You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਘਰਾਂ ਨੂੰ ਪਰਤੇ ਪਰਵਾਸੀ ਮਜ਼ਦੂਰਾਂ ਨੂੰ ਮਿਲੇਗਾ 125 ਦਿਨ ਰੁਜ਼ਗਾਰ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 82 ਲੱਖ ਤੋਂ ਵੱਧ ਕੇਸ ਤੇ 4.45 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ।

ਲਾਈਵ ਕਵਰੇਜ

  1. ਪੇਰੂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਇਟਲੀ ਤੋਂ ਵੀ ਵੱਧ

    ਪੇਰੂ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਹੁਣ ਇਟਲੀ ਤੋਂ ਵੀ ਵੱਧ ਹੋ ਗਏ ਹਨ।

    ਇੱਥੇ ਹੁਣ 2 ਲੱਖ 40, 908 ਕੇਸ ਹੋ ਗਏ ਹਨ। ਇੱਕ ਸਮੇਂ ਸਾਰੇ ਯੂਰਪ ਵਿੱਚ ਕੋਰੋਨਾ ਦੀ ਲਾਗ ਨਾਲ ਸਭ ਤੋਂ ਵੱਧ ਇਟਲੀ ਹੀ ਪ੍ਰਭਾਵਿਤ ਹੋਇਆ ਸੀ।

    ਲਾਗ ਦੇ ਮਾਮਲੇ ਵਿੱਚ ਪੇਰੂ ਬ੍ਰਾਜ਼ੀਲ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਹੁਣ ਤੱਕ ਇੱਥੇ 7257 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਬ੍ਰਾਜ਼ੀਲ ਵਿੱਚ 45000 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਲਾਤੀਨੀ ਅਮਰੀਕਾ ਇਸ ਸਮੇਂ ਇਸ ਮਹਾਂਮਾਰੀ ਦਾ ਕੇਂਦਰ ਹੈ ਜਿੱਥੇ 40 ਲੱਖ ਤੋਂ ਵੱਧ ਲੋਕ ਲਾਗ ਦੇ ਸ਼ਿਕਾਰ ਹਨ। ਪੇਰੂ ਨੇ ਦੇਸ ਵਿੱਚ ਲੌਕਡਾਊਨ ਨੂੰ 30 ਜੂਨ ਤੱਕ ਵਧਾ ਦਿੱਤਾ ਹੈ।

  2. ਦਿੱਲੀ ਵਿੱਚ ਕੋਰੋਨਾ ਟੈਸਟ ਹੁਣ 2400 ਰੁਪਏ ਵਿੱਚ

    ਦਿੱਲੀ ਸਰਕਾਰ ਨੇ ਕੋਰੋਨਾ ਟੈਸਟ ਦੀ ਫੀਸ 2400 ਰੁਪਏ ਤੈਅ ਕੀਤੀ ਹੈ। ਹੁਣ ਤੱਕ ਇਹ ਟੈਸਟ 4500 ਰੁਪਏ ਵਿੱਚ ਹੁੰਦਾ ਸੀ।

    ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ।

    ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ ਕੁਲ 47,000 ਤੋਂ ਵੱਧ ਮਾਮਲੇ ਹਨ। ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਬਾਅਦ ਲਾਗ ਦੇ ਮਾਮਲੇ ਵਿੱਚ ਦਿੱਲੀ ਤੀਜੇ ਨੰਬਰ ਉੱਤੇ ਹੈ।

  3. ਸੁਪਰੀਮ ਕੋਰਟ ਨੇ ਜਗਨਨਾਥ ਪੁਰੀ ਮੰਦਿਰ ਦੀ ਰੱਥ ਯਾਤਰਾ 'ਤੇ ਰੋਕ ਲਾਈ

    ਸੁਪਰੀਮ ਕੋਰਟ ਨੇ ਪੁਰੀ ਦੇ ਜਗਨਨਾਥ ਮੰਦਿਰ ਵਿੱਚ ਸਾਲਾਨਾ ਰੱਥ ਯਾਤਰਾ 'ਤੇ 23 ਜੂਨ ਤੱਕ ਪਾਬੰਦੀ ਲਾ ਦਿੱਤੀ ਹੈ

    ਚੀਫ਼ ਜਸਟਿਸ ਆਫ਼ ਇੰਡੀਆ ਨੇ ਕਿਹਾ, “ਜਗਨਨਾਥ ਸਾਨੂੰ ਮੁਆਫ਼ ਨਹੀਂ ਕਰਨਗੇ ਜੇ ਇਸ ਦੀ ਇਜਾਜ਼ਤ ਦੇ ਦਿੱਤੀ।”

    ਸਰਬਉੱਚ ਅਦਾਲਤ ਨੇ ਕਿਹਾ ਕਿ ਮਹਾਂਮਾਰੀ ਵੇਲੇ ਅਜਿਹੇ ਇਕੱਠ ਨਹੀਂ ਕੀਤੇ ਦਾ ਸਕਦੇ।

    ਨਾਗਰਿਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਇਸ ਸਾਲ ਰੱਥ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

  4. ਐਮੇਜ਼ਨ ਰੇਨ ਫੋਰੈਸਟ ਦੇ ਸਵਦੇਸ਼ੀ ਰਾਖੇ ਦੀ ਕੋਰੋਨਾ ਕਾਰਨ ਮੌਤ

    ਪਾਲੀਨਹੋ ਪੈਕਨ, ਜੋ ਕਿ ਐਮੇਜ਼ਨ ਰੇਨ ਫੋਰੈਸਟ ਦੇ ਸਵਦੇਸ਼ੀ ਰਾਖੇ ਵਜੋਂ ਜਾਣੇ ਜਾਂਦੇ ਹਨ,ਦੀ ਕੋਰੋਨਾਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ ਹੈ।

    ਪਾਲਿਨਹੋ ਲਗਭਗ 65 ਸਾਲ ਦੇ ਸਨ ਅਤੇ ਕਾਆਪੋ ਭਾਈਚਾਰੇ ਦੇ ਮੁਖੀ ਸਨ।

    ਉਹ 1980 ਵਿੱਚ ਉਦੋਂ ਕੌਮਾਂਤਰੀ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਨੇ ਬ੍ਰਾਜ਼ੀਲ ਦੇ ਇੱਕ ਹਾਈਡਰੋ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ। ਇਹ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਡੈਮ ਹੈ।

    1998 ਵਿੱਚ ਉਨ੍ਹਾਂ ਨੂੰ ਇੱਕ 18 ਸਾਲਾ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਦੀ ਪਤਨੀ ਨੂੰ ਪੀੜਤਾ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ।

    ਹਾਲਾਂਕਿ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਇਹ ਸਾਰੇ ਇਲਜਾਮ ਉਨ੍ਹਾਂ ਨੂੰ ਫਸਾਉਣ ਅਤੇ ਸ਼ਾਂਤ ਕਰਨ ਦੀਆਂ ਸਾਜ਼ਿਸ਼ਾਂ ਹਨ।

  5. ਪਠਲਾਵਾ ਪਿੰਡ ਦੇ ਸਰਪੰਚ ਕੋਰੋਨਾਵਾਇਰਸ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਦੀ ਅਪੀਲ ਕਰ ਰਹੇ ਹਨ

    ਸ਼ਹੀਦ ਭਗਤ ਸਿੰਘ ਨਗਰ ਦੇ ਪਠਲਾਵਾ ਪਿੰਡ ਦੇ ਸਰਪੰਚ ਹਰਪਾਲ ਸਿੰਘ ਸਰਪੰਚਾਂ ਵੱਲੋਂ ਘਰ-ਘਰ ਜਾਗਰੂਕ ਕਰਨ ਬਾਰੇ ਸ਼ਲਾਘਾ ਕਰ ਰਹੇ ਹਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਅਪੀਲ ਕਰ ਰਹੇ ਹਨ।

    ਇਸੇ ਪਿੰਡ ਵਿੱਚ ਕੋਵਿਡ-19 ਕਾਰਨ ਪਹਿਲੀ ਮੌਤ ਹੋਈ ਸੀ। ਹਰਪਾਲ ਸਿੰਘ ਨੂੰ ਵੀ ਕੋਰੋਨਾਵਾਇਰਸ ਦੀ ਲਾਗ ਲੱਗੀ ਸੀ ਪਰ ਹੁਣ ਉਹ ਤੰਦਰੁਸਤ ਹੋ ਗਏ ਹਨ।

    ਦਰਅਸਲ ਪੰਜਾਬ ਸਰਕਾਰ ਨੇ ਕੱਲ੍ਹ ਹੀ ਮਿਸ਼ਨ ਫਤਹਿ ਤਹਿਤ ਸਰਪੰਚਾਂ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕਰਨ ਦੀ ਮੁਹਿਮ ਸ਼ੁਰੂ ਕੀਤੀ ਹੈ।

  6. ਕੋਰੋਨਾਵਾਇਰਸ ਅਪਡੇਟ: ਅਮਿਤ ਸ਼ਾਹ ਦੀ ਦਿੱਲੀ-NCR ਅਧਿਕਾਰੀਆਂ ਨਾਲ ਬੈਠਕ

    ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ-ਐੱਨਸੀਆਰ ਦੇ ਅਧਿਕਾਰੀਆਂ ਨਾਲ ਕੋਵਿਡ-19 ਦੇ ਹਾਲਾਤ ਬਾਰੇ ਬੈਠਕ ਕਰ ਰਹੇ ਹਨ।

    ਇਸ ਬੈਠਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹਨ।

    ਸਿਹਤ ਮੰਤਰਾਲੇ ਮੁਤਾਬਕ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 47,102 ਹਨ ਜਦੋਂਕਿ ਹੁਣ ਤੱਕ 1904 ਮੌਤਾਂ ਹੋ ਚੁੱਕੀਆਂ ਹਨ।

  7. ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ

    ਮਹਾਂਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਦੇ ਨਾਲ-ਨਾਲ ਇਸ ਕੋਰੋਨਾਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੀ ਕੋਰੋਨਾ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ।

    ਕੋਰੋਨਾਵਾਇਰਸ ਫੇਫ਼ੜਿਆਂ ਨੂੰ ਇਨਫ਼ੈਕਸ਼ਨ ਕਰਦਾ ਹੈ। ਸੁੱਕੀ ਖੰਘ ਤੇ ਬੁਖ਼ਾਰ ਇਸ ਦੇ ਦੋ ਮੁੱਖ ਲੱਛਣ ਹਨ। ਇਸ ਨਾਲ ਸਾਹ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  8. ਸਿਹਤ ਮੰਤਰਾਲੇ ਦੀ ਅਪੀਲ ਦੋ ਗਜ ਦੀ ਦੂਰੀ ਅਹਿਮ

    ਜਿਵੇਂ ਜਿਵੇਂ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਲਗਾਤਾਰ 2 ਗਜ ਦੀ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।

  9. ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

    ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ।

    ਹਮੇਸ਼ਾਂ ਸਾਫ਼-ਸੁਥਰੇ ਰਹੋ

    • ਖਾਣਾ ਬਣਾਉਣ ਤੋਂ ਪਹਿਲਾਂ ਤੇ ਪਕਾਉਂਦੇ ਹੋਏ ਵਾਰ-ਵਾਰ ਆਪਣੇ ਹੱਥ ਧੋਵੋ।
    • ਟਾਇਲਟ ਜਾਣ ਤੋਂ ਬਾਅਦ ਹੱਥ ਸਾਫ਼ ਕਰੋ।
    • ਭੋਜਨ ਬਣਾਉਣ ਦੀ ਥਾਂ, ਚੁੱਲ੍ਹਾ ਅਤੇ ਭਾਂਡੇ ਚੰਗੀ ਤਰ੍ਹਾਂ ਧੋ ਲਓ ਅਤੇ ਉਨ੍ਹਾਂ ਨੂੰ ਸੈਨੇਟਾਇਜ਼ ਕਰੋ।
    • ਰਸੋਈ ਨੂੰ ਕੀੜਿਆਂ ਅਤੇ ਹੋਰ ਜਾਨਵਰਾਂ ਤੋਂ ਬਚਾਓ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  10. India China Border: ਉਹ ਲੜਾਈ ਜਦੋਂ ਭਾਰਤ ਚੀਨ 'ਤੇ ਭਾਰੀ ਪਿਆ

    ਚੀਨ ਦੇ ਸਰਕਾਰੀ ਮੀਡੀਆ ਨੇ ਕਦੇ ਵੀ ਪੰਜ ਸਾਲ ਬਾਅਦ 1967 ਵਿੱਚ ਨਾਥੂ ਲਾ ਵਿੱਚ ਹੋਈ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ ਹੈ ਜਿਸ ਵਿੱਚ ਉਸਦੇ 300 ਤੋਂ ਜ਼ਿਆਦਾ ਫੌਜੀ ਮਾਰੇ ਗਏ ਸਨ ਜਦੋਂਕਿ ਭਾਰਤ ਦੇ 65 ਜਵਾਨਾਂ ਦੀ ਮੌਤ ਹੋਈ ਸੀ।

    1962 ਦੀ ਲੜਾਈ ਤੋਂ ਬਾਅਦ ਭਾਰਤ ਅਤੇ ਚੀਨ ਦੋਵਾਂ ਨੇ ਇੱਕ ਦੂਜੇ ਵੱਲੋਂ ਆਪਣੇ ਰਾਜਦੂਤ ਵਾਪਸ ਬੁਲਾ ਲਏ ਸਨ। ਦੋਹਾਂ ਰਾਜਧਾਨੀਆਂ ਵਿੱਚ ਇੱਕ ਛੋਟਾ ਮਿਸ਼ਨ ਜ਼ਰੂਰ ਕੰਮ ਕਰ ਰਿਹਾ ਸੀ।

    ਅਚਾਨਕ ਚੀਨ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਮਿਸ਼ਨ ਵਿੱਚ ਕੰਮ ਕਰ ਰਹੇ ਦੋ ਮੁਲਾਜ਼ਮ ਭਾਰਤ ਲਈ ਜਾਸੂਸੀ ਕਰ ਰਹੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  11. ਕੋਰੋਨਾਵਾਇਰਸ ਅਪਡੇਟ: ਭਾਰਤ ਵਿੱਚ ਕੁੱਲ ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 3 ਲੱਖ 66 ਹਜ਼ਾਰ 946 ਹੋ ਗਏ ਹਨ।

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 12 ਹਜ਼ਾਰ 881 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਇੱਕ ਦਿਨ ਵਿੱਚ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਆਏ।

    ਸਿਹਤ ਮੰਤਰਾਲੇ ਮੁਤਾਬਕ 1 ਲੱਖ 94 ਹਜ਼ਾਰ 324 ਲੋਕ ਇਲਾਜ ਤੋਂਂ ਬਾਅਦ ਠੀਕ ਹੋ ਗਏ ਹਨ ਜਦੋਂ 12, 237 ਮੌਤਾਂ ਹੋ ਚੁੱਕੀਆਂ ਹਨ।

    ਹਾਲਾਂਕਿ ਭਾਰਤ ਵਿੱਚ 1 ਲੱਖ 60 ਹਜ਼ਾਰ 384 ਐਕਟਿਵ ਕੇਸ ਹਨ।

  12. ਵਿਦੇਸ਼ ਤੋਂ ਚੰਡੀਗੜ੍ਹ ਪਹੁੰਚੇ 116 ਭਾਰਤੀ

    ਵੰਦੇ ਭਾਰਤ ਮਿਸ਼ਨ ਦੇ ਤਹਿਤ 116 ਭਾਰਤੀ ਓਕਲੈਂਡ ਅਤੇ ਨਿਊਜ਼ੀਲੈਂਡ ਤੋਂ ਵਾਪਸ ਲਿਆਂਦੇ ਗਏ ਹਨ।

    ਇਹ ਯਾਤਰੀ ਚੰਡੀਗੜ੍ਹ ਹਵਾਈ ਅੱਡੇ 'ਤੇ ਕੱਲ੍ਹ ਪਹੁੰਚੇ ਸਨ।

  13. 'ਮੁੜ ਲੌਕਡਾਊਨ ਦੀ ਖ਼ਬਰ ਫੇਕ'

    ਸੋਸ਼ਲ ਮੀਡੀਆ 'ਤੇ ਕਈ ਮੈਸੇਜ ਸਾਂਝੇ ਕੀਤੇ ਜਾ ਰਹੇ ਹਨ ਕਿ 18 ਜੂਨ ਨੂੰ ਇੱਕ ਵਾਰ ਫਿਰ ਤੋਂ ਸਖ਼ਤ ਲੌਕਡਾਊਨ ਲੱਗ ਸਕਦਾ ਹੈ।

    ਪਰ ਭਾਰਤ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਫੇਕ ਨਿਊਜ਼ ਹੈ। ਫਿਰ ਤੋਂ ਲੌਕਡਾਊਨ ਸਖ਼ਤ ਨਹੀਂ ਹੋਣ ਵਾਲਾ।

  14. WHO ਨੇ ਹਾਈਡਰੋਕਸੀਕਲੋਰੋਕਵਿਨ ਦਾ ਟ੍ਰਾਇਲ ਕੀਤਾ ਬੰਦ

    ਵਿਸ਼ਵ ਸਿਹਤ ਸੰਗਠਨ ਨੇ ਹਾਈਡਰੋਕਸੀਕਲੋਰੋਕਵਿਨ ਦਾ ਟ੍ਰਾਇਲ ਬੰਦ ਕਰ ਦਿੱਤਾ ਹੈ। ਮਲੇਰੀਆ ਦੀ ਇਸ ਦਵਾਈ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ 'ਗੇਮ ਚੇਂਜਰ' ਕਿਹਾ ਸੀ।

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੁਝ ਦੇਸਾਂ ਵਿੱਚ ਇਸ ਦਵਾਈ ਦੀ ਟੈਸਟਿੰਗ ਇਸ ਲਈ ਰੋਕ ਦਿੱਤੀ ਗਈ ਕਿਉਂਕਿ ਇਸ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਸੀ।

    ਦੋ ਦਿਨ ਪਹਿਲਾਂ ਅਮਰੀਕਾ ਨੇ ਇਸ ਦਵਾਈ ਦਾ ਇਸਤੇਮਾਲ ਬੰਦ ਕਰ ਦਿੱਤਾ ਸੀ।

  15. ਕੋਰੋਨਾਵਾਇਰਸ: ਦੇਸ ਤੇ ਦੁਨੀਆਂ ਦੀਆਂ ਅਪਡੇਟਸ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 82 ਲੱਖ ਮਾਮਲੇ ਸਾਹਮਣੇ ਆਏ ਹਨ। ਜੌਨ ਹੌਪਕਿੰਸ ਯੂਨੀਵਰਸਿਟੀ ਮੁਤਾਬਕ, ਕੋਰੋਨਾਵਾਇਰਸ ਨਾਲ 4.45 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

    ਦੁਨੀਆਂ ਭਰ ਵਿੱਚ ਹੋਈਆਂ ਮੌਤਾਂ ਵਿੱਚ ਚਾਰ ਵਿੱਚੋਂ ਇੱਕ ਮਰਨ ਵਾਲਾ ਅਮਰੀਕੀ ਹੈ।

    ਅਮਰੀਕਾ ਦੇ ਇੱਕ ਸਿਹਤ ਮਾਹਰ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਇਹ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਹੈ ਤੇ ਦੂਜੀ ਅਜੇ ਬਾਕੀ ਹੈ। ਲੌਕਡਾਊਨ ਵਿੱਚ ਦਿੱਤੀ ਜਾ ਰਹੀ ਢਿੱਲ ਤੋਂ ਬਾਅਦ ਛੇ ਅਮਰੀਕੀ ਸੂਬਿਆਂ ਵਿੱਚ ਕੇਸ ਲਗਾਤਾਰ ਵੱਧ ਰਹੇ ਹਨ।

    ਕੋਰੋਨਾਵਾਇਰਸ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਜਰਮਨੀ ਵਿੱਚ ਅਕਤੂਬਰ ਤੱਕ ਵੱਢੇ ਸਮਾਗਮਾਂ 'ਤੇ ਬੈਨ ਲਗਾ ਦਿੱਤਾ ਗਿਆ ਹੈ।

    ਬ੍ਰਿਟੇਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ 3 ਲੱਖ ਪਾਰ ਕਰ ਗਏ ਹਨ। ਹੁਣ ਤੱਕ ਇੱਥੇ 42,238 ਲੋਕਾਂ ਦੀ ਮੌਤ ਹੋਈ ਹੈ।

    ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

  16. ਸਾਡੇ ਲਾਈਵ ਪੇਜ ਤੇ ਤੁਹਾਡੇ ਸਵਾਗਤ ਹੈ। ਅਸੀਂ ਤੁਹਾਡੇ ਨਾਲ ਦੇਸ 'ਤੇ ਦੁਨੀਆਂ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕਰਾਂਗੇ। 17 ਜੂਨ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ।