ਸਮਾਜ ਦੇ ਉੱਚ ਵਰਗ ’ਚ ਹੋਏ ਨੂਰ ਮੁਕੱਦਮ ਦੇ ਬੇਰਹਿਮ ਕਤਲ ਨੇ ਕਿਵੇਂ ਪੂਰੇ ਮੁਲਕ ਨੂੰ ਸੁੰਨ ਕਰ ਦਿੱਤਾ ਸੀ

ਤਸਵੀਰ ਸਰੋਤ, Sara Muqaddam
- ਲੇਖਕ, ਸ਼ੁਮਾਇਲਾ ਜਾਫਰੀ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਪਾਕਿਸਤਾਨ ਦੇ ਅਮੀਰ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਵੱਲੋਂ ਨੂਰ ਮੁਕੱਦਮ ਨਾਲ ਬਲਾਤਕਾਰ ਅਤੇ ਕਤਲ ਕਰਨ ਕਾਰਨ ਪਾਕਿਸਤਾਨ ਵਿੱਚ ਰੋਹ ਫੈਲ ਗਿਆ ਸੀ। ਇਸ ਵਾਰਦਾਤ ਨੇ ਇਹ ਖੁਲਾਸਾ ਕੀਤਾ ਸੀ ਕਿ ਉੱਥੇ ਔਰਤਾਂ ਪ੍ਰਤੀ ਹਿੰਸਾ ਕਿੰਨੇ ਵੱਡੀ ਪੱਧਰ ਉੱਤੇ ਫੈਲੀ ਹੋਈ ਹੈ।
ਉਸ ਦੀ ਮੌਤ ਤੋਂ ਬਾਅਦ ਲੋਕਾਂ ਨੇ ਨੂਰ ਲਈ ਨਿਆਂ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਕੀਤੀ ਸੀ। ਇਸਲਾਮਾਬਾਦ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਇਸ ਮਾਮਲੇ ਨੂੰ ਨੇੜਿਓਂ ਝਾਤ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਚਿਤਾਵਨੀ: ਇਸ ਰਿਪੋਰਟ ਵਿੱਚ ਹਿੰਸਕ ਅਪਰਾਧ ਦੇ ਦੁਖਦਾਈ ਵੇਰਵਿਆਂ ਦਾ ਵੇਰਵਾ ਸ਼ਾਮਲ ਹੈ।
ਪਿਛਲੇ ਸਾਲ 20 ਜੁਲਾਈ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਪੌਸ਼ ਇਲਾਕੇ ਐੱਫ-7 ਦੇ ਇੱਕ ਪੁਲਿਸ ਸਟੇਸ਼ਨ ਵਿੱਚ ਫੋਨ ਦੀ ਘੰਟੀ ਵੱਜੀ। ਫੋਨ ਕਰਨ ਵਾਲੇ, ਜਿਸ ਦੀ ਪਛਾਣ ਗੁਪਤ ਹੈ, ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਸ ਖੇਤਰ ਵਿੱਚ ਇੱਕ ਘਟਨਾ ਵਾਪਰੀ ਹੈ।
ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ 27 ਸਾਲਾ ਨੂਰ ਮੁਕੱਦਮ ਦੀ ਮੌਤ ਹੋ ਚੁੱਕੀ ਸੀ।

ਤਸਵੀਰ ਸਰੋਤ, EPA
ਪੁਲਿਸ ਮੁਤਾਬਕ ਪਾਕਿਸਤਾਨ ਦੇ ਸਭ ਤੋਂ ਅਮੀਰ ਉਦਯੋਗਪਤੀ ਪਰਿਵਾਰ ਦੇ ਪੁੱਤਰ ਜ਼ਾਹਿਰ ਜ਼ਾਕਿਰ ਜਾਫ਼ਰ ਨੇ ਮੁਕੱਦਮ ਨੂੰ ਦੋ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਮੁਕੱਦਮ ਉਸ ਨੂੰ ਜਾਣਦੀ ਸੀ।
ਪੁਲਿਸ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਉਸ ਨੇ ਉੱਥੋਂ ਛੁੱਟ ਕੇ ਜਾਣ ਲਈ ਬੇਨਤੀ ਕੀਤੀ ਸੀ। ਸੀਸੀਟੀਵੀ ਫੁਟੇਜ ਵਿੱਚ ਵੀ ਸਾਹਮਣੇ ਆਇਆ ਕਿ ਉਸ ਨੇ ਘੱਟੋ-ਘੱਟ ਦੋ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਇੱਕ ਦਿਲ ਕੰਬਾਊ ਵੀਡੀਓ ਵਿੱਚ ਉਸ ਨੂੰ ਪਹਿਲੀ ਮੰਜ਼ਿਲ 'ਤੇ ਇੱਕ ਖਿੜਕੀ ਤੋਂ ਛਾਲ ਮਾਰਦੇ ਦਿਖਾਇਆ ਗਿਆ ਸੀ, ਪਰ ਫਿਰ ਉਸ ਨੂੰ ਘਰ ਦੇ ਅੰਦਰ ਖਿੱਚ ਲਿਆ ਗਿਆ, ਜਿੱਥੇ ਉਸ ਦਾ ਤਸ਼ੱਦਦ ਤੇ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਅਤੇ ਅੰਤ ਵਿੱਚ ਉਸ ਦਾ ਸਿਰ ਵੱਢ ਦਿੱਤਾ।
ਉਸ ਦੇ ਕਾਤਲ ਨੇ ਪੁਲਿਸ ਨੂੰ ਦੱਸਿਆ ਕਿ ਮੁਕੱਦਮ ਦਾ "ਗੁਨਾਹ", ਇਹ ਸੀ ਕਿ ਉਹ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਹੀ ਸੀ।
ਇਹ ਵੀ ਪੜ੍ਹੋ-
ਅਪਰਾਧ ਦੇ ਭਿਆਨਕ ਵੇਰਵੇ ਪੂਰੇ ਪਾਕਿਸਤਾਨ ਵਿੱਚ ਫੈਲ ਗਏ ਹਨ। ਮਹਿਲਾ ਅਧਿਕਾਰ ਕਾਰਕੁਨ ਸੜਕਾਂ 'ਤੇ ਉਤਰ ਆਏ, ਮੋਮਬੱਤੀ ਮਾਰਚ ਕੱਢੇ ਗਏ।
ਸੋਸ਼ਲ ਮੀਡੀਆ 'ਤੇ #JusticeForNoor ਅਤੇ #EndFemicide ਵਰਗੇ ਹੈਸ਼ਟੈਗ ਟਰੈਂਡ ਕੀਤੇ ਗਏ।
ਕਈ ਔਰਤਾਂ ਨੇ ਅੱਗੇ ਆ ਕੇ ਘਰੇਲੂ ਹਿੰਸਾ ਅਤੇ ਜਿਨਸੀ ਸ਼ੋਸ਼ਣ ਦੀਆਂ ਆਪਣੀਆਂ ਘਟਨਾਵਾਂ ਸਾਂਝੀਆਂ ਕੀਤੀਆਂ।

ਤਸਵੀਰ ਸਰੋਤ, Handout
ਇਸਲਾਮਾਬਾਦ ਤੋਂ ਕਈ ਸੌ ਕਿਲੋਮੀਟਰ ਦੂਰ, ਲਾਹੌਰ ਦੇ ਪੂਰਬੀ ਸ਼ਹਿਰ ਵਿੱਚ ਜੁਲਾਈ ਮਹੀਨੇ ਵਿੱਚ ਨੂਰ ਮੁਕੱਦਮ ਦੇ ਕਤਲ ਬਾਰੇ ਸੁਣ ਕੇ ਬੈਰਿਸਟਰ ਖਦੀਜਾ ਸਿੱਦੀਕੀ ਸੁਚੇਤ ਹੋ ਗਈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਮੇਰੇ ਲਈ ਰਿਐਲਿਟੀ ਚੈੱਕ ਅਤੇ ਫਲੈਸ਼ਬੈਕ ਸੀ ਕਿਉਂਕਿ ਮੈਂ ਨੂਰ ਦੀ ਥਾਂ 'ਤੇ ਹੋ ਸਕਦੀ ਸੀ।"
ਖਦੀਜਾ ਸਿੱਦੀਕੀ 'ਤੇ ਲਾਹੌਰ ਵਿੱਚ ਇੱਕ ਭੀੜ ਵਾਲੀ ਸੜਕ 'ਤੇ ਉਸ ਦੇ ਦੋਸਤ ਨੇ 23 ਵਾਰ ਚਾਕੂ ਨਾਲ ਵਾਰ ਕੀਤਾ ਸੀ।
2016 ਵਿੱਚ ਉਨ੍ਹਾਂ ਦੀ ਦੋਸਤੀ ਟੁੱਟਣ ਤੋਂ ਬਾਅਦ ਇਹ ਘਟਨਾ ਹੋਈ ਸੀ।
ਉਸ ਦੇ ਹਮਲਾਵਰ ਨੂੰ ਸ਼ੁਰੂ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ, ਪਰ ਬਾਅਦ ਵਿੱਚ ਇਹ ਮਿਆਦ ਘਟਾ ਕੇ ਸਿਰਫ਼ ਦੋ ਸਾਲ ਕਰ ਦਿੱਤੀ ਗਈ।
ਫਿਰ, 2018 ਵਿੱਚ ਲਾਹੌਰ ਹਾਈ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਇਹ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਅਦਾਲਤਾਂ ਸਿਰਫ਼ ਪੀੜਤ ਦੇ ਬਿਆਨ 'ਤੇ ਭਰੋਸਾ ਨਹੀਂ ਕਰ ਸਕਦੀਆਂ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬਾਅਦ ਵਿੱਚ ਸਜ਼ਾ ਨੂੰ ਬਹਾਲ ਕਰ ਦਿੱਤਾ ਸੀ।
ਨੂਰ ਮੁਕੱਦਮ ਦੇ ਖ਼ੌਫ਼ਨਾਕ ਕਤਲ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਉਹ ਪਿਛਲੇ ਸਾਲ 17 ਜੁਲਾਈ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਸੀ।

ਤਸਵੀਰ ਸਰੋਤ, BBC URDU
ਖਦੀਜਾ ਸਿੱਦੀਕੀ ਨੂੰ ਪਰਿਵਾਰ ਦਾ ਸਮਰਥਨ ਹਾਸਿਲ ਸੀ ਅਤੇ ਉਸ ਦੇ ਕੇਸ ਨੂੰ ਮੀਡੀਆ ਦਾ ਧਿਆਨ ਮਿਲਿਆ, ਜਦਕਿ ਬਹੁਤ ਸਾਰੇ ਮਾਮਲਿਆਂ ਵਿੱਚ ਅਜਿਹਾ ਨਹੀਂ ਹੁੰਦਾ।
ਉਸ ਦਾ ਮੁਕੱਦਮਾ ਫਾਸਟ ਟਰੈਕ 'ਤੇ ਸੁਣਿਆ ਗਿਆ ਸੀ। ਉਹ ਕਹਿੰਦੀ ਹੈ ਕਿ ਔਰਤਾਂ ਵਿਰੁੱਧ ਹਿੰਸਕ ਹਮਲੇ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਨਿਆਂ ਕਦੇ ਨਹੀਂ ਮਿਲਦਾ।
ਉਨ੍ਹਾਂ ਨੇ ਕਿਹਾ, "ਮੁਹਾਰਤ ਦੀ ਘਾਟ ਅਤੇ ਜਾਂਚ ਅਧਿਕਾਰੀਆਂ ਦੀ ਉਚਿਤ ਸਿਖਲਾਈ ਦੀ ਘਾਟ ਕਾਰਨ ਨੁਕਸਦਾਰ ਜਾਂਚ ਹੁੰਦੀ ਹੈ। ਮਹੱਤਵਪੂਰਨ ਸਬੂਤ ਇਕੱਠੇ ਨਹੀਂ ਕੀਤੇ ਜਾਂਦੇ, ਇਨ੍ਹਾਂ ਨੂੰ ਆਮ ਤੌਰ 'ਤੇ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਾਂ ਇਸ ਵਿੱਚ ਇਸ ਹੱਦ ਤੱਕ ਦੇਰੀ ਕੀਤੀ ਜਾਂਦੀ ਹੈ ਕਿ ਅਦਾਲਤ ਵਿੱਚ ਸਬੂਤ ਆਪਣਾ ਮਹੱਤਵ ਗੁਆ ਬੈਠਦੇ ਹਨ।"
ਹਾਲਾਂਕਿ, ਪਾਕਿਸਤਾਨ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਬਾਰੇ ਭਰੋਸੇਯੋਗ ਅੰਕੜੇ ਉਪਲੱਬਧ ਨਹੀਂ ਹਨ।
ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਮੁਤਾਬਕ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਣ ਦੀ ਦਰ 1% ਅਤੇ 2.5% ਦੇ ਵਿਚਕਾਰ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਬਹੁਤ ਸਾਰੀਆਂ ਪੀੜਤ ਔਰਤਾਂ ਚੁੱਪ ਰਹਿਣ ਦਾ ਵਿਕਲਪ ਕਿਉਂ ਚੁਣਦੀਆਂ ਹਨ।

ਤਸਵੀਰ ਸਰੋਤ, BBC URDU
ਜਿਹੜੀਆਂ ਔਰਤਾਂ ਟਰਾਇਲ 'ਤੇ ਜਾਂਦੀਆਂ ਹਨ ਉਹ ਆਪਣੇ ਆਪ ਨੂੰ ਹਮਲੇ ਅਧੀਨ ਹੀ ਮਹਿਸੂਸ ਕਰਦੀਆਂ ਹਨ, ਜਿਵੇਂ ਕ੍ਰਾਸ ਇਗਜ਼ਾਮਿਨੇਸ਼ਨ ਲੰਬੇ ਹੁੰਦੇ ਹਨ ਜੋ ਆਮ ਤੌਰ ’ਤੇ ਅਪਰਾਧ ਨਾਲ ਨਹੀਂ ਬਲਕਿ ਔਰਤਾਂ ਦੇ ਇਮਾਨ ਨਾਲ ਵੱਧ ਸਬੰਧਿਤ ਹੁੰਦੇ ਹਨ।
ਸਿੱਦੀਕੀ ਦੱਸਦੀ ਹੈ, "ਜਿਵੇਂ ਹੀ ਤੁਸੀਂ ਔਰਤਾਂ 'ਤੇ ਚਿੱਕੜ ਉਛਾਲਣਾ ਸ਼ੁਰੂ ਕਰਦੇ ਹੋ, ਤੁਸੀਂ ਉਨ੍ਹਾਂ ਦੇ ਅਤੀਤ ਅਤੇ ਰਿਸ਼ਤਿਆਂ ਬਾਰੇ ਗੱਲ ਕਰਦੇ ਹੋ, ਉਹ ਤੁਰੰਤ ਪਿੱਛੇ ਹਟ ਜਾਂਦੀਆਂ ਹਨ।"
"ਔਰਤਾਂ ਆਪਣੇ ਚਰਿੱਤਰ ਨੂੰ ਸ਼ਰਮਸਾਰ ਕਰਨ ਤੋਂ ਡਰਦੀਆਂ ਹਨ, ਉਹ ਡਰਦੀਆਂ ਹਨ ਕਿ ਕਿਤੇ ਇਸ ਲਈ ਉਨ੍ਹਾਂ ਨੂੰ ਹੀ ਦੋਸ਼ੀ ਨਾ ਮੰਨਿਆ ਜਾਵੇ।”
"ਇਸ ਡਰ ਦੇ ਸਿੱਟੇ ਵਜੋਂ ਔਰਤਾਂ ਉਨ੍ਹਾਂ ਹਿੰਸਕ ਤਸ਼ੱਦਦ ਬਾਰੇ ਨਹੀਂ ਦੱਸਦੀਆਂ ਜੋ ਆਮ ਤੌਰ 'ਤੇ ਉਨ੍ਹਾਂ ਮਰਦਾਂ ਵੱਲੋਂ ਕੀਤਾ ਜਾਂਦਾ ਹੈ ਜਿਨ੍ਹਾਂ ਨਾਲ ਉਹ ਕਿਸੇ ਰਿਸ਼ਤ ਵਿੱਚ ਹਨ ਜਾਂ ਜਿਨ੍ਹਾਂ ਨੂੰ ਉਹ ਜਾਣਦੀਆਂ ਹਨ।"
'ਲੰਬਾ ਸਫ਼ਰ ਤੈਅ ਕਰਨਾ ਹੈ'
ਹਾਲ ਹੀ ਦੇ ਸਾਲਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਨਵੇਂ ਕਾਨੂੰਨ ਅਤੇ ਲਿੰਗ-ਆਧਾਰਿਤ ਹਿੰਸਾ ਦੇ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਇਸ ਦੇ ਬਾਵਜੂਦ ਪਾਕਿਸਤਾਨ ਆਲਮੀ ਲਿੰਗ ਸਮਾਨਤਾ ਸੂਚਕਾਂਕ ਵਿੱਚ 156 ਦੇਸ਼ਾਂ ਵਿੱਚੋਂ 153ਵੇਂ ਸਥਾਨ 'ਤੇ ਹੈ।
ਔਰਤਾਂ ਦੀ ਸਥਿਤੀ ਬਾਰੇ ਰਾਸ਼ਟਰੀ ਕਮਿਸ਼ਨ ਦੀ ਚੇਅਰਪਰਸਨ ਨੀਲੋਫਰ ਬਖ਼ਤਿਆਰ ਅਨੁਸਾਰ ਚੀਜ਼ਾਂ ਬਿਹਤਰ ਹੋਣ ਲਈ ਬਦਲ ਰਹੀਆਂ ਹਨ।
ਉਹ ਦਲੀਲ ਦਿੰਦੇ ਹਨ, "ਇਹ ਹਾਈ-ਪ੍ਰੋਫਾਈਲ ਕੇਸ ਹਮੇਸ਼ਾ ਹੁੰਦੇ ਸਨ, ਪਰ ਹੁਣ ਇਹ ਮੀਡੀਆ ਵਿੱਚ ਸੁਰਖ਼ੀਆਂ ਬਣ ਰਹੇ ਹਨ। ਇਨ੍ਹਾਂ ਪੀੜਤਾਂ ਦੇ ਪਰਿਵਾਰ ਵੀ ਬਹੁਤ ਮਦਦਗਾਰ ਹਨ, ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।"
ਬਖ਼ਤਿਆਰ ਦਾ ਮੰਨਣਾ ਹੈ ਕਿ ਨੂਰ ਮੁਕੱਦਮ ਦੇ ਕਤਲ 'ਤੇ ਜਨਤਕ ਰੋਸ, ਇਸ ਬਦਲਾਅ ਦਾ ਹਿੱਸਾ ਹੈ।
"ਔਰਤਾਂ ਵਿਰੁੱਧ ਇਸ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਦੀ ਤੁਰੰਤ ਲੋੜ ਹੈ। ਮਰਦ, ਖਾਸ ਤੌਰ 'ਤੇ ਉੱਚੇ ਅਹੁਦਿਆਂ 'ਤੇ ਬੈਠੇ ਮਰਦ, ਅੱਜ ਇਸ ਬਾਰੇ ਗੱਲ ਕਰ ਰਹੇ ਹਨ। ਨੀਤੀ ਨਿਰਮਾਤਾ ਇਸ ਨੂੰ ਹੋਰ ਲੁਕਾਉਣਾ ਨਹੀਂ ਚਾਹੁੰਦੇ ਹਨ।"
ਫਿਰ ਵੀ ਪਾਕਿਸਤਾਨ ਵਿੱਚ ਔਰਤਾਂ ਵਿਰੁੱਧ ਹਿੰਸਾ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ।
ਹਿਊਮਨ ਰਾਈਟਸ ਵਾਚ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਹਰ ਸਾਲ ਲਗਭਗ 1,000 ਔਰਤਾਂ ਅਖੌਤੀ "ਆਨਰ ਕਿਲਿੰਗ" ਵਿੱਚ ਮਰ ਜਾਂਦੀਆਂ ਹਨ।
ਕਾਰਕੁਨਾਂ ਦਾ ਮੰਨਣਾ ਹੈ ਕਿ ਔਰਤਾਂ ਪ੍ਰਤੀ ਦੋਸ਼ਪੂਰਨ ਮਾਨਸਿਕਤਾ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਕੋਈ ਵੀ ਅਸਲੀ ਤਬਦੀਲੀ ਲਿਆਉਣ ਵਿੱਚ ਕਈ ਸਾਲ ਲੱਗ ਜਾਣਗੇ।
ਨੂਰ ਮੁਕੱਦਮ ਦੇ ਕਤਲ ਤੋਂ ਇੱਕ ਮਹੀਨਾ ਪਹਿਲਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਇੱਕ ਬਿਆਨ ਨੂੰ ਲੈ ਕੇ ਪੀੜਤਾਂ ਨੂੰ ਦੋਸ਼ ਦੇਣ ਅਤੇ ਕੁਪ੍ਰਥਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਵਿੱਚ ਵਧ ਰਹੇ ਜਿਨਸੀ ਅਪਰਾਧਾਂ ਦੀ ਗਿਣਤੀ ਕੁਝ ਹੱਦ ਤੱਕ ਔਰਤਾਂ ਦੇ ਕੱਪੜਿਆਂ ਦੀ ਚੋਣ ਕਰਕੇ ਹੈ।

ਤਸਵੀਰ ਸਰੋਤ, Reuters
ਇਮਰਾਨ ਖਾਨ ਨੇ ਅਮਰੀਕੀ ਟੀਵੀ ਨੈੱਟਵਰਕ ਐੱਚਬੀਓ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਸੀ, "ਜੇਕਰ ਕੋਈ ਔਰਤ ਬਹੁਤ ਘੱਟ ਕੱਪੜੇ ਪਹਿਣਦੀ ਹੈ, ਤਾਂ ਇਹ ਮਰਦਾਂ ਨੂੰ ਉਕਸਾਉਂਦਾ ਹੈ, ਜਦਕਿ ਉਹ ਕੋਈ ਰੋਬੋਟ ਨਾ ਹੋਵੇ।"
ਉਨ੍ਹਾਂ ਦੀ ਟਿੱਪਣੀ ਨੇ ਔਰਤਾਂ ਨੂੰ ਨਾਰਾਜ਼ ਕੀਤਾ ਅਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤੇ ਗਏ।
ਟਵਿੱਟਰ 'ਤੇ ਇੱਕ ਥਰਿੱਡ ਨੇ ਅਜਿਹੀਆਂ ਪੀੜਤ ਔਰਤਾਂ ਨੂੰ ਉਨ੍ਹਾਂ ਦੇ ਪਹਿਰਾਵੇ ਦੀਆਂ ਫੋਟੋਆਂ ਅਤੇ ਦੁਰਵਿਵਹਾਰ ਦੀਆਂ ਕਹਾਣੀਆਂ ਸਾਂਝਾ ਕਰਨ ਲਈ ਕਿਹਾ, ਇਹ ਸੋਸ਼ਲ ਮੀਡੀਆ 'ਤੇ ਟੌਪ ਟਰੈਂਡ ਬਣ ਗਿਆ ਸੀ।
ਉਨ੍ਹਾਂ ਦੇ ਬਚਾਅ ਵਿੱਚ, ਉਨ੍ਹਾਂ ਦੀ ਪੀਟੀਆਈ ਪਾਰਟੀ ਦੀਆਂ ਕੁਝ ਮਹਿਲਾ ਸੰਸਦ ਮੈਂਬਰਾਂ ਨੇ ਕਿਹਾ ਕਿ ਸਵਾਲ ਨੂੰ ਸੰਦਰਭ ਤੋਂ ਬਾਹਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਇਸ ਨੂੰ ਆਂਕਿਆ ਜਾਣਾ ਚਾਹੀਦਾ ਹੈ।
ਪਰ ਕੀ ਨੂਰ ਮੁਕੱਦਮ ਦਾ ਕਤਲ ਪਾਕਿਸਤਾਨ ਵਿੱਚ ਮਹਿਲਾ ਅੰਦੋਲਨ ਲਈ ਇੱਕ ਮਹੱਤਵਪੂਰਨ ਪਲ ਬਣ ਸਕਦਾ ਹੈ। ਦੂਜੇ ਪਰਿਵਾਰਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਦੁੱਖਾਂ ਤੋਂ ਅਲੱਗ ਕਰ ਸਕਦਾ ਹੈ?
'ਜਸਟਿਸ ਫਾਰ ਨੂਰ' ਮੁਹਿੰਮ ਦੀ ਅਗਵਾਈ ਕਰਨ ਵਾਲੀ ਉਸ ਦੀ ਭੈਣ ਨੇ ਪ੍ਰੈੱਸ ਨੂੰ ਦੱਸਿਆ, "ਪਾਕਿਸਤਾਨ ਵਿੱਚ ਕਿਸੇ ਨੂੰ ਵੀ, ਕਿਸੇ ਵੀ ਪਰਿਵਾਰ ਨੂੰ ਉਸ ਵਿੱਚੋਂ ਨਹੀਂ ਗੁਜ਼ਰਨਾ ਚਾਹੀਦਾ ਜਿਸ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ।"
ਹਾਲਾਂਕਿ, ਖਦੀਜਾ ਸਿੱਦੀਕੀ ਨੂੰ ਇਸ 'ਤੇ ਸ਼ੱਕ ਹੈ।
"ਅਸੀਂ ਚੁੱਪ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਹੈ, ਔਰਤਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਜੋ ਵੀ ਉਨ੍ਹਾਂ ਨਾਲ ਹੁੰਦਾ ਹੈ, ਉਹ ਉਨ੍ਹਾਂ ਦੀ ਆਪਣੀ ਗਲਤੀ ਹੈ।''
"ਨੂਰ ਲਈ ਨਿਆਂ ਇੱਕ ਕਦਮ ਅੱਗੇ ਹੈ, ਪਰ ਸਾਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ।"

ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












