You’re viewing a text-only version of this website that uses less data. View the main version of the website including all images and videos.

Take me to the main website

ਕੈਪਟਨ ਅਮਰਿੰਦਰ ਨੇ ਕਿਹਾ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ

ਮਹਾਂਮਾਰੀ ਕੋਰੋਨਾਵਾਇਰਸ ਦਾ ਪੂਰੀ ਦੁਨੀਆਂ ਵਿੱਚ ਕਹਿਰ ਜਾਰੀ ਹੈ। ਪ੍ਰਭਾਵਿਤ ਲੋਕਾਂ ਦਾ ਅੰਕੜਾ 10 ਲੱਖ ਪਾਰ ਅਤੇ ਮੌਤਾਂ 53, 000 ਹੋਈਆਂ

ਲਾਈਵ ਕਵਰੇਜ

  1. ਹਾਂਗਕਾਂਗ ਵਿੱਚ ਪਬ ਤੇ ਬਾਰ ਬੰਦ

    ਹਾਂਗਕਾਂਗ ਵਿੱਚ 14 ਦਿਨਾਂ ਲਈ ਸਾਰੇ ਬਾਰ ਅਤੇ ਪਬ ਬੰਦ ਰਹਿਣਗੇ। ਸਿਨੇਮਾ, ਨਾਈਟ ਕਲੱਬ, ਕੌਰੋਕੇ ਲਾਊਂਜ ਪਹਿਲਾਂ ਹੀ ਬੰਦ ਹਨ ਹਾਲਾਂਕਿ ਰੈਸਟੋਰੈਂਟ ਖੁਲ੍ਹੇ ਹਨ ਬਸ਼ਰਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ।

    ਚਾਰ ਤੋਂ ਵੱਧ ਲੋਕਾਂ ਦੇ ਇੱਕ ਥਾਂ ਉੱਥੇ ਇਕੱਠੇ ਹੋਣ 'ਤੇ ਪਹਿਲਾਂ ਹੀ ਪਾਬੰਦੀ ਹੈ।

  2. ਕੁਆਰੰਟਾਈਨ ਵਿੱਚ ਰੱਖੇ ਗਏ ਤਬਲੀਗੀ ਜਮਾਤ ਦੇ ਮੈਂਬਰਾਂ 'ਤੇ NSA ਲਗਾਇਆ

    ਕੁਆਰੰਟਾਈਨ ਵਿੱਚ ਰੱਖੇ ਗਏ ਤਬਲੀਗੀ ਜਮਾਤ ਦੇ ਕੁਝ ਮੈਂਬਰਾਂ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਤਿਦਿਆਨਾਥ ਨੇ ਐੱਨਐੱਸਏ ਲਗਾ ਦਿੱਤਾ ਹੈ।

    ਗਾਜ਼ੀਆਬਾਦ ਵਿੱਚ ਤਬਲੀਗੀ ਜਮਾਤ ਦੇ ਮੈਂਬਰਾਂ ’ਤੇ ਨਰਸਾਂ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ ਲਿਆ ਸੀ। ਯੋਗੀ ਸਰਕਾਰ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ਼ ਨੈਸ਼ਨਲ ਸਕਿਓਰਿਟੀ ਐਕਟ ਲਗਾ ਦਿੱਤਾ ਹੈ।

  3. ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 336 ਕੋਰੋਨਾਵਾਇਰਸ ਪੌਜ਼ੀਟਿਵ ਮਾਮਲੇ ਸਾਹਮਣੇ ਆਏ

    ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਕੋਰੋਨਾਵਾਇਰਸ ਸਬੰਧੀ ਮੌਜੂਦਾ ਹਾਲਾਤ ਦੱਸੇ।

    • ਕੱਲ੍ਹ ਤੋਂ ਹੁਣ ਤੱਕ ਕੋਰੋਨਾਵਾਇਰਸ ਦੇ 336 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
    • ਇਸ ਤਰ੍ਹਾਂ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ੀਟਿਵ ਮਾਮਲੇ 2331 ਹਨ। ਇਨ੍ਹਾਂ ਵਿੱਚੋਂ 56 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚੋਂ 12 ਮੌਤਾਂ ਕੱਲ੍ਹ ਹੋਈਆਂ ਸਨ। ਹੁਣ ਤੱਕ 157 ਲੋਕ ਠੀਕ ਹੋ ਚੁੱਕੇ ਹਨ।
    • ਹੁਣ ਤੱਕ 647 ਤਬਲੀਗੀ ਜਮਾਤ ਦੇ ਲੋਕ ਕੋਰੋਨਾਵਾਇਰਸ ਤੋਂ ਪੌਜ਼ੀਟਿਵ ਪਾਏ ਗਏ ਹਨ ਜੋ ਕਿ 14 ਸੂਬਿਆਂ ਨਾਲ ਸਬੰਧਤ ਹਨ ਜਿਸ ਵਿੱਚ ਹਿਮਾਚਲ ਅਤੇ ਹਰਿਆਣਾ ਵੀ ਸ਼ਾਮਿਲ ਹਨ।
    • ਭਾਰਤ ਸਰਕਾਰ ਨੇ ਕੋਰੋਨਾਵਾਇਰਸ ਸਬੰਧੀ ਕੱਲ੍ਹ ਨਵੀਂ ਐਪ ਆਰੋਗਿਆਸੇਤੂ ਲਾਂਚ ਕੀਤੀ ਸੀ। 30 ਲੱਖ ਲੋਕਾਂ ਨੇ ਐਪ ਨੂੰ ਡਾਊਨਲੋਡ ਕੀਤਾ ਹੈ।
    • ਖੇਤੀਬਾੜੀ ਵਿਭਾਗ ਨੇ ਸੋਸ਼ਲ ਡਿਸਟੈਂਸਿੰਗ ਲਈ PNAM ਨੂੰ ਲਾਂਚ ਕੀਤਾ ਹੈ। ਬਿਨਾਂ ਕਿਤੇ ਜਾਏ ਫ਼ਸਲ ਵੇਚ ਸਕਦੇ ਹਨ।
  4. ਪੇਰੂ ਵਿੱਚ ਇੱਕ ਦਿਨ ਔਰਤਾਂ ਤੇ ਇੱਕ ਦਿਨ ਮਰਦ ਨਿਕਲ ਸਕਦੇ ਹਨ ਬਾਹਰ

    ਪੇਰੂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਜ਼ਰੂਰੀ ਸਮਾਨ ਖਰੀਦਣ ਲਈ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਮਰਦ ਬਾਹਰ ਨਿਕਲ ਸਕਣਗੇ ਜਦੋਂਕਿ ਬਾਕੀ ਦਿਨ ਔਰਤਾਂ।

    ਹਾਲਾਂਕਿ ਐਤਵਾਰ ਨੂੰ ਕਿਸੇ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀ ਹੋਵੇਗੀ। ਰਾਸ਼ਟਰਪਤੀ ਵਿਜ਼ਕਾਰਾ ਮੁਤਾਬਕ ਇਹ ਨਿਯਮ 12 ਅਪ੍ਰੈਲ ਤੱਕ ਲਾਗੂ ਰਹਿਣਗੇ।

    ਪੇਰੂ ਦੱਖਣ-ਅਮਰੀਕਾ ਦਾ ਪਹਿਲਾ ਦੇਸ ਹੈ ਜਿੱਥੇ ਲੌਕਡਾਊਨ ਕੀਤਾ ਗਿਆ ਸੀ। ਹਾਲੇ ਤੱਕ ਇੱਥੇ ਕੋਰੋਨਾਵਾਇਰਸ ਦੇ 1400 ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

  5. ਗੂਗਲ 131 ਦੇਸਾਂ ਦੀ ਆਵਾਜਾਈ ਟਰੈਕ ਕਰੇਗਾ

    ਗੂਗਲ 131 ਦੇਸਾਂ ਲਈ ਲੋਕਾਂ ਦੀ ਆਵਾਜਾਈ ਨੂੰ ਟਰੈਕ ਕਰੇਗਾ ਤਾਂ ਕਿ ਸਿਹਤ ਤੇ ਹੋਰਨਾਂ ਅਧਿਕਾਰੀ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰੇ। ਕੰਪਨੀ ਦਾ ਦਾਅਵਾ ਹੈ ਕਿ ਨਿੱਜਤਾ ਦਾ ਖਿਆਲ ਰੱਖਿਆ ਜਾਵੇਗਾ।

    ਗੂਗਲ ਮੈਪ ਐਪ ਜਾਂ ਹੋਰਨਾਂ ਮੋਬਾਈਲ ਸੇਵਾਵਾਂ ਰਾਹੀਂ ਗੂਗਲ ਲੋਕਾਂ ਦੀ ਹਲਚਲ ਟਰੈਕ ਕਰੇਗਾ। ਲੋਕਾਂ ਦੀ ਆਵਾਜਾਈ ਦੀ ਦੋ-ਤਿੰਨ ਦਿਨ ਪੁਰਾਣੀ ਹਲਚਲ ਦਾ ਡਾਟਾ ਗੂਗਲ ਰੋਜ਼ਾਨਾ ਦੇਵੇਗਾ

  6. ਕੋਰੋਨਾਵਾਇਰਸ ਨਾਲ ਸਬੰਧਤ ਪੰਜਾਬ ਵਿੱਚ ਹੁਣ ਤੱਕ ਦੀ ਅਪਡੇਟ

    • ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਫਰੀਦਕੋਟ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਤਿੰਨ ਕੇਅਰ ਸੈਂਟਰ ਤਿਆਰ
    • ਪਿੰਡਵਾਸੀਆਂ ਨੇ ਕੋਰੋਨਾਵਾਇਰਸ ਕਾਰਨ ਮਾਰੇ ਗਏ ਭਾਈ ਨਿਰਮਲ ਸਿੰਘ ਦਾ ਪਿੰਡ ਵੇਰਕਾ 'ਚ ਸਸਕਾਰ ਨਹੀਂ ਕਰਨ ਦਿੱਤਾ
    • ਬਰਨਾਲਾ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਲਈ ਤਿੰਨ ਓਪਨ ਜੇਲ੍ਹ ਸਥਾਪਤ
    • ਦਿੱਲੀ ਦੇ ਨਿਜਾਮੁਮੀਦ ਦੇ ਮਰਕਜ਼ ਤੋਂ ਪੰਜਾਬ ਵਿੱਚ 200 ਅਤੇ ਹਰਿਆਣਾ ਵਿੱਚ 1277 ਵਿਅਕਤੀਆਂ ਦੀ ਸ਼ਨਾਖਤ ਹੋਈ
  7. 'ਕੋਰੋਨਾਵਾਇਰਸ ਬਹੁਤ ਹੀ ਮਾੜਾ ਤਜਰਬਾ ਹੈ' - ਯੂਕੇ ਦੇ ਸਿਹਤ ਮੰਤਰੀ

    ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਠੀਕ ਹੋਣ ਤੋਂ ਬਾਅਦ ਕੋਰੋਨਾਵਾਇਰਸ ਨੂੰ ਕਾਫੀ ਮਾੜਾ ਤਜੁਰਬਾ ਕਰਾਰ ਦਿੱਤਾ ਹੈ।

    ਉਨ੍ਹਾਂ ਕਿਹਾ ਕਿ ਉਹ ਕਈ ਰਾਤਾਂ ਤੱਕ ਸੌਂ ਨਹੀਂ ਸਕੇ। “ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਗਲੇ ਵਿੱਚ ਕੱਚ ਫਸ ਗਿਆ ਹੋਵੇ।”

    ਉਨ੍ਹਾਂ ਅੱਗੇ ਕਿਹਾ, “ਇਹ ਕਾਫੀ ਚਿੰਤਾਜਨਕ ਹੈ ਕਿਉਂਕਿ ਸਾਨੂ ਸਭ ਨੂੰ ਨਜ਼ਰ ਆ ਰਿਹਾ ਹੈ ਕਿ ਇਹ ਕਿੰਨੀ ਖ਼ਤਰਨਾਕ ਬੀਮਾਰੀ ਹੈ।”

  8. ਬਰਨਾਲਾ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਓਪਨ ਜੇਲ੍ਹ ਸਥਾਪਤ

    ਬਰਨਾਲਾ ਦੇ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪ੍ਰਸ਼ਾਸਨ ਨੇ ਓਪਨ ਜੇਲ੍ਹ ਸਥਾਪਤ ਕਰ ਦਿੱਤੀਆਂ ਹਨ।

    ਕਰਫਿਊ ਤਹਿਤ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ਤੇ ਘੁੰਮਣ ਤੇ ਪਾਬੰਦੀ ਹੈ। ਜੋ ਵੀ ਇਸ ਦੀ ਉਲੰਘਣਾ ਕਰਗੇ ਉਸ ਨੂੰ ਓਪਨ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਜਾਵੇਗਾ।

    ਬਰਨਾਲਾ ਵਿੱਚ ਇੱਕ ਸਟੇਡੀਅਮ, ਸਕੂਲ ਅਤ ਇੱਕ ਅਕਾਦਮੀ ਨੂੰ ਓਪਨ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

  9. 'ਹਰੇਕ ਹਸਪਤਾਲ ਚ ਹਰ 5ਵੇਂ ਦਿਨ ਪੀਪੀਈ ਦੀ ਸਪਲਾਈ ਦੀ ਕੋਸ਼ਿਸ਼' - ਰਾਜੀਵ ਅਰੋੜਾ

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ: ਹਰਿਆਣਾ ਦੇ ਸਿਹਤ ਸਬੰਧੀ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੂੰ ਪੱਤਰਕਾਰਾਂ ਨੇ ਪੀਪੀਈ ਦੀ ਕਮੀ ਬਾਰੇ ਸਵਾਲ ਪੁੱਛਿਆਂ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਦੀ ਕੋਈ ਕਮੀ ਨਹੀਂ ਹੈ।

    ਸਵਾਲ - ਹਰਿਆਣਾ ਵਿੱਚ ਨਰਸਾਂ ਨੂੰ ਪੀਪੀਈ ਕਿਟ ਨਹੀਂ ਮਿਲ ਰਹੀਆਂ, ਪੰਚਕੂਲਾ ਵਿੱਚ ਸਟਾਫ਼ ਨੇ ਇਹ ਮਾਮਲਾ ਚੁੱਕਿਆ ਸੀ।

    ਰਾਜੀਵ ਅਰੋੜਾ ਨੇ ਕਿਹਾ, “ਹਰਿਆਣਾ ਵਿੱਚ ਜੋ ਵੀ ਕੋਰੋਨਾਵਾਇਰਸ ਦੇ ਪੌਜੀਟਿਵ ਮਾਮਲਿਆਂ ਨੂੰ ਦੇਖ ਰਹੇ ਹਨ ਜਾਂ ਨਜਿੱਠ ਰਹੇ ਹਨ, ਉਨ੍ਹਾਂ ਨੂੰ ਪੀਪੀਈ (ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ) ਦਿੱਤੇ ਜਾ ਰਹੇ ਹਨ। ਇਸ ਦੀ ਲੋੜੀਂਦੀ ਸਪਲਾਈ ਹੋ ਰਹੀ ਹੈ। ਅਸੀਂ ਹਰੇਕ ਹਸਪਤਾਲ ਵਿੱਚ ਹਰ ਪੰਜਵੇਂ ਦਿਨ ਪੀਪੀਈ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”

  10. 'ਤਬਲੀਗੀ ਜਮਾਤ ਦੇ ਲੋਕ 25 ਮਾਰਚ ਤੋਂ ਪਹਿਲਾਂ ਹੀ ਹਰਿਆਣਾ ਵਿੱਚ ਦਾਖਲ ਹੋਏ' - ਡੀਜੀਪੀ

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ: ਦਿੱਲੀ ਦੇ ਨਿਜਾਮੁਦੀਨ ਦੇ ਮਰਕਜ਼ ਤੋਂ ਹਰਿਆਣਾ ਵਿੱਚ ਵੀ ਤਬਲੀਗੀ ਜਮਾਤ ਦੇ ਕੁੱਝ ਲੋਕ ਪਰਤੇ ਹਨ।

    ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਮੁਤਾਬਕ “ਤਬਲੀਗੀ ਜਮਾਤ ਦੇ ਲੋਕ 25 ਮਾਰਚ ਤੋਂ ਪਹਿਲਾਂ ਹੀ ਹਰਿਆਣਾ ਵਿੱਚ ਦਾਖਲ਼ ਹੋਏ ਸਨ। ਜਦੋਂ ਸੂਬੇ ਵਿੱਚ ਵਧੇਰੇ ਪਾਬੰਦੀਆਂ ਨਹੀਂ ਸਨ। 25 ਮਾਰਚ ਤੋਂ ਬਾਅਦ ਕੋਈ ਵੀ ਤਬਲੀਗੀ ਜਮਾਤ ਦਾ ਵਿਅਕਤੀ ਹਰਿਆਣਾ ਵਿੱਚ ਦਾਖਲ ਨਹੀਂ ਹੋਇਆ।”

    ਉਨ੍ਹਾਂ ਅੱਗੇ ਕਿਹਾ, “ਤਬਲੀਗੀ ਜਮਾਤ ਦੇ ਜਿਆਦਾਤਰ ਲੋਕ ਨੂੰਹ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚ 105 ਵਿਦੇਸ਼ੀ ਹਨ ਜਿਨ੍ਹਾਂ ਦੇ ਵੀਜਾ ਜ਼ਬਤ ਕਰ ਲਏ ਹਨ ਅਤੇ ਇਨ੍ਹਾਂ ਖਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਹੈ।”

  11. ਆਮ ਲੱਛਣਾਂ ਤੋਂ ਇਲਾਵਾ ਸੰਭਾਵਿਤ ਲੱਛਣ ਕੀ ਹਨ?

    ਕੋਰੋਨਾਵਾਇਰਸ ਦਾ ਮੁੱਖ ਲੱਛਣ ਬੁਖ਼ਾਰ ਅਤੇ ਸੁੱਕੀ ਖਾਂਸੀ ਹੈ। ਇਹ ਉਹ ਲੱਛਣ ਹਨ ਜਿਨ੍ਹਾਂ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

    ਕਈ ਮਾਮਲਿਆਂ ਵਿੱਚ ਗਲੇ ਵਿੱਚ ਦਰਦ, ਸਿਰ ਦਰਦ ਅਤੇ ਦਸਤ ਵੀ ਦੱਸੇ ਗਏ ਹਨ ਅਤੇ ਅਜਿਹੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਕਈਆਂ ਦੀ ਸੁੰਘਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

    ਪਰ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਹਲਕੀ ਠੰਢ ਜਿਵੇਂ ਨੱਕ ਦਾ ਵਗਣਾ ਜਾਂ ਛਿੱਕਣਾ ਕਈ ਰੋਗੀਆਂ ਵਿੱਚ ਹੋ ਸਕਦੇ ਹਨ।

    ਕੁਝ ਅਧਿਐਨਾਂ ਨੇ ਸੁਝਾਇਆ ਹੈ ਕਿ ਅਜਿਹਾ ਹੋਣ ਦੀ ਸੰਭਵਾਨਾ ਹੈ। ਲੋਕਾਂ ਨੂੰ ਇਹ ਪਤਾ ਲੱਗੇ ਬਿਨਾਂ ਕਿ ਉਨ੍ਹਾਂ ਵਿੱਚ ਵਾਇਰਸ ਹੈ, ਉਹ ਸੰਕਰਮਿਤ ਹੋ ਸਕਦੇ ਹਨ। ਹੋਰ ਜਾਣਕਰੀ ਲਈ ਇੱਥੇ ਕਲਿੱਕ ਕਰੋ।

  12. ਹਰਿਆਣਾ ਵਿੱਚ 5401 ਵਾਹਨਾਂ ਨੂੰ ਜ਼ਬਤ ਕੀਤਾ ਜਾਂ ਚਲਾਨ ਕੱਟੇ

    ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਨੇ ਦੱਸਿਆ ਕਿ 25 ਮਾਰਚ ਤੋਂ ਹੁਣ ਤੱਕ 4000 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

    1374 ਲੋਕ ਹਿਰਾਸਤ ਵਿੱਚ ਲਏ ਗਏ ਹਨ, ਜਦੋਂਕਿ 5401 ਵਾਹਨਾਂ ਨੂੰ ਜ਼ਬਤ ਕੀਤਾ ਜਾਂ ਚਲਾਨ ਕੱਟੇ ਗਏ ਹਨ।

  13. ਹਰਿਆਣਾ ਵਿੱਚ ਕੋਰੋਨਾਵਾਇਰਸ ਖਿਲਾਫ਼ ਲੜਨ ਲਈ ਸਿਹਤ ਸਹੂਲਤਾਂ ਕਿੰਨੀਆਂ

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ: ਹਰਿਆਣਾ ਦੇ ਸਿਹਤ ਸਬੰਧੀ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਮੁਤਾਬਕ ਹੁਣ ਤੱਕ 43 ਮਾਮਲੇ ਕੋਰੋਨਾਵਾਇਰਸ ਦੇ ਪੌਜੀਟਿਵ ਆਏ ਹਨ, ਇਨ੍ਹਾਂ ਵਿੱਚੋਂ 13 ਨੂੰ ਛੁੱਟੀ ਦੇ ਦਿੱਤੀ ਗਈ ਹੈ।

    ਇਸ ਤਰ੍ਹਾਂ ਹਰਿਆਣਾ ਵਿੱਚ ਕੋਰੋਨਾਵਾਇਰਸ ਦੇ ਕੁੱਲ 30 ਮਾਮਲੇ ਪੌਜੀਟਿਵ ਹਨ।

    ਹਰਿਆਣਾ ਵਿੱਚ 1300 ਵੈਂਟੀਲੇਟਰ ਉਪਲਬਧ ਹਨ, ਹੋਰ 250 ਵੈਂਟੀਲੇਟਰ ਦੇ ਆਰਡਰ ਦੇ ਦਿੱਤੇ ਗਏ ਹਨ।

    19 ਹਜਾਰ ਪੀਪੀਈ ਕਿੱਟ ਅਤੇ 90 ਹਜਾਰ ਐੱਨ95 ਮਾਸਕ ਮੌਜੂਦ ਹਨ।

  14. ਵਰਲਡ ਬੈਂਕ ਨੇ ਕੋਰੋਨਾਵਾਇਰਸ ਖਿਲਾਫ਼ ਭਾਰਤ ਲਈ 1 ਬਿਲੀਅਨ ਡਾਲਰ ਨੂੰ ਮਨਜ਼ੂਰੀ ਦਿੱਤੀ

    ਵਰਲਡ ਬੈਂਕ ਨੇ ਕੋਰੋਨਾਵਾਇਰਸ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਲਈ 1 ਬਿਲੀਅਨ ਡਾਲਰ ਦੀ ਰਾਸ਼ੀ ਮਨਜੂਰ ਕਰ ਦਿੱਤੀ ਹੈ।

    ਇਸ ਮਾਲੀ ਮਦਦ ਨਾਲ ਦੇਸ ਦੇ ਸਾਰੇ ਹੀ ਸੂਬੇ ਅਤੇ ਯੂਟੀ ਵਿੱਚ ਲੋੜੀਂਦਾ ਫੰਡ ਵਰਤਿਆ ਜਾਵੇਗਾ।

    ਭਾਰਤ ਲਈ ਵਰਲਡ ਬੈਂਕ ਕੰਟਰੀ ਡਾਇਰੈਕਟਰ ਜੁਨੈਦ ਅਹਿਮਦ ਨੇ ਕਿਹਾ, “ਵਰਲਡ ਬੈਂਕ ਭਾਰਤ ਸਰਕਾਰ ਨਾਲ ਕਰੀਬੀ ਕੰਮ ਕਰ ਰਿਹਾ ਹੈ ਤਾਂ ਕਿ ਕੋਰੋਨਾਵਾਇਰਸ ਨਾਲ ਲੜਨ ਲਈ ਤੁਰੰਤ ਅਤੇ ਜ਼ਰੂਰੀ ਮਦਦ ਕੀਤੀ ਜਾ ਸਕੇ।”

    “ਇਸ ਪ੍ਰੋਜੈਕਟ ਨਾਲ ਜਾਂਚ ਤੇਜ਼ ਹੋਵੇਗੀ ਤੇ ਲੈਬੋਰੇਟਰੀਆਂ ਦੀ ਯੋਗਤਾ ਵਿੱਚ ਵੀ ਵਾਧਾ ਹੋਵੇਗਾ। ਪਰ ਕੋਵਿਡ-19 ਸਿਰਫ਼ ਸਿਹਤ ਲਈ ਹੀ ਚੁਣੌਤੀ ਨਹੀਂ ਹੈ ਸਗੋਂ ਇਸ ਦਾ ਸਮਾਜਿਕ ਅਤੇ ਵਿੱਤੀ ਅਸਰ ਪਏਗਾ। ਇਸ ਦੇ ਨਾਲ ਹੀ ਅਸੀਂ ਸਰਕਾਰ ਨਾਲ ਸਮਾਜਿਕ ਸੁਰੱਖਿਆ ਪ੍ਰੋਗਰਾਮ ਅਤੇ ਵਿੱਤੀ ਮਾਪਦੰਡਾਂ ਬਾਰੇ ਵੀ ਕੰਮ ਕਰ ਰਹੇ ਹਾਂ।”

    ਵਰਲਡ ਬੈਂਕ ਗਰੁੱਪ ਵਿਕਾਸਸ਼ੀਲ ਦੇਸਾਂ ਲਈ 14 ਬਿਲੀਅਨ ਡਾਲਰ ਫਾਸਟ ਟਰੈਕ ਪੈਕੇਜ ਦੇ ਰਿਹਾ ਹੈ ਤਾਂ ਕਿ ਕੋਵਿਡ-19 ਖਿਲਾਫ਼ ਜੰਗ ਲਈ ਇਹ ਦੇਸ ਮਜ਼ਬੂਤ ਹੋ ਜਾਣ ਅਤੇ ਇਸ ਚੋਂ ਛੇਤੀ ਨਿਕਲਿਆ ਜਾ ਸਕੇ। ਤੁਰੰਤ ਮਦਦ ਵਿੱਚ ਵਿੱਤੀ, ਪਾਲਿਸੀ ਸਲਾਹ ਅਤੇ ਤਕਨੀਕੀ ਮਦਦ ਸ਼ਾਮਿਲ ਹੈ।

  15. ਕੋਰੋਨਾਵਾਇਰਸ ਨਾਲ ਮਰਨ ਵਾਲੇ ਦੇ ਸਸਕਾਰ ਵੇਲੇ ਵਰਤੀਆਂ ਜਾਂਦੀਆਂ ਸਾਵਧਾਨੀਆਂ

  16. ਕੋਰੋਨਾਵਾਇਰਸ: ਜਦੋਂ ਭਾਈ ਨਿਰਮਲ ਸਿੰਘ ਦਾ ਪਿੰਡ 'ਚ ਸਸਕਾਰ ਨਹੀਂ ਕਰਨ ਦਿੱਤਾ ਗਿਆ

  17. ਕੋਰੋਨਾਵਾਇਰਸ: ਪੰਜਾਬ-ਹਰਿਆਣਾ ਨੂੰ ਤਬਲੀਗ਼ੀ ਜਮਾਤੀਆਂ ਨੇ ਪਾਈਆਂ ਭਾਜੜਾਂ

  18. ਤਬਲੀਗ਼ੀ ਜਮਾਤ ਕੀ ਹੈ ਅਤੇ ਕਿਵੇਂ ਕਰਦੀ ਹੈ ਧਰਮ ਪ੍ਰਚਾਰ

  19. ਪੰਜਾਬ 'ਚ ਕੋਰੋਨਾਵਾਇਰਸ ਖਿਲਾਫ਼ ਤਿੰਨ ਕੇਅਰ ਸੈਂਟਰ ਤਿਆਰ

    ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਤਿੰਨ ਕੇਅਰ ਸੈਂਟਰ ਤਿਆਰ ਕਰਨ ਦਾ ਦਾਅਵਾ ਕੀਤਾ ਹੈ।

    ਇਹ ਤਿੰਨੋ ਕੇਅਰ ਸੈਂਟਰ ਫਰੀਦਕੋਟ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਹਨ ਅਤੇ ਇਨ੍ਹਾਂ ਵਿੱਚ ਕੁੱਲ 1360 ਬੈੱਡਾਂ ਦੀ ਸਹੂਲਤ ਹੈ।

    ਫਰੀਦਕੋਟ ਵਿੱਚ 580 ਬੈੱਡ ਅਤੇ 26 ਵੈਂਟੀਲੇਟਰ, ਅੰਮ੍ਰਤਸਰ ਵਿੱਚ 180 ਬੈੱਡ ਅਤੇ 35 ਵੈਂਟੀਲੇਟਰ, ਜੀਐੱਮਸੀ ਪਟਿਆਲਾ ਵਿੱਚ 600 ਬੈੱਡ ਅਤੇ 40 ਵੈਂਟੀਲੇਟਰਜ਼ ਦੀ ਸਹੂਲਤ ਹੈ।

  20. ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ