You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ : ਪੰਜਾਬ ਨੇ ਸ਼ਰਾਬ ’ਤੇ ਲਗਾਇਆ ਕੋਵਿਡ ਸੈਸ; ਹਵਾਈ ਜਹਾਜ਼ ’ਚ ਵਿਚਕਾਰਲੀ ਸੀਟ ਲਈ ਜਾਰੀ ਹੋਈਆਂ ਹਦਾਇਤਾਂ

ਭਾਰਤ ਵਿਚ ਰਿਕਾਰਡ ਕੇਸਾਂ ਦੇ ਬਾਵਜੂਦ ਲੌਕਡਾਊਨ ਵਿਚ ਦਿੱਤੀ ਗਈ ਹੈ ਢਿੱਲ, ਪੰਜਾਬ 'ਚ ਸੋਮਵਾਰ ਤੋਂ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਣ ਸਣੇ ਹੋਣਗੇ ਇਹ ਨਿਯਮ ਲਾਗੂ

ਲਾਈਵ ਕਵਰੇਜ

  1. ਅਨਲੌਕ ਫੇਜ਼-1 ਵਿੱਚ ਕੀ-ਕੀ ਖੁੱਲ੍ਹੇਗਾ ਦਿੱਲੀ 'ਚ?

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਹੈ ਕਿ ‘ਅਨਲੌਕ -1 ਨਾਲ ਦਿੱਲੀ ਵੀ ਖੁੱਲ੍ਹਣ ਲਈ ਤਿਆਰ ਹੈ’। ਜਿਹੜੀਆਂ ਚੀਜ਼ਾਂ ਖੁੱਲ੍ਹੀਆਂ ਹੋਣਗੀਆਂ ਉਹ ਹਨ:

    • ਪੂਰਾ ਉਦਯੋਗ ਹੁਣ ਦਿੱਲੀ ਵਿੱਚ ਖੁੱਲ੍ਹ ਜਾਵੇਗਾ।
    • ਨਾਈ ਅਤੇ ਸਲੂਨ ਖੁੱਲ੍ਹਣਗੇ।
    • ਜੇ ਕੇਂਦਰ ਸਰਕਾਰ ਨੇ ਆਟੋ ਅਤੇ ਈ-ਰਿਕਸ਼ਾ 'ਤੇ ਕੋਈ ਰੋਕ ਨਹੀਂ ਲਗਾਈ ਤਾਂ ਦਿੱਲੀ ਸਰਕਾਰ ਇਸ 'ਤੇ ਕੋਈ ਪਾਬੰਦੀ ਨਹੀਂ ਲਗਾਏਗੀ।
    • ਹੁਣ ਇੱਕ ਤੋਂ ਵੱਧ ਵਿਅਕਤੀ ਆਟੋ ਅਤੇ ਈ-ਰਿਕਸ਼ਾ 'ਤੇ ਜਾ ਸਕਣਗੇ।
    • ਦਿੱਲੀ ਸਰਕਾਰ ਇਕ ਮੋਬਾਈਲ ਐਪ ਜਾਰੀ ਕਰ ਰਹੀ ਹੈ ਕਿ ਦਿੱਲੀ ਦੇ ਕਿਹੜੇ ਹਸਪਤਾਲ ਵਿਚ ਕਿੰਨੇ ਬਿਸਤਰੇ ਖਾਲੀ ਹਨ। ਇਸ ਨੂੰ ਡਾਊਨਲੋਡ ਕਰਨ 'ਤੇ, ਲੋਕ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋਣਗੇ।
  2. ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਐਲਾਨ - ‘ਦਿੱਲੀ ਦੇ ਬਾਰਡਰ ਇਕ ਹਫ਼ਤੇ ਲਈ ਸੀਲ’

    ਸੋਮਵਾਰ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਦਿੱਲੀ ਦੇ ਅੰਦਰ ਕੋਰੋਨਾਵਾਇਰਸ ਸੰਕਰਮਣ ਦੇ ਮਾਮਲੇ ਵਧ ਰਹੇ ਹਨ'। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਦਿੱਲੀ ਦੀਆਂ ਹੱਦਾਂ ਖੋਲ੍ਹਣ ਲਈ ਲੋਕਾਂ ਦੀ ਰਾਏ ਮੰਗੀ ਹੈ।

    ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਵਿੱਚ ਇਲਾਜ਼ ਮੁਫਤ ਹੈ, ਇਸ ਦੇ ਕਾਰਨ ਜੇਕਰ ਦਿੱਲੀ ਦੀਆਂ ਹੱਦਾਂ ਖੋਲ੍ਹ ਦਿੱਤੀਆਂ ਜਾਣ ਤਾਂ ਦੇਸ਼ ਭਰ ਤੋਂ ਲੋਕ ਇੱਥੇ ਆਉਣਗੇ। ਅਜਿਹੀ ਸਥਿਤੀ ਵਿੱਚ, 9000 ਤੋਂ ਵੱਧ ਬਿਸਤਰੇ ਜੋ ਕਿ ਦਿੱਲੀਵਾਸੀਆਂ ਲਈ ਰੱਖੇ ਗਏ ਹਨ, ਜਲਦੀ ਹੀ ਭਰੇ ਜਾਣਗੇ।

    ਦਿੱਲੀ ਸਰਕਾਰ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਇਲਾਜ ਤੋਂ ਇਨਕਾਰ ਨਹੀਂ ਕਰੇਗੀ। ਪਰ ਕੁਝ ਲੋਕ ਸੁਝਾਅ ਦਿੰਦੇ ਹਨ ਕਿ ਜਿੰਨਾ ਚਿਰ ਕੋਰੋਨਾ ਮਹਾਂਮਾਰੀ ਹੈ, ਬਿਸਤਰੇ ਸਿਰਫ ਦਿੱਲੀ ਦੇ ਲੋਕਾਂ ਲਈ ਰਾਖਵੇਂ ਰੱਖੇ ਜਾਣ।

    ਫਿਲਹਾਲ ਸੀਮਾਵਾਂ ਨੂੰ ਇੱਕ ਹਫਤੇ ਲਈ ਸੀਲ ਕਰ ਦਿੱਤਾ ਜਾਵੇਗਾ। ਇਸ ਬਾਰੇ ਫੈਸਲਾ ਅਗਲੇ ਹਫਤੇ ਜਨਤਾ ਦੇ ਸੁਝਾਅ ਅਤੇ ਜਨਤਾ ਦੇ ਵਿਚਾਰਾਂ ਤੋਂ ਬਾਅਦ ਲਿਆ ਜਾਵੇਗਾ।

    ਕੇਜਰੀਵਾਲ ਨੇ ਕਿਹਾ ਹੈ ਕਿ ‘ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਜਨਤਾ ਇਸ‘ ਤੇ ਆਪਣੀ ਰਾਏ ਦੇ ਸਕਦੀ ਹੈ ’।

    ਲੋਕ ਆਪਣੇ ਸੁਨੇਹੇ ਨੂੰ ਰਿਕਾਰਡ ਕਰਨ ਲਈ 880-000-7722 ਨੂੰ WhatsApp, delhicm.suggestions@gmail.com ਤੇ ਈਮੇਲ ਅਤੇ 1031 ਤੇ ਕਾਲ ਕਰ ਸਕਦੇ ਹਨ।

  3. ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

    ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

  4. ਕਾਰਟੂਨਿਸਟ ਪ੍ਰਿਆ ਕੁਰੀਅਨ ਨੇ ਕਲਾ ਰਾਹੀਂ ਵਿਖਾਇਆ ਅੱਜ ਦਾ ਭਾਰਤ

    ਕਾਰਟੂਨਿਸਟ ਪ੍ਰਿਆ ਕੁਰੀਅਨ ਨੇ ਤਸਵੀਰਾਂ ਦੀ ਇਕ ਲੜੀ ਬਣਾਈ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਮਾਸਕ ਪੂਰੇ ਭਾਰਤ ਦੀ ਨਵੀਂ ਤਸਵੀਰ ਬਣ ਗਿਆ ਹੈ।

    ਕੁਰੀਅਨ ਦਾ ਕਹਿਣਾ ਹੈ ਕਿ ਉਸਦੀ ਕਲਾ ਉਸਦੇ ਗੁਆਂਢੀਆਂ ਅਤੇ ਲੋਕਾਂ ਦੁਆਰਾ ਪ੍ਰੇਰਿਤ ਸੀ। ਉਸਨੇ ਜਦੋਂ ਬੰਗਲੌਰ ਤੋਂ ਕੋਲਕਾਤਾ ਜਾਂਦੇ ਹਵਾਈ ਅੱਡੇ 'ਤੇ ਅਜਿਹੀਆਂ ਤਸਵੀਰਾਂ ਵੇਖੀਆਂ, ਤਾਂ ਉਸ ਨੇ ਆਪਣੀ ਕਲਾ ਰਾਹੀਂ ਇਸ ਨੂੰ ਦਿਖਾਉਣ ਦਾ ਸੋਚਿਆ।

    ਉਹ ਕਹਿੰਦੀ ਹੈ, "ਉਸ ਵਕਤ, ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਗਲੇ ਕੁਝ ਮਹੀਨੇ ਵਿੱਚ ਦੇਸ਼ ਦੀ ਇਹ ਹੀ ਤਸਵੀਰ ਬਣ ਜਾਵੇਗੀ।"

  5. ਕੀ ਕੋਰੋਨਾਵਾਇਰਸ ਦੀ ਦੂਜੀ ਲਹਿਰ ਆ ਸਕਦੀ ਹੈ

    ਸਵਾਈਨ ਫਲੂ ਵਰਗੀਆਂ ਬਿਮਾਰੀਆਂ ਦੀ ਦੂਜੀ ਲਹਿਰ ਆ ਚੁੱਕੀ ਹੈ ਪਰ ਹਰ ਵਾਇਰਸ ਦਾ ਰੂਪ ਇੱਕੋ-ਜਿਹਾ ਨਹੀਂ ਹੁੰਦਾ ਹੈ। ਪਰ ਦੂਜੀ ਲਹਿਰ ਆਉਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਹੈ।

  6. ਕੋਵਿਡ -19: ਭਾਰਤ ਵਿਚ ਹਰ ਦਿਨ ਟੁੱਟ ਰਿਹਾ ਰਿਕਾਰਡ, ਪਿਛਲੇ 24 ਘੰਟਿਆਂ ਵਿਚ 8,392 ਨਵੇਂ ਕੇਸ ਆਏ ਸਾਹਮਣੇ

    ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲਿਆਂ ਦਾ ਰਿਕਾਰਡ ਹਰ ਦਿਨ ਟੁੱਟ ਰਿਹਾ ਹੈ।

    ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 8,392 ਨਵੇਂ ਕੇਸ ਦਰਜ ਕੀਤੇ ਗਏ ਹਨ।

    ਇੰਨਾ ਹੀ ਨਹੀਂ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਮਹਾਂਮਾਰੀ ਕਾਰਨ ਦੇਸ਼ ਵਿੱਚ 230 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

    ਹੁਣ ਤੱਕ ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ 1 ਲੱਖ 90 ਹਜ਼ਾਰ 535 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 93,322 ਮਾਮਲੇ ਅਜੇ ਵੀ ਸਰਗਰਮ ਹਨ ਯਾਨੀ ਕਿ ਉਨ੍ਹਾਂ ਵਿਚ ਬਿਮਾਰੀ ਦੇ ਲੱਛਣ ਦਿਖਾਈ ਦੇ ਰਹੇ ਹਨ। ਜਦਕਿ ਭਾਰਤ ਵਿਚ ਕੋਵਿਡ -19 ਕਾਰਨ 5,394 ਲੋਕਾਂ ਦੀ ਮੌਤ ਹੋ ਗਈ ਹੈ।

    ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 91,819 ਲੋਕ ਇਲਾਜ ਅਤੇ ਆਰਾਮ ਤੋਂ ਬਾਅਦ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ।

  7. ਭਾਰਤ ਦੇ ਪੰਜ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਦੀ ਕੀ ਹੈ ਸਥਿਤੀ?

    ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮਹਾਰਾਸ਼ਟਰ ਵਿੱਚ ਹਾਲਾਤ ਸ਼ੁਰੂ ਤੋਂ ਹੀ ਸਭ ਤੋਂ ਵੱਧ ਖਰਾਬ ਹਨ।

    • ਮਹਾਰਾਸ਼ਟਰ - 67,655 ਕੇਸ; 29,329 ਠੀਕ ਹੋਏ; 2,286 ਦੀ ਮੌਤ
    • ਤਾਮਿਲਨਾਡੂ - 22,333 ਕੇਸ; 12,757 ਠੀਕ ਹੋਏ; 173 ਦੀ ਮੌਤ
    • ਦਿੱਲੀ - 19,844 ਕੇਸ; 8,478 ਠੀਕ ਹੋਏ; 473 ਦੀ ਮੌਤ
    • ਗੁਜਰਾਤ - 16,779 ਕੇਸ; 9,919 ਠੀਕ ਹੋਏ; 1,038 ਦੀ ਮੌਤ
    • ਰਾਜਸਥਾਨ - 8,831 ਕੇਸ; 5,927 ਠੀਕ ਹੋਏ; 194 ਦੀ ਮੌਤ
  8. ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ਸਾਡੇ ਮਜ਼ਦੂਰ ਭਰਾ ਥੋੜ੍ਹੇ ਜਿਹੇ ਕਾਹਲੇ ਪੈ ਗਏ ਸਨ

    ਭਾਰਤ ਦੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਲੌਕਡਾਊਨ ਦੌਰਾਨ ਪੈਦਲ ਜਾਂ ਸਾਈਕਲ ’ਤੇ ਆਪਣੇ ਘਰ ਵੱਲ ਤੁਰਨ ਵਾਲੇ ਮਜ਼ਦੂਰ ਭਰਾ ਥੋੜ੍ਹੇ ਜਿਹੇ ਬੇਚੈਨ ਹੋ ਗਏ ਸਨ।

    ਨਰਿੰਦਰ ਤੋਮਰ ਦਾ ਮੰਨਣਾ ਹੈ ਕਿ ਪਰਵਾਸੀ ਮਜ਼ਦੂਰਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ।

    ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਸਰਕਾਰ ਨੂੰ ਪਹਿਲੇ ਪੜਾਅ ਦੇ ਲੌਕਡਾਊਨ ਦੀ ਘੋਸ਼ਣਾ ਕਰਦਿਆਂ ਪਰਵਾਸੀ ਭਾਈਚਾਰੇ ਦਾ ਵਿਚਾਰ ਹੋਣਾ ਚਾਹੀਦਾ ਸੀ ਅਤੇ ਕੀ ਇਸ ਬਾਰੇ ਸਰਕਾਰ ਵਿਚ ਵਿਚਾਰ ਵਟਾਂਦਰੇ ਕੀਤੇ ਗਏ ਸਨ,ਉਨ੍ਹਾਂ ਕਿਹਾ, “ਸਰਕਾਰ ਹਮੇਸ਼ਾਂ ਜਾਣਦੀ ਸੀ ਅਤੇ ਸਰਕਾਰ ਪੂਰੀ ਤਰ੍ਹਾਂ ਜਾਣੂ ਹੈ ਕਿ ਇਹ ਬਿਹਤਰ ਹੈ ਆਰਥਿਕ ਹਾਲਤਾਂ ਲਈ ਲੋਕ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਜਾਂਦੇ ਹਨ। ਇਹ ਕੁਦਰਤੀ ਗੱਲ ਹੈ ਕਿ ਜਦੋਂ ਲੌਕਡਾਊਨ ਹੁੰਦਾ ਹੈ ਤਾਂ ਲੋਕ ਅਸੁਰੱਖਿਅਤ ਮਹਿਸੂਸ ਕਰਨਗੇ ਅਤੇ ਆਪਣੇ ਘਰਾਂ ਨੂੰ ਜਾਣਾ ਚਾਹੁਣਗੇ। ਅਤੇ ਇਹ ਹੋਇਆ। ”

  9. ਅਮਰੀਕਾ ਨੇ ਬ੍ਰਾਜ਼ੀਲ ਨੂੰ ਹਾਈਡਰੋਕਸੀਕਲੋਰੋਕਵਿਨ ਦੀਆਂ 20 ਲੱਖ ਖੁਰਾਕਾਂ ਭੇਜੀਆਂ

    ਵਿਵਾਦਗ੍ਰਸਤ ਦਵਾਈ ਨਾਲ ਜੁੜੇ ਜੋਖ਼ਮਾਂ ਬਾਰੇ ਮੈਡੀਕਲ ਚੇਤਾਵਨੀਆਂ ਦੇ ਬਾਵਜੂਦ, ਅਮਰੀਕਾ ਨੇ ਬ੍ਰਾਜ਼ੀਲ ਨੂੰ ਹਾਈਡਰੋਕਸੀਕਲੋਰੋਕਵਿਨ ਦੀਆਂ 20 ਲੱਖ ਖੁਰਾਕਾਂ ਦੀ ਸਪਲਾਈ ਕੀਤੀ।

    WHO ਨੇ ਕੁਝ ਦਿਨ ਪਹਿਲਾਂ ਸੁਰੱਖਿਆ ਚਿੰਤਾਵਾਂ ਦੇ ਕਾਰਨ ਕੋਵਿਡ -19 ਦੇ ਮਰੀਜ਼ਾਂ ਵਿੱਚ ਹਾਈਡਰੋਕਸੀਕਲੋਰੋਕਵਿਨ ਦੇ ਟੈਸਟ ਕਰਨ ਦੀਆਂ ਗਤਿਵਿਧਿਆਂ ਮੁਅੱਤਲ ਕਰ ਦਿੱਤੀਆਂ ਸਨ।

    ਪਰ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ 'ਤੇ ਜ਼ੋਰ ਦਿੱਤਾ ਹੈ।

    ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਮਲੇਰੀਆ ਦੇ ਇਲਾਜ਼ ਵਾਲੀ ਦਵਾਈ, ਹਾਈਡਰੋਕਸੀਕਲੋਰੋਕਵਿਨ, ਨੂੰ ਇੱਕ ਰੋਕਥਾਮ ਉਪਾਅ ਵਜੋਂ ਲੈ ਰਹੇ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਅਰ ਬੋਲਸੋਨਾਰੋ ਨੇ ਕਿਹਾ ਕਿ ਉਹ ਇਹ ਦਵਾਈ ਆਪਣੇ ਕੋਲ ਰੱਖਦੇ ਹਨ ਤਾਂ ਕਿ ਲੋੜ ਵੇਲੇ ਆਪਣੀ 93 ਸਾਲਾ ਮਾਂ ਨੂੰ ਦੇ ਸਕਣ।

    ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਹਾਈਡਰੋਕਸੀਕਲੋਰੋਕਵਿਨ ਕੋਰੋਨਾਵਾਇਰਸ ਨਾਲ ਲੜ੍ਹਨ ਵਿੱਚ ਪ੍ਰਭਾਵਸ਼ਾਲੀ ਹੈ।

  10. ਕੋਰੋਨਾਵਾਇਰਸ: ਜਿੱਥੇ ਹਵਾ ਪ੍ਰਦੂਸ਼ਣ ਜ਼ਿਆਦਾ ਉੱਥੇ ਕੋਰੋਨਾ ਹੋਰ ਖ਼ਤਰਨਾਕ ਕਿਵੇਂ

    ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਜੋਖ਼ਮ ਨਾਲ ਜੁੜਿਆ ਹੋਇਆ ਇੱਕ ਕਾਰਕ ਹੋ ਸਕਦਾ ਹੈ।

    ਵੱਧ ਹਵਾ ਪ੍ਰਦੂਸ਼ਣ ਅਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਮੌਤ ਦਰ ਵਿਚਕਾਰ ਸਬੰਧਾਂ ਨੂੰ ਹਾਲ ਹੀ 'ਚ ਦੋ ਅਧਿਐਨਾਂ ਵਿੱਚ ਸੁਝਾਇਆ ਗਿਆ ਹੈ ਜਿਨ੍ਹਾਂ ਵਿੱਚ ਇੱਕ ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਹਨ।

  11. ਬ੍ਰਾਜ਼ੀਲ 'ਚ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਝੜਪ, ਰਾਸ਼ਟਰਪਤੀ ਦੇ ਅਸਤੀਫ਼ੇ ਦੀ ਕੀਤੀ ਮੰਗ

    ਬ੍ਰਾਜ਼ੀਲ ਦੇ ਦੋ ਵੱਡੇ ਸ਼ਹਿਰਾਂ ਰੀਓ ਡੀ ਜੇਨੇਰੀਓ ਤੇ ਸਾਓ ਪੌਲੋ ਵਿੱਚ ਪੁਲਿਸ ਅਤੇ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਵਿਚਾਲੇ ਝੜਪਾਂ ਹੋਣ ਦੀਆਂ ਖਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੁਜ਼ਾਹਰਾਕਾਰੀਆਂ ਉੱਤੇ ਅੱਥਰੂ ਗੈਸ ਦੇ ਗੋਲਿਆੰ ਦੀ ਵਰਤੋ ਕੀਤੀ।

    ਮੁਜ਼ਾਹਰਾਕਾਰੀ ਰਾਸ਼ਟਰਪਤੀ ਜਾਰ ਬੋਲਸੋਨਾਰੋ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।

    ਬ੍ਰਾਜ਼ੀਲ 'ਚ ਕੋਰੋਨਾਵਾਇਰਸ ਦੀ ਲਾਗ ਦੀ ਗਿਣਤੀ ਫਰਾਂਸ ਨੂੰ ਵੀ ਪਾਰ ਕਰ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਅਨੁਸਾਰ, ਇਹ ਮਹਾਮਾਰੀ ਕਰਕੇ ਦੁਨੀਆਂ ਦਾ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਹੈ।

    ਜੋਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਡੇਢ ਲੱਖ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹਨ, ਜਦੋਂਕਿ ਇਸ ਬਿਮਾਰੀ ਕਰਕੇ 29,314 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਬੋਲਸੋਨਾਰੋ ਪਹਿਲਾਂ ਹੀ ਕੋਰੋਨਾਵਾਇਰਸ ਨੂੰ ਇੱਕ ਮਾਮੂਲੀ ਫਲੂ ਕਹਿ ਚੁੱਕੇ ਹਨ ਅਤੇ ਉਹ ਲੌਕਡਾਊਨ ਲਾਉਣ ਦੇ ਹੱਕ ਵਿੱਚ ਨਹੀਂ ਹਨ। ਹਾਲਾਂਕਿ ਦੇਸ਼ ਦੇ ਬਹੁਤ ਸਾਰੇ ਲੋਕ ਇਸ ਮਾਮਲੇ ਵਿੱਚ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।

    ਹੁਣ ਤੱਕ ਦੇਸ਼ ਦੇ ਦੋ ਸਿਹਤ ਮੰਤਰੀਆਂ ਨੇ ਇਹ ਕਹਿ ਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਕਿ ਰਾਸ਼ਟਰਪਤੀ ਅਜਿਹੇ ਸਮੇਂ ਅਰਥ ਵਿਵਸਥਾ ਨੂੰ ਪਹਿਲ ਦੇਣਾ ਚਾਹੁੰਦੇ ਹਨ ਜਦੋਂ ਦੇਸ਼ ਦੇ ਸਾਹਮਣੇ ਕੋਰੋਨਾ ਮਹਾਂਮਾਰੀ ਖੜ੍ਹੀ ਹੈ।

  12. ਭਾਰਤ ਦੁਨੀਆਂ ਦਾ 7ਵਾਂ ਸਭ ਤੋਂ ਵੱਧ ਕੋਰੋਨਾ ਪ੍ਰਭਾਵਤ ਦੇਸ਼ ਬਣਿਆ

    • ਭਾਰਤ ਹੁਣ ਕੋਰੋਨਾਵਾਇਰਸ ਕਾਰਨ ਦੁਨੀਆਂ ਦੇ ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਸੱਤਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਭਾਰਤੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੇ 8,380 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਤੇਜ਼ੀ ਨਾਲ ਠੀਕ ਹੋ ਰਹੇ ਹਨ ਤੇ ਰਿਕਵਰੀ ਦੀ ਦਰ 47.76% ਹੈ।
    • ਜੋਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਦੋ ਲੱਖ ਦੇ ਨੇੜੇ ਪਹੁੰਚ ਗਏ ਹਨ। ਉਨ੍ਹਾਂ ਅਨੁਸਾਰ, ਦੇਸ਼ ਵਿੱਚ ਵਾਇਰਸ ਦੇ ਕੁੱਲ 190,609 ਮਾਮਲੇ ਹਨ, ਜਦੋਂ ਕਿ ਇਸ ਬਿਮਾਰੀ ਕਰਕੇ 5,408 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਅਮਰੀਕਾ ਅਤੇ ਬ੍ਰਾਜ਼ੀਲ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਕੋਰੋਨਾ ਨਾਲ ਪ੍ਰਭਾਵਤ ਹੋਣ ਵਾਲੇ ਦੇਸ਼ ਹਨ। ਅਮਰੀਕਾ ਵਿੱਚ ਕੋਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਤੋਂ ਵੱਧ ਹੈ ਅਤੇ 17 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪੀੜਤ ਹਨ।
    • ਬ੍ਰਾਜ਼ੀਲ ਵਿੱਚ ਪੰਜ ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਤੇ 30,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
    • ਦੱਖਣੀ ਅਫ਼ਰੀਕਾ, ਮੈਕਸੀਕੋ ਤੇ ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿੱਚ ਅੱਜ ਤੋਂ ਮਿਲੇਗੀ ਲੌਕਡਾਊਨ ਵਿੱਚ ਢਿੱਲ
  13. ਮੋਦੀ ਨੇ ਕੀਤੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੇ ਸਮੋਸਿਆਂ ਦੀ ਸ਼ਲਾਘਾ

    ਨਰਿੰਦਰ ਮੋਦੀ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੁਆਰਾ ਬਣਾਏ ਸਮੋਸਿਆਂ ਦੀ ਤਾਰੀਫ਼ ਟਵਿੱਟਰ 'ਤੇ ਕੀਤੀ।

    ਉਨ੍ਹਾਂ ਕਿਹਾ ਕਿ ਸਮੋਸੇ ਦੇਖਣ ਨੂੰ ਸੁਆਦ ਲੱਗ ਰਹੇ ਨੇ ਤੇ ਕੋਵਿਡ-19 ਖ਼ਤਮ ਹੋਣ 'ਤੇ ਉਹ ਉਨ੍ਹਾਂ ਨਾਲ ਬੈਠ ਕੇ ਸਮੋਸੇ ਜ਼ਰੂਰ ਖਾਣਾ ਚਾਹੁੰਣਗੇ।

    ਇਸ ਤੋਂ ਪਹਿਲਾਂ ਆਸਟਰੇਲੀਆ ਦੇ PM ਮੋਰਿਸਨ ਨੇ ਮੋਦੀ ਨੂੰ ਟੈਗ ਕਰਕੇ ਸਮੋਸਿਆਂ ਦੀ ਫੋਟੋ ਟਵਿਟਰ 'ਤੇ ਪਾਈ ਸੀ।

    ਉਸ ਵਿੱਚ ਉਨ੍ਹਾਂ ਨੇ ਸਮੋਸਿਆਂ ਤੇ ਅੰਬ ਦੀ ਚਟਨੀ ਬਣਾਉਣ ਦਾ ਜ਼ਿਕਰ ਕੀਤਾ ਸੀ ਤੇ ਕਿਹਾ ਕਿ ਉਹ ਨਰਿੰਦਰ ਮੋਦੀ ਨੂੰ ਇਹ ਸਮੋਸੇ ਜ਼ਰੂਰ ਖੁਆਉਂਣਾ ਚਾਹੁੰਣਗੇ।

  14. ਕੋਰੋਨਾਵਾਇਰਸ ਲਈ ਰਾਮਬਾਣ ਦੱਸੇ ਜਾ ਰਹੇ 5 ਟੋਟਕਿਆਂ ਦੀ ਅਸਲੀਅਤ

    ਕੋਰੋਨਾਵਾਇਰਸ ਬਾਰੇ ਦੇਸੀ ਟੋਟਕੇ ਸਾਡੇ ਮੁਲਕ ਵਿਚ ਹੀ ਨਹੀਂ ਹਰ ਥਾਂ ਚੱਲਦੇ ਹਨ ,ਉੱਤਰੀ ਕੋਰੀਆ ਨੇ ਆਪਣੇ ਲੋਕਾਂ ਨੂੰ ਲਸਣ, ਸ਼ਹਿਦ ਖਾਣ ਦੀ ਸਲਾਹ ਦਿੱਤੀ।

    ਚੀਨ ਤੋਂ ਖ਼ਬਰ ਆਈ ਕਿ ਉੱਥੇ ਇੱਕ ਬੀਬੀ ਨੂੰ ਪਤਾ ਲੱਗਿਆ ਕਿ ਲਸਣ ਖਾਣ ਨਾਲ ਕੋਰੋਨਾ ਨਹੀਂ ਹੁੰਦਾ ਤਾਂ ਉਸ ਨੇ ਥੋੜੇ ਸਮੇਂ ਵਿਚ ਹੀ ਲਸਣ ਖਾ ਕੇ ਆਪਣੀ ਜੀਭ ਪਕਾ ਲਈ ।

    ਭਾਰਤ ਵਿਚ ਵੀ ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚੀਨੀ ਖਾਣੇ ਖਾਣੋਂ ਰੋਕ ਰਿਹਾ ਹੈ।

    ਬੀਬੀਸੀ ਨੇ ਅਜਿਹੀਆਂ ਕੁਝ ਸਲਾਹਾਂਅਤੇ ਦੇਸੀ ਟੋਟਕਿਆ ਦੀ ਸੱਚਾਈਜਾਣਨ ਦੀ ਕੋਸ਼ਿਸ਼ ਕੀਤੀ, ਤੁਸੀਂ ਵੀ ਜਾਣ ਲਓਇਸ ਦੀ ਹਕੀਕਤ। ਪੂਰੀ ਜਾਣਕਾਰੀ ਲਈ ਕਲਿਕ ਕਰੋ।

  15. ਸੰਗੀਤਕਾਰ ਵਾਜਿਦ ਖਾਨ ਦਾ ਦਿਹਾਂਤ, ਕੋਰੋਨਾ ਦਾ ਸ਼ੱਕ

    ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਦਾ ਰਾਤ ਦਿਹਾਂਤ ਹੋ ਗਿਆ ਹੈ।

    ਗਾਇਕ ਸੋਨੂੰ ਨਿਗਮ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਵਾਜਿਦ ਖਾਨ ਦੇ ਪਰਿਵਾਰ ਨੇ ਵੀ ਬੀਬੀਸੀ ਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ, "ਉਨ੍ਹਾਂ ਦੀ ਆਤਮਾ ਲਈ ਅਰਦਾਸ ਕਰੋ।"

    ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਵਾਜਿਦ ਖਾਨ ਕੋਰੋਨਾਵਾਇਰਸ ਨਾਲ ਪੀੜਤ ਸਨ।

    ਉਨ੍ਹਾਂ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ, "ਵਾਜਿਦ ਖਾਨ ਨੂੰ ਗੁਰਦਿਆਂ ਦੀ ਬਿਮਾਰੀ ਸੀ ਅਤੇ ਦੋ ਸਾਲ ਪਹਿਲਾਂ ਉਨ੍ਹਾਂ ਦਾ ਟ੍ਰਾਂਸਪਲਾਂਟ ਕੀਤਾ ਗਿਆ ਸੀ।"

    "ਉਨ੍ਹਾਂ ਨੂੰ ਗਲੇ ਦਾ ਇਨਫੈਕਸ਼ਨ ਸੀ ਤੇ ਉਹ ਚੇਂਬੂਰ ਦੇ ਸੁਰਾਨਾ ਹਸਪਤਾਲ ਵਿੱਚ ਦਾਖਲ ਸਨ। ਅਜੇ ਉਨ੍ਹਾਂ ਦੀ ਕੋਵਿਡ -19 ਦੀ ਟੈਸਟ ਰਿਪੋਰਟ ਆਉਣੀ ਬਾਕੀ ਹੈ।"

    ਹਾਲ ਵਿੱਚ ਵਾਜਿਦ ਖਾਨ ਦਾ ਇੱਕ ਨਵਾਂ ਗਾਣਾ 'ਭਾਈ-ਭਾਈ' ਇਕ ਹਫ਼ਤੇ ਪਹਿਲਾਂ ਰਿਲੀਜ਼ ਹੋਇਆ ਸੀ। ਇਹ ਗਾਣਾ ਸਲਮਾਨ ਖਾਨ ਨਾਲ ਬਣਾਇਆ ਗਿਆ ਸੀ।

    ਵਾਜਿਦ ਖਾਨ ਆਪਣੇ ਭਰਾ ਸਾਜਿਦ ਖਾਨ ਨਾਲ ਮਿਲ ਕੇ ਸੰਗੀਤ ਬਣਾਉਂਦੇ ਸਨ ਅਤੇ 1998 ਵਿੱਚ ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕਿਆ' ਮਗਰੋਂ ਚਰਚਾ ਵਿਚ ਆਏ ਸਨ।

  16. ਕੋਰੋਨਾਵਾਇਰਸ ਬਾਰੇ ਇਸ ਲਾਇਵ ਪੇਜ਼ ਵਿਚ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਤੇ ਚਿਤਵਨ ਵਿਨਾਇਕ ਤੁਹਾਡੇ ਤੱਕ ਅਪਡੇਟ ਪਹੁੰਚਾ ਰਹੇ ਹਨ। 31 ਮਈ ਤੱਕ ਦੇ ਅਪਡੇਟ ਦੇਖਣ ਲਈ ਤੁਸੀੰ ਇਥੇ ਕਲਿਕ ਕਰ ਸਕਦੇ ਹੋ