You’re viewing a text-only version of this website that uses less data. View the main version of the website including all images and videos.
ਅਮਰੀਕਾ ਵਿਚ ਪੰਜਾਬੀ ਟੱਬਰ ਨੂੰ ਬੱਚੀ ਸਣੇ ਅਗਵਾ ਕਰਨ ਦੇ ਮਾਮਲੇ ਦੀ ਪੁਲਿਸ ਜਾਂਚ ਕਿੱਥੋਂ ਤੱਕ ਪੁੱਜੀ
ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਦੀ ਪੁਲਿਸ ਮੁਤਾਬਕ ਸੂਬੇ ਦੇ ਕੇਂਦਰੀ ਇਲਾਕੇ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਗਵਾ ਹੋਣ ਵਾਲਿਆਂ ਵਿੱਚ ਇੱਕ ਅੱਠ ਮਹੀਨਿਆਂ ਦੀ ਬੱਚੀ ਸਣੇ ਉਸ ਦੀ ਮਾਂ ਜਸਲੀਨ ਕੌਰ, ਪਿਤਾ ਜਸਦੀਪ ਸਿੰਘ ਅਤੇ ਤਾਇਆ ਅਮਨਦੀਪ ਸਿੰਘ ਹਨ।
ਖ਼ਬਰ ਏਜੰਸੀ ਰਾਇਟਰਜ਼ ਨੇ ਪੁਲਿਸ ਦੇ ਹਵਾਲੇ ਨਾਲ ਰਿਪੋਰਟ ਕੀਤਾ ਹੈ ਕਿ ਮੁਲਜ਼ਮਾਂ ਦੀ ਭਾਲ਼ ਜਾਰੀ ਹੈ ਅਤੇ ਇਸ ਦੇ ਲਈ ਵੱਖ-ਵੱਖ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ, ਜਿਸ ਬਾਰੇ ਬਾਅਦ ਵਿੱਚ ਦੱਸਿਆ ਗਿਆ ਕਿ ਉਹ ਅਸਲ ਮੁਲਜ਼ਮ ਨਹੀਂ ਹੈ।
ਮੰਗਲਵਾਰ ਨੂੰ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਜ਼ਮਾਂ ਨੂੰ ਲੱਭਣ ਵਿੱਚ ਪੁਲਿਸ ਦੀ ਮਦਦ ਕਰਨ। ਭਾਵੇਂਕਿ ਨਾਲ ਹੀ ਪੁਲਿਸ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਮੁਲਜ਼ਮ ਹਥਿਆਰਬੰਦ ਅਤੇ ਖਤਰਨਾਕ ਹੋ ਸਕਦੇ ਹਨ।
ਹੁਸ਼ਿਆਰਪੁਰ ਨਾਲ ਸੰਬੰਧਿਤ ਪਰਿਵਾਰ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਵਿਚ ਅਗਵਾ ਹੋਇਆ ਇਹ ਪਰਿਵਾਰ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ।
ਹੁਸ਼ਿਆਰਪੁਰ 'ਚ ਮੌਜੂਦ ਪੀੜਿਤ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲਿਆਂ ਨੇ ਦੱਸਿਆ, ''ਉਨ੍ਹਾਂ ਦੀ ਕਾਰ ਉਨ੍ਹਾਂ ਦੇ ਦਫ਼ਤਰ ਤੋਂ 20-25 ਕਿੱਲੋਮੀਟਰ ਦੂਰ ਸੜੀ ਹੋਈ ਮਿਲੀ ਹੈ।''
''ਉਨ੍ਹਾਂ ਦੇ ਮੋਬਾਈਲ ਵੀ ਮਿਲੇ ਹਨ। ਅਜੇ ਤੱਕ ਫਿਰੌਤੀ ਆਦਿ ਲਈ ਕੋਈ ਕਾਲ ਨਹੀਂ ਆਈ ਹੈ।''
ਸਦਮੇ ਵਿੱਚ ਹੈ ਪੀੜਤ ਮਾਪੇ
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਪੀੜਤ ਅਮਨਦੀਪ ਸਿੰਘ ਅਤੇ ਜਸਦੀਪ ਸਿੰਘ ਦੇ ਪਿਤਾ ਰਣਧੀਰ ਸਿੰਘ ਸਿਹਤ ਵਿਭਾਗ ਤੋਂ ਅਤੇ ਮਾਂ ਕਿਰਪਾਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ।
ਉਹ ਦੋਵੇਂ ਲੰਘੀ 29 ਸਤੰਬਰ ਨੂੰ ਹੀ ਅਮਰੀਕਾ ਤੋਂ ਭਾਰਤ ਪਰਤੇ ਹਨ ਅਤੇ ਮੁੜਨ ਤੋਂ ਬਾਅਦ ਰਣਧੀਰ ਸਿੰਘ ਇੱਕ ਧਾਰਮਿਕ ਯਾਤਰਾ 'ਤੇ ਉਤਰਾਖੰਡ ਚਲੇ ਗਏ ਸਨ।
ਜਿੱਥੇ ਰਿਸ਼ੀਕੇਸ਼ ਪਹੁੰਚਣ 'ਤੇ ਉਨ੍ਹਾਂ ਨੂੰ ਜਸਪ੍ਰੀਤ ਕੌਰ (ਵੱਡੇ ਪੁੱਤਰ ਦੀ ਪਤਨੀ) ਦਾ ਫੋਨ ਆਇਆ ਅਤੇ ਉਸ ਨੇ ਆਪਣੇ ਪਤੀ ਅਤੇ ਬਾਕੀ ਮੈਂਬਰਾਂ ਦੇ ਅਗਵਾ ਹੋਣ ਦੀ ਜਾਣਕਾਰੀ ਦਿੱਤੀ।
ਇਹ ਜਾਣਕਾਰੀ ਮਿਲਦੇ ਹੀ ਰਣਧੀਰ ਆਪਣੇ ਪਿੰਡ ਵਾਪਸ ਮੁੜ ਗਏ ਅਤੇ ਉਨ੍ਹਾਂ ਨੇ ਤੁਰੰਤ ਅਮਰੀਕਾ ਜਾਣ ਦੀ ਤਿਆਰੀ ਕਰ ਲਈ।
ਪੰਜਾਬ 'ਚ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਬੱਚਿਆਂ ਦੇ ਅਗਵਾ ਹੋਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਮਾਪੇ ਗਹਿਰੇ ਸਦਮੇ ਵਿੱਚ ਹਨ ਅਤੇ ਗੱਲਬਾਤ ਕਰਨ ਦੀ ਹਾਲਤ ਵਿੱਚ ਨਹੀਂ ਹਨ।
- ਅਮਰੀਕਾ ਦੇ ਮੱਧ ਕੈਲੀਫ਼ੋਨਰਨੀਆ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਕੀਤਾ ਗਿਆ ਅਗਵਾ
- ਅਗਵਾ ਹੋਣ ਵਾਲਿਆਂ ਵਿੱਚ 3 ਵੱਡਿਆਂ ਸਣੇ ਇੱਕ ਅੱਠ ਮਹੀਨਿਆਂ ਦੀ ਬੱਚੀ ਵੀ ਸ਼ਾਮਿਲ
- ਪਰਿਵਾਰ ਦਾ ਵਾਹਨ ਪੁਲਿਸ ਨੂੰ ਸੜਦਾ ਹੋਇਆ ਮਿਲਿਆ, ਜਿਸ ਤੋਂ ਬਾਅਦ ਅਗਵਾ ਹੋਣ ਦਾ ਪਤਾ ਲੱਗਾ
- ਪੁਲਿਸ ਮੁਤਾਬਕ, ਮੁਲਜ਼ਿਮਾਂ ਦੀ ਭਾਲ਼ ਜਾਰੀ ਹੈ ਅਤੇ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ
- ਅਗਵਾ ਹੋਏ ਵਿਅਕਤੀਆਂ ਵਿੱਚੋਂ ਇੱਕ ਦੇ ਏਟੀਐੱਮ ਦਾ ਕਾਰਡ ਦਾ ਇਤੇਮਾਲ ਕਰਕੇ ਪੈਸੇ ਕੱਢੇ ਗਏ ਹਨ
- ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਸੀ, ਉਹ ਅਸਲ ਮੁਲਜ਼ਿਮ ਨਹੀਂ ਹੈ
ਪੁਲਿਸ ਨੂੰ ਅਗਵਾ ਹੋਣ ਬਾਰੇ ਕਿਵੇਂ ਮਿਲੀ ਜਾਣਕਾਰੀ
ਖ਼ਬਰ ਏਜੰਸੀ ਰਾਈਟਰਜ਼ ਦੀ ਰਿਪੋਰਟ ਮੁਤਾਬਕ, ਪੁਲਿਸ ਨੂੰ ਇਸ ਪਰਿਵਾਰ ਦੇ ਅਗਵਾ ਹੋਣ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਸੋਮਵਾਰ ਨੂੰ ਉਨ੍ਹਾਂ ਨੂੰ ਅਮਨਦੀਪ ਸਿੰਘ ਦਾ ਕਾਲੇ ਰੰਗ ਦਾ ਟੱਰਕ ਸੜਦਾ ਹੋਇਆ ਮਿਲਿਆ।
ਜਦੋਂ ਪੁਲਿਸ ਨੇ ਇਸ ਟੱਰਕ ਦੀ ਜਾਂਚ-ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਪਰਿਵਾਰ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਇਸ ਨਾਲ ਪੁਲਿਸ ਨੂੰ ਯਕੀਨ ਹੋ ਗਿਆ ਕਿ ਪਰਿਵਾਰ ਨੂੰ ਅਗਵਾ ਕੀਤਾ ਗਿਆ ਹੈ।
ਮਰਸਡ ਦੇ ਕਾਊਂਟੀ ਸ਼ੈਰਿਫ ਦਫ਼ਤਰ (ਜ਼ਿਲ੍ਹਾ ਅਧਿਕਾਰੀ ਦਫ਼ਤਰ) ਦੇ ਅਧਿਕਾਰੀ ਵਰਨ ਵਾਰਨਕੀ ਨੇ ਕਿਹਾ, ''ਅਜੇ ਤੱਕ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅਗਵਾ ਕਰਨ ਪਿੱਛੇ ਕੀ ਉਦੇਸ਼ ਹੈ।''
ਉਨ੍ਹਾਂ ਕਿਹਾ, ''ਸਾਨੂੰ ਸਿਰਫ਼ ਇਨਾਂ ਪਤਾ ਹੈ ਕਿ ਉਹ ਗਾਇਬ ਹਨ।''
ਇਹ ਵੀ ਪੜ੍ਹੋ-
ਸਰਵੀਲੈਂਸ ਕੈਮਰਿਆਂ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਇੱਕ ਗੰਜੇ ਵਿਅਕਤੀ ਨੂੰ ਦੇਖਿਆ ਗਿਆ ਹੈ, ਹਾਲਾਂਕਿ ਉਸ ਦਾ ਚਿਹਰਾ ਮਾਸਕ ਨਾਲ ਢਕਿਆ ਹੋਇਆ ਹੈ।
ਸ਼ੈਰਿਫ ਦਫ਼ਤਰ ਨੇ ਇਸ ਮਾਮਲੇ ਵਿੱਚ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਵਿਅਕਤੀਆਂ ਦੇ ਮੂੰਹ ਮਾਸਕ ਨਾਲ ਢਕੇ ਹੋਏ ਹਨ ਅਤੇ ਦੋਵਾਂ ਵਿੱਚੋਂ ਇੱਕ ਨੇ ਪਲਾਸਟਿਕ ਦਾ ਇੱਕ ਬੈਗ ਚੁੱਕਿਆ ਹੋਇਆ ਹੈ।
ਸ਼ੱਕੀ ਵਿਅਕਤੀ ਗ੍ਰਿਫ਼ਤਾਰ ਪਰ ਉਹ ਅਸਲ ਮੁਲਜ਼ਮ ਨਹੀਂ
ਏਜੰਸੀ ਦੀ ਖ਼ਬਰ ਅਨੁਸਾਰ, ਅਗਵਾ ਹੋਣ ਤੋਂ ਬਾਅਦ ਪੀੜਿਤਾਂ ਵਿੱਚੋਂ ਇੱਕ ਵਿਅਕਤੀ ਦੇ ਏਟੀਐੱਮ ਕਾਰਡ ਤੋਂ ਪੈਸੇ ਕੱਢੇ ਗਏ ਸਨ।
4 ਅਕਤੂਬਰ, ਸੋਮਵਾਰ ਨੂੰ (ਅਮਰੀਕੀ ਸਮੇਂ ਮੁਤਾਬਕ) ਸਵੇਰੇ ਮਰਸਡ ਦੇ ਸ਼ੈਰਿਫ਼ ਦਫ਼ਤਰ ਨੂੰ ਜਾਣਕਾਰੀ ਮਿਲੀ ਕਿ ਅਗਵਾ ਹੋਏ ਵਿਅਕਤੀਆਂ ਵਿੱਚੋਂ ਇੱਕ ਦੇ ਏਟੀਐੱਮ ਦਾ ਕਾਰਡ ਦਾ ਇਤੇਮਾਲ ਕਰਕੇ ਪੈਸੇ ਕੱਢੇ ਗਏ ਹਨ।
ਜਿਸ ਵਿਅਕਤੀ ਨੂੰ ਏਟੀਐੱਮ ਵਿੱਚ ਦੇਖਿਆ ਗਿਆ, ਉਸ ਦਾ ਹੁਲੀਆ ਉਸੇ ਵਿਅਕਤੀ ਵਾਂਗ ਜਾਪਦਾ ਸੀ, ਜਿਸ ਨੂੰ ਅਗਵਾ ਕਰਨ ਵਾਲੀ ਥਾਂ ਦੇਖਿਆ ਗਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਜਿਸ ਦੇ ਆਧਾਰ 'ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ।
ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ 48 ਸਾਲਾ ਇਸ ਵਿਅਕਤੀ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ, ''ਕਾਨੂੰਨੀ ਕਾਰਵਾਈ ਤੋਂ ਪਹਿਲਾਂ, ਸ਼ੱਕੀ ਵਿਅਕਤੀ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ।''
''ਉਹ ਸਾਡੀ ਹਿਰਾਸਤ ਵਿੱਚ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।''
ਬਾਅਦ ਵਿੱਚ ਮਰਸਡ ਦੇ ਸੈਰਿਫ਼ ਦਫ਼ਤਰ ਅਧਿਕਾਰੀ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਜਿਸ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਅਸਲ ਮੁਲਜ਼ਮ ਨਹੀਂ ਹੈ ਅਤੇ ਪੁਲਿਸ ਨੂੰ ਕਿਸੇ ਹੋਰ ਦੀ ਭਾਲ਼ ਹੈ।
ਹਾਲਾਂਕਿ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀੜਿਤ ਦੇ ਏਟੀਐੱਮ ਦਾ ਇਸਤੇਮਾਲ ਹੋਇਆ ਹੈ ਅਤੇ ਇਸ ਸਬੰਧੀ ਬੈਂਕ ਦੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ ਸਹੀ ਵਿਅਕਤੀ ਦੀ ਪਛਾਣ ਹੋ ਸਕੇ।
ਇਹ ਵੀ ਪੜ੍ਹੋ-