You’re viewing a text-only version of this website that uses less data. View the main version of the website including all images and videos.

Take me to the main website

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ

ਪੰਜਾਬ ਵਿੱਚ ਤਰਨ ਤਾਰਨ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਹੈ। ਜਦੋਂਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਨੇ ਰੁਝਾਨਾਂ ਵਿੱਚ ਬਹੁਮਤ ਹਾਸਲ ਕਰ ਲਿਆ ਹੈ।

ਸਾਰ

  • 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਵੱਖ-ਵੱਖ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਗਏ।
  • ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ (ਯੁਨਾਈਟਿਡ) ਦੀ ਸ਼ਮੂਲੀਅਤ ਵਾਲੇ ਐੱਨਡੀਏ ਗੱਠਜੋੜ ਨੇ ਮਹਾਗੱਠਜੋੜ ਨੂੰ ਪਛਾੜ ਦਿੱਤਾ।
  • ਪੀਐੱਮ ਮੋਦੀ ਨੇ ਇਸ ਨੂੰ 'ਵਿਕਾਸ ਦੀ ਜਿੱਤ' ਦੱਸਿਆ, ਉੱਥੇ ਹੀ ਰਾਹੁਲ ਗਾਂਧੀ ਨੇ ਚੋਣਾਂ ਨਿਰਪੱਖ ਨਾ ਹੋਣ ਦਾ ਦਾਅਵਾ ਕੀਤਾ।
  • ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ।
  • ਆਪ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਜਿੱਤ ਨੇ ਸਾਬਤ ਕੀਤਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੇਗੀ।

ਲਾਈਵ ਕਵਰੇਜ

ਲਾਈਵ ਰਿਪੋਰਟਿੰਗ: ਚਰਨਜੀਤ ਕੌਰ ਤੇ ਗੁਰਜੋਤ ਸਿੰਘ

  1. ਤਰਨ ਤਾਰਨ ਜ਼ਿਮਨੀ ਚੋਣ: ਪਹਿਲੇ ਰੁਝਾਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਅੱਗੇ

    ਤਰਨ ਤਾਰਨ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਪਹਿਲੇ ਰੁਝਾਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਹਨ।

    ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਅੰਕੜਿਆਂ ਮੁਤਾਬਕ, ਪਹਿਲੇ ਰਾਊਂਡ ਦੀ ਗਿਣਤੀ ਵਿੱਚ ਸੁਖਵਿੰਦਰ ਕੌਰ 2910 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

    ਉਨ੍ਹਾਂ ਤੋਂ ਬਾਅਦ 2285 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਹਨ।

    ਜਦਕਿ 1379 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਤੀਸਰੇ ਨੰਬਰ 'ਤੇ ਚੱਲ ਰਹੇ ਹਨ।

    ਫਿਲਹਾਲ ਇਹ ਤਾਜ਼ਾ ਰੁਝਾਨ ਹਨ ਅਤੇ ਵੋਟਾਂ ਦੀ ਗਿਣਤੀ ਜਾਰੀ ਹੈ।

  2. ਤਰਨ ਤਾਰਨ ਨੂੰ ਪੰਥਕ ਸੀਟ ਕਿਉਂ ਕਿਹਾ ਜਾਂਦਾ ਹੈ

    ਤਰਨ ਤਾਰਨ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ। ਅਕਾਲੀ ਦਲ ਇੱਥੋਂ ਸਭ ਤੋਂ ਵੱਧ ਵਾਰੀ ਜਿੱਤਿਆ ਹੈ। ਹਾਲਾਂਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਇਸ ਹਲਕੇ ਤੋਂ ਆਪਣੀ ਹਾਜ਼ਰੀ ਲਗਵਾਈ ਹੈ।

    ਮਾਹਰਾਂ ਮੁਤਾਬਕ, ਦਿਹਾਤੀ ਅਤੇ ਸਿੱਖ ਵੋਟਰਾਂ ਦੀ ਵੱਡੀ ਗਿਣਤੀ ਅਤੇ ਖਾੜਕੂਵਾਦ ਲਹਿਰ ਦਾ ਪ੍ਰਭਾਵ ਇਸ ਇਲਾਕੇ ਵਿੱਚ ਵੱਧ ਰਿਹਾ ਹੋਣ ਕਰਕੇ ਤਰਨ ਤਾਰਨ ਹਲਕਾ ਪੰਜਾਬ ਦੇ ਪੰਥਕ ਹਲਕਿਆਂ ਵਿੱਚ ਗਿਣਿਆ ਜਾਂਦਾ ਹੈ।

    ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, "ਇਸ ਹਲਕੇ ਵਿੱਚ ਪਿੰਡ ਵਿੱਚ ਰਹਿੰਦੇ ਵੋਟਰਾਂ ਅਤੇ ਸਿੱਖ ਵੋਟਰਾਂ ਦੀ ਬਹੁਮਤ ਹੈ।"

    "ਖਾੜਕੂਵਾਦ ਦਾ ਸਭ ਤੋਂ ਵੱਧ ਪ੍ਰਭਾਵ ਤਰਨ ਤਾਰਨ ਇਲਾਕੇ ਵਿੱਚ ਹੀ ਰਿਹਾ ਹੈ। ਇਸ ਇਲਾਕੇ ਦਾ ਸੁਭਾਅ ਪੰਜਾਬ ਦੇ ਬਾਕੀ ਖੇਤਰਾਂ ਨਾਲੋਂ ਵੱਖਰਾ ਅਤੇ ਬਾਗ਼ੀ ਹੈ।"

  3. ਕਿਹੜੇ ਸੂਬਿਆਂ ਵਿੱਚ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣੇ

    ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, 14 ਨਵੰਬਰ ਨੂੰ ਆ ਰਹੇ ਹਨ। ਇਸ ਦੇ ਨਾਲ ਹੀ, ਪੰਜਾਬ ਦੇ ਤਰਨ ਤਾਰਨ ਦੀਆਂ ਜ਼ਿਮਨੀ ਚੋਣ ਸਣੇ ਛੇ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਅੱਜ ਹੀ ਆ ਰਹੇ ਹਨ।

    ਚੋਣ ਕਮਿਸ਼ਨ ਦੇ ਅਨੁਸਾਰ, ਪੰਜਾਬ, ਰਾਜਸਥਾਨ, ਤੇਲੰਗਾਨਾ, ਓਡੀਸ਼ਾ, ਝਾਰਖੰਡ ਅਤੇ ਮਿਜ਼ੋਰਮ ਵਿੱਚ ਇੱਕ-ਇੱਕ ਵਿਧਾਨ ਸਭਾ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣਗੇ।

    ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਵਿੱਚ ਦੋ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਆ ਰਹੇ ਹਨ।

  4. ਬਿਹਾਰ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਜਾਣੋ ਅਹਿਮ ਗੱਲਾਂ

    2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਮਹੱਤਵਪੂਰਨ ਰਹੀਆਂ। ਇਨ੍ਹਾਂ ਚੋਣਾਂ ਵਿੱਚ 1951 ਤੋਂ ਬਾਅਦ ਬਿਹਾਰ ਵਿੱਚ ਸਭ ਤੋਂ ਵੱਧ ਵੋਟ ਪਏ।

    ਇਸ ਵਾਰ 67.13% ਵੋਟਰ ਵੋਟਿੰਗ ਹੋਈ, ਜੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ 9.6% ਵੱਧ ਹੈ।

    ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦਾ ਮਤਦਾਨ 8.15% ਵੱਧ ਰਿਹਾ ਹੈ।

    ਇਨ੍ਹਾਂ ਚੋਣਾਂ ਵਿੱਚ ਪੁਰਸ਼ਾਂ ਦੀ ਹਿੱਸੇਦਾਰੀ 62.98% ਅਤੇ ਮਹਿਲਾਵਾਂ ਦੀ ਹਿੱਸੇਦਾਰੀ 71.78% ਰਹੀ।

    ਬਿਹਾਰ ਵਿੱਚ 3.51 ਕਰੋੜ ਮਹਿਲਾ ਵੋਟਰ, 3.93 ਕਰੋੜ ਪੁਰਸ਼ ਵੋਟਰ ਅਤੇ 7.45 ਕਰੋੜ ਕੁੱਲ ਵੋਟਰ ਹਨ।

    ਬਿਹਾਰ ਵਿਧਾਨ ਸਭਾ ਚੋਣਾਂ ਦੋ ਚਰਨਾਂ ਵਿੱਚ ਹੋਈਆਂ। ਵੋਟਿੰਗ ਦਾ ਪਹਿਲਾ ਪੜਾਅ 6 ਨਵੰਬਰ ਨੂੰ ਅਤੇ ਦੂਜਾ ਪੜਾਅ 11 ਨਵੰਬਰ ਨੂੰ ਸੀ।

    ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਪੂਰੀ ਤਸਵੀਰ ਦੁਪਹਿਰ ਤੱਕ ਸਪਸ਼ਟ ਹੋ ਜਾਵੇਗੀ।

  5. ਤਰਨ ਤਾਰਨ ਸੀਟ ’ਤੇ ਬਹੁ-ਕੋਣੀ ਮੁਕਾਬਲਾ

    ਇਸ ਵਾਰ ਤਰਨ ਤਾਰਨ ਸੀਟ ’ਤੇ ਚਾਰ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਹ ਚਾਰ ਪਾਰਟੀਆਂ, ਆਮ ਆਦਮੀ ਪਾਰਟੀ, ਅਕਾਲੀ ਦਲ (ਬਾਦਲ), ਕਾਂਗਰਸ ਅਤੇ ਭਾਜਪਾ ਹਨ।

    ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਸ ਹਰਮੀਤ ਸਿੰਘ ਸੰਧੂ ਉੱਤੇ ਹੈ। ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

    ਕਾਂਗਰਸ ਪਾਰਟੀ ਨੇ ਪੇਸ਼ੇ ਤੋਂ ਵਕੀਲ ਸਿਆਸਤਦਾਨ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਰਨਬੀਰ ਸਿੰਘ ਬੁਰਜ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ।

    ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤਰਨ ਤਾਰਨ ਤੋਂ ਚੋਣ ਮੈਦਾਨ ਵਿੱਚ ਇੱਕ ਸਿੱਖ ਚਿਹਰਾ ਉਤਾਰਨ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਇੱਕ ਪੁਰਾਣੇ ਸਿਆਸਤਦਾਨ ਹਨ।

    ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਸ਼ੇ ਤੋਂ ਅਧਿਆਪਕਾ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

    ਜੇਬੀਟੀ ਅਧਿਆਪਕਾ ਰਿਟਾਇਰ ਹੋਏ ਸੁਖਵਿੰਦਰ ਕੌਰ ਦਾ ਸਿਆਸੀ ਸਫ਼ਰ ਬਹੁਤਾ ਲੰਬਾ ਨਹੀਂ ਹੈ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਸਿਆਸੀ ਤੌਰ ਉੱਤੇ ਇੱਕ ਸਰਗਰਮ ਪਰਿਵਾਰ ਹੈ।

    ਇਸ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਮਨਦੀਪ ਸਿੰਘ ਖਾਲਸਾ ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਐਲਾਨੀ ਗਈ ਪਾਰਟੀ ਅਕਾਲੀ ਦਲ(ਵਾਰਿਸ ਪੰਜਾਬ) ਸਣੇ ਹੋਰ ਪੰਥਕ ਧਿਰਾਂ ਦੀ ਵੀ ਹਮਾਇਤ ਪ੍ਰਾਪਤ ਹੈ।

  6. ਬੀਬੀਸੀ ਪੰਜਾਬੀ ਦੇ ਤਰਨ ਤਾਰਨ ਜ਼ਿਮਨੀ ਚੋਣ ਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਤੇ ਨਤੀਜਿਆਂ ਬਾਰੇ ਲਾਈਵ ਪੇਜ ਉੱਤੇ ਸਵਾਗਤ ਹੈ।

    ਰੁਝਾਨਾਂ ਤੇ ਨਤੀਜਿਆਂ ਬਾਰੇ ਹਰ ਤਾਜ਼ਾ ਅਪਡੇਟ ਇਸ ਪੇਜ ਰਾਹੀਂ ਜਾਣੋ।