ਬਿੱਲ ਪਾਸ ਕਰਨ ਤੋਂ ਪਹਿਲੀ ਰਾਤ 10 ਵਜੇ ਤੱਕ ਕੈਬਨਿਟ ਨੂੰ ਵੀ ਨਹੀਂ ਪਤਾ ਸੀ- ਸੁਖਬੀਰ ਦਾ ਦਾਅਵਾ - ਅੱਜ ਦੀਆਂ ਅਹਿਮ ਖ਼ਬਰਾਂ

ਤਸਵੀਰ ਸਰੋਤ, Sukhbir badal /FB
ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਜਲੰਧਰੋਂ ਸ਼ੁਰੂ ਹੋਣ ਵਾਲੀ ਦਲਿਤ ਇਨਸਾਫ਼ ਯਾਤਰਾ ਮੌਕੇ ਹੋਇਆ ਹੰਗਾਮਾਂ ਅਤੇ ਸੁਖਬੀਰ ਬਾਦਲ ਦੇ ਕੈਪਟਨ ਅਮਰਿੰਦਰ ਉੱਤੇ ਸ਼ਬਦੀ ਹਮਲਾ ਦੋ ਵੱਡੇ ਸਿਆਸੀ ਘਟਨਾਕ੍ਰਮ ਰਹੇ।
ਇਸ ਤੋਂ ਕੋਰੋਨਾਵਾਇਰਸ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲੈ ਰਹੇ ਇੱਕ ਸ਼ਖ਼ਸ ਦੀ ਮੌਤ ਸਣੇ ਪੜ੍ਹੋ ਅੱਜ ਦੀਆਂ ਕੁਝ ਅਹਿਮ ਖ਼ਬਰਾਂ
1. ਕੈਪਟਨ ਤਾਂ ਮੋਦੀ ਨਾਲ ਰਲ਼ੇ ਹੋਏ ਨੇ- ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਲ਼ੇ ਹੋਣ ਦਾ ਇਲਜ਼ਾਮ ਲਾਇਆ ਹੈ।
ਚੰਡੀਗੜ੍ਹ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ, ''ਬਿੱਲ ਪਾਸ ਕਰਨ ਤੋਂ ਪਹਿਲੀ ਰਾਤ 10 ਵਜੇ ਤੱਕ ਵੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਨੂੰ ਵੀ ਕੁਝ ਨਹੀਂ ਦੱਸਿਆ ਸੀ ਕਿਉਂਕਿ ਗੱਲ ਸਿੱਧੀ ਸੈਂਟਰ ਨਾਲ ਚੱਲ ਰਹੀ ਸੀ।''
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੋ ਘੰਟਿਆਂ ਦੇ ਅੰਦਰ ਅੰਦਰ ਮਤਾ ਪਾਸ ਕਰਵਾ ਦਿੱਤਾ। ਮਤਾ ਕੁਝ ਹੋਰ ਤੇ ਕਾਨੂੰਨ ਕੁਝ ਹੋਰ।
''ਮਤਾ ਸੀ ਕਿ ਪੰਜਾਬ ਸਰਕਾਰ ਇਹ ਐਕਟ ਪਾਸ ਕਰਦੀ ਹੈ ਕਿ ਕੇਂਦਰ ਦੇ ਕਾਨੂੰਨਾਂ ਨੂੰ ਰੱਦ ਕਰਦੀ ਹੈ ਤੇ ਕੇਂਦਰ ਐੱਮਐੱਸਪੀ ਨੂੰ ਕਾਨੂੰਨੀ ਕਰੇ। ਅਸੀਂ ਵੀ ਇਸ ਦੇ ਨਾਲ ਖੜ੍ਹੇ ਪਰ ਤਿੰਨ ਐਕਟ ਪੜ੍ਹਣ ਹੀ ਨਹੀਂ ਦਿੱਤੇ।''
ਸੁਖਬੀਰ ਮੁਤਾਬਕ ਪੰਜਾਬੀਆਂ ਦੀ ਮੰਗ ਸੀ ਕਿ ਤਿੰਨੇ ਐਕਟ ਰੱਦ ਕੀਤੇ ਜਾਣ, ਕੈਪਟਨ ਨੇ ਕੋਈ ਕਾਨੂੰਨ ਰੱਦ ਨਹੀਂ ਕੀਤੇ, ਸਿਰਫ਼ ਸੋਧ ਕੀਤੀ। ਯਾਨਿ ਕਿ ਤੁਸੀਂ ਮੰਨਦੇ ਹੋ ਕਾਨੂੰਨ ਠੀਕ ਹੈ ਪਰ ਇਹ ਬਦਲਾਅ ਕਰ ਦਿਓ।
ਇੱਕ ਵੀ ਲਾਈਨ ਨਹੀਂ ਲਿਖੀ ਕਿ ਐੱਮਐੱਸਪੀ ਯਕੀਨੀ ਕੀਤੀ ਜਾਵੇ ਤੇ ਐੱਮਐੱਸਪੀ 'ਤੇ ਹੀ ਸਾਰੀਆਂ ਫ਼ਸਲਾਂ ਖਰੀਦੀਆਂ ਜਾਣ।
ਇਹ ਵੀ ਪੜ੍ਹੋ :
'ਕੈਪਟਨ ਨੇ ਕੀਤਾ ਕਿਸਾਨਾਂ ਨਾਲ ਧੋਖਾ'
ਸੁਖਬੀਰ ਨੇ ਕਿਹਾ, ''ਹੁਣ ਜਦੋਂ ਅਸੀਂ ਪੜ੍ਹਿਆ ਤਾਂ ਦੇਖਿਆ ਕਿ ਕੈਪਟਨ ਸਾਹਿਬ ਨੇ ਇੰਨਾ ਵੱਡਾ ਧੋਖਾ ਪੰਜਾਬ ਦੀ ਕਿਸਾਨੀ ਨਾਲ ਕੀਤਾ ਹੈ।''
''ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਜਿੰਨਾ ਚਿਰ ਮੋਦੀ ਜਾਂ ਸੈਂਟਰ ਸਰਕਾਰ ਇਹ ਖੇਤੀ ਬਿੱਲ ਪਾਸ ਨਹੀਂ ਕਰਦੇ, ਉਦੋਂ ਤੱਕ ਕੋਈ ਅਹਿਮੀਅਤ ਨਹੀਂ।''
ਸੁਖਬੀਰ ਨੇ ਕਿਹਾ, ''ਜੇਕਰ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦੇਣ ਦਾ ਜਿਗਰਾ ਕਰਨ ਜਿਵੇਂ ਅਕਾਲੀ ਦਲ ਨੇ ਹਰਸਿਮਰਤ ਤੋਂ ਦੁਆਇਆ, ਅਸੀਂ ਅਸਤੀਫ਼ਾ ਹੀ ਨਹੀਂ ਦਿੱਤਾ, ਐਨਡੀਏ ਤੋਂ 30 ਸਾਲ ਦਾ ਪੁਰਾਣਾ ਰਿਸ਼ਤਾ ਤੋੜਿਆ।''
''ਇਹ ਉੱਤੇ ਸੈਂਟਰ ਨਾਲ ਰਲੇ ਹੋਏ ਹੈ, ਇਸ ਫੈਸਲੇ 'ਤੇ ਕੈਪਟਨ ਭਾਜਪਾ ਇਕੱਠੇ ਹੋ ਗਏ ਹਨ। ਜੇ ਦਿਲ ਹੈ ਤਾਂ ਅਸਤੀਫਾ ਦੇ ਕੇ ਦੇਖੋ, ਤੁਹਾਨੂੰ ਰੋਕਿਆ ਕਿਸ ਨੇ ਹੈ।''

ਤਸਵੀਰ ਸਰੋਤ, PAL SINGH NAULI/BBC
2 ਭਾਜਪਾ ਆਗੂ ਪੁਲਿਸ ਹਿਰਾਸਤ ਲਏ ਤੇ ਰਿਹਾਅ ਕੀਤੇ
ਪੰਜਾਬ ਭਾਜਪਾ ਦੇ ਮੁਖੀ ਅਸ਼ਵਨੀ ਕੁਮਾਰ ਤੇ ਸੀਨੀਅਰ ਆਗੂ ਵਿਜੇ ਸਾਂਪਲਾ ਸਣੇ ਪਾਰਟੀ ਦੇ ਹੋਰ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪਰ ਕੁਝ ਦੇਰ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਜਲੰਧਰ ਤੋਂ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਉਨ੍ਹਾਂ ਨੇ ਜਲੰਧਰ ਤੋਂ 'ਦਲਿਤ ਇਨਸਾਫ਼ ਯਾਤਰਾ' ਦੀ ਸ਼ੁਰੂਆਤ ਕੀਤੀ ਸੀ ਤੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਸਨ।
ਮੋਰਚੇ ਵਿੱਚ ਮੁੱਖ ਮੁੱਦੇ ਐੱਸਸੀ ਸਕਾਲਰਸ਼ਿਪਸ ਵਿੱਚ ਕਥਿਤ ਘਪਲਾ ਅਤੇ ਇੱਕ ਦਲਿਤ ਮੁੰਡੇ ਦੀ ਚੋਰ ਸਮਝ ਕੇ ਕੀਤੀ ਗਈ ਕੁੱਟ ਮਾਰ ਮਗਰੋ ਪਿਸ਼ਾਬ ਪਿਲਾਏ ਜਾਣ ਦੀ ਘਟਨਾ ਖ਼ਿਲਾਫ਼ ਵਿਰੋਧ ਮਾਰਚ ਕਰਨਾ ਸੀ। ਪਰ ਇਹ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
3. ਕੋਰੋਨਾਵਾਇਰਸ ਵੈਕਸੀਨ: ਇੱਕ ਵਲੰਟੀਅਰ ਦੀ ਮੌਤ
ਐਸਟਰਾਜ਼ੈਨੀਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤੀ ਜਾ ਰਹੀ ਕੋਰੋਨਾਵਾਇਰਸ ਵੈਕਸੀਨ ਦੇ ਟ੍ਰਾਇਲ ਲੈਟਿਨ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ ਇੱਕ ਵਲੰਟੀਅਰ ਦੀ ਮੌਤ ਦੇ ਬਾਵਜੂਦ ਵੀ ਜਾਰੀ ਰਹਿਣਗੇ।
ਬ੍ਰਾਜ਼ੀਲ ਦੇ ਸਿਹਤ ਮਹਿਕਮੇ ਵੱਲੋਂ ਰਾਜ਼ਦਾਰੀ ਦਾ ਹਵਾਲਾ ਦਿੰਦਿਆਂ ਮੌਤ ਬਾਰੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।
ਆਕਸਫੋਰਡ ਯੂਨੀਵਰਸਿਟੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ "ਧਿਆਨਪੂਰਬਕ ਕੀਤੇ ਆਂਕਲਣ" ਵਿੱਚ ਸੁਰੱਖਿਆ ਸੰਬੰਧੀ ਕੋਈ ਖ਼ਦਸ਼ਾ ਉਜਾਗਰ ਨਹੀਂ ਹੋਇਆ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬੀਬੀਸੀ ਨੂੰ ਲਗਦਾ ਹੈ ਕਿ ਸ਼ਾਇਦ ਵਲੰਟੀਅਰ ਨੂੰ ਵੈਕਸੀਨ ਨਹੀਂ ਦਿੱਤਾ ਗਿਆ ਸੀ।
ਆਕਸਫੋਰਡ ਦੇ ਇਸ ਟ੍ਰਾਇਲ ਵਿੱਚ ਸ਼ਾਮਲ ਸਿਰਫ਼ ਅੱਧੇ ਵਲੰਟੀਅਰਾਂ ਨੂੰ ਹੀ ਟ੍ਰਾਇਲ ਅਧੀਨ ਵੈਕਸੀਨ ਦਿੱਤੀ ਜਾਂਦੀ ਹੈ। ਦੂਜੇ ਅੱਧਿਆਂ ਨੂੰ ਦਿਮਾਗੀ ਝਿੱਲੀਆਂ ਦੀ ਸੋਜਸ਼ (meningitis) ਦੀ ਲਾਈਸੈਂਸਸ਼ੁਦਾ ਦਵਾਈ ਹੀ ਦਿੱਤੀ ਜਾਂਦੀ ਹੈ।

ਤਸਵੀਰ ਸਰੋਤ, Reuters
ਇਸ ਟ੍ਰਾਇਲ ਵਿੱਚ ਕਿਸ ਨੂੰ ਕਿਹੜੀ ਦਵਾਈ ਦਿੱਤੀ ਜਾ ਰਹੀ ਹੈ, ਇਸ ਬਾਰੇ ਨਾ ਤਾਂ ਵਲੰਟੀਅਰਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਦੱਸਿਆ ਜਾਂਦਾ ਹੈ
ਇਨ੍ਹਾਂ ਦੋ ਗਰੁੱਪਾਂ ਤੋਂ ਪ੍ਰਾਪਤ ਨਤੀਜਿਆਂ ਦੀ ਤੁਲਨਾ ਤੋਂ ਸਾਇੰਸਦਾਨ ਵੈਕਸੀਨ ਦੀ ਕਾਰਗਰਤਾ ਬਾਰੇ ਆਂਕਲਣ ਕਰਨ ਯੋਗ ਹੋ ਜਾਂਦੇ ਹਨ।
ਐਸਟਰਾਜ਼ੈਨਿਕਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਵਿਅਕਤੀਗਤ ਮਾਮਲਿਆਂ ਬਾਰੇ ਟਿੱਪਣੀ ਨਹੀਂ ਕਰੇਗੀ ਪਰ ਇਹ ਜ਼ਰੂਰ ਦੱਸ ਸਕਦੀ ਹੈ ਕਿ "ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ"।
ਬਿਆਨ ਵਿੱਚ ਕਿਹਾ ਗਿਆ, "ਸਾਰੀਆਂ ਮਹੱਤਵਪੂਰਨ ਮੈਡੀਕਲ ਘਟਨਾਵਾਂ ਦਾ ਟ੍ਰਾਇਲ ਦੇ ਜਾਂਚ ਕਰਤਿਆਂ ਵੱਲੋਂ ਗਹੁ ਨਾਲ ਆਂਕਲਣ ਕੀਤਾ ਜਾਂਦਾ ਹੈ। ਜਿਸ ਵਿੱਚ ਸੁਤੰਤਰ ਨਜ਼ਰਸਾਨੀ ਕਮੇਟੀ ਅਤੇ ਰੈਗੂਲੇਟਰੀ ਅਥਾਰਟੀਆਂ ਸ਼ਾਮਲ ਹੁੰਦੀਆਂ ਹਨ।" "ਇਨ੍ਹਾਂ ਆਂਕਲਣਾਂ ਵਿੱਚ ਟ੍ਰਾਇਲ ਨੂੰ ਜਾਰੀ ਰੱਖਣ ਬਾਰੇ ਕਿਸੇ ਕਿਸਮ ਦੇ ਖ਼ਦਸ਼ੇ ਨਹੀਂ ਪਰਗਟਾਏ ਗਏ ਹਨ।"
ਇਸ ਗੱਲ ਦੀ ਬਹੁਤ ਜ਼ਿਆਦਾ ਉਮੀਦ ਹੈ ਕਿ ਆਕਸਫੋਰਡ/ ਐਸਟਰਾਜ਼ੈਨਿਕਾ ਵੱਲੋਂ ਵਿਕਸਿਤ ਵੈਕਸੀਨ ਹੀ ਕੋਰੋਨਾਵਇਰਸ ਲਈ ਬਜ਼ਾਰ ਵਿੱਚ ਆਉਣ ਵਾਲੀਆਂ ਸਭ ਤੋਂ ਪਹਿਲੀਆਂ ਦਵਾਈਆਂ ਵਿੱਚ ਸ਼ਾਮਲ ਹੋਵੇਗੀ।
ਇਸ ਦੇ ਟ੍ਰਾਇਲਜ਼ ਦੇ ਪਹਿਲਾ ਅਤੇ ਦੂਜਾ ਪੜਾਅ ਸਫ਼ਲ ਰਹੇ ਹਨ। ਜਦਕਿ ਤੀਜੇ ਪੜਾਅ ਲਈ ਬ੍ਰਿਟੇਨ, ਬ੍ਰਾਜ਼ੀਲ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਟ੍ਰਾਇਲ ਕੀਤੇ ਜਾ ਰਹੇ ਹਨ।

ਤਸਵੀਰ ਸਰੋਤ, Getty Images
ਆਕਸਫੋਰਡ ਯੂਨੀਵਰਿਸਟੀ ਵੈਕਸੀਨ ਦੇ ਟ੍ਰਾਇਲ ਪਿਛਲੇ ਹਫ਼ਤੇ ਬ੍ਰਿਟੇਨ ਵਿੱਚ ਇੱਕ ਮਰੀਜ਼ ਵਿੱਚ ਕੋਈ ਦੁਸ਼ਪ੍ਰਭਾਵ ਸਾਹਮਣੇ ਆਉਣ ਮਗਰੋਂ ਰੋਕ ਦਿੱਤੇ ਗਏ ਸਨ ਪਰ ਕੁਝ ਸਮੇਂ ਬਾਅਦ ਸੁਰੱਖਿਅਤ ਪਾਏ ਜਾਣ ਮਗਰੋਂ ਮੁੜ ਸ਼ੁਰੂ ਕਰ ਦਿੱਤੇ ਗਏ ਸਨ।
ਅਮਰੀਕਾ ਵਿੱਚ ਤੀਜੇ ਪੜਾਅ ਦੇ ਟ੍ਰਾਇਲ ਹਾਲੇ ਸ਼ੁਰੂ ਨਹੀਂ ਹੋ ਸਕੇ ਹਨ ਕਿਉਂਕਿ ਉੱਥੋਂ ਦੀ ਡਰੱਗ ਰੈਗੂਲੇਟਰੀ ਸੰਸਥਾ ਆਪਣਾ ਆਂਕਲਣ ਕਰ ਰਹੀ ਹੈ। ਬਲੂਮਬਰਗ ਨੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਸੀ ਕਿ ਅਮਰੀਕਾ ਵਿੱਚ ਟ੍ਰਾਇਲ ਇਸ ਹਫ਼ਤੇ ਦੌਰਾਨ ਸ਼ੁਰੂ ਹੋ ਸਕਦੇ ਹਨ।
ਟ੍ਰਾਇਲ 'ਜਾਰੀ ਰਹਿਣੇ ਚਾਹੀਦੇ ਹਨ'
ਬ੍ਰਾਜ਼ੀਲ ਦੀ ਸਿਹਤ ਅਥਾਰਟੀ ਅਨਵੀਜ਼ਾ ਨੇ ਕਿਹਾ ਕਿ ਉਸ ਨੂੰ 19 ਅਕਤੂਬਰ ਨੂੰ ਬ੍ਰਜ਼ੀਲੀਆਈ ਵੰਲਟੀਅਰ ਦੀ ਮੌਤ ਬਾਰੇ ਇਤਲਾਹ ਦਿੱਤੀ ਗਈ ਸੀ।


ਬ੍ਰਾਜ਼ੀਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਵਲੰਟੀਅਰ ਇੱਕ 28 ਸਾਲਾ ਡਾਕਟਰ ਸੀ ਜਿਸ ਦੀ ਕੋਵਿਡ-19 ਵਿਗੜ ਜਾਣ ਕਾਰਨ ਮੌਤ ਹੋਈ। ਰਿਪੋਰਟਾਂ ਮੁਤਾਬਕ ਡਾਕਟਰ ਨੇ ਕੋਵਿਡ ਦੀ ਲਾਗ ਵਾਲੇ ਮਰੀਜ਼ਾਂ ਨਾਲ ਕੰਮ ਕੀਤਾ ਸੀ।
ਹਾਲਾਂਕਿ ਇਸ ਦੀ ਅਨਵੀਜ਼ਾ ਵੱਲੋਂ ਕੋਈ ਜਨਤਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਆਪਣੇ ਬਿਆਨ ਵਿੱਚ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ, "ਸਾਰੀਆਂ ਮਹੱਤਵਪੂਰਨ ਮੈਡੀਕਲ ਘਟਨਾਵਾਂ, ਭਾਗੀਦਾਰ ਭਾਵੇਂ ਕੰਟਰੋਲ ਗਰੁੱਪ ਵਿੱਚ ਹੋਣ ਤੇ ਭਾਵੇਂ ਕੋਵਿਡ-19 ਵੈਕਸੀਨ ਗਰੁੱਪ ਵਿੱਚ, ਦੀ ਸੁਤੰਤਰ ਨਜ਼ਰਸਾਨੀ ਕੀਤੀ ਜਾਂਦੀ ਹੈ।
ਬ੍ਰਾਜ਼ੀਲ ਦੇ ਰੈਗੂਲੇਟਰ ਤੋਂ ਇਲਾਵਾ ਸੁਤੰਤਰ ਨਜ਼ਰਸਾਨੀ (ਦੋਹਾਂ) ਨੇ ਟ੍ਰਾਇਲ ਜਾਰੀ ਰੱਖਣ ਦੀ ਸਿਫ਼ਾਰਸ਼ ਕੀਤੀ ਹੈ।"
ਬ੍ਰਾਜ਼ੀਲ ਦੀ ਵੈਕਸੀਨ ਨੂੰ ਪਰਵਾਨਗੀ ਮਿਲਣ ਦੀ ਸੂਰਤ ਵਿੱਚ ਖ਼ਰੀਦਣ ਦੀ ਯੋਜਨਾ ਹੈ।
ਜੌਹਨ ਹੌਪਕਿਨਸ ਯੂਨੀਵਰਸਿਟੀ ਵੱਲੋਂ ਸੰਜੋਏ ਗਏ ਅੰਕੜਿਆਂ ਮੁਤਾਬਕ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੇ ਲਗਭਗ 53 ਲੱਖ ਪੁਸ਼ਟ ਕੇਸ਼ ਹਨ - ਜੋ ਕਿ ਅਮਰੀਕਾ ਅਤੇ ਭਾਰਤ ਤੋਂ ਬਾਅਦ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹਨ। ਜਦਕਿ ਮੌਤਾਂ ਦੇ ਮਾਮਲੇ ਵਿੱਚ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਇੱਥੇ ਕੋਰੋਨਾਵਾਇਰਸ ਨਾਲ ਲਗਭਗ 1,55,000 ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ:
ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












