗਿਆ ਸੀ ਅਤੇ ਹਫ਼ਤੇ ਬਾਅਦ ਹੀ ਉਹ ਜੇਲ੍ਹ ਅੰਦਰ ਸੰਨ੍ਹ ਲਾ ਕੇ ਤਿੰਨ ਕੈਦੀਆਂ ਸਮੇਤ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ।
ਫ਼ਰਾਰ ਹੋਣ ਵਾਲੇ ਹੋਰ ਕੈਦੀਆਂ ਵਿੱਚ ਕਪੂਰਥਲਾ ਦੇ ਪਿੰਡ ਰਾਣੀ ਕੰਬੋਹ ਦੇ ਇੰਦਰਜੀਤ ਸਿੰਘ ਅਤੇ ਰੂਪਨਗਰ ਜ਼ਿਲ੍ਹੇ ਦੇ ਜਸਪ੍ਰੀਤ ਸਿੰਘ ਸ਼ਾਮਲ ਸਨ।
ਕੋਰੋਨਾ ਪੰਜਾਬ: ਪਰਿਵਾਰਾਂ ਨੇ ਆਟੋ ਤੇ ਰਿਕਸ਼ਿਆਂ 'ਚ ਰੱਖ ਕੇ ਲਿਆਂਦੀਆਂ ਆਪਣਿਆਂ ਦੀਆਂ ਲਾਸ਼ਾਂ
ਪੰਜਾਬ ਵਿਚ ਕੋਰੋਨਾ ਸੰਕਟ ਦਾ ਕਹਿਰ ਕਿੰਨਾ ਕੁ ਹੈ, ਇਸ ਦਾ ਅੰਦਾਜ਼ਾ ਆਟੋ ਅਤੇ ਰਿਕਸ਼ਿਆਂ ਵਿੱਚ ਆ ਰਹੀਆਂ ਲਾਸ਼ਾਂ ਤੋਂ ਸਹਿਜੇ ਹੀ ਲੱਗ ਜਾਂਦਾ ਹੈ
(ਰਿਪੋਰਟ : ਗੁਰਮਿੰਦਰ ਸਿੰਘ ਗਰੇਵਾਲ, ਐਡਿਟ: ਦੇਵੇਸ਼)