You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਦਿੱਲੀ ਵਿਚ ਅਜੇ ਕਮਿਊਨਿਟੀ ਟਰਾਂਸਮਿਸ਼ਨ ਨਹੀਂ- ਅਮਿਤ ਸ਼ਾਹ ਦਾ ਦਾਅਵਾ, ਗਲੋਬਲ ਅੰਕੜਾ 1 ਕਰੋੜ ਪਾਰ

ਅਮਰੀਕਾ ਇਸ ਵੇਲੇ ਕੋਵਿਡ-19 ਤੋਂ ਸਭ ਤੋਂ ਪ੍ਰਭਾਵਿਤ ਮੁਲਕ ਹੈ। ਇੱਥੇ ਸਵਾ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ

ਲਾਈਵ ਕਵਰੇਜ

  1. ਕੋਰੋਨਾਵਾਇਰਸ ਬਾਰੇ ਦੇਸ ਦੁਨੀਆਂ ਤੋਂ ਹੁਣ ਤੱਕ ਦੇ ਅਪਡੇਟ

    • ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਵਾਇਰਸ ਡੈਸ਼ ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ 99,85,425 ਮਾਮਲੇ ਹੋ ਗਏ ਹਨ ਅਤੇ 4,98,895 ਜਣਿਆਂ ਦੀ ਜਾਨ ਜਾ ਚੁੱਕੀ ਹੈ। ਪੂਰੀ ਦੁਨੀਆਂ ਵਿੱਚ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਪਹਿਲੇ ਨੰਬਰ ’ਤੇ ਅਮਰੀਕਾ, ਬ੍ਰਾਜ਼ੀਲ ਅਤੇ ਉਸ ਤੋਂ ਬਾਅਦ ਰੂਸ ਅਤੇ ਭਾਰਤ ਦਾ ਨੰਬਰ ਹੈ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸ ਦੁਨੀਆਂ ਭਰ ਵਿੱਚ ਸਭ ਤੋਂ ਵਧੇਰੇ ਹਨ। ਇੱਥੇ ਪੁਸ਼ਟ ਮਾਮਲਿਆਂ ਦੀ ਗਿਣਤੀ 25 ਲੱਖ ਨੂੰ ਪਾਰ ਕਰ ਗਈ ਹੈ। ਇੱਥਏ ਪੂਰੀ ਦੁਨੀਆਂ ਦੀਆਂ ਇੱਕ ਚੌਥਾਈ ਮੌਤਾਂ ਹੋ ਚੁੱਕੀਆਂ ਹਨ।
    • ਬ੍ਰਾਜ਼ੀਲ ਅਤੇ ਰੂਸ ਵਿੱਚ ਵਿੱਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਕ੍ਰਮਵਾਰ 1.31 ਲੱਖ ਅਤੇ 6.26 ਲੱਖ ਤੋਂ ਪਾਰ ਹੋ ਗਈ ਹੈ। ਬ੍ਰਾਜ਼ੀਲ ਮਰਨ ਵਾਲਿਆਂ ਦਾ ਅੰਕੜਾ 57 ਹਜ਼ਾਰ ਅਤੇ ਰੂਸ ਵਿੱਚ 8900 ਪਾਰ ਕਰ ਗਿਆ ਹੈ।
    • ਭਾਰਤ 'ਚ ਕੋਰੋਵਾਇਰਸ ਦੇ ਮਾਮਲੇ 5 ਲੱਖ ਤੋਂ ਪਾਰ ਹੈ ਅਤੇ 16,095 ਮੌਤਾਂ ਹੋਈਆਂ ਹਨ, 2.95 ਲੱਖ ਲੋਕ ਠੀਕ ਵੀ ਹੋਏ ਹਨ। ਲੰਘੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 19,906 ਰਿਕਾਰਡ ਮਾਮਲੇ ਸਾਹਮਣੇ ਆਏ ਹਨ।ਇਹ ਇੱਕ ਦਿਨ ਵਿੱਚ ਮਾਮਲਿਆਂ ਵਿੱਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।
    • ਭਾਰਤ ਵਿੱਚ ਕੋਰੋਨਾਵਾਇਰ ਦੇ ਕੁੱਲ ਮਾਮਲਿਆਂ ਵਿੱਚੋਂ 85 ਫ਼ੀਸਦੀ ਤੋਂ ਵਧੇਰੇ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਤੇਲੰਗਾਨਾ, ਗੁਜਰਾਤ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚੋਂ ਹਨ। ਮੌਤਾਂ ਵੀ ਇਨ੍ਹਾਂ ਸੂਬਿਆਂ ਵਿੱਚ ਹੀ ਵਧੇਰੇ ਹੋਈਆਂ ਹਨ।
    • ਪੰਜਾਬ ਵਿੱਚ ਮਾਮਲੇ ਪੰਜ ਹਜ਼ਾਰ ਤੋਂ ਪਾਰ ਅਤੇ 128 ਮੌਤਾਂ ਹੋਈਆਂ ਹਨ, 3300 ਲੋਕ ਠੀਕ ਵੀ ਹੋਏ ਹਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਮਹਾਮਾਰੀ ਦੇ ਹਾਲਾਤ ਵਿਗੜਦੇ ਜਾ ਰਹੇ ਹਨ।ਲੋੜ ਪਈ ਤਾਂ ਲੌਕਡਾਊਨ ਮੁੜ ਵੀ ਲੱਗ ਸਕਦਾ ਹੈ।
    • ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ WHO ਨੇ ਕਿਹਾ ਹੈ ਕਿ ਹਰ ਸਾਲ ਹੋਣ ਵਾਲੇ ਗੰਭੀਰ ਨਜ਼ਲੇ-ਜੁਕਾਮ ਤੋਂ ਮੋਟੇ ਤੌਰ ’ਤੇ ਮਾਮਲੇ ਦੁੱਗਣੇ ਤੋਂ ਵੀ ਵਧੇਰੇ ਹਨ।
  2. ਦਿੱਲੀ 5.5 ਲੱਖ ਤੱਕ ਨਹੀਂ ਪਹੁੰਚੇਗੀ - ਅਮਿਤ ਸ਼ਾਹ

    ਭਾਰਤ ਦੇ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਨ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬਿਆਨ ਉੱਪਰ ਕਰਦੇ ਹੋਏ ਕਿਹਾ ਹੈ ਕਿ ਜਦੋਂ ਉਨ੍ਹਾਂ ਨੇ ਦਿੱਲੀ ਵਿੱਚ 31 ਜੁਲਾਈ ਤੱਕ 5.5 ਲੱਖ ਕੇਸ ਹੋਣ ਦੀ ਗੱਲ ਕੀਤੀ ਸੀ, ਉਸ ਸਮੇਂ ਡਰ ਦਾ ਮਾਹੌਲ ਸੀ ਅਤੇ ਹੁਣ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਉਸ ਪੜਾਅ ਤੱਕ ਨਹੀਂ ਪਹੁੰਚਾਂਗੇ।

    ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਵੈਬਸਾਈਟ ਮੁਤਾਬਕ ਖ਼ਬਰ ਲਿਖੇ ਜਾਣ ਸਮੇਂ ਦਿੱਲੀ ਵਿੱਚ ਕੋਰੋਨਾਵਾਇਰਸ ਦੇ 80,188 ਪੁਸ਼ਟ ਮਾਮਲੇ ਹਨ। ਜਿਨ੍ਹਾਂ ਵਿੱਚੋਂ 28,329 ਸਰਗਰਮ ਕੇਸ ਹਨ ਜਦਕਿ 2,558 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 49,301 ਠੀਕ ਹੋ ਚੁੱਕੇ ਹਨ।

  3. ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਦੀਆਂ ਮੁੱਖ ਗੱਲਾਂ

    • ਕੋਰਨਾਵਾਇਰਸ ਦੇ ਨਾਲ-ਨਾਲ ਦੇਸ਼ ਹੋਰ ਕੁਦਰਤੀ ਅਤੇ ਗੁਆਂਢੀਆਂ ਦੀਆਂ ਖੜ੍ਹੀਆਂ ਕੀਤੀਆਂ ਦਿੱਕਤਾਂ ਨਾਲ ਵੀ ਦੋ-ਚਾਰ ਹੋ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਸਾਲ ਨੂੰ ਕੋਸਿਆ ਜਾਵੇ।
    • ਭਾਰਤ ਨੇ ਜਿਸ ਤਰ੍ਹਾਂ ਇਸ ਸੰਕਟ ਦੇ ਸਮੇਂ ਵਿੱਚ ਦੁਨੀਆਂ ਦੀ ਮਦਦ ਕੀਤੀ ਹੈ ਉਸ ਨਾਲ ਸਾਡੀ ਭਾਈਚਾਰੇ ਦੀ ਭਾਵਨਾ ਪਛਾਣੀ ਗਈ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਹੋਈ ਹਿੰਸਕ ਝੜਪ ਵਿੱਚ ਮਰਨ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਦੇ ਜਜ਼ਬੇ ਦਾ ਜਿਕਰ ਕੀਤਾ।
    • ਲੱਦਾਖ਼ ’ਚ ਭਾਰਤੀ ਜ਼ਮੀਨ ਵੱਲ ਅੱਖ ਚੁੱਕ ਕੇ ਵੇਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤ ਦੋਸਤੀ ਨਿਭਾਉਣੀ ਜਾਣਦਾ ਹੈ ਤਾਂ ਅੱਖਾਂ ’ਚ ਅੱਖਾਂ ਪਾ ਕੇ ਦੇਖਣਾ ਅਤ ਬਣਦਾ ਜਵਾਬ ਵੀ ਦੇਣਾ ਜਾਣਦਾ ਹੈ। ਸਾਡੇ ਫ਼ੌਜੀਆਂ ਨੇ ਵਿਖਾ ਦਿੱਤਾ ਹੈ ਕਿ ਉਹ ਕਦੇ ਵੀ ਮਾਂ ਭਾਰਤੀ ਦੀ ਸ਼ਾਨ ’ਤੇ ਅਸਰ ਪੈਣ ਦੇਣਗੇ।
    • ਉਨ੍ਹਾਂ ਨੇ ਕਿਹਾ ਕਿ ਭਾਰਤ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ ਤੇ ਇਸ ਵਿੱਚ ਸਾਰੇ ਨਾਗਰਿਕਾਂ ਦੇ ਸਮਰਪਣ ਦੀ ਲੋੜ ਹੈ।
    • ਦੇਸ਼ ਅਨਲੌਕ ਦੇ ਦੌਰ ਵਿੱਚ ਹੈ। ਇਸ ਲਈ ਦੋ ਗੱਲਾਂ ਵੱਲ ਧਿਆਨ ਦੇਣਾ ਹੈ- ਕੋਰੋਨਾ ਨੂੰ ਹਰਾਉਣਾ ਤੇ ਅਰਥਵਿਵਸਥਾ ਨੂੰ ਸਹਾਰਾ ਦੇਣਾ।
    • ਅਨਲੌਕ ਦੇ ਇਸ ਪ੍ਰਕਿਰਿਆ ਦੌਰਾਨ ਦੇਸ਼ ਵਿੱਚ ਕੁਝ ਅਜਿਹੇ ਖੇਤਰ ਵੀ ਖੋਲ੍ਹੇ ਗਏ ਹਨ ਜਿਹੜੇ ਪਿਛਲੇ ਕਈ ਸਾਲਾਂ ਤੋਂ ਬੰਦ ਸਨ।
    • ਜੇ ਤੁਸੀਂ ਸਾਰੀਆਂ ਸਾਵਧਾਨੀਆਂ ਨਹੀਂ ਵਰਤਦੇ ਹੋ ਤਾਂ ਤੁਸੀਂ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਖ਼ਤਰੇ ਵਿੱਚ ਪਾਉਂਦੇ ਹੋ।
    • ਕੋਰੋਨਾ ਕਾਲ ਵਿੱਚ ਅਦਰਕ ਵਰਗੇ ਮਸਾਲਿਆਂ ਦੀ ਮੰਗ ਪੂਰੀ ਦੁਨੀਆਂ ਵਿੱਚ ਵਧੀ ਹੈ।
    • ਲੌਕਡਾਊਨ ਦੌਰਾਨ ਰਵਾਇਤੀ ਖੇਡਾਂ ਨੂੰ ਉਤਸ਼ਾਹ ਮਿਲਿਆ ਹੈ।
    • ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਪਰਿਵਾਰ ਦੇ ਬਜ਼ੁਰਗਾਂ ਦਾ ਇੰਟਰਵਿਊ ਮੋਬਾਈਲ ਉੱਪਰ ਰਿਕਾਰਡ ਕਰਨ ਨੂੰ ਕਿਹਾ ਤਾਂ ਜੋ ਉਹ ਪੁਰਾਣੇ ਸਮੇਂ ਬਾਰੇ ਜਾਣ ਸਕਣ।
    • ਉਨ੍ਹਾਂ ਨੇ ਕਰਨਾਟਕ ਦੇ ਇੱਕ ਬਜ਼ੁਰਗ ਕਿਸਾਨ ਕਾਮੇਗੌੜਾ ਦਾ ਜ਼ਿਕਰ ਕੀਤਾ ਜੋ ਇਕੱਲਿਆਂ ਹੀ ਕਈ ਤਲਾਅ ਬਣਾ ਚੁੱਕੇ ਹਨ।
  4. ਅਸਾਮ ਵਿੱਚ ਲੌਕਡਾਊਨ ਮੁੜ ਲੱਗਣ ਤੋਂ ਪਹਿਲਾਂ ਗਹਿਮਾ-ਗਹਿਮੀ

    ਅਸਾਮ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦੇ ਹੋਏ ਅੱਜ ਅੱਧੀ ਰਾਤ ਤੋਂ 14 ਦਿਨਾਂ ਦਾ ਲੌਕਡਾਊਨ ਮੁੜ ਲਾਉਣ ਦਾ ਐਲਾਨ ਕੀਤਾ ਗਿਆ ਹੈ।

    ਉਸ ਤੋਂ ਪਹਿਲਾਂ ਲੋਕ ਰਾਜਧਾਨੀ ਗੁਹਾਟੀ ਦੀ ਮੰਡੀ ਵਿੱਚ ਖ਼ਰੀਦਦਾਰੀ ਕਰਦੇ ਹੋਏ।

    ਅਸਾਮ ਦੇ ਵਿੱਚ ਕੋਰੋਨਾਵਾਇਰਸ ਦੇ 68 ਸੌ ਤੋਂ ਵਧੇਰੇ ਪੁਸ਼ਟ ਮਾਮਲੇ ਹਨ ਅਤੇ 9 ਮੌਤਾਂ ਹੋ ਚੁੱਕੀਆਂ ਹਨ।

  5. ਕੋਰੋਨਾਵਾਇਰਸ ਨੇ ਇਸ ਪਰਿਵਾਰ ਦੀਆਂ ਖੁਸ਼ੀਆਂ ਕੁਝ ਘੰਟਿਆਂ 'ਚ ਉਜਾੜੀਆਂ

    ਉਮੇਸ਼ ਅਹਿਮਦਾਬਾਦ ਦੀ ਮੈਟਰੋ ਅਦਾਲਤ ਵਿੱਚ ਵਕਾਲਤ ਕਰਦੇ ਸਨ ਅਤੇ 44 ਸਾਲਾਂ ਦੇ ਸਨ। 11 ਮਈ ਨੂੰ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਅਤੇ 12 ਮਈ ਨੂੰ ਉਨ੍ਹਾਂ ਦਾ ਕੋਰੋਨਾ ਪੌਜ਼ਿਟੀਵ ਦਾ ਨਤੀਜਾ ਆ ਗਿਆ।

    ਮੇਰੀ ਭੈਣ ਸ਼ਿਫ਼ਾਲੀ ਉਨ੍ਹਾਂ ਨੂੰ ਨਜ਼ਦੀਕੀ ਅਨੰਦ ਸਰਜੀਕਲ ਹਸਪਤਾਲ ਲੈ ਗਈ ਜਿਸ ਨੂੰ ਸ਼ਹਿਰ ਦੀ ਮਿਊਂਸੀਪਲ ਕਾਰਪੋਰੇਸ਼ਨ ਨੇ ਕੁਝ ਦਿਨ ਪਹਿਲਾਂ ਹੀ ਕੋਰੋਨਾਵਾਇਰਸ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਸੀ।

    ਸ਼ਿਫ਼ਾਲੀ ਨੇ ਹਸਪਤਾਲ ਤੋਂ ਫ਼ੋਨ ਕਰ ਕੇ ਮੈਨੂੰ ਖ਼ਬਰ ਕੀਤੀ। ਫੋਨ ਸੁਣ ਕੇ ਮੈਂ ਹਿੱਲ ਗਿਆ। ਕੋਰੋਨਾਵਾਇਰਸ ਨੂੰ ਆਪਣੇ ਘਰ ਦੀਆਂ ਬਰੂਹਾਂ ਤੇ ਖੜ੍ਹੇ ਦੇਖਣ ਦੀ ਕਲਪਨਾ ਵੀ ਨਹੀਂ ਸੀ।

    ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

  6. ਕੋਰੋਨਾਵਾਇਰਸਕਿਵੇਂ ਹਮਲਾ ਕਰਦਾ ਹੈ ਤੇ ਸਰੀਰ 'ਚ ਕਿਹੜੇ ਬਦਲਾਅ ਆਉਂਦੇ ਨੇ ?

    ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

    ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ, ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ।

    ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

  7. ਭਾਰਤ ਵਿੱਚ ਕੋਵਿਡ ਮਾਮਲਿਆਂ ਦਾ ਰਿਕਾਰਡ ਟੁੱਟਣਾ ਜਾਰੀ

    ਲੰਘੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 19,906 ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਮਾਮਲਿਆਂ ਵਿੱਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।

    ਭਾਰਤ ਵਿੱਚ ਮ੍ਰਿਤਕਾਂ ਦੀ ਗਿਣਤੀ 16, 095 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 410 ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਇਸ ਤੋਂ ਬਾਅਦ ਭਾਰਤ ਵਿੱਚ ਪੁਸ਼ਟ ਮਾਮਲਿਆਂ ਦੀ ਸੰਖਿਆ 5,28,859 ਹੋ ਗਈ ਹੈ ਜਿਨ੍ਹਾਂ ਵਿੱਚੋਂ 2,03,051 ਸਰਗਰਮ ਮਾਮਲੇ ਹਨ ਅਤੇ 3,09,713 ਜਣੇ ਠੀਕ ਹੋ ਚੁੱਕੇ ਹਨ।

    ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਪੂਰੀ ਦੁਨੀਆਂ ਵਿੱਚ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਚੌਥੇ ਨੰਬਰ ’ਤੇ ਹੈ।

  8. ਅਮਰੀਕਾ ਪਹੁੰਚਿਆ ਪਹਿਲੇ ਨੰਬਰ ’ਤੇ, ਸਖ਼ਤੀ ਕਈ ਥਾਈਂ ਵਧੀ

    ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਹੁਣ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸ ਦੁਨੀਆਂ ਭਰ ਵਿੱਚ ਸਭ ਤੋਂ ਵਧੇਰੇ ਹਨ। ਇੱਥੇ ਪੁਸ਼ਟ ਮਾਮਲਿਆਂ ਦੀ ਗਿਣਤੀ 25 ਲੱਖ ਨੂੰ ਪਾਰ ਕਰ ਗਈ ਹੈ।

    ਜਦਕਿ ਮਰਨ ਵਾਲਿਆਂ ਦੀ ਗਿਣਤੀ 4 ਲੱਖ 95 ਹਜ਼ਾਰ ਹੈ। ਅਮਰੀਕਾ ਵਿੱਚ ਮਹਾਮਾਰੀ ਨਾਲ ਪੂਰੀ ਦੁਨੀਆਂ ਦੀਆਂ ਇੱਕ ਚੌਥਾਈ ਮੌਤਾਂ ਹੋ ਚੁੱਕੀਆਂ ਹਨ।

    ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਕੇਸਾਂ ਦੇ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ, ਰੂਸ ਅਤੇ ਭਾਰਤ ਦਾ ਨੰਬਰ ਹੈ।

    ਸਭ ਤੋਂ ਵਧੇਰੇ ਮਾਮਲੇ ਫਲੋਰਿਡਾ ਅਤੇ ਟੈਕਸਸ ਵਿੱਚ ਹਨ। ਜਿੱਥੇ ਹਾਲ ਹੀ ਦੇ ਹਫ਼ਤਿਆਂ ਦੌਰਾਨ ਢਿੱਲ ਦਿੱਤੀ ਜਾਣ ਲੱਗੀ ਸੀ।

    ਸ਼ਨੀਵਾਰ ਨੂੰ ਫਲੋਰਿਡਾ ਵਿੱਚ ਲਗਾਤਾਰ ਦੂਜੇ ਦਿਨ 9,000 ਤੋਂ ਵਧੇੇਰੇ ਕੇਸ ਮਿਲੇ। ਉੱਥੇ ਹੁਣ ਤੱਕ 1,32,000 ਲੋਕਾਂ ਨੂੰ ਲਾਗ ਲੱਗ ਚੁੱਕੀ ਹੈ ਤੇ 3,300 ਮੌਤਾਂ ਹੋ ਚੁੱਕੀਆਂ ਹਨ।

    ਇੱਥੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਨੇ ਇਕ ਵਾਰ ਮੁੜ ਤੋਂ ਪਾਬੰਦੀਆਂ ਲਾ ਦਿੱਤੀਆੰ ਸਨ।

  9. ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਾਕ ਦੀ ਪੇਸ਼ਕਸ਼ 'ਤੇ ਭਾਰਤ ਦਾ ਪ੍ਰਤੀਕਰਮ

    ਸ਼ਨਿੱਚਰਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ।

    ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।

    ਭਾਰਤ ਨੇ ਇਹ ਪੇਸ਼ਕਸ਼ ਤਕਨੀਕੀ ਅਤੇ ਕੋਵਿਡ-19 ਨੂੰ ਅਧਾਰ ਬਣਾਉਂਦਿਆਂ ਰੱਦ ਕਰ ਦਿੱਤੀ ਹੈ।

    ਇਸ ਤੋਂ ਬਾਅਦ ਖ਼ਬਰ ਏਜੰਸੀ ਨੇ ਭਾਰਤੀ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਾਕਿਸਤਾਨ 29 ਜੂਨ ਨੂੰ ਕਰਤਾਰਪੁਰ ਲਾਂਘਾ ਮਹਿਜ਼ ਦੋ ਦਿਨਾਂ ਦੇ ਸ਼ੌਰਟ ਨੋਟਿਸ ਨਾਲ ਮੁੜ ਖੋਲ੍ਹਣ ਦੀ ਪੇਸ਼ਕਸ਼ ਕਰ ਕੇ “ਸਦਭਾਵਨਾ ਦੀ ਮਰਿਗ-ਤ੍ਰਿਸ਼ਨਾ” (ਮਿਰਾਜਆਫ਼ਗੁੱਡਵਿਲ) ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ।

    ਏਜੰਸੀ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਕਰਤਾਰਪੁਰ ਲਾਂਘੇ ਬਾਰੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਲਾਂਘੇ ਦੀ ਉਲੰਘਣਾ ਹੈ। ਜਿਸ ਤਹਿਤ ਦੋਵਾਂ ਮੁਲਕਾਂ ਨੇ ਕਿਸੇ ਵੀ ਕਦਮ ਦੀ ਜਾਣਕਾਰੀ ਦੂਜੇ ਪੱਖ ਨੂੰ ਘੱਟੋ-ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ।

    ਭਾਰਤ ਦਾ ਤਰਕ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਕੌਮਾਂਤਰੀ ਆਵਾ-ਜਾਈ ਬੰਦ ਹੈ।

  10. ਪ੍ਰਧਾਨ ਮੰਤਰੀ ਅੱਜ ਕਰਨਗੇ ਦੇਸ਼ ਨਾਲ ‘ਮਨ ਕੀ ਬਾਤ’

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ ਗਿਆਰਾਂ ਵਜੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਨਗੇ।

    ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ ਮਾਮਲੇ 5 ਲੱਖ 8 ਹਜ਼ਾਰ ਤੋਂ ਪਾਰ ਹੋ ਗਏ ਹਨ ਅਤੇ 15 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।

  11. ਪੰਜਾਬ ਵਿੱਚ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ’ਤੇ ਲੱਗੀ ਪਾਬੰਦੀ ਹਟੀ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਨੂੰ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਦੌਰਾਨ ਕੋਰੋਨਾਵਾਇਰਸ ਅਤੇ ਲੌਕਡਾਊਨ ਬਾਰੇ ਅਹਿਮ ਐਲਾਨ ਕੀਤੇ

    ਕੈਪਟਨ ਅਮਰਿੰਦਰ ਨੇ ਆਪਣੇ ਸੋਸ਼ਲ ਮੀਡੀਆ ਲਾਈਵ ਦੌਰਾਨ ਕਿਹਾ ਹੈ ਕਿ ਪੈਟਰੋਲ ਦੇ ਵਧੀਆਂ ਕੀਮਤਾਂ ਕਾਰਨ ਬੱਸਾਂ ਵਿੱਚ ਸੀਮਤ ਸਵਾਰੀਆਂ ਬਿਠਾਉਣ ਦੀ ਪਾਬੰਦੀ ਨੂੰ ਹੁਣ ਉਨ੍ਹਾਂ ਨੇ ਹਟਾ ਲਿਆ ਹੈ।

    ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਢਿੱਲ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਸਾਰੇ ਲੋਕ ਮਾਸਕ ਪਾਉਣ।

    ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਮਹਾਮਾਰੀ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਸਥਿਤੀ ਮੁਤਾਬਕ ਜੇ ਲੋੜ ਪਈ ਤਾਂ ਲੌਕਡਾਊਨ ਮੁੜ ਵੀ ਲੱਗ ਸਕਦਾ ਹੈ।

  12. ਕੋਰੋਨਾਵਾਇਰਸ 'ਤੇ ਦੇਸ ਦੁਨੀਆਂ ਤੋਂ ਤਾਜ਼ਾ ਅਪਡੇਟ

    • ਅਮਰੀਕਾ ਦੇ ਕਈ ਸੂਬਿਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਦੀ ਰਫਤਾਰ ਤੇਜ਼ ਹੋਈ ਹੈ। ਫਲੋਰੀਡਾ ਵਿੱਚ ਤਕਰੀਬਨ ਦਸ ਹਜ਼ਾਰ ਨਵੇਂ ਮਾਮਲੇ ਆਏ, ਐਰੀਜ਼ੋਨਾ ਵਿੱਚ ਸਾਢੇ ਤਿੰਨ ਹਜ਼ਾਰ ਮਾਮਲੇ ਆਏ। ਇਸ ਤੋਂ ਬਾਅਦ ਕਈ ਥਾਈਂ ਮੁੜ ਪਾਬੰਦੀਆਂ ਲਗਾਉਣੀ ਪੈ ਰਹੀਆਂ ਹਨ।
    • ਜੌਨ ਹੌਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿੱਚ ਕੁੱਲ ਕੇਸ 25 ਲੱਖ ਪਾਰ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਸਵਾ ਲੱਖ ਪਾਰ ਕਰ ਗਈ ਹੈ।
    • ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 1.31 ਲੱਖ ਤੋਂ ਪਾਰ ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ 57 ਹਜ਼ਾਰ ਪਾਰ ਕਰ ਗਈ ਹੈ।
    • ਰੂਸ ਵਿੱਚ ਕੋਰੋਨਾਵਾਇਰਸ ਦੇ ਕੁੱਲ ਕੇਸ 6.26 ਲੱਖ ਤੋਂ ਵੱਦ ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 8900 ਤੋਂ ਪਾਰ ਹੋ ਗਈ ਹੈ।
    • ਭਾਰਤ 'ਚ ਕੋਰੋਵਾਇਰਸ ਦੇ ਮਾਮਲੇ 5 ਲੱਖ ਤੋਂ ਪਾਰ ਹੋ ਗਏ ਹਨ ਅਤੇ 15,685 ਮੌਤਾਂ ਹੋਈਆਂ ਹਨ, 2.95 ਲੱਖ ਲੋਕ ਠੀਕ ਵੀ ਹੋਏ ਹਨ। ਸਰਕਾਰ ਨੇ ਕੌਮਾਂਤਰੀ ਯਾਤਰੀ ਜਹਾਜ਼ਾਂ ’ਤੇ ਪਾਬੰਦੀ ਨੂੰ 15 ਜੁਲਾਈ ਤੱਕ ਵਧਾ ਦਿੱਤਾ ਹੈ।
    • ਪੰਜਾਬ ਵਿੱਚ ਮਾਮਲੇ ਪੰਜ ਹਜ਼ਾਰ ਤੋਂ ਪਾਰ ਹੋ ਗਏ ਹਨ ਅਤੇ 128 ਮੌਤਾਂ ਹੋਈਆਂ ਹਨ। ਇਲਾਜ ਤੋਂ ਬਾਅਦ 3300 ਤੋਂ ਵੱਧ ਲੋਕ ਠੀਕ ਵੀ ਹੋਏ ਹਨ।
    • ਪੰਜਾਬ ਵਿੱਚ ਹੁਣ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਉੱਤੇ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਇਹ ਫ਼ੈਸਲਾ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲਿਆ ਗਿਆ ਹੈ।
  13. ਬੀਬੀਸੀ ਪੰਜਾਬੀ ਦੇ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਕੋਰੋਨਾਵਾਇਰਸ ਨਾਲ ਸਬੰਧਿਤ ਦੇਸ ਦੁਨੀਆਂ ਦੀ ਤਾਜ਼ਾ ਅਪਡੇਟ ਇੱਥੇ ਮਿਲੇਗੀ ਅਤੇ ਨਾਲ ਹੀ ਤੁਸੀਂ ਦੇਖ ਸਕੋਗੇ ਦਿਲਚਸਪ ਵੀਡੀਓ ਵੀ। ਤੁਸੀਂ 27 ਜੂਨ, ਦਿਨ ਸ਼ਨੀਵਰ ਦੀਆਂ ਅਪਡੇਟ ਵੀ ਜਾਣਨਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ। ਧੰਨਵਾਦ