ਮਹਾਰਾਣੀ ਐਲਿਜ਼ਾਬੈਥ ਨੂੰ ਦੁਨੀਆਂ ਭਰ ਦੇ ਆਗੂਆਂ ਨੇ ਇੰਝ ਕੀਤਾ ਯਾਦ, ਭਾਰਤ ਵਿੱਚ ਇੱਕ ਦਿਨ ਦਾ ਸੋਗ

ਤਸਵੀਰ ਸਰੋਤ, 10 DOWNING STREET
- ਲੇਖਕ, ਟਿਫੈਨੀ ਵਰਦੀਮੇਰ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦੁਨੀਆਂ ਭਰ ਦੇ ਆਗੂ ਮਹਾਰਾਣੀ ਦੇ ਦਿਹਾਂਤ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਵੱਖ-ਵੱਖ ਦੇਸ਼ਾਂ ਦੇ ਆਗੂ ਮਹਾਰਾਣੀ ਦੀ ਉਨ੍ਹਾਂ ਦੇ ਕਰਤੱਵ ਪ੍ਰਤੀ ਸੰਜੀਦਗੀ ਦੇ ਨਾਲ-ਨਾਲ ਉਨ੍ਹਾਂ ਦੀ ਖੁਸ਼ਮਿਜਾਜ਼ੀ ਅਤੇ ਦਿਆਲਤਾ ਨੂੰ ਵੀ ਸਨਮਾਨ ਨਾਲ ਯਾਦ ਕਰ ਰਹੇ ਹਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਈ ਵਾਰ ਮਹਾਰਾਣੀ ਨੂੰ ਮਿਲੇ ਸਨ। ਉਹਨਾਂ ਇੱਕ ਵਾਰ ਕਥਿਤ ਤੌਰ 'ਤੇ ਮਹਾਰਾਣੀ ਨੂੰ 14 ਮਿੰਟ ਤੱਕ ਉਡੀਕ ਕਰਵਾਈ ਸੀ।ਪੁਤਿਨ ਨੇ ਰਾਜਾ ਚਾਰਲਸ III ਨੂੰ ਆਪਣੀ "ਡੂੰਘੀ ਸੰਵੇਦਨਾ" ਭੇਜੀ ਹੈ।
ਪੁਤਿਨ ਨੇ ਇੱਕ ਬਿਆਨ ਵਿੱਚ ਲਿਖਿਆ, "ਯੂਨਾਈਟਿਡ ਕਿੰਗਡਮ ਦੇ ਹਾਲ ਹੀ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਘਟਨਾਵਾਂ ਮਹਾਰਾਣੀ ਦੇ ਨਾਮ ਨਾਲ ਜੁੜੀਆਂ ਹੋਈਆਂ ਹਨ।"
"ਕਈ ਦਹਾਕਿਆਂ ਤੱਕ ਐਲਿਜ਼ਾਬੈਥ II ਨੇ ਆਪਣੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਮਾਣਿਆ। ਇਸ ਦੇ ਨਾਲ ਹੀ ਉਹਨਾਂ ਵਿਸ਼ਵ ਪੱਧਰ ਉਪਰ ਸ਼ਕਤੀ ਵੀ ਮਾਣੀ"
ਰੂਸ ਇਸ ਸਮੇਂ ਯੂਕਰੇਨ 'ਤੇ ਹਮਲੇ ਕਾਰਨ ਬ੍ਰਿਟੇਨ ਸਮੇਤ ਪੱਛਮੀ ਦੇਸ਼ਾਂ ਵੱਲੋਂ ਭਾਰੀ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਯੂਕੇ ਦੀਆਂ ਆਪਣੀਆਂ ਦੋ ਯਾਤਰਾਵਾਂ ਦੌਰਾਨ ਮਹਾਰਾਣੀ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ।

ਤਸਵੀਰ ਸਰੋਤ, Getty Images
ਉਨ੍ਹਾਂ ਲਿਖਿਆ, "ਮੈਂ ਉਨ੍ਹਾਂ ਦੀ ਦਿਆਲਤਾ ਅਤੇ ਪਿਆਰ ਭਰੇ ਵਿਵਹਾਰ ਨੂੰ ਕਦੇ ਨਹੀਂ ਭੁੱਲਾਂਗਾ।''
''ਇੱਕ ਮੁਲਾਕਾਤ ਦੇ ਦੌਰਾਨ ਉਨ੍ਹਾਂ ਨੇ ਮੈਨੂੰ ਉਹ ਰੁਮਾਲ ਦਿਖਾਇਆ ਸੀ ਜੋ ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਉਨ੍ਹਾਂ ਦੇ ਜਨਮ ਦਿਨ ਮੌਕੇ ਤੋਹਫ਼ੇ ਵਜੋਂ ਦਿੱਤਾ ਸੀ। ਮੈਂ ਹਮੇਸ਼ਾ ਉਸ ਗੱਲ ਨੂੰ ਯਾਦ ਰੱਖਾਂਗਾ।''
ਆਪਣੇ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਨੂੰ ਉਨ੍ਹਾਂ ਦੇ ਸਮੇਂ ਦੀ ਇੱਕ ਸੱਚੀ ਤੇ ਨਿਸ਼ਠਾਵਾਨ ਹਸਤੀ ਵਜੋਂ ਯਾਦ ਕੀਤਾ ਜਾਵੇਗਾ।
ਭਾਰਤ ਨੇ ਮਹਾਰਾਣੀ ਦੀ ਮੌਤ 'ਤੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ।
ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, ''ਇੱਕ ਦਿਆਲੂ ਮਹਾਰਾਣੀ'' ਜੋ ''ਫ਼ਰਾਂਸ ਦੀ ਦੋਸਤ ਸੀ''।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, ''ਮਹਾਰਾਣੀ ਨੇ ਬਹੁਤ ਆਕਰਸ਼ਕ, ਸ਼ਾਨਦਾਰ ਅਤੇ ਅਣਥੱਕ ਮਿਹਨਤ ਨਾਲ ਬਣਾਏ ਖੇਤਰ'' ਨਾਲ'' ਪੂਰੀ ਦੁਨੀਆਂ ਨੂੰ ਮੋਹਿਤ ਕਰ ਲਿਆ ਸੀ''।
''ਅਸੀਂ ਹਮੇਸ਼ਾਂ ਉਨ੍ਹਾਂ ਦੁਆਰਾ ਕੀਤੇ ਨਿੱਘ ਭਰੇ ਵਿਵਹਾਰ ਨਾਲ ਪ੍ਰਭਾਵਿਤ ਹੋਏ, ਜਿਸ ਤਰ੍ਹਾਂ ਨਾਲ ਉਹ ਲੋਕਾਂ ਨੂੰ ਸਹਿਜ ਮਹਿਸੂਸ ਕਰਾਉਂਦੇ ਸਨ ਅਤੇ ਕਿਵੇਂ ਉਹ ਵਿਵੇਸ਼ ਹਾਲਾਤਾਂ ਵਿੱਚ ਵੀ ਮਖੌਲ ਕਰਦੇ ਹੋਏ ਮੋਹ ਲੈਂਦੇ ਸਨ।''
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰ ਮਹਾਰਾਣੀ ਨੂੰ 40 ਸਾਲ ਪਹਿਲਾਂ ਮਿਲੇ ਸਨ। ਬਾਇਡਨ ਉਨ੍ਹਾਂ ਨੂੰ ''ਇੱਕ ਮਹਾਰਾਣੀ ਨਾਲੋਂ ਕਿਤੇ ਜ਼ਿਆਦਾ'' ਮੰਨਦੇ ਹਨ, ਜਿਨ੍ਹਾਂ ਨੇ ਪੂਰੇ ਇੱਕ ਯੁੱਗ ਨੂੰ ਪਰਿਭਾਸ਼ਿਤ ਕੀਤਾ''।

ਤਸਵੀਰ ਸਰੋਤ, Getty Images
ਰਾਸ਼ਟਰਪਤੀ ਵਜੋਂ 2021 ਦੇ ਆਪਣੇ ਯੂਕੇ ਦੌਰੇ ਨੂੰ ਯਾਦ ਕਰਦਿਆਂ ਬਾਇਡਨ ਨੇ ਕਿਹਾ, ''ਉਨ੍ਹਾਂ ਨੇ ਸਾਨੂੰ ਆਪਣੀ ਸਮਝਦਾਰੀ ਨਾਲ ਮੋਹਿਆ, ਦਿਆਲਤਾ ਨਾਲ ਹੈਰਾਨ ਕਰ ਦਿੱਤਾ ਅਤੇ ਖੁਲ੍ਹੇ ਦਿਲ ਨਾਲ ਆਪਣਾ ਗਿਆਨ ਸਾਡੇ ਨਾਲ ਸਾਂਝਾ ਕੀਤਾ।''
ਆਪਣੇ ਸ਼ਾਸਨਕਾਲ ਦੌਰਾਨ ਮਹਾਰਾਣੀ ਐਲਿਜ਼ਾਬੈਥ II ਨੇ 14 ਅਮਰੀਕੀ ਰਾਸ਼ਟਰਪਤੀਆਂ ਨਾਲ ਮੁਲਾਕਾਤ ਕੀਤੀ ਹੈ।
ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਹ "ਮਹਾਰਾਣੀ ਦੀ ਖੁੱਲ੍ਹੀ ਦੋਸਤੀ, ਸਿਆਣਪ ਅਤੇ ਮਖੌਲ ਕਰਨ ਦੇ ਸ਼ਾਨਦਾਰ ਢੰਗ ਨੂੰ ਕਦੇ ਨਹੀਂ ਭੁੱਲਣਗੇ।''
ਟ੍ਰੰਪ ਨੇ ਆਪਣੇ ਆਨਲਾਈਨ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ, "ਉਹ ਕਿੰਨੀ ਸ਼ਾਨਦਾਰ ਅਤੇ ਸੁੰਦਰ ਔਰਤ ਸੀ - ਉਨ੍ਹਾਂ ਵਰਗਾ ਕੋਈ ਨਹੀਂ ਸੀ!" ਸਾਬਕਾ ਰਾਸ਼ਟਰਪਤੀ ਨੇ ਆਪਣੇ ਔਨਲਾਈਨ ਪਲੇਟਫਾਰਮ, ਸੱਚ ਸੋਸ਼ਲ 'ਤੇ ਲਿਖਿਆ।
ਇੱਕ ਹੋਰ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਉਸ ਸਮੇਂ ਨੂੰ ਬੜੇ ਪਿਆਰ ਨਾਲ ਯਾਦ ਕੀਤਾ ਜਦੋਂ ਉਨ੍ਹਾਂ ਨੇ ਮਹਾਰਾਣੀ ਨਾਲ ਚਾਹ ਪੀਤੀ ਸੀ। ਇਸ ਦੇ ਨਾਲ ਹੀ ਬੁਸ਼ ਨੇ ਉਨ੍ਹਾਂ ਦੀ ਸਿਆਣਪ ਅਤੇ ਅਕਲਮੰਦੀ ਬਾਰੇ ਵੀ ਲਿਖਿਆ।

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਮਹਾਰਾਣੀ ਐਲਿਜ਼ਾਬੈਥ ਰਾਜ ਦੇ ਮੁਖੀ ਸਨ। ਉਨ੍ਹਾਂ ਨੇ ਆਪਣੇ ਰਾਜ ਦੌਰਾਨ 12 ਕੈਨੇਡੀਅਨ ਪ੍ਰਧਾਨ ਮੰਤਰੀਆਂ ਨੂੰ ਦੇਖਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਵੁਕ ਹੁੰਦੀਆਂ ਕਿਹਾ ਕਿ ਮਹਾਰਾਣੀ ਦਾ "ਕੈਨੇਡਾ ਦੇ ਲੋਕਾਂ ਲਈ ਪਿਆਰ ਸਪੱਸ਼ਟ ਅਤੇ ਅਟੁੱਟ" ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਗੁੰਝਲਦਾਰ ਸੰਸਾਰ ਵਿੱਚ, ਉਨ੍ਹਾਂ ਦੁਆਰਾ ਲਗਾਤਾਰ ਕਿਰਪਾ ਅਤੇ ਸੰਕਲਪ ਨੇ ਸਾਨੂੰ ਸਾਰਿਆਂ ਨੂੰ ਦਿਲਾਸਾ ਦਿੱਤਾ।" ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਮਹਾਰਾਣੀ ਨਾਲ ਹੁੰਦੀਆਂ ਗੱਲਾਂ ਦੀ ਕਮੀ ਮਹਿਸੂਸ ਹੋਵੇਗੀ, ਅਜਿਹੀਆਂ ਗੱਲਾਂ ਜਦੋਂ "ਵਿਚਾਰਕ, ਬੁੱਧੀਮਾਨ, ਉਤਸੁਕ, ਮਦਦਗਾਰ, ਮਜ਼ਾਕੀਆ ਅਤੇ ਹੋਰ ਬਹੁਤ ਕੁਝ" ਸਨ।
ਉਨ੍ਹਾਂ ਨੇ ਭਰੇ ਮਨ ਨਾਲ ਕਿਹਾ, "ਉਹ ਦੁਨੀਆਂ ਵਿੱਚ ਮੇਰੇ ਪਸੰਦੀਦਾ ਲੋਕਾਂ ਵਿੱਚੋਂ ਇੱਕ ਸਨ, ਅਤੇ ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਾਂਗਾ।''
'ਇੱਕ ਅਸਧਾਰਨ ਸ਼ਖਸੀਅਤ'
ਬ੍ਰਸੇਲਜ਼, ਬੈਲਜੀਅਮ ਵਿੱਚ ਯੂਰਪੀਅਨ ਕਮਿਸ਼ਨ ਸਮੇਤ - ਦੁਨੀਆਂ ਭਰ ਵਿੱਚ ਝੰਡੇ ਅੱਧੇ ਝੁਕਾ ਦਿੱਤੇ ਗਏ ਹਨ।
ਯੂਰਪੀਅਨ ਯੂਨੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਮਹਾਰਾਣੀ ਦੀ "ਉਸ ਪਰੰਪਰਾ ਵਿੱਚ ਬਣੇ ਰਹਿੰਦੇ ਹੋਏ ਜੋ ਉਨ੍ਹਾਂ ਲਈ ਸੱਚਮੁੱਚ ਮਹੱਤਵਪੂਰਣ ਹੈ, ਹਰ ਬੀਤਦੀ ਪੀੜ੍ਹੀ ਨਾਲ ਜੁੜਨ ਦੀ ਹਮਦਰਦੀ ਅਤੇ ਯੋਗਤਾ ਸੱਚੀ ਲੀਡਰਸ਼ਿਪ ਦੀ ਇੱਕ ਉਦਾਹਰਣ ਸੀ।''
ਸਵੀਡਨ ਦੇ ਰਾਜਾ ਕਾਰਲ XVI (ਸੋਲ੍ਹਵੇਂ) ਗੁਸਟਫ਼ ਵੀ ਮਹਾਰਾਣੀ ਦੇ ਦੂਰ ਦੇ ਰਿਸ਼ਤੇਦਾਰ ਹਨ, ਉਨ੍ਹਾਂ ਕਿਹਾ: "ਉਹ ਹਮੇਸ਼ਾ ਮੇਰੇ ਪਰਿਵਾਰ ਲਈ ਪਿਆਰੇ ਰਹੇ ਅਤੇ ਸਾਡੇ ਸਾਂਝੇ ਪਰਿਵਾਰਕ ਇਤਿਹਾਸ ਵਿੱਚ ਇੱਕ ਅਨਮੋਲ ਕੜੀ ਰਹੇ ਹਨ।"
ਬੈਲਜੀਅਮ ਦੇ ਰਾਜਾ ਫਿਲਿਪ ਅਤੇ ਮਹਾਰਾਣੀ ਮੈਥਿਲਡੇ ਨੇ ਕਿਹਾ ਕਿ ਉਹ "ਇੱਕ ਅਸਾਧਾਰਨ ਸ਼ਖਸੀਅਤ ਸੀ...ਜਿਸ ਨੇ ਆਪਣੇ ਰਾਜ ਦੌਰਾਨ, ਮਾਣ, ਸਮਰਪਣ ਅਤੇ ਹਿੰਮਤ ਦਿਖਾਈ।''
ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਮਹਾਰਾਣੀ ਦੇ "ਸ਼ਾਨਦਾਰ ਹਾਸੇਵਾਲੇ ਸੁਭਾਅ" ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇੱਕ ਬਿਆਨ ਵਿੱਚ ਕਿਹਾ ਕਿ "ਦੂਜੇ ਵਿਸ਼ਵ ਯੁੱਧ ਦੀ ਭਿਆਨਕਤਾ ਤੋਂ ਬਾਅਦ ਜਰਮਨ-ਬ੍ਰਿਟਿਸ਼ ਸੁਲ੍ਹਾ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਭੁਲਾਇਆ ਨਹੀਂ ਜਾਵੇਗਾ"।
ਸਾਊਦੀ ਅਰਬ ਦੇ ਮਹਾਰਾਜਾ ਸਲਮਾਨ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਮਹਾਰਾਜਾ ਸਲਮਾਨ ਨੇ ਉਨ੍ਹਾਂ ਨੂੰ "ਅਗਵਾਈ ਲਈ ਇੱਕ ਪ੍ਰੇਰਨਾ ਸਰੋਤ'' ਦੱਸਿਆ ''ਜੋ ਇਤਿਹਾਸ ਵਿੱਚ ਅਮਰ ਰਹਿਣਗੇ''।
ਇਸ ਤੋਂ ਇਲਾਵਾ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਹਾਰਾਣੀ ਦੀ ਮੌਤ ਤੋਂ ਬਾਅਦ "ਬ੍ਰਿਟਿਸ਼ ਸਰਕਾਰ ਅਤੇ ਲੋਕਾਂ ਪ੍ਰਤੀ ਦਿਲੋਂ ਹਮਦਰਦੀ" ਜਤਾਈ ਤੇ ਕਿਹਾ: "ਉਨ੍ਹਾਂ ਦੀ ਮੌਤ ਬ੍ਰਿਟਿਸ਼ ਲੋਕਾਂ ਲਈ ਇੱਕ ਬਹੁਤ ਵੱਡਾ ਘਾਟਾ ਹੈ।"
'ਇੱਕ ਭਰੋਸੇਮੰਦ ਮੌਜੂਦਗੀ'
ਸੱਤ ਦਹਾਕਿਆਂ ਤੱਕ ਸ਼ਾਸਨ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ ਨੇ ਬੀਤਦੇ ਸਮੇਂ ਦੇ ਨਾਲ-ਨਾਲ ਅਸਾਧਾਰਨ ਤਬਦੀਲੀਆਂ ਵੀ ਦੇਖੀਆਂ ਅਤੇ ਇਹ ਕਈ ਸ਼ਰਧਾਂਜਲੀਆਂ ਵਿੱਚੋਂ ਵੀ ਝਲਕਦਾ ਸੀ।
ਜਿਵੇਂ ਕਿ ਬਰਾਕ ਓਬਾਮਾ ਨੇ ਕਿਹਾ ਕਿ ਉਹ "ਖੁਸ਼ਹਾਲੀ ਅਤੇ ਠਹਿਰਾਅ ਦੇ ਵੱਖ-ਵੱਖ ਦੌਰ ਵਿੱਚ - ਚੰਦਰਮਾ 'ਤੇ ਉਤਰਨ ਤੋਂ ਲੈ ਕੇ ਬਰਲਿਨ ਦੀ ਕੰਧ ਦੇ ਡਿੱਗਣ ਤੱਕ" ਜਿਏ (ਸਭ ਦੇਖਿਆ)।
ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਮਹਾਰਾਣੀ ਦੇ ਦਿਹਾਂਤ 'ਤੇ "ਡੂੰਘੇ ਦੁੱਖ" ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, "ਦੁਨੀਆਂ ਦੇ ਔਖੇ ਦੌਰ 'ਚ ਬ੍ਰਿਟੇਨ ਦੀ ਅਗਵਾਈ ਕਰਨ ਵਾਲੀ ਮਹਾਰਾਣੀ ਦੀ ਮੌਤ ਨਾ ਸਿਰਫ ਬ੍ਰਿਟਿਸ਼ ਲੋਕਾਂ ਲਈ ਸਗੋਂ ਅੰਤਰਰਾਸ਼ਟਰੀ ਭਾਈਚਾਰੇ ਲਈ ਵੀ ਵੱਡਾ ਘਾਟਾ ਹੈ।"
ਆਇਰਿਸ਼ ਰਾਸ਼ਟਰਪਤੀ ਮਾਈਕਲ ਡੀ ਹਿਗਿੰਸ ਨੇ ਮਹਾਰਾਣੀ ਦੀ "ਕਰੱਤਵ ਪ੍ਰਤੀ ਅਸਾਧਾਰਨ ਲਗਨ ਦੀ ਭਾਵਨਾ" ਨੂੰ ਸਨਮਾਨ ਨਾਲ ਯਾਦ ਕਰਦਿਆਂ ਕਿਹਾ ਕਿ ਇਹ "ਬ੍ਰਿਟਿਸ਼ ਇਤਿਹਾਸ ਵਿੱਚ ਇੱਕ ਵਿਲੱਖਣ ਸਥਾਨ" ਰੱਖਦੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਉਨ੍ਹਾਂ ਦੇ 70 ਸਾਲਾਂ ਦੇ ਸ਼ਾਸਨ ਵਿੱਚ ਭਾਰੀ ਤਬਦੀਲੀਆਂ ਦੇ ਦੌਰ ਸ਼ਾਮਲ ਸਨ, ਜਿਸ ਦੌਰਾਨ ਉਹ ਅਜਿਹਾ ਸ਼ਾਨਦਾਰ ਸਰੋਤ ਬਣ ਕੇ ਸਾਹਮਣੇ ਆਏ ਜਿਸ ਨੇ ਬ੍ਰਿਟਿਸ਼ ਲੋਕਾਂ ਦਾ ਭਰੋਸਾ ਬਣਾਈ ਰੱਖਿਆ।"
ਆਇਰਲੈਂਡ ਦੇ ਤਾਓਇਸੇਚ, ਮਾਈਕਲ ਮਾਰਟਿਨ ਨੇ ਉਨ੍ਹਾਂ ਦੇ ਸ਼ਾਸਨ ਨੂੰ "ਇਤਿਹਾਸਕ ਅਵਧੀ" ਵਿੱਚੋਂ ਇੱਕ ਦੱਸਿਆ ਅਤੇ ਮਹਾਰਾਣੀ ਦੇ ਦੁਨੀਆਂ ਤੋਂ ਚਲੇ ਜਾਣ ਨੂੰ "ਇੱਕ ਯੁੱਗ ਦਾ ਅੰਤ" ਦੱਸਿਆ।
ਮਾਰਟਿਨ ਨੇ ਇੱਕ ਬਿਆਨ ਵਿੱਚ ਕਿਹਾ, "ਡਿਊਟੀ ਅਤੇ ਜਨਤਕ ਸੇਵਾ ਪ੍ਰਤੀ ਉਨ੍ਹਾਂ ਦਾ ਸਮਰਪਣ ਸਵੈ-ਸਪੱਸ਼ਟ ਸੀ ਅਤੇ ਉਨ੍ਹਾਂ ਦੀ ਸਿਆਣਪ ਅਤੇ ਅਨੁਭਵ ਸੱਚਮੁੱਚ ਵਿਲੱਖਣ ਸੀ।"
ਉਨ੍ਹਾਂ ਨੇ ਸਾਲ 2011 ਵਿੱਚ ਆਇਰਲੈਂਡ ਦੇ ਇੱਕ ਦੌਰੇ ਦੌਰਾਨ ਮਹਾਰਾਣੀ ਦੀ "ਦਿਆਲਤਾ ਅਤੇ ਨਿੱਘੀਆਂ ਗੱਲਾਂ" ਨੂੰ ਵੀ ਯਾਦ ਕੀਤਾ।
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ "ਅਫਰੀਕਾ ਅਤੇ ਏਸ਼ੀਆ ਦੇ ਡਿਕਲੋਨਾਈਜ਼ੇਸ਼ਨ ਅਤੇ ਰਾਸ਼ਟਰਮੰਡਲ ਦੇ ਵਿਕਾਸ ਸਮੇਤ ਕਈ ਦਹਾਕਿਆਂ ਦੇ ਵਿਆਪਕ ਬਦਲਾਅ ਦੌਰਾਨ ਇੱਕ (ਮਹਾਰਾਣੀ ਐਲਿਜ਼ਾਬੈਥ) ਦੀ ਮੌਜੂਦਗੀ ਭਰੋਸੇਮੰਦ" ਸੀ।
ਗੁਟੇਰੇਸ ਨੇ "ਜੀਵਨ ਭਰ ਆਪਣੇ ਲੋਕਾਂ ਦੀ ਸੇਵਾ ਕਰਨ ਅਤੇ ਕਰੱਤਵ ਪ੍ਰਤੀ ਸਮਰਪਣ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ''ਦੁਨੀਆਂ ਉਨ੍ਹਾਂ ਦੇ ਲਗਨ ਅਤੇ ਅਗਵਾਈ ਨੂੰ ਲੰਬੇ ਸਮੇਂ ਤੱਕ ਯਾਦ ਰੱਖੇਗੀ"।

ਤਸਵੀਰ ਸਰੋਤ, Getty Images
ਅਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਮਝਦੇ ਹਨ ਕਿ ਬਹੁਤ ਲੋਕ ਮਹਾਰਾਣੀ ਨੂੰ ਜਾਣੇ ਬਿਨਾਂ ਇੱਕ ਸੰਸਾਰ ਨੂੰ ਕਦੇ ਨਹੀਂ ਜਾਣਦੇ ਸਨ।
"ਉਹਨਾਂ ਨੇ ਸਾਡੇ ਚੰਗੇ ਸਮੇਂ ਦਾ ਜਸ਼ਨ ਮਨਾਇਆ ਅਤੇ ਉਹ ਸਾਡੇ ਨਾਲ ਮਾੜੇ ਸਮੇਂ ਵਿੱਚ ਖੜ੍ਹੇ ਸਨ। ਖੁਸ਼ ਅਤੇ ਸ਼ਾਨਦਾਰ ਪਰ ਅਡੋਲ ਸਨ।"

ਤਸਵੀਰ ਸਰੋਤ, Getty Images
ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਨੇ ਕਿਹਾ ਕਿ ਉਹਨਾਂ ਨੂੰ ਇੱਕ ਪੁਲਿਸ ਅਧਿਕਾਰੀ ਨੇ ਮਹਾਰਾਣੀ ਦੀ ਮੌਤ ਦੀ ਖ਼ਬਰ ਨੇ ਜਗਾਇਆ।
ਆਰਡਰਨ ਨੇ ਕਿਹਾ, "ਉਹ ਅਸਧਾਰਨ ਸ਼ਖਸ਼ੀਅਤ ਸਨ। ਮਹਾਰਾਣੀ ਦੇ ਆਖਰੀ ਦਿਨਾਂ ਨੇ ਦਰਸਾਇਆਂ ਉਹ ਅਸਲ ਮਾਇਨਿਆ ਵਿੱਚ ਕੌਣ ਸਨ। ਉਹ ਉਹਨਾਂ ਲੋਕਾਂ ਵੱਲੋਂ ਕੰਮ ਕਰਦੇ ਸਨ ਜਿੰਨ੍ਹਾਂ ਨੂੰ ਪਿਆਰ ਕਰਦੇ ਸਨ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












