ਕਸ਼ਮੀਰ ਲਈ ਹਰ ਹੱਦ ਤੱਕ ਜਾਵਾਂਗੇ: ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਸ ਜੁੰਮੇ ਨੂੰ ਪੂਰੇ ਪਾਕਿਸਤਾਨ ਵਿੱਚ ਅਸੀਂ 12 ਵਜੇ ਤੋਂ 12.30 ਵਜੇ ਤੱਕ ਅੱਧੇ ਘੰਟੇ ਲਈ ਬਾਹਰ ਨਿਕਲ ਕੇ ਕਸ਼ਮੀਰੀਆਂ ਬਾਰੇ ਦੱਸਾਂਗੇ।
ਇਮਰਾਨ ਖ਼ਾਨ ਕਸ਼ਮੀਰ ਮਾਮਲੇ 'ਤੇ ਪਾਕਿਸਤਾਨ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਸ਼ਮੀਰੀ ਲੋਕ ਮੁਸ਼ਕਿਲ ਵਿੱਚ ਹਨ ਅਤੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਹੈ। ਮੈਂ ਖ਼ੁਦ ਕਸ਼ਮੀਰ ਦਾ ਅੰਬੈਸਡਰ ਬਣ ਕੇ ਦੁਨੀਆਂ ਦੇ ਸਾਹਮਣੇ ਉਨ੍ਹਾਂ ਦੀ ਗੱਲ ਚੁੱਕਾਂਗਾ।
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਵਿੱਚ ਸਾਰੀ ਦੁਨੀਆਂ ਸਾਹਮਣੇ ਕਸ਼ਮੀਰੀਆਂ ਦੀ ਸਥਿਤੀ ਦੱਸਾਂਗਾ। ਮੁਸਲਮਾਨ ਹਕੂਮਤਾਂ ਮਜਬੂਰੀ ਜਾਂ ਤਿਜਾਰਤ ਕਾਰਨ ਅੱਜ ਸਾਡੇ ਨਾਲ ਨਹੀਂ ਹਨ, ਤਾਂ ਬਾਅਦ ਵਿੱਚ ਉਹ ਸਾਡੇ ਨਾਲ ਆ ਜਾਣਗੇ।
ਇਮਰਾਨ ਖ਼ਾਨ ਨੇ ਕਿਹਾ, ''ਬਹੁਤ ਜ਼ਰੂਰੀ ਹੈ ਕਿ ਕਸ਼ਮੀਰ ਨਾਲ ਪਾਕਿਸਤਾਨ ਦੀ ਹਕੂਮਤ ਖੜ੍ਹੀ ਹੋਵੇ। ਹਰ ਹਫਤੇ ਅਸੀਂ ਈਵੈਂਟ ਕਰਾਂਗੇ ਜਿਸ ਵਿੱਚ ਸਕੂਲ ਕਾਲਜ ਅਤੇ ਦਫਤਰਾਂ ਦੇ ਲੋਕ ਅੱਧਾ ਘੰਟਾ ਬਾਹਰ ਨਿਕਲਣਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਅਸੀਂ ਕਸ਼ਮੀਰ ਦੇ ਨਾਲ ਖੜ੍ਹੇ ਹਾਂ।''
ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਜਦੋਂ ਤੱਕ ਕਸ਼ਮੀਰੀਆਂ ਨੂੰ ਆਜ਼ਾਦੀ ਨਹੀਂ ਮਿਲ ਜਾਂਦੀ ਅਸੀਂ ਉਨ੍ਹਾਂ ਨਾਲ ਖੜ੍ਹੇ ਰਹਾਂਗੇ। ਭਾਵੇਂ ਕੋਈ ਹੋਰ ਸਾਡੇ ਨਾਲ ਖੜ੍ਹਾ ਹੋਵੇ ਜਾਂ ਨਾ।