You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਕੇਂਦਰ ਤੋਂ ਸਿਰਫ 71 ਕਰੋੜ ਰੁਪਏ ਮਿਲੇ

ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਇੱਕ ਲੱਖ 95 ਹਜ਼ਾਰ ਤੋਂ ਪਾਰ। ਟਰੰਪ ਦੀ ਸਲਾਹ 'ਤੇ ਡਾਕਟਰਾਂ ਨੇ ਕਿਹਾ- 'ਇਹ ਰੋਗਾਣੂਨਾਸ਼ਕ ਇੰਨੇ ਖ਼ਤਰਨਾਕ ਹਨ ਕਿ ਇਹ ਸਾਡੇ ਅੰਦਰੂਨੀ ਹਿੱਸਿਆਂ ਨੂੰ ਗਲਾ ਦੇਣਗੇ'

ਲਾਈਵ ਕਵਰੇਜ

  1. ਪਠਾਨਕੋਟ ਦੀ ਮਹਿਲਾ ਡਾਕਟਰ ਕੋਰੋਨਾ ਪੌਜ਼ੀਟਿਵ

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਪਠਾਨਕੋਟ ਦੇ ਨਿਜੀ ਹਸਪਤਾਲ ਦੀ ਮਹਿਲਾ ਡਾਕਟਰ ਦਾ ਕੋਰੋਨਾਵਾਇਰਸ ਦਾ ਟੈਸਟ ਪੌਜ਼ੀਟਿਵ ਆਇਆ ਹੈ। ਇਸ ਦੀ ਜਾਣਕਾਰੀ ਪਠਾਨਕੋਟ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦਿੱਤੀ।

    ਮਹਿਲਾ ਡਾਕਟਰ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਲਿਸਟ ਬਣਾਈ ਜਾ ਰਹੀ ਅਤੇ ਉਹਨਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ।

    ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਿਲਣ ਵਾਲੀਆਂ ਛੋਟਾਂ ਸ਼ਰਤਾਂ ਨਾਲ ਦਿੱਤੀਆਂ ਜਾਣਗੀਆਂ। ਪਠਾਨਕੋਟ ਹੌਟਸਪੋਟ ਹੈ ਅਤੇ ਰੈੱਡ ਜ਼ੋਨ ਵਿੱਚ ਹੈ, ਇਸ ਲਈ 3 ਮਈ ਤੋਂ ਪਹਿਲਾਂ ਕਰਫਿਊ ਵਿੱਚ ਕੋਈ ਛੋਟ ਨਹੀਂ ਦਿੱਤੀ ਜਾ ਰਹੀ ਹੈ।

  2. ਦਿੱਲੀ ਵਿੱਚ 6 ਮਰੀਜ਼ਾਂ ਦਾ ਪਲਾਜ਼ਾ ਥੈਰੇਪੀ ਤਹਿਤ ਇਲਾਜ

    ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 6 ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਕੀਤੀ ਜਾ ਚੁੱਕੀ ਹੈ।

    ਚਾਰ ਮਰੀਜ਼ਾਂ ਨੂੰ ਚਾਰ ਦਿਨ ਪਹਿਲਾਂ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ। ਉਹ ਚਾਰੇ ਤਕਰੀਬਨ ਠੀਕ ਹੋ ਗਏ ਹਨ।

    ਸਾਰੇ ਹੀ ਗੰਭੀਰ ਬਿਮਾਰ ਸਨ ਅਤੇ ਨਤੀਜੇ ਉਤਸ਼ਾਹ ਵਾਲੇ ਹਨ।

  3. ਕੋਰੋਨਾਵਾਇਰਸ ਕਰਕੇ ਭਾਰਤ 'ਚ ਹੋਈ ਪਹਿਲੀ ਮੌਤ 'ਤੇ ਵਿਵਾਦ ਕਿਉਂ

    ਮੁਹੰਮਦ ਹੁਸੈਨ ਸਿੱਦੀਕੀ ਆਪਣੇ ਛੋਟੇ ਪੁੱਤਰ ਕੋਲ ਇੱਕ ਮਹੀਨਾ ਰਹਿ ਕੇ ਭਾਰਤ ਵਾਪਸ ਆਏ ਸਨ।

    ਸਿੱਦੀਕੀ ਦੀ ਮੌਤ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਬਾਰੇ ਬਣੀ ਸ਼ਸ਼ੋਪੰਜ ਅਤੇ ਅਫਰਾ-ਤਫ਼ਰੀ ਵੱਲ ਸੰਕੇਤ ਕਰਦੀ ਹੈ।

    ਸਿੱਦੀਕੀ ਆਪਣੇ ਪੁੱਤਰ ਦੇ ਪਰਿਵਾਰ ਨਾਲ ਗੁਲਬਗਗ ਵਿੱਚ ਰਹਿੰਦੇ ਸਨ। ਜਦੋਂ ਉਹ ਜੇਦਾਹ ਤੋਂ ਪਰਤੇ ਸਨ ਤਾਂ ਉਹ ਬਿਲਕੁਲ ਠੀਕ ਸਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ

  4. ਕੀ ਗਰਭਵਤੀ ਮਾਂ ਤੋਂ ਬੱਚੇ ਨੂੰ ਕੋਰੋਨਾਵਾਇਰਸ ਹੋ ਸਕਦਾ ਹੈ?

    ਕੀ ਕੋਰੋਨਾਵਾਇਰਸ ਤੋਂ ਪੀੜਤ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ? ਜਾਨਣ ਲਈ ਵੇਖੋ ਇਹ ਵੀਡੀਓ।

  5. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦਨੀਆਂ ਤੇ ਪੰਜਾਬ ਦੀ ਅਪਡੇਟ

    • ਟਰੰਪ ਦੀ ਸਲਾਹ ਡਾਕਟਰਾਂ ਨੇ ਰੱਦ ਕੀਤੀ, ਡਾਕਟਰਾਂ ਦਾ ਦਾਅਵਾ- ਇਹ ਰੋਗਾਣੂਨਾਸ਼ਕ ਇੰਨੇ ਖ਼ਤਰਨਾਕ ਹਨ ਕਿ ਸਾਡੇ ਅੰਦਰੂਨੀ ਹਿੱਸਿਆਂ ਨੂੰ ਗਲਾ ਦੇਣਗੇ।"
    • ਅਮਰੀਕਾ ਦੇ ਤਿੰਨ ਸੂਬਿਆਂ ਵਿੱਚ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁੱਝ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ।
    • ਕਿਸੇ ਵੀ ਦੇਸ ਤੋਂ ਇੱਕ ਵੀ ਡਾਲਰ ਦੀ ਮਦਦ ਨਹੀਂ ਮਿਲੀ-ਇਮਰਾਨ ਖ਼ਾਨ
    • ਚੀਨ ਜਿਸ ਰਿਪੋਰਟ ਨੂੰ ਰੋਕਣਾ ਚਾਹੁੰਦਾ ਸੀ, ਉਹ ਹੋਈ ਜਾਰੀ- ਰੌਇਟਰਜ਼
    • ਚੀਨ ਨੇ ਕੋਰੋਨਾ ਵਾਇਰਸ ਦੇ ਪੈਦਾ ਹੋਣ ਸਬੰਧੀ ਸੁਤੰਤਰ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ
    • ਯੂਕੇ 'ਚ ਸਫ਼ਲ ਹੋਣ 'ਤੇ ਅਗਲੇ ਦੋ ਹਫ਼ਤਿਆਂ 'ਚ ਟੀਕੇ ਦਾ ਟਰਾਇਲ ਭਾਰਤ 'ਚ ਸ਼ੁਰੂ ਹੋਵੇਗਾ-ਸੀਰਮ ਇੰਸਟੀਚਿਊਟ ਆਫ਼ ਇੰਡੀਆ ਓਕਸਫੋਰਡਦੇ ਸੀਈਓ ਆਦਰ ਪੂਨਾਵਾਲਾਦਾ ਦਾਅਵਾ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 24, 506 ਹੋ ਗਈ ਹੈ ਜਦੋਂਕਿ 775 ਮੌਤਾਂ ਹੋ ਚੁੱਕੀਆਂ ਹਨ
    • ਇਸ ਵੇਲੇ ਸਰਕਾਰੀ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦੇਣਾ ਜ਼ਰੂਰੀ ਨਹੀਂ-ਮਨਮੋਹਨ ਸਿੰਘ
    • ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਰਜਿਸਟਰਡ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਪਰ ਮਾਲ ਨਹੀਂ ਖੁਲ੍ਹਣਗੇ।
    • ਯੂਪੀ ਵਿੱਚ 30 ਜੂਨ ਤੱਕ ਜਨਤਕ ਇਕੱਠ 'ਤੇ ਮਨਾਹੀ।
    • ਫਸੇ ਹੋਏ ਸ਼ਰਧਾਲੂਆਂ ਨੂੰ ਲਿਆਉਣ ਲਈ ਪੰਜਾਬ ਤੋਂ 80 ਬੱਸਾਂ ਹਜ਼ੂਰ ਸਾਹਿਬ ਲਈ ਰਵਾਨਾ।
    • ਨਵਾਂਸ਼ਹਿਰ ਪ੍ਰਸ਼ਾਸਨ ਦੀ ਅਪੀਲ- ਕੋਈ ਰਿਸ਼ਤੇਦਾਰ ਵਿਦੇਸ਼ ਤੋਂ ਪਰਤਣਾ ਚਾਹੁੰਦਾ ਹੈ ਤਾਂ ਜਾਣਕਾਰੀ ਦਿਓ
  6. ਕਾਲਜਾਂ ਦਾ ਨਵਾਂ ਸੈਸ਼ਨ ਸਤੰਬਰ ਵਿੱਚ ਸ਼ੁਰੂ ਕਰਨ ਦਾ ਸੁਝਾਅ

    ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਕੋਰੋਨਾਵਾਇਰਸ ਕਾਰਨ ਕੀਤੇ ਗਏ ਲੌਕਡਾਊਨ ਕਾਰਨ ਸਰਕਾਰ ਵੱਲੋਂ ਬਣਾਈ ਕਮੇਟੀ ਨੇ ਉਚੇਰੀ ਸਿੱਖਿਆ ਦਾ ਨਵਾਂ ਸੈਸ਼ਨ ਮੱਧ-ਜੁਲਾਈ ਦੀ ਥਾਂ ਸਤੰਬਰ ਵਿੱਚ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ।

    ਯੂਜੀਸੀ ਵੱਲੋਂ ਬਣਾਈ 7 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸ਼ੁੱਕਰਵਾਰ ਨੂੰ ਸੌਂਪ ਦਿੱਤੀ ਹੈ।

    ਇਹ ਕਮੇਟੀ ਯੂਨੀਵਰਸਿਟੀ ਪ੍ਰੀਖਿਆਵਾਂ ਅਤੇ ਅਕਾਦਮਿਕ ਕਲੰਡਰ ਸਬੰਧੀ ਦਿਸ਼ਾ-ਨਿਰਦੇਸ਼ ਤਿਆਰ ਕਰੇਗੀ।

    ਪੂਰੇ ਦੇਸ ਵਿੱਚ ਯੂਨੀਵਰਸਿਟੀਜ਼ ਅਤੇ ਸਕੂਲ 16 ਮਾਰਚ ਤੋਂ ਹੀ ਬੰਦ ਹਨ।

  7. ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਕੋਠਿਆਂ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ

    ਬੀਬੀਸੀ ਲਈ ਸੁਖਚਰਨ ਪ੍ਰੀਤ ਦੀ ਰਿਪੋਰਟ: ਪੰਜਾਬ ਦੀਆਂ 16 ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕੋਠਿਆਂ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

    ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਹੀ ਪ੍ਰਦਰਸ਼ਨ ਕੀਤੇ ਗਏ ਹਨ।

    ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਿਹੜੇ ਗਰੀਬ ਅਤੇ ਲੋੜਵੰਦਾਂ ਤੱਕ ਤੱਕ ਰਾਸ਼ਨ ਨਹੀਂ ਪਹੁੰਚਿਆ ਹੈ, ਉਨ੍ਹਾਂ ਦੀ ਮਦਦ ਕੀਤੀ ਜਾਵੇ ਤੇ ਮੱਧ-ਵਰਗੀ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਦਿੱਤਾ ਜਾਵੇ।

  8. ਆਂਧਰ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ 61 ਨਵੇਂ ਮਾਮਲੇ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਆਂਧਰ ਪ੍ਰਦੇਸ਼ ਵਿੱਚ ਕਰੋਨਾਵਾਇਰਸ ਦੇ 61 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਸ ਤਰ੍ਹਾਂ ਆਂਧਰ ਪ੍ਰਦੇਸ਼ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 1016 ਹੋਈ।

    ਹੁਣ ਤੱਕ ਸੂਬੇ ਵਿੱਚ ਮ੍ਰਿਤਕਾਂ ਦੀ ਗਿਣਤੀ 31 ਹੋ ਚੁੱਕੀ ਹੈ।

  9. ਨਵਾਂਸ਼ਹਿਰ 'ਚ ਵਿਦੇਸ਼ ਤੋਂ ਵਾਪਸ ਆਉਣ ਦੇ ਚਾਹਵਾਨਾਂ ਦੀ ਜਾਣਕਾਰੀ ਮੰਗੀ

    ਬੀਬੀਸੀ ਲਈ ਪਾਲ ਸਿੰਘ ਨੌਲੀ ਦੀ ਰਿਪੋਰਟ:

    ਨਵਾਂਸ਼ਹਿਰ ਦੇ ਮਜਿਸਟਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਵਿਡ ਲਾਕਡਾਊਨ ਦੌਰਾਨ ਵਿਦੇਸ਼ ’ਚ ਫ਼ਸਿਆ ਜ਼ਿਲ੍ਹੇ ਨਾਲ ਸਬੰਧਤ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਜਾਂ ਵਿਦਿਆਰਥੀ ਦੇਸ ਪਰਤਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ।

    ਜਿਲ੍ਹਾ ਮਜਿਸਟਰੇਟ ਵਿਨੈ ਬਬਲਾਨੀ ਨੇ ਇਹ ਜਾਣਕਾਰੀ ਆਪਣੀ ਸਬ ਡਵੀਜ਼ਨ ਦੇ ਐੱਸਡੀਐੱਮ ਜਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰਾਂ 01823-227470, 227471, 227473, 227474, 227476, 227478, 227479 ਅਤੇ 227480 ’ਤੇ ਦੇਣ ਲਈ ਕਿਹਾ ਹੈ।

    ਇਸ ਦੌਰਾਨ ਵਿਦੇਸ਼ ’ਚ ਫ਼ਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਉਸ ਕੋਲ ਮੌਜੂਦ ਮੋਬਾਇਲ ਨੰਬਰ, ਵਿਦੇਸ਼ ’ਚ ਵਰਤਮਾਨ ਪਤਾ, ਪਾਸਪੋਰਟ ਨੰਬਰ, ਪਰਵਿਾਰ ਨਾਲ ਗਏ ਹੋਣ ਦੀ ਸੂਰਤ ’ਚ ਉਸ ਨਾਲ ਵਾਪਸ ਆਉਣ ਵਾਲੇ ਹੋਰ ਮੈਂਬਰਾਂ ਦੇ ਨਾਮ ਦੇਣਾ ਜ਼ਰੂਰੀ ਹੈ।

  10. ਕਿਸੇ ਵੀ ਦੇਸ ਤੋਂ ਇੱਕ ਵੀ ਡਾਲਰ ਦੀ ਮਦਦ ਨਹੀਂ ਮਿਲੀ-ਇਮਰਾਨ ਖ਼ਾਨ

    ਪਾਕਿਸਤਾਨ ਵਿੱਚ 9 ਮਈ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

    ਜੌਹਨ ਹੌਪਕਿਨਸ ਯੂਨਿਵਰਸਿਟੀ ਮੁਤਾਬਕ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ 11,940 ਪੌਜ਼ਿਟਿਵ ਮਾਮਲੇ ਹਨ ਜਦੋਂਕਿ 253 ਮੌਤਾਂ ਹੋ ਚੁੱਕੀਆਂ ਹਨ।

    ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਕਿਸੇ ਵੀ ਦੇਸ ਜਾਂ ਗਲੋਬਲ ਸੰਗਠਨ ਤੋਂ ਇੱਕ ਵੀ ਡਾਲਰ ਦੀ ਵਿੱਤੀ ਮਦਦ ਨਹੀਂ ਮਿਲੀ।

    ਇਮਰਾਨ ਖ਼ਾਨ ਨੇ ਕਿਹਾ ਕਿ ਇਸ ਮਹਾਂਮਾਰੀ ਕਾਰਨ ਪਾਕਿਸਤਾਨ ਦੀ ਵਿੱਤੀ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

    ਇਮਰਾਨ ਖ਼ਾਨ ਨੇ ਕਿਹਾ, “ਕਿਸੇ ਵੀ ਦੇਸ ਜਾਂ ਕੌਮਾਂਤਰੀ ਸੰਗਠਨ ਤੋਂ ਸਾਨੂੰ ਇੱਕ ਵੀ ਡਾਲਰ ਦੀ ਮਦਦ ਨਹੀਂ ਮਿਲੀ ਹੈ। ਸਿਰਫ਼ ਆਈਐੱਮਐੱਫ਼ ਤੋਂ ਕਰਜੇ ਦੀ ਰਾਸ਼ੀ ਮਿਲੀ ਹੈ।”

  11. ਕੀ ਵਿਟਾਮਿਨ-ਡੀ ਖਾਣ ਜਾਂ ਧੁੱਪ ਸੇਕਣ ਨਾਲ ਬਚਿਆ ਜਾ ਸਕਦਾ ਹੈ

    ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

    ਵਿਟਾਮਿਨ-ਡੀ ਨੂੰ ਸਾਡਾ ਸਰੀਰ ਸੂਰਜ ਦੀ ਧੁੱਪ ਵਿੱਚ ਆਪਣੇ ਆਪ ਤਿਆਰ ਕਰ ਲੈਂਦਾ ਹੈ।

    ਵਿਟਾਮਿਨ-ਡੀ ਵੀ ਬਾਕੀ ਵਿਟਾਮਿਨਾਂ ਵਾਂਗ ਹੀ ਸਾਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਅਤੇ ਲਾਗ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਖ਼ਾਸ ਕਰ ਕੇ ਮਹਾਂਮਾਰੀ ਦੌਰਾਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  12. ਪੰਜਾਬ ਤੋਂ 80 ਬੱਸਾਂ ਹਜ਼ੂਰ ਸਾਹਿਬ ਲਈ ਰਵਾਨਾ

    ਹਜ਼ੂਰ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਵਾਪਸ ਲਿਆਉਣ ਲਈ ਅੱਜ ਸੇਵੇਰੇ ਪੀਰੀਆਰਟੀਸੀ ਦੀਆਂ 32 ਬੱਸਾਂ ਰਵਾਨਾ ਹੋਈਆਂ।

    ਇਨ੍ਹਾਂ ਵਿੱਚ 7 ਵੋਲਵੋ ਬੱਸਾਂ ਵੀ ਸ਼ਾਮਿਲ ਸਨ।

    ਪੰਜਾਬ ਸਰਕਾਰ ਨੇ ਕੁੱਲ 80 ਬੱਸਾਂ ਭੇਜੀਆਂ ਹਨ ਜਿਨ੍ਹਾਂ ਵਿੱਚੋਂ 48 ਪੰਜਾਬ ਰੋਡਵੇਜ਼ ਦੀਆਂ ਹਨ।

  13. ਯੂਪੀ ਵਿੱਚ 30 ਜੂਨ ਤੱਕ ਜਨਤਕ ਇਕੱਠ 'ਤੇ ਮਨਾਹੀ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਨਿਰਦੇਸ਼ ਦਿੱਤੇ ਹਨ ਕਿ ਸੂਬੇ ਵਿੱਚ 30 ਜੂਨ ਤੱਕ ਕੋਈ ਵੀ ਜਨਤਕ ਇਕੱਠ ਨਾ ਕੀਤਾ ਜਾਵੇ।

    ਹਾਲਾਤ ਦੇਖ ਕੇ ਇਸ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।

  14. ਟਰੰਪ ਦੀ ਸਲਾਹ ਡਾਕਟਰਾਂ ਨੇ ਰੱਦ ਕੀਤੀ

    ਵ੍ਹਾਈਟ ਹਾਊਸ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਰਾਸ਼ਟਰਪਤੀ ਟਰੰਪ ਦੀ ਦਿੱਤੀ ਗਈ ਸਲਾਹ ਦੀ ਕਾਫੀ ਆਲੋਚਨਾ ਹੋ ਰਹੀ ਹੈ।

    ਬ੍ਰੀਫਿੰਗ ਦੌਰਾਨ ਟਰੰਪ ਨੇ ਕਿਹਾ ਸੀ ਕਿ ਇਸ 'ਤੇ ਸੋਧ ਹੋਣੀ ਚਾਹੀਦੀ ਹੈ ਕਿ ਕੀ ਰੋਗਾਣੂਨਾਸ਼ਕ ਦਾ ਸਰੀਰ ਵਿੱਚ ਟੀਕਾ ਲਾਉਣ 'ਤੇ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ।

    ਉਨ੍ਹਾਂ ਦੀ ਸਲਾਹ ਨੂੰ ਵ੍ਹਾਈਟ ਹਾਊਸ ਦੀ ਕੋਰੋਨਾ ਟਾਸਕ ਫੋਰਸ ਦੇ ਡਾਕਟਰ ਡੈਬੋਰਾਹ ਬਿਰਕਸ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਹੀ ਰੱਦ ਕਰ ਦਿੱਤਾ ਸੀ।

    ਬਾਅਦ ਵਿੱਚ ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ‘ਵਿਅੰਗ’ ਵਿੱਚ ਕਹੀ ਸੀ। ਹਾਲਾਂਕਿ ਬੀਬੀਸੀ ਨਾਲ ਗੱਲਬਾਤ ਦੌਰਾਨ ਡਾਕਟਰਾਂ ਨੇ ਕਿਹਾ ਕਿ ਕੁਝ ਲੋਕ ਇਸ ਗੱਲ ਨੂੰ ਸੱਚ ਮੰਨ ਸਕਦੇ ਹਨ।

    ਸਰਜਨ ਡਾਕਟਰ ਜੋਨਾਥਨ ਸਪਾਈਸਰ ਨੇ ਚੇਤਾਵਨੀ ਦਿੰਦਿਆਂ ਕਿਹਾ, "ਇਹ ਕੀਟਾਣੂਨਾਸ਼ਕ ਇੰਨੇ ਖ਼ਤਰਨਾਕ ਹੁੰਦੇ ਹਨ ਕਿ ਇਹ ਸਾਡੇ ਅੰਦਰੂਨੀ ਹਿੱਸਿਆਂ ਨੂੰ ਗਲਾ ਦੇਵੇਗਾ।"

    ਨਿਊਯਾਰਕ ਸਿਟੀ ਦੇ ਸਿਹਤ ਕਮਿਸ਼ਨਰ ਡਾਕਟਰ ਆਕਸੀਰਿਅਸ ਬਾਰਬੋਟ ਦਾ ਕਹਿਣਾ ਹੈ, "ਰੋਗਾਣੂਨਾਸ਼ਕ ਨੂੰ ਕਿਸੇ ਵੀ ਤਰੀਕੇ ਨਾਲ ਚਾਹੇ ਇੰਜੈਕਸ਼ਨ ਜਾਂ ਫਿਰ ਪੀਣ ਜਾਂ ਚਮੜੀ ਤੇ ਲਾਉਣਾ ਸਰੀਰ ਲਈ ਬਹੁਤ ਨੁਕਸਾਨ ਵਾਲਾ ਹੈ।"

  15. 'ਦੁਕਾਨਾਂ ਖੋਲ੍ਹਣ ਦੇ ਨਿਯਮ ਪੰਜਾਬ ਵਿੱਚ ਹਾਲੇ ਲਾਗੂ ਨਹੀਂ'

    ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਰਜਿਸਟਰਡ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।

    ਹਾਲਾਂਕਿ ਇਹ ਨਿਯਮ ਕਨਟੇਨਮੈਂਟ ਜੋਨ ਵਿੱਚ ਲਾਗੂ ਨਹੀਂ ਹੁੰਦੇ।

    ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਦਾ ਕਹਿਣਾ ਹੈ ਕਿ ਇਹ ਗ੍ਰਹਿ ਮੰਤਰਾਲੇ ਦੇ ਇਹ ਨਿਯਮ ਪੰਜਾਬ ਵਿੱਚ ਲਾਗੂ ਨਹੀਂ ਹੁੰਦੇ।

    ਉੱਥੇ ਧਾਰਾ 144 ਤਹਿਤ ਪਾਬੰਦੀਆਂ ਲਾਈਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਨੇ ਅਧਿਕਾਰਤ ਐਲਾਨ ਦੀ ਉਡੀਕ ਕਰਨ ਲਈ ਕਿਹਾ ਹੈ।

  16. ਦਿੱਲੀ ਵਿੱਚ ਕੁੱਝ ਥਾਵਾਂ 'ਤੇ ਖੁਲ੍ਹੀਆਂ ਹਾਰਡਵੇਅਰ ਦੁਕਾਨਾਂ

    ਦਿੱਲੀ ਦੇ ਲਕਸ਼ਮੀ ਨਗਰ ਵਿੱਚ ਤਕਰੀਬਨ ਇੱਕ ਮਹੀਨੇ ਬਾਅਦ ਹਾਰਡਵੇਅਰ ਦੀਆਂ ਦੁਕਾਨਾਂ ਖੁਲ੍ਹੀਆਂ।

    ਦੱਸ ਦੇਈਏ ਕਿ ਲਕਸ਼ਮੀ ਨਗਰ ਦਿੱਲੀ ਦਾ ਕਾਫ਼ੀ ਭੀੜ-ਭਾੜ ਵਾਲਾ ਇਲਾਕਾ ਹੈ।

  17. ਕੋਰੋਨਾਵਾਇਰਸ ਦੇ ਗਰਮੀ ਆਉਣ 'ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ

    ਕਈ ਥਾਵਾਂ 'ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਗਰਮੀ ਦੀ ਮਦਦ ਨਾਲ ਕੋਰੋਨਾਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

    ਕਈ ਦਾਅਵਿਆਂ ਵਿੱਚ ਗਰਮ ਪਾਣੀ-ਪੀਣ ਦੀ ਸਲਾਹ ਦਿੱਤਾ ਜਾ ਰਹੀ ਹੈ। ਇੱਥੋਂ ਤੱਕ ਕਿ ਗਰਮ ਪਾਣੀ ਨਾਲ ਨਹਾਉਣ ਦੀ ਸਲਾਹ ਦਿੱਤਾ ਜਾ ਰਹੀ ਹੈ।

    ਇਸ ਵਿੱਚ ਕਿੰਨੀ ਸੱਚਾਈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  18. ਅਮਰੀਕਾ ਕੁੱਝ ਸੂਬੇ ਖੋਲ੍ਹਣ ਦੀ ਤਿਆਰੀ 'ਚ

    ਅਮਰੀਕਾ ਦੇ ਤਿੰਨ ਸੂਬਿਆਂ ਵਿੱਚ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁੱਝ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

    ਜੌਰਜੀਆ, ਓਕਲਾਹੋਮਾ ਵਿੱਚ ਸਲੂਨ ਤੇ ਸਪਾ ਖੋਲ੍ਹੇ ਜਾ ਸਕਦੇ ਹਨ ਜਦਕਿ ਅਲਾਸਕਾ ਨੇ ਰੈਸਟੋਰੈਂਟ 'ਤੇ ਪਾਬੰਦੀਆਂ ਹਟਾ ਦਿੱਤੀਆਂ ਹਨ।

    ਇੰਨ੍ਹਾਂ ਤਿੰਨਾਂ ਸੂਬਿਆਂ ਵਿੱਚ ਦੁਕਾਨਾਂ 'ਤੇ ਜਾਣ ਵੇਲੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਪਏਗਾ।

    ਹਾਲਾਂਕਿ ਕੁੱਝ ਸੂਬਿਆਂ ਨੇ ਲੌਕਡਾਊਨ ਦਾ ਪੂਰਾ ਪਾਲਣ ਕਰਨ ਦਾ ਹੀ ਫੈਸਲਾ ਕੀਤਾ ਹੈ।

  19. ਤਸਵੀਰਾਂ ਰਾਹੀਂ ਸਮਝੋ ਕੋਰੋਨਾਵਾਇਰਸ ਤੋਂ ਬਚਣ ਦੇ ਤਰੀਕੇ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਭਰ ਦੇ ਜ਼ਿਆਦਾਤਰ ਦੇਸਾਂ ਵਿੱਚ ਲੌਕਡਾਊਨ ਹੈ।

    ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈਂ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

    ਪਰ ਤੁਸੀਂ ਘਰ ਰਹਿ ਕੇ ਕਿਵੇਂ ਬਚ ਸਕਦੇ ਹੋ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  20. ਦੇਸ ਦੇ ਕਈ ਹਿੱਸਿਆਂ ਵਿੱਚ ਦੁਕਾਨਾਂ ਖੁਲ੍ਹੀਆਂ

    ਗ੍ਰਹਿ ਮੰਤਰਾਲੇ ਦੇ ਐਲਾਨ ਤੋਂ ਬਾਅਦ ਦੇਸ ਦੇ ਕਈ ਹਿੱਸਿਆਂ ਵਿੱਚ ਦੁਕਾਨਾਂ ਖੁਲ੍ਹੀਆਂ।

    ਵਾਰਾਣਸੀ ਵਿੱਚ ਸਟੇਸ਼ਨਰੀ ਅਤੇ ਬਿਜਲੀ ਦੀਆਂ ਦੁਕਾਨਾ ਖੁਲ੍ਹ ਗਈਆਂ ਹਨ।

    ਹਾਲਾਂਕਿ ਕਨਟੇਨਮੈਂਟ ਜ਼ੋਨਜ਼ ਵਿੱਚ ਦੁਕਾਨਾਂ ਖੋਲ੍ਹਣ ਸਬੰਧੀ ਕੋਈ ਛੋਟ ਨਹੀਂ ਦਿੱਤੀ ਗਈ ਹੈ।