ਕੋਰੋਨਾਵਾਇਰਸ ਉੱਤੇ ਮੌਸਮ ਦੇ ਪ੍ਰਭਾਵ ਬਾਰੇ ਕੀ ਕਹਿੰਦਾ WHO
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਗੱਲ ਦੇ ਬੇਹੱਦ ਘੱਟ ਸਬੂਤ ਹਨ ਕਿ ਮੌਸਮ ਬਦਲਣ ‘ਤੇ ਕੋਰੋਨਾਵਾਇਰਸ ਲਾਗ ਦੇ ਫੈਲਾਅ ਉੱਤੇ ਅਸਰ ਪਏਗਾ।
WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਯਾਨ ਨੇ ਕਿਹਾ, ‘’ਅਸੀਂ ਇਸ ਉਮੀਦ ਉੱਤੇ ਫਿਲਹਾਲ ਭਰੋਸਾ ਕਰਕੇ ਨਹੀਂ ਬੈਠ ਸਕਦੇ ਕਿ ਮੌਸਮ ਤਬਦੀਲੀ ਜਾਂ ਫਿਰ ਤਾਪਮਾਨ ਵਧਣਾ ਇਸ ਵਾਇਰਸ ਦਾ ਜਵਾਬ ਹੋ ਸਕਦਾ ਹੈ।‘’
ਉਨ੍ਹਾਂ ਨੇ ਕਿਹਾ, ‘’ਫਿਲਹਾਲ ਸਾਡੇ ਕੋਲ ਇਸ ਗੱਲ ਦਾ ਕੋਈ ਅਜਿਹਾ ਡੇਟਾ ਨਹੀਂ ਹੈ ਜੋ ਇਹ ਦੱਸਦਾ ਹੋਵੇ ਕਿ ਕੀ ਮੌਸਮ ਬਦਲਣ ਨਾਲ ਇਹ ਵਾਇਰਸ ਹੋਰ ਖ਼ਤਰਨਾਕ ਹੋ ਜਾਵੇਗਾ ਜਾਂ ਹੋਰ ਤੇਜ਼ ਨਾਲ ਫੈਲੇਗਾ ਜਾਂ ਫਿਰ ਅਜਿਹਾ ਨਹੀਂ ਹੋਵੇਗਾ।‘’
ਮਹਾਂਮਾਰੀ ਦੇ ਸ਼ੁਰੂਆਤੀ ਸਮੇਂ ‘ਚ ਕੁਝ ਲੋਕਾਂ ਦਾ ਅਜਿਹਾ ਮੰਨਣਾ ਸੀ ਕਿ ਮੌਸਮ ਗਰਮ ਹੋਣ ਉੱਤੇ ਕੋਵਿਡ-19 ਦਾ ਅਸਰ ਘੱਟ ਜਾਵੇਗਾ। ਪਰ ਹੁਣ ਜਿਸ ਤਰ੍ਹਾਂ ਵਾਇਰਸ ਵਿਵਹਾਰ ਕਰ ਰਿਹਾ ਹੈ ਇਹ ਵਿਚਾਰ ਧੁੰਦਲਾ ਨਜ਼ਰ ਆਉਂਦਾ ਹੈ।
ਰਯਾਨ ਨੇ ਵਿਸ਼ਵ ਪੱਧਰ ਉੱਤੇ ਪੀਪੀਈ ਕਿੱਟਾਂ ਦੀ ਘਾਟ ਦੀ ਵੀ ਗੱਲ ਕੀਤੀ।
ਉਨ੍ਹਾਂ ਨੇ ਕਿਹਾ, ‘’ਕੁਝ ਦੇਸ਼ਾਂ ਵਿੱਚ ਸਿਹਤ ਸਹੂਲਤਾਂ ਬੇਹੱਦ ਖ਼ਰਾਬ ਹਨ ਤੇ ਉੱਥੇ ਹਾਲਾਤ ਚਿੰਤਾ ਵਾਲੇ ਹਨ।‘’