ਅਫ਼ਗਾਨਿਸਤਾਨ: ਪਰਿਵਾਰ ਜਿਸ ਨੇ ਚਾਰ ਪੁੱਤਰ ਗੁਆਏ ਕਿਉਂ ਤਾਲਿਬਾਨ ਦਾ ਸਵਾਗਤ ਕਰ ਰਿਹਾ ਹੈ

    • ਲੇਖਕ, ਜੈਰੇਮੀ ਬੋਵੇਨ
    • ਰੋਲ, ਬੀਬੀਸੀ ਮੱਧ ਪੂਰਬੀ ਸੰਪਾਦਕ, ਹੈਲਮੰਡ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਇਹ ਘਰ ਮਿੱਟੀ ਦੀਆਂ ਇੱਟਾਂ ਦਾ ਬਣਿਆ ਹੋਇਆ ਸੀ ਅਤੇ ਅੰਦਰੋਂ ਠੰਡਾ, ਸਾਫ਼ ਅਤੇ ਸ਼ਾਂਤ ਸੀ। ਸ਼ਮਸੁੱਲਾਹ ਦਾ ਛੋਟਾ ਜਿਹਾ ਪੁੱਤਰ ਉਸਦੇ ਪੈਰਾਂ ਨਾਲ ਚਿੰਬੜਿਆ ਹੋਇਆ ਸੀ ਅਤੇ ਉਨ੍ਹਾਂ ਨੇ ਸਾਨੂੰ ਉਸ ਕਮਰੇ ਵਿੱਚ ਬਿਠਾਇਆ ਜਿੱਥੇ ਉਹ ਮਹਿਮਾਨਾਂ ਨੂੰ ਲਿਆਉਂਦੇ ਹਨ।

ਜ਼ਮੀਨ 'ਤੇ ਦਰੀਆਂ ਵਿਛੀਆਂ ਸਨ ਅਤੇ ਕੰਧਾਂ 'ਤੇ ਸਿਰਹਾਣੇ ਲੱਗੇ ਹੋਏ ਸਨ ਜੋ ਘੱਟੋ-ਘੱਟ ਦੋ ਫੁੱਟ ਮੋਟੇ ਸਨ।

ਕੁਝ ਗਹਿਣੇ ਕੰਧ 'ਤੇ ਲਟਕ ਰਹੇ ਸਨ ਅਤੇ ਅੱਧਾ ਦਰਜਨ ਰੰਗਾਂ ਦੀਆਂ ਬੋਤਲਾਂ ਰੱਖੀਆਂ ਗਈਆਂ ਸਨ ਪਰ ਇਹ ਪਰਿਵਾਰ ਬਹੁਤ ਗਰੀਬ ਸੀ ਅਤੇ ਉਨ੍ਹਾਂ ਕੋਲ ਜੋ ਵੀ ਸੀ ਉਹ 20 ਸਾਲਾਂ ਦੀ ਲੰਬੀ ਲੜਾਈ ਵਿੱਚ ਜਾਂ ਤਾਂ ਬਰਬਾਦ ਹੋ ਗਿਆ ਜਾਂ ਲੁੱਟਿਆ ਗਿਆ।

ਇਹ ਘਰ ਕੜਕਦੀ ਧੁੱਪ ਅਤੇ ਧੂੜ ਦੇ ਤੂਫ਼ਾਨ ਤੋਂ ਰਾਹਤ ਦਿੰਦਾ ਹੈ। ਇਹ ਮਿੱਟੀ ਦੀਆਂ ਮੋਟੀਆਂ ਕੰਧਾਂ ਨਾਲ ਬਣਿਆ ਹੈ। ਇਹ ਵੀ ਹੇਲਮੰਡ ਪ੍ਰਾਂਤ ਦੇ ਮਾਰਜਾਹ ਦੇ ਬਾਕੀ ਘਰਾਂ ਵਾਂਗ ਜੰਗ ਦਾ ਮੈਦਾਨ ਬਣ ਗਿਆ ਸੀ। ਘਰ ਦੇ ਅੰਦਰ ਉਹ ਕਪਾਹ ਕੱਢ ਰਹੇ ਹਨ, ਸ਼ਮਸੁੱਲਾਹ ਖੇਤ ਵਿੱਚੋਂ ਹੀ ਇੱਕ ਬੰਡਲ ਲੈ ਕੇ ਆਏ ਸੀ।

ਸ਼ਮਸੁੱਲਾਹ ਨੇ ਆਪਣੀ ਮਾਂ ਗੋਲਜੁਮਾ ਨਾਲ ਮਿਲਵਾਇਆ।

ਉਨ੍ਹਾਂ ਨੇ ਦੱਸਿਆ ਕਿ ਉਹ 65 ਸਾਲਾਂ ਦੇ ਹਨ। ਉਨ੍ਹਾਂ ਨੇ ਖੁਦ ਨੂੰ ਸਿਰ ਤੋਂ ਗੋਡਿਆਂ ਤੱਕ ਇੱਕ ਲੰਮੀ ਚਾਦਰ ਵਿੱਚ ਲਪੇਟਿਆ ਹੋਇਆ ਸੀ।

ਅੱਖਾਂ ਦੇ ਨੇੜੇ ਸਿਰਫ਼ ਥੋੜ੍ਹੀ ਜਿਹੀ ਜਗ੍ਹਾ ਹੀ ਬਚੀ ਹੋਈ ਸੀ ਜਿੱਥੋਂ ਉਹ ਦੇਖ ਸਕਦੇ ਸੀ।

ਇਹ ਵੀ ਪੜ੍ਹੋ:

ਚਾਰ ਪੁੱਤਰ ਜੰਗ ਵਿੱਚ ਮਾਰੇ ਗਏ

ਮੈਂ ਉਨ੍ਹਾਂ ਦੀਆਂ ਅੱਖਾਂ ਅਤੇ ਨੱਕ ਨੂੰ ਸਿਰਫ਼ ਕੁਝ ਵਾਰ ਹੀ ਦੇਖ ਸਕਿਆ। ਗੋਲਜੁਮਾ ਨੇ ਦੱਸਿਆ ਕਿ ਯੁੱਧ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਅਤੇ ਇਸ ਦੌਰਾਨ ਉਨ੍ਹਾਂ ਦੇ ਚਾਰ ਵੱਡੇ ਪੁੱਤਰਾਂ ਦੀ ਮੌਤ ਹੋ ਗਈ ਸੀ। ਇਹ ਕਹਿੰਦਿਆਂ ਉਨ੍ਹਾਂ ਦੀ ਆਵਾਜ਼ ਬਹੁਤ ਸਖ਼ਤ ਹੋ ਗਈ ਸੀ।

ਹੁਣ ਸਿਰਫ਼ ਉਨ੍ਹਾਂ ਦੇ ਪੁੱਤਰ ਸ਼ਮਸੁੱਲਾਹ ਜਿਉਂਦਾ ਬਚੇ ਹਨ ਜੋ ਸਭ ਤੋਂ ਛੋਟੇ ਸੀ। ਉਹ 24 ਸਾਲਾਂ ਦੇ ਹਨ ਪਰ ਚੇਹਰੇ ਤੋਂ ਆਪਣੀ ਉਮਰ ਨਾਲੋਂ 10 ਸਾਲ ਵੱਡੇ ਨਜ਼ਰ ਆਉਂਦੇ ਹਨ।

ਗੋਲਜੁਮਾ ਦੇ ਸਭ ਤੋਂ ਵੱਡੇ ਬੇਟੇ ਜ਼ਿਆ-ਉਲ-ਹੱਕ ਦੀ 11 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਇੱਕ ਤਾਲਿਬਾਨ ਲੜਾਕੂ ਸੀ।

ਉਨ੍ਹਾਂ ਨੇ ਕਿਹਾ, "ਮੇਰਾ ਪੁੱਤ ਤਾਲਿਬਾਨ ਵਿੱਚ ਸ਼ਾਮਲ ਹੋਇਆ ਕਿਉਂਕਿ ਉਹ ਜਾਣਦਾ ਸੀ ਕਿ ਅਮਰੀਕੀ ਅਫ਼ਗਾਨਿਸਤਾਨ ਅਤੇ ਇਸਲਾਮ ਦੋਵਾਂ ਨੂੰ ਤਬਾਹ ਕਰਨਾ ਚਾਹੁੰਦੇ ਹਨ।"

ਬਾਕੀ ਦੇ ਤਿੰਨ ਮੁੰਡਿਆਂ ਨੂੰ ਸਾਲ 2014 ਵਿੱਚ ਕੁਝ ਮਹੀਨਿਆਂ ਦੇ ਅੰਦਰ ਹੀ ਮਾਰ ਦਿੱਤਾ ਗਿਆ ਸੀ। ਹਵਾਈ ਹਮਲੇ ਵਿੱਚ ਕਦਰਾਤੱਲਹ ਏਅਰ ਸਟਰਾਈਕ ਵਿੱਚ ਮਾਰਿਆ ਗਿਆ ਸੀ। ਬਾਕੀ ਦੋ ਭਰਾ ਹਯਾਤੁਲਾਹ ਅਤੇ ਅਮੀਨੁੱਲਾਹ ਨੂੰ ਪੁਲਿਸ ਛਾਪੇਮਾਰੀ ਦੌਰਾਨ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਸ਼ਮਸੁੱਲਾਹ ਨੇ ਕਿਹਾ ਕਿ ਉਨ੍ਹਾਂ ਦੇ ਭਰਾਵਾਂ ਨੂੰ ਜ਼ਬਰਦਸਤੀ ਫ਼ੌਜ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ।

ਸ਼ਮਸੁੱਲਾਹ ਜੋ ਘਰ ਵਿੱਚ ਇਕੱਲਾ ਰਹਿ ਗਿਆ ਹੈ, ਦਾ ਕਹਿਣਾ ਹੈ ਕਿ 'ਅੱਲ੍ਹਾ ਨੇ ਫ਼ੈਸਲਾ ਕੀਤਾ ਹੈ ਕਿ ਮੈਂ ਘਰ ਦੀ ਜ਼ਿੰਮੇਵਾਰੀ ਚੁੱਕਾ।'

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਾਰਜਾਹ ਜਦੋਂ ਅਮਰੀਕੀ ਫ਼ੌਜ ਲਈ ਇੱਕ ਬੁਰਾ ਸੁਪਨਾ ਬਣ ਗਿਆ

ਉਨ੍ਹਾਂ ਨੇ ਮੈਨੂੰ ਪੁੱਛਿਆ, "ਕੀ ਤੁਸੀਂ ਆਪਣੇ ਇੱਕ ਹੱਥ ਵਿੱਚ ਪੰਜ ਤਰਬੂਜ਼ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ? ਇਹ ਮੇਰੇ ਲਈ ਇਸੇ ਤਰ੍ਹਾਂ ਹੀ ਹੈ।"

ਇਸ ਦੇ ਨਾਲ ਹੀ ਉਨ੍ਹਾਂ 'ਤੇ ਆਪਣੇ ਵੱਡੇ ਭਰਾ ਅਤੇ ਤਾਲਿਬਾਨ ਲੜਾਕੂ ਜ਼ਿਆ ਦੀ ਵਿਧਵਾ ਪਤਨੀ ਦੀ ਦੇਖ਼ਭਾਲ ਦੀ ਜ਼ਿੰਮੇਵਾਰੀ ਵੀ ਹੈ ਜੋ ਹੁਣ ਉਨ੍ਹਾਂ ਦੀ ਪਤਨੀ ਬਣ ਗਈ ਹੈ।

ਸ਼ਮਸੁੱਲਾਹ ਦਾ ਕਹਿਣਾ ਹੈ ਕਿ ਉਹ ਆਪਣੇ ਭਰਾਵਾਂ ਨੂੰ ਬਹੁਤ ਯਾਦ ਕਰਦੇ ਹਨ।

ਉਹ ਕਹਿੰਦੇ ਹਨ, "ਮੇਰੇ ਸਭ ਤੋਂ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਮੇਰੇ ਅਗਲੇ ਭਰਾ ਨਾਲ ਵਿਆਹ ਕਰਵਾ ਲਿਆ ਸੀ। ਉਸਦੀ ਮੌਤ ਤੋਂ ਬਾਅਦ ਉਸ ਦਾ ਮੇਰੇ ਅਗਲੇ ਭਰਾ ਨਾਲ ਵਿਆਹ ਕਰਵਾ ਦਿੱਤਾ ਗਿਆ।"

"ਅਜਿਹਾ ਕਰਦੇ ਹੋਏ ਮੇਰੇ ਚੌਥੇ ਭਰਾ ਨਾਲ ਉਨ੍ਹਾਂ ਦਾ ਵਿਆਹ ਹੋਇਆ ਪਰ ਉਨ੍ਹਾਂ ਦਾ ਵੀ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੈਂ ਉਨ੍ਹਾਂ ਨਾਲ ਵਿਆਹ ਕਰਵਾ ਲਿਆ।"

2010 ਵਿੱਚ ਮਾਰਜਾਹ ਉਹ ਜਗ੍ਹਾ ਸੀ ਜਿੱਥੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਫ਼ੌਜ ਨੂੰ ਪਹਿਲੀ ਵਾਰ ਵੱਡੇ ਪੈਮਾਨੇ 'ਤੇ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਸੀ।

ਉਦੋਂ ਮਕਸਦ ਇਹ ਸੀ ਕਿ ਇਸ ਰਣਨੀਤੀ ਨਾਲ ਵਿਰੋਧੀ ਧੜੇ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਇਸ ਦਾ ਫਾਇਦਾ ਕਾਬੁਲ ਦੀ ਸਰਕਾਰ, ਅਮਰੀਕੀ, ਬਰਤਾਨਵੀ ਅਤੇ ਸਹਿਯੋਗੀ ਦੇਸਾਂ ਦੀਆਂ ਫ਼ੌਜਾਂ ਨੂੰ ਹੋਵੇਗਾ।

ਉਸ ਸਾਲ ਇੱਕ ਪ੍ਰੈਸ ਰਿਲੀਜ਼ ਵਿੱਚ ਅਮਰੀਕੀ ਫ਼ੌਜ ਨੇ ਉਮੀਦ ਜਤਾਈ ਸੀ, "ਜਿਵੇਂ ਹੀ ਅਸੀਂ ਤਾਲਿਬਾਨ ਨੂੰ ਬਾਹਰ ਕਰਾਂਗੇ ਤਾਂ ਚੰਗੇ ਭਵਿੱਖ ਤੋਂ ਇਲਾਵਾ ਕੁਝ ਨਹੀਂ ਹੋਵੇਗਾ। ਇੱਥੇ ਚੰਗੇ ਸਕੂਲ, ਵਧੀਆ ਸਿਹਤ ਸੇਵਾਵਾਂ ਅਤੇ ਸੁਤੰਤਰ ਬਾਜ਼ਾਰ ਹੋਵੇਗਾ।"

ਮਾਰਜਾਹ ਵਿੱਚ ਕਪਾਹ ਅਤੇ ਅਫ਼ੀਮ ਦੇ ਖ਼ੇਤ ਤਾਲਿਬਾਨ ਲੜਾਕਿਆਂ ਨਾਲ ਜੰਗ ਲੜਦੇ ਹੋਏ ਵਿਦੇਸ਼ੀ ਫ਼ੌਜਾਂ ਲਈ ਇੱਕ ਬੁਰੇ ਸੁਪਨੇ ਵਿੱਚ ਬਦਲ ਗਏ।

ਤਿੰਨ ਮਹੀਨਿਆਂ ਦੀ ਜੰਗ ਤੋਂ ਬਾਅਦ ਅਮਰੀਕੀ ਕਮਾਂਡਰ ਜਨਰਲ ਸਟੈਨਲੀ ਮੈਕਕ੍ਰਿਸਟਲ ਨੇ ਮਾਰਜਾ ਨੂੰ "ਖ਼ੂਨ ਵਹਿਣ ਵਾਲਾ ਅਲਸਰ" ਦੱਸਿਆ ਸੀ। ਅਗਲੇ 10 ਸਾਲਾਂ ਵਿੱਚ ਇੱਥੇ ਬਹੁਤ ਸਾਰੀਆਂ ਹੋਰ ਲੜਾਈਆਂ ਹੋਈਆਂ।

ਤਾਲਿਬਾਨ ਨਾਲ ਖੁਸ਼ ਹਨ ਗੋਲਜੁਮਾ

ਗੋਲਜੁਮਾ ਨਫ਼ਰਤ ਭਰੇ ਸ਼ਬਦਾਂ ਵਿੱਚ ਪੱਛਮੀ ਆਗੂਆਂ ਬਾਰੇ ਕਹਿੰਦੇ ਹਨ ਕਿ ਉਹ ਕਹਿੰਦੇ ਸਨ ਕਿ ਉਹ ਅਫ਼ਗਾਨਿਸਤਾਨ ਨੂੰ ਲੋਕਾਂ ਲਈ ਬਿਹਤਰ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

"ਮੈਂ ਉਨ੍ਹਾਂ ਦੇ ਮਿਸ਼ਨ ਬਾਰੇ ਕੁਝ ਨਹੀਂ ਜਾਣਦੀ। ਉਨ੍ਹਾਂ ਨੇ ਦੇਸ ਨੂੰ ਬਰਬਾਦ ਕਰ ਦਿੱਤਾ।"

ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਪਹਿਲਾਂ ਔਰਤਾਂ ਬਹੁਤ ਕੁਝ ਕਰਨ ਦੇ ਸਮਰੱਥ ਸਨ ਪਰ ਹੁਣ ਇਹ ਸਭ ਦੇਖ ਕੇ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ ਤਾਂ ਇਸ 'ਤੇ ਗੋਲਜੁਮਾ ਨੂੰ ਵਿਸ਼ਵਾਸ ਨਹੀਂ ਹੋਇਆ ਸੀ।

ਉਨ੍ਹਾਂ ਨੇ ਕਿਹਾ, "ਜਦੋਂ ਉਹ ਇੱਥੇ ਸੀ ਬਹੁਤ ਸਾਰੇ ਲੋਕਾਂ ਨੇ ਬਹੁਤ ਦੁੱਖ ਝੱਲਿਆ। ਉਨ੍ਹਾਂ ਨੇ ਸਾਡੇ ਪਤੀਆਂ, ਸਾਡੇ ਭਰਾਵਾਂ ਅਤੇ ਸਾਡੇ ਪੁੱਤਰਾਂ ਨੂੰ ਮਾਰ ਦਿੱਤਾ।"

ਉਹ ਕਹਿੰਦੇ ਹਨ, "ਮੈਂ ਤਾਲਿਬਾਨ ਨੂੰ ਪਸੰਦ ਕਰਦੀ ਹਾਂ ਕਿਉਂਕਿ ਉਹ ਇਸਲਾਮ ਦਾ ਸਤਿਕਾਰ ਕਰਦੇ ਹਨ। ਮੇਰੇ ਵਰਗੀਆਂ ਔਰਤਾਂ ਕਾਬੁਲ ਵਿੱਚ ਰਹਿਣ ਵਾਲੀਆਂ ਔਰਤਾਂ ਵਾਂਗ ਨਹੀਂ ਹਨ।"

ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਜਦੋਂ ਤੱਕ ਜੰਗ ਨਹੀਂ ਜਿੱਤੀ ਸੀ ਉਦੋਂ ਤੱਕ ਹਰ ਕੋਈ ਉਨ੍ਹਾਂ ਤੋਂ ਡਰਦਾ ਸੀ ਪਰ ਹੁਣ ਸਾਰੇ ਰਾਹਤ ਮਹਿਸੂਸ ਕਰ ਰਹੇ ਹਨ ਕਿ ਇਹ ਖ਼ਤਮ ਹੋ ਗਿਆ ਹੈ।

ਹਾਲਾਂਕਿ ਉਨ੍ਹਾਂ ਨੇ ਇੱਕ ਸਵਾਲ 'ਤੇ ਸਿਰਫ਼ ਇੰਨਾ ਹੀ ਕਿਹਾ ਕਿਉਂਕਿ ਤਾਲਿਬਾਨ ਦੇ ਮੀਡੀਆ ਦਫ਼ਤਰ ਨੇ ਸਾਡੇ ਨਾਲ ਇੱਕ ਤਾਲਿਬ ਬਾਡੀਗਾਰਡ ਅਤੇ ਇੱਕ ਦੁਭਾਸ਼ੀਏ ਨੂੰ ਭੇਜਿਆ ਸੀ।

ਉਨ੍ਹਾਂ ਨੇ ਸਾਨੂੰ ਇਸ ਸ਼ਰਤ 'ਤੇ ਹੇਲਮੰਡ ਜਾਣ ਦਿੱਤਾ ਸੀ ਕਿ ਅਸੀਂ ਤਾਲਿਬ ਬਾਡੀਗਾਰਡ ਨਾਲ ਜਾਵਾਂਗੇ। ਜੇ ਉਹ ਉੱਥੇ ਨਾ ਹੁੰਦਾ ਤਾਂ ਸਾਨੂੰ ਕਈ ਅਫ਼ਗਾਨ ਲੋਕਾਂ ਤੋਂ ਤਾਲਿਬਾਨ ਦੇ ਡਰ ਬਾਰੇ ਬਹੁਤ ਕੁਝ ਸੁਣਨ ਨੂੰ ਮਿਲਦਾ।

ਪਰ ਮੈਨੂੰ ਗੋਲਜੁਮਾ ਦੀ ਸੱਚਾਈ 'ਤੇ ਸ਼ੱਕ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ ਦੀ ਤਬਾਹੀ ਨਾਲ ਹੇਲਮੰਦ ਦੇ ਰਵਾਇਤੀ ਕਿਸਾਨ ਭਾਈਚਾਰੇ ਨੂੰ ਤਬਾਹ ਕਰ ਦਿੱਤਾ ਹੈ। ਇਸਦੇ ਨਾਲ ਹੀ ਆਪਣੇ ਚਾਰ ਪੁੱਤਰਾਂ ਦੀ ਮੌਤ ਦਾ ਦੁੱਖ ਉਨ੍ਹਾਂ ਉੱਤੇ ਸਪਸ਼ਟ ਰੂਪ ਵਿੱਚ ਨਜ਼ਰ ਆ ਰਿਹਾ ਸੀ।

ਨਵਾਂ ਦੌਰ, ਨਵੀਂ ਚੁਣੌਤੀ

ਅਮਰੀਕਾ ਉੱਤੇ 9/11 ਦੇ ਹਮਲੇ ਤੋਂ ਬਾਅਦ ਅਮਰੀਕਾ, ਯੂਕੇ ਅਤੇ ਸਹਿਯੋਗੀ ਫ਼ੌਜਾਂ ਨੇ 2001 ਵਿੱਚ ਅਫ਼ਗਾਨਿਸਤਾਨ ਉੱਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਦਾ ਟੀਚਾ ਸਾਫ਼ ਸੀ ਅਲ-ਕਾਇਦਾ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਤਾਲਿਬਾਨ ਨੂੰ ਨੁਕਸਾਨ ਪਹੁੰਚਾਉਣਾ।

ਇਸ ਤੋਂ ਬਾਅਦ ਕੀ ਹੋਇਆ ਇਸ ਨੂੰ ਸਮਝਣਾ ਅਤੇ ਸਾਬਤ ਕਰਨਾ ਬਹੁਤ ਮੁਸ਼ਕਲ ਹੈ। ਇੱਕ ਅਜਿੱਤ ਯੁੱਧ ਨੇ ਅਫ਼ਗਾਨ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਉਸਦੇ ਸਾਰੇ ਯਤਨਾਂ ਨੂੰ ਖਤਮ ਕਰ ਦਿੱਤਾ।

ਵਿਕਾਸ ਜਿਵੇਂ ਲੋਕਤੰਤਰ ਵਿੱਚ ਹੁੰਦਾ ਹੈ, ਬੰਦੂਕ ਦੀ ਨਲੀ ਤੋਂ ਕਦੇ ਨਹੀਂ ਆ ਸਕਦਾ। ਪੱਛਮੀ ਦੇਸ ਵੀ ਉਸੇ ਸਮੇਂ ਕੁਝ ਜਿੱਤਾਂ ਦਰਜ ਕਰ ਰਹੇ ਸਨ।

ਦਰਅਸਲ ਸ਼ਹਿਰੀ ਔਰਤਾਂ ਅਤੇ ਮਰਦਾਂ ਦੀਆਂ ਪੀੜ੍ਹੀਆਂ ਸਿੱਖਿਆ ਹਾਸਲ ਕਰ ਰਹੀਆਂ ਸਨ ਅਤੇ ਤਰੱਕੀ ਕਰ ਰਹੀਆਂ ਸਨ ਪਰ ਉਨ੍ਹਾਂ ਦੇ ਲਾਭ ਗਰੀਬਾਂ ਤੱਕ ਨਹੀਂ ਪਹੁੰਚ ਸਕੇ ਅਤੇ ਪੇਂਡੂ ਖ਼ੇਤਰਾਂ ਅਤੇ ਗੋਲਜੁਮਾ ਵਰਗੇ ਪਰਿਵਾਰਾਂ ਨੂੰ ਸਿੱਖਿਆ ਨਹੀਂ ਦੇ ਸਕੇ।

1996 ਵਿੱਚ ਜਦੋਂ ਤਾਲਿਬਾਨ ਨੇ ਪਹਿਲੀ ਵਾਰ ਸੱਤਾ 'ਤੇ ਕਬਜ਼ਾ ਕੀਤਾ ਸੀ ਤਾਂ ਉਨ੍ਹਾਂ ਨੇ ਧਾਰਮਿਕ ਅਤੇ ਸੱਭਿਆਚਾਰਕ ਆਸਥਾ ਨੂੰ ਲਾਗੂ ਕਰਨ ਲਈ ਹਿੰਸਾ ਦਾ ਸਹਾਰਾ ਲਿਆ ਸੀ। ਹੁਣ ਬਹੁਤੇ ਅਫ਼ਗਾਨ ਜਵਾਨ ਹਨ ਅਤੇ 9/11 ਜਾਂ ਅਮਰੀਕੀ ਹਮਲੇ ਬਾਰੇ ਜਾਣਕਾਰੀ ਨਹੀਂ ਹੈ।

ਲਸ਼ਕਰ ਗਾਹ ਵਿੱਚ ਬੀਬੀਸੀ ਦਾ ਕੈਮਰਾ ਦੇਖਣ ਤੋਂ ਬਾਅਦ ਨੌਜਵਾਨ ਤਾਲਿਬ ਨੇ ਆਪਣਾ ਮੋਬਾਈਲ ਫ਼ੋਨ ਕੱਢਿਆ ਅਤੇ ਵੀਡੀਓ ਬਣਾਉਣ ਲੱਗੇ ਅਤੇ ਵਿਦੇਸ਼ੀ ਲੋਕਾਂ ਨਾਲ ਸੈਲਫ਼ੀ ਲੈਣੀ ਸ਼ੁਰੂ ਕਰ ਦਿੱਤੀ।

ਇੱਥੇ ਮੋਬਾਈਲ ਡਾਟਾ ਬਹੁਤ ਸਸਤਾ ਹੈ ਅਤੇ ਸਾਡੇ ਨਾਲ ਯਾਤਰਾ ਕਰਨ ਵਾਲਾ ਤਾਲਿਬਾਨ ਆਪਣੇ ਫੋਨ 'ਤੇ ਬੀਬੀਸੀ ਦੀ ਪਸ਼ਤੋ ਸੇਵਾ ਦੇਖ ਰਿਹਾ ਸੀ।

ਦੁਨੀਆਂ ਹੁਣ ਉਨ੍ਹਾਂ ਲਈ ਖੁੱਲ੍ਹੀ ਹੋਈ ਹੈ ਜਿਵੇਂ 1990 ਵਿੱਚ ਨਹੀਂ ਸੀ, ਜਦੋਂ ਤਾਲਿਬਾਨ ਨੇ ਫੋਟੋਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਸੀ।

ਉਨ੍ਹਾਂ ਦੇ ਸਮੂਹ ਦੇ ਲੜਾਕੇ ਹੁਣ ਲੜਾਕੇ ਨਹੀਂ ਰਹੇ ਜਿਨ੍ਹਾਂ ਨੂੰ ਬਾਹਰੀ ਦੁਨੀਆਂ ਦੀ ਕੋਈ ਜਾਣਕਾਰੀ ਨਹੀਂ ਹੈ। ਤਾਂ ਕੀ ਉਹ ਹੁਣ ਖੁਦ ਦੇ ਲੜਾਕਿਆਂ 'ਤੇ ਜ਼ੋਰ ਪਾਉਣਗੇ ਕਿ ਉਹ ਬਾਕੀ ਦੁਨੀਆ ਤੋਂ ਅਲੱਗ ਰਹਿਣ, ਸਮਾਰਟਫੋਨ ਅਤੇ ਇੰਟਰਨੈਟ ਛੱਡ ਦੇਣ?

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)