You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਵਾਇਰਸ ਵੱਡਾ ਖ਼ਤਰਾ ਨਹੀੰ ਗਲੋਬਲ ਲੀਡਰਸ਼ਿਪ ਨਾ ਹੋਣਾ ਹੈ - WHO

ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਲਾਗ ਦੇ ਮਾਮਲਿਆਂ ਦੀ ਗਿਣਤੀ 89 ਲੱਖ 26 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।

ਲਾਈਵ ਕਵਰੇਜ

  1. ਦੱਖਣੀ ਕੋਰੀਆ 'ਚ ਫਿਰ ਤੋਂ ਸਖ਼ਤ ਪਾਬੰਦੀਆਂ ਹੋਣਗੀਆਂ ਲਾਗੂ

    ਦੱਖਣੀ ਕੋਰੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਡਿਜੀਅਨ ਇਕ ਵਾਰ ਫਿਰ ਆਪਣੀਆਂ ਪਾਬੰਦੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਜਾ ਰਿਹਾ ਹੈ।

    ਇਹ ਫੈਸਲਾ ਕੋਰੋਨਾ ਵਾਇਰਸ ਦੇ ਕਲੱਸਟਰ ਮਾਮਲਿਆਂ ਨੂੰ ਦੇਖਦਿਆਂ ਲਿਆ ਗਿਆ ਹੈ।

    ਦੱਖਣੀ ਕੋਰੀਆ ਵਿੱਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 17 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ ਛੇ ਵਿਦੇਸ਼ ਤੋਂ ਆਏ ਲੋਕਾਂ ਦੇ ਸਨ।

  2. ਬੀਜਿੰਗ ਵਿੱਚ ਲਾਗ ਦੇ ਨਵੇਂ ਮਾਮਲੇ ਘਟੇ

    ਬੀਜਿੰਗ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇੱਕ ਦਿਨ ਪਹਿਲਾਂ, ਇੱਥੇ ਲਾਗ ਦੇ 22 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ।

    ਪਿਛਲੇ ਦਸ ਦਿਨਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਲਾਗ ਦੇ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ।

    ਬੀਜਿੰਗ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿੱਚ ਕਰੀਬ 230 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੇਸ ਜ਼ਿਆਦਾਤਰ ਫ਼ੂਡ ਮਾਰਕੀਟ ਨਾਲ ਸਬੰਧਤ ਸਨ।

  3. ਦੁਨੀਆਂ ਭਰ ਵਿੱਚ ਪਿਛਲੇ 24 ਘੰਟਿਆਂ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ

    ਵਿਸ਼ਵ ਸਿਹਤ ਸੰਗਠਨ ਨੇ ਪਿਛਲੇ 24 ਘੰਟਿਆਂ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਹਨ।

    ਸੰਗਠਨ ਨੇ ਪਿਛਲੇ 24 ਘੰਟਿਆਂ ਵਿੱਚ 1 ਲੱਖ 83 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 60% ਮਾਮਲੇ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਹਨ।

    ਇਹ ਮਾਮਲੇ ਉਸ ਵੇਲੇ ਸਾਹਮਣੇ ਆਏ ਜਦੋਂ ਕਈ ਦੇਸ਼ਾਂ ਵਿੱਚ ਤਾਲਾਬੰਦੀ ਵਿੱਚ ਢਿੱਲ ਦਿੱਤੀ ਜਾ ਰਹੀ ਹੈ।

    ਅਮਰੀਕਾ ਅਜੇ ਵੀ ਦੁਨੀਆਂ ਦਾ ਕੋਰੋਨਾ ਨਾਲ ਸਭ ਤੋਂ ਪ੍ਰਭਾਵਤ ਦੇਸ਼ ਹੈ ਜਿਥੇ ਅਜੇ ਤੱਕ ਕੁਲ 22 ਲੱਖ 79 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ।

    ਬ੍ਰਾਜ਼ੀਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਇੱਥੇ ਕੋਰੋਨਾ ਦੇ ਕਰੀਬ 11 ਲੱਖ ਮਾਮਲੇ ਹਨ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ ਤੋਂ ਵੱਧ ਹੈ।

    ਦੁਨੀਆਂ ਭਰ ਵਿੱਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 89 ਲੱਖ ਤੋਂ ਜ਼ਿਆਦਾ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 4 ਲੱਖ 67 ਹਜ਼ਾਰ ਹੈ।

  4. ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 14,821 ਨਵੇਂ ਕੋਰੋਨਾ ਮਾਮਲੇ

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 14,821 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਕੋਰੋਨਾ ਕਰਕੇ 445 ਮੌਤਾਂ ਵੀ ਦਰਜ ਕੀਤੀਆਂ ਗਈਆਂ।

    ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਕੁੱਲ 4,25,282 ਮਾਮਲੇ ਹਨ, ਜਿਨ੍ਹਾਂ ਵਿੱਚੋਂ 2,37,196 ਲੋਕ ਠੀਕ ਹੋ ਚੁੱਕੇ ਹਨ।

  5. ਚੀਨ ਨੇ ਅਮਰੀਕੀ ਫਰਮ ਤੋਂ ਦਰਆਮਦਗੀ 'ਤੇ ਲਾਈ ਪਾਬੰਦੀ, ਪੈਪਸੀ ਪਲਾਂਟ ਕੀਤਾ ਬੰਦ

    ਚੀਨ ਨੇ ਅਮਰੀਕੀ ਪੋਲਟਰੀ ਉਤਪਾਦਕ ਟਾਇਸਨ ਫੂਡਜ਼ ਦੇ ਆਯਾਤ 'ਤੇ ਪਾਬੰਦੀ ਲੈ ਦਿੱਤੀ ਹੈ। ਇਸਦੇ ਨਾਲ ਹੀ ਬੀਜਿੰਗ ਵਿੱਚ ਇੱਕ ਪੈਪਸੀ ਦੀ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਵੀ ਦੇ ਦਿੱਤੇ ਹਨ।

    ਇਹ ਦੋਵੇਂ ਫ਼ੈਸਲੇ ਬੀਜਿੰਗ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ ਲਏ ਗਏ।

    ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ 22 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਅਤੇ ਇਕ ਥੋਕ ਬਾਜ਼ਾਰ ਨਾਲ ਜੁੜੇ ਮਾਮਲਿਆਂ ਮਗਰੋਂ ਕਈ ਲੋਕਾਂ ਦੇ ਟੈਸਟ ਕੀਤੇ ਗਏ।

    ਜਨਰਲ ਐਡਮਨਿਸਟ੍ਰੇਸ਼ਨ ਆਫ਼ ਕਸਟਮਸ ਨੇ ਕਿਹਾ ਕਿ ਟਾਇਸਨ ਫੂਡਜ਼ ਤੋਂ ਦਰਾਮਦ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀ ਗਈ ਹੈ ਕਿਉਂਕਿ ਅਮਰੀਕਾ ਵਿੱਚ ਇਸ ਕੰਪਨੀ ਦੇ ਇੱਕ ਯੂਨਿਟ ਵਿੱਚ ਵਾਇਰਸ ਮਿਲਿਆ ਹੈ।

    ਉਨ੍ਹਾਂ ਕਿਹਾ ਕਿ ਚੀਨ ਵਿੱਚ ਪਹਿਲਾਂ ਤੋਂ ਹੀ ਮੌਜੂਦ ਇਸ ਫਰਮ ਦੇ ਉਤਪਾਦਾਂ ਨੂੰ ਜ਼ਬਤ ਕਰ ਲਿਆ ਜਾਵੇਗਾ।

    ਇਸ ਤੋਂ ਇਲਾਵਾ ਪੈੱਪਸੀਕੋ ਯੂਨਿਟ ਵਿੱਚ ਕੰਮ ਕਰਨ ਵਾਲੇ 87 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

  6. ਜਰਮਨੀ ਵਿੱਚ ਲੋਕਾਂ ਨੂੰ ਕੁਆਰੰਟੀਨ 'ਚ ਰੱਖਣ ਲਈ ਪਹੁੰਚੀ ਪੁਲਿਸ

    ਜਰਮਨੀ ਦੇ ਗੋਟੀਨਜੇਨ ਸ਼ਹਿਰ ਵਿੱਚ ਲੋਕਾਂ ਨੂੰ ਕੁਆਰੰਟੀਨ ਵਿੱਚ ਰੱਖਣ ਲਈ ਪੁਲਿਸ ਪਹੁੰਚੀ।

    ਇਸ ਸ਼ਹਿਰ ਦੇ ਇੱਕ ਟਾਵਰ ਵਿੱਚ 700 ਲੋਕਾਂ ਨੂੰ ਕੁਆਰੰਟੀਨ ਕੀਤਾ ਹੋਇਆ ਸੀ ਤੇ ਉਨ੍ਹਾਂ ਵਿੱਚੋਂ 200 ਲੋਕਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ।

    ਪੁਲਿਸ ਅਧਿਕਾਰੀਆਂ ਮੁਤਾਬਕ ਸਥਾਨਕ ਲੋਕਾਂ ਨੇ ਉਨ੍ਹਾਂ 'ਤੇ ਪਟਾਖਿਆਂ, ਬੋਤਲਾਂ ਤੇ ਮੈਟਲ ਦੇ ਡੰਡਿਆਂ ਨਾਲ ਹਮਲਾ ਕੀਤਾ।

    ਇਨ੍ਹਾਂ ਲੋਕਾਂ ਨੂੰ ਵੀਰਵਾਰ ਨੂੰ ਕੁਆਰੰਟੀਨ ਕੀਤਾ ਗਿਆ ਸੀ ਜਦੋਂ ਟਾਵਰ ਵਿੱਚ ਰਹਿੰਦੇ 2 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ।

    ਸ਼ੁੱਕਰਵਾਰ ਤੱਕ ਇੱਥੇ 120 ਲੋਕਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ।

  7. ਵੇਲਸ ਵਿੱਚ ਵਿਆਹਾਂ 'ਤੇ ਲੱਗਿਆ ਬੈਨ ਹੱਟਿਆ

    ਸੋਮਵਾਰ ਤੋਂ ਵੇਲਸ ਵਿੱਚ ਵਿਆਹਾਂ 'ਤੇ ਲੱਗਿਆ ਬੈਨ ਹੱਟਾ ਦਿੱਤਾ ਗਿਆ ਹੈ। ਪਰ ਅਜੇ ਵੀ ਕੋਈ ਵੀ ਵਿਆਹ ਵੱਡੇ ਪੱਧਰ 'ਤੇ ਨਹੀਂ ਹੋਣਗੇ।

    ਵੇਲਸ ਦੀ ਸਰਕਾਰ ਵਲੋਂ ਇਨ੍ਹਾਂ ਨਵੀਆਂ ਹਦਾਇਤਾਂ ਦਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਇਸ ਦੇ ਬਾਵਜੂਦ ਸਮਾਜਿਕ ਇੱਕਠ ਅਤੇ ਸਮਾਜਿਕ ਦੂਰੀ ਦੇ ਨਿਯਮ ਜਾਰੀ ਰਹਿਣਗੇ।

    ਵਿਆਹਾਂ ਵਿੱਚ ਆਉਣ ਵਾਲੇ ਲੋਕ ਕੀਤੋ ਵੀ ਆ ਸਕਦੇ ਹਨ ਪਰ ਸਮਾਰੋਹ ਛੋਟੇ ਪੱਧਰ 'ਤੇ ਹੀ ਕੀਤਾ ਜਾਵੇਗਾ।

  8. ਇਸ ਗੋਲਫਰ ਨੇ ਆਪਣੇ ਇਨਾਮ ਦੇ 2 ਲੱਖ ਡਾਲਰ ਕੋਰੋਨਾ ਲਈ ਕੀਤੇ ਦਾਨ

    ਦੱਖਣੀ ਕੋਰੀਆ ਦੀ ਗੋਲਫਰ ਰਿਉ ਸੋ-ਇਨ ਨੇ 2 ਲੱਖ ਡਾਲਰ ਦਾ ਇਨਾਮ ਕੋਰੋਨਾਵਾਇਰਸ ਲਈ ਦਾਨ ਕਰ ਦਿੱਤਾ।

    ਰਿਉ ਨੇ ਕੋਰੀਅਨ ਓਪਨ ਟੂਰਨਾਮੈਂਟ ਜਿੱਤਿਆ ਸੀ। ਉਹ ਪਹਿਲਾਂ ਵੀ ਆਪਣੇ ਇਨਾਮ ਵਿੱਚ ਜਿੱਤੇ ਪੈਸੇ ਦਾਨ ਕਰ ਚੁੱਕੀ ਹੈ।

    ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ, "ਮੈਂ ਐਵਾਰਡ ਲੈਣ ਤੋਂ ਪਹਿਲਾਂ ਆਪਣੀ ਮਾਂ ਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਇਨਾਮ ਦੇ ਪੈਸੇ ਕੋਰੋਨਾ ਲਈ ਦਾਨ ਕਰਨ ਦਾ ਐਲਾਨ ਕਰ ਵਾਲੀ ਹਾਂ। ਇਹ ਸੁਣ ਕੇ ਮੇਰੀ ਮਾਂ ਬਹੁਤ ਖੁਸ਼ ਹੋਈ।"

  9. ਕੋਰੋਨਾਵਾਇਰਸ: ਬ੍ਰਾਜ਼ੀਲ ਬਣਿਆ 50,000 ਮੌਤਾਂ ਦਾ ਅੰਕੜਾ ਪਾਰ ਕਰਨ ਵਾਲਾ ਦੂਜਾ ਦੇਸ਼

    ਕੋਰੋਨਾ ਵਾਇਰਸ ਕਰਕੇ ਹੋਣ ਵਾਲੀਆਂ ਮੌਤਾਂ ਵਿੱਚ 50,000 ਦਾ ਅੰਕੜਾ ਪਾਰ ਕਰਨ ਵਾਲਾ ਬ੍ਰਾਜ਼ੀਲ ਦੂਜਾ ਦੇਸ ਬਣ ਗਿਆ ਹੈ। ਬ੍ਰਾਜ਼ੀਲ ਤੋਂ ਪਹਿਲਾਂ ਇਹ ਅੰਕੜਾ ਅਮਰੀਕਾ ਪਾਰ ਕਰ ਚੁੱਕਿਆ ਹੈ।

    ਮੌਤਾਂ ਦਾ ਇਹ ਅੰਕੜਾ ਬ੍ਰਾਜ਼ੀਲ ਵਿੱਚ 10 ਲੱਖ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਦਰਜ ਹੋਇਆ।

    ਪਰ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਮਾਮਲਿਆਂ ਦਾ ਦੱਸਿਆ ਜਾ ਰਿਹਾ ਇਹ ਅੰਕੜਾ ਅਸਲ ਨਾਲੋਂ ਘੱਟ ਹੈ।

    ਉਨ੍ਹਾਂ ਅਨੁਸਾਰ ਦੇਸ਼ ਵਿੱਚ ਕੋਰੋਨਾ ਵਾਇਰਸ ਆਪਣੇ ਸਿਖਰ 'ਤੇ ਹੈ ਅਤੇ ਕੋਰੋਨਾ ਟੈਸਟਾਂ ਦੀ ਕਮੀ ਹੈ।

    ਇਸ ਕਾਰਨ ਦੇਸ਼ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ।

  10. ਦੁਬਈ ਨਾਗਰਿਕਾਂ ਸਮੇਤ ਸੈਲਾਨੀਆਂ ਲਈ ਖੋਲ੍ਹਿਆ ਗਿਆ

    ਦੁਬਈ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਸੋਮਵਾਰ ਤੋਂ ਦੇਸ ਵਿੱਚ ਨਾਗਰਿਕ ਆ ਸਕਣਗੇ ਕਿਉਂਕਿ ਹੁਣ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਗਈ ਹੈ।

    ਇਸ ਸਬੰਧੀ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਅਨੁਸਾਰ ਬਾਹਰੋ ਆਉਣ ਵਾਲੇ ਲੋਕਾਂ ਦਾ ਏਅਰਪੋਰਟ 'ਤੇ ਟੈਸਟ ਕੀਤਾ ਜਾਵੇਗਾ। ਕੋਰੋਨਾ ਨਾਲ ਪੀੜਤ ਲੋਕਾਂ ਨੂੰ 14 ਦਿਨ ਕੁਆਰੰਟੀਨ ਹੋਣਾ ਲਾਜ਼ਮੀ ਹੋਵੇਗਾ।

    ਇਸੇ ਤਰ੍ਹਾਂ ਦੁਬਈ ਸੈਲਾਨੀਆਂ ਲਈ ਵੀ 7 ਜੁਲਾਈ ਤੋਂ ਖੋਲ੍ਹ ਦਿੱਤਾ ਜਾਵੇਗਾ। ਆਉਣ ਵਾਲੇ ਸੈਲਾਨੀ ਆਪਣਾ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣਗੇ ਜਾਂ ਉਨ੍ਹਾਂ ਦਾ ਟੈਸਟ ਕੀਤਾ ਜਾਵੇਗਾ। ਲਾਗ ਨਾਲ ਪੀੜਤ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਪਵੇਗਾ।

  11. ਕੋਰੋਨਾਵਾਇਰਸ: UN ਨੇ ਅਫ਼ਗਾਨਿਸਤਾਨ ਦੇ ਸਿਹਤ ਕਰਮੀਆਂ 'ਤੇ ਹੋ ਰਹੇ ਹਮਲਿਆਂ ਦੀ ਕੀਤੀ ਨਿਖੇਧੀ

    ਸੰਯਕੁਤ ਰਾਸ਼ਟਰ ਨੇ ਕੋਰੋਨਾਵਾਇਰਸ ਦੌਰਾਨ ਅਫ਼ਗਾਨਿਸਤਾਨ ਦੇ ਸਿਹਤ ਕਰਮੀਆਂ ਤੇ ਸਿਹਤ ਸੁਵਿਧਾਵਾਂ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ।

    ਅਫ਼ਗਾਨਿਸਤਾਨ ਲਈ ਤਾਇਨਾਤ ਸੰਯੁਕਤ ਰਾਸ਼ਟਰ ਦੇ ਇੱਕ ਦੂਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਫ਼ਗਾਨ ਫੋਰਸ ਤੇ ਤਾਲਿਬਾਨ ਇਨ੍ਹਾਂ ਹਿੰਸਕ ਗਤੀਵਿਧਿਆਂ ਲਈ ਜ਼ਿੰਮੇਵਾਰ ਹਨ ਜਿਸ ਕਰਕੇ ਸਿਹਤ ਸੁਵਿਧਾਵਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ।

    ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾਵਾਇਰਸ ਦੇ ਦੌਰਾਨ ਅਫ਼ਗਾਨਿਸਤਾਨ ਵਿੱਚ ਹੋਣ ਵਾਲੇ ਹਿੰਸਾ ਦੀ ਰਿਪੋਰਟ ਵੀ ਪੇਸ਼ ਕੀਤੀ।

    ਇੱਕ ਘਟਨਾ ਵਿੱਚ ਮੈਟਰਨਿਟੀ ਯੂਨਿਟ 'ਤੇ ਹਮਲਾ ਕੀਤਾ ਗਿਆ ਜਿਸ ਮਗਰੋਂ 24 ਲੋਕਾਂ ਦੋ ਮੌਤ ਹੋਈ।

    ਰਿਪੋਰਟ ਅਨੁਸਾਰ 11 ਮਾਰਚ ਤੋਂ ਲੈ ਕੇ 23 ਮਈ ਤੱਕ ਦੇਸ ਵਿੱਚ 15 ਹਮਲੇ ਹੋਏ ਹਨ।

  12. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਜਰਮਨੀ ਦੀ ਇੱਕ ਮੀਟ ਫੈਕਟਰੀ ਵਿੱਚੋਂ ਕੋਰੋਨਾਵਾਇਰਸ ਦੇ 1300 ਨਵੇਂ ਮਾਮਲੇ ਸਾਹਮਣੇ ਆਏ ਹਨ।

    ਸੰਯੁਕਤ ਰਾਸ਼ਟਰ ਨੇ ਅਫ਼ਗਾਨਿਸਤਾਨ ਵਿੱਚ ਕੋਰੋਨਾਵਾਇਰਸ ਵੇਲੇ ਸਿਹਤ ਕਰਮੀਆਂ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ।

    ਚੀਨ ਨੇ ਇੱਕ ਅਮਰੀਕੀ ਫੂਡ ਕੰਪਨੀ ਤੋਂ ਦਰਆਮਦਗੀ ਕਰਨ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਪੈਪਸੀ ਦਾ ਪਲਾਂਟ ਵੀ ਬੰਦ ਕਰ ਦਿੱਤਾ ਹੈ।

    ਦੁਬਈ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਪਰਤਨ ਤੇ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ।

    ਇਰਾਨ ਦੇ ਸਾਬਕਾ ਫੁੱਟਬਾਲ ਖਿਡਾਰੀ ਅਹਿਮਦ ਰਾਧੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਆਪਣੇ ਦੇਸ ਵਿੱਚ ਕਾਫੀ ਮਸ਼ਹੂਰ ਖਿਡਾਰੀ ਰਹਿ ਚੁੱਕੇ ਸਨ।

    ਜਰਮਨੀ ਵਿੱਚ ਇੱਕ ਮੀਟ ਫੈਕਟਰੀ ਵਿੱਚੋੰ 1300 ਨਵੇਂ ਮਾਮਲੇ ਸਾਹਮਣੇ ਆਏ ਹਨ ਪਰ ਫਿਰ ਵੀ ਜਰਮਨੀ ਨੇ ਕਿਸੇ ਵੀ ਲੌਕਡਾਊਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।

    ਸਪੇਨ ਵਿੱਚ ਪਾਬੰਦੀਆਂ ਹਟਣ ਮਗਰੋਂ ਸੈਲਾਨੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ।

    ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਆ ਰਿਹਾ ਹੈ।

  13. ਕੋਰੋਨਾਵਾਇਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਅਸੀਂ ਇਸ ਪੇਜ ਰਾਹੀਂ ਤੁਹਾਨੂੰ ਕੋਰੋਨਾਵਾਇਰਸ ਬਾਰੇ ਹਰ ਅਹਿਮ ਅਪਡੇਟ ਦੇਵਾਂਗੇ। ਐਤਵਾਰ ਤੱਕ ਦੇ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।