ਕੌਮੀ ਇਨਸਾਫ਼ ਮੋਰਚੇ ਦੇ ਆਗੂ ਕੌਣ ਹਨ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਹੋਇਆ

ਕੌਮੀ ਇਨਸਾਫ਼ ਮੋਰਚਾ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕੌਮੀ ਇਨਸਾਫ਼ ਮੋਰਚਾ ਦੇ ਸੱਤ ਆਗੂਆਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕੀਤਾ ਹੈ।

ਇਹਨਾਂ ਆਗੂਆਂ ਉੱਪਰ ਪੁਲਿਸ 'ਤੇ ਹਮਲਾ ਕਰਨ, ਸਰਕਾਰੀ ਵਾਹਨਾਂ ਅਤੇ ਜਾਇਦਾਦ ਦੀ ਭੰਨਤੋੜ ਕਰਨ ਦੇ ਇਲਜ਼ਾਮ ਲੱਗੇ ਹਨ।

ਐੱਫਆਈਆਰ ਇੰਸਪੈਕਟਰ ਦਵਿੰਦਰ ਸਿੰਘ ਦੀ ਸ਼ਿਕਾਇਤ ਉੱਪਰ ਦਰਜ ਕੀਤੀ ਗਈ ਹੈ।

ਐੱਫਆਈਆਰ ਕੀ ਕਹਿੰਦੀ ਹੈ

ਐੱਫਆਈਆਰ ਅਨੁਸਾਰ "ਖ਼ਾਲਿਸਤਾਨ ਹਮਾਇਤੀ 12 ਜਥੇਬੰਦੀਆਂ" ਨੇ ਮੁਹਾਲੀ ਸਰਹੱਦ ਤੋਂ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।

ਕੌਮੀ ਇਨਸਾਫ਼ ਮੋਰਚਾ
ਤਸਵੀਰ ਕੈਪਸ਼ਨ, ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਲਾਇਆ ਗਿਆ ਹੈ

ਇਹ ਪ੍ਰਦਰਸ਼ਨਕਾਰੀ ਚੰਡੀਗੜ੍ਹ ਸਥਿਤ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਉੱਤੇ ਜਾਣਾ ਚਾਹੁੰਦੇ ਸਨ।

ਇਸ ਦੌਰਾਨ ਅਚਾਨਕ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਤੇ ਕਥਿਤ ਤੌਰ 'ਤੇ ਪੱਥਰਬਾਜ਼ੀ ਕੀਤੀ, ਪੁਲਿਸ ਦੇ ਜਵਾਨਾਂ ਉੱਤੇ ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਵੀ ਕੀਤਾ ਗਿਆ।

ਦੂਜੇ ਪਾਸੇ ਪੁਲਿਸ ਵੱਲੋਂ ਬਲ ਅਤੇ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕੀਤੀ ਗਈ ਸੀ।

ਕੌਮੀ ਇਨਸਾਫ਼ ਮੋਰਚਾ

ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ ਇਹ ਆਗੂ ਕੌਣ ਹਨ?

ਪੁਲਿਸ ਨੇ ਕਥਿਤ ਹਿੰਸਾ ਦੇ ਇਲਜ਼ਾਮਾਂ ਹੇਠ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ, ਰੁਪਿੰਦਰਜੀਤ ਸਿੰਘ ਸਿੱਧੂ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਹੈ।

ਕੌਮੀ ਇਨਸਾਫ਼ ਮੋਰਚਾ
ਤਸਵੀਰ ਕੈਪਸ਼ਨ, ਗੁਰਚਰਨ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਜਦੋਂ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚੋਂ ਫ਼ਰਾਰ ਹੋਇਆ ਤਾਂ ਉਨ੍ਹਾਂ ਦੀ ਮਦਦ ਗੁਰਚਰਨ ਸਿੰਘ ਨੇ ਕੀਤੀ ਸੀ

ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ

ਗੁਰਚਰਨ ਸਿੰਘ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਸਜ਼ਾ ਭੁਗਤ ਰਿਹਾ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਹਨ। ਗੁਰਚਰਨ ਸਿੰਘ ਦੀ ਉਮਰ 70 ਸਾਲ ਦੇ ਕਰੀਬ ਹੈ।

ਕੌਮੀ ਇਨਸਾਫ਼ ਮੋਰਚੇ ਵਿੱਚ ਇਹਨਾਂ ਨੂੰ "ਬਾਪੂ ਜੀ" ਕਹਿ ਕੇ ਬੁਲਾਇਆ ਜਾਂਦਾ ਹੈ। ਗੁਰਚਰਨ ਸਿੰਘ ਪਟਿਆਲਾ ਦੇ ਰਹਿਣ ਵਾਲੇ ਹਨ।

ਉਹ ਕਈ ਸਾਲਾਂ ਤੋਂ ਗਰਮ ਖਿਆਲੀਆਂ ਦੀ ਕਾਨੂੰਨੀ ਮਦਦ ਕਰਦੇ ਹਨ।

ਗੁਰਚਰਨ ਸਿੰਘ ਦਾ ਮੁੱਖ ਪੇਸ਼ਾ ਖੇਤੀਬਾੜੀ ਹੈ।

ਗੁਰਚਰਨ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਜਦੋਂ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚੋਂ ਫ਼ਰਾਰ ਹੋਇਆ ਤਾਂ ਉਨ੍ਹਾਂ ਦੀ ਮਦਦ ਗੁਰਚਰਨ ਸਿੰਘ ਨੇ ਕੀਤੀ ਸੀ।

ਜਗਤਾਰ ਸਿੰਘ ਦੇ ਅਸਲ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਗੁਰਚਰਨ ਸਿੰਘ ਨੂੰ ਹੀ ਧਰਮੀ ਪਿਤਾ ਦਾ ਦਰਜਾ ਦਿੰਦੇ ਹਨ।

ਗੁਰਚਰਨ ਸਿੰਘ ਦਾ ਸਬੰਧ ਬਰਤਾਨੀਆ ਦੀ ਇੱਕ ਸਿੱਖ ਸੰਸਥਾ ਨਾਲ ਵੀ ਰਿਹਾ ਹੈ।

Banner

ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ

  • ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚੇ ਨੇ ਧਰਨਾ ਲਗਾਇਆ ਹੋਇਆ ਹੈ
  • ਪ੍ਰਦਰਸ਼ਨਕਾਰੀ ਚੰਡੀਗੜ੍ਹ ਸਥਿਤ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਉੱਤੇ ਜਾਣਾ ਚਾਹੁੰਦੇ ਸਨ
  • ਮੁਜ਼ਹਾਰਾਕਾਰੀਆਂ ਉੱਪਰ ਪੁਲਿਸ 'ਤੇ ਹਮਲਾ ਕਰਨ, ਸਰਕਾਰੀ ਵਾਹਨਾਂ ਤੇ ਸੰਪਤੀ ਦੀ ਭੰਨਤੋੜ ਦੇ ਇਲਜ਼ਾਮ ਲੱਗੇ ਹਨ
  • ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ 7 ਆਗੂਆਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੇਸ ਦਰਜ ਕੀਤਾ ਹੈ
Banner
ਕੌਮੀ ਇਨਸਾਫ਼ ਮੋਰਚਾ
ਤਸਵੀਰ ਕੈਪਸ਼ਨ, ਬਲਵਿੰਦਰ ਸਿੰਘ ਕਹਿੰਦੇ ਹਨ ਕਿ ਉਹ ਪੰਜਾਬ ਵਿੱਚ ਲੋਕ ਅਧਿਕਾਰ ਲਹਿਰ ਨਾਮਕ ਇੱਕ ਸੰਸਥਾ ਚਲਾ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ।

ਬਲਵਿੰਦਰ ਸਿੰਘ

ਬਲਵਿੰਦਰ ਸਿੰਘ ਦਾ ਸਬੰਧ ਕਿਸਾਨ ਪਰਿਵਾਰ ਨਾਲ ਹੈ। ਉਹਨਾਂ ਦੀ ਉਮਰ 50 ਸਾਲ ਦੇ ਕਰੀਬ ਹੈ।

ਉਹ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਨੌਕਰੀ ਕਰਦੇ ਰਹੇ ਹਨ। ਉਹਨਾਂ ਨੇ ਸਾਲ 2021 ਵਿੱਚ ਅਸਤੀਫ਼ਾ ਦੇ ਦਿੱਤਾ ਸੀ।

ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਤ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੋਸਟਿੰਗ ਦੌਰਾਨ ਲੁਧਿਆਣਾ ਵਿਖੇ ਨੇਤਰਹੀਣ ਬੱਚਿਆਂ ਦੇ ਸਕੂਲ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।

ਇਸ ਕਾਰਨ 11 ਲੋਕਾਂ ਦੇ ਖ਼ਿਲਾਫ਼ ਕਾਰਵਾਈ ਹੋਈ ਸੀ।

ਬਲਵਿੰਦਰ ਸਿੰਘ ਕਹਿੰਦੇ ਹਨ ਕਿ ਉਹ ਪੰਜਾਬ ਵਿੱਚ ਲੋਕ ਅਧਿਕਾਰ ਲਹਿਰ ਨਾਮਕ ਇੱਕ ਸੰਸਥਾ ਚਲਾ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ।

ਰੁਪਿੰਦਰ ਸਿੰਘ ਸਿੱਧੂ
ਤਸਵੀਰ ਕੈਪਸ਼ਨ, ਰੁਪਿੰਦਰਜੀਤ ਸਿੰਘ ਸਿੱਧੂ

ਰੁਪਿੰਦਰਜੀਤ ਸਿੰਘ ਸਿੱਧੂ

ਰੁਪਿੰਦਰ ਸਿੰਘ ਸਿੱਧੂ ਦਾ ਸਬੰਧ ਵੀ ਬਲਵਿੰਦਰ ਸਿੰਘ ਦੀ ਲੋਕ ਅਧਿਕਾਰ ਸੰਸਥਾ ਨਾਲ ਹੈ।

ਉਹ ਇਸ ਸੰਸਥਾ ਦੇ ਬੁਲਾਰੇ ਹਨ।

ਕੌਮੀ ਇਨਸਾਫ਼ ਮੋਰਚੇ ਦਾ ਦਾਅਵਾ ਹੈ ਕਿ ਰੁਪਿੰਦਰ ਸਿੰਘ ਸਿੱਧੂ ਨਸ਼ੇ ਦੇ ਖ਼ਿਲਾਫ਼ ਪੰਜਾਬ ਵਿੱਚ ਮੁਹਿੰਮ ਚਲਾ ਰਹੇ ਹਨ।

ਨਸ਼ੇ ਨਾਲ ਗ੍ਰਸਤ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਂਦੇ ਹਨ।

40 ਸਾਲਾਂ ਰੁਪਿੰਦਰ ਸਿੰਘ ਸਿੱਧੂ ਫੂਡ ਅਤੇ ਸਪਲਾਈ ਮਹਿਕਮੇ ਵਿੱਚ ਮੌਜੂਦਾ ਇੰਸਪੈਕਟਰ ਹਨ ਅਤੇ ਅੱਜਕੱਲ੍ਹ ਵਿਭਾਗ ਤੋਂ ਗੈਰਹਾਜ਼ਰ ਦੱਸੇ ਜਾਂਦੇ ਹਨ।

ਉਨ੍ਹਾਂ ਦਾ ਸਬੰਧ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਕਸਬੇ ਨਾਲ ਹੈ ਜਿਨ੍ਹਾਂ ਦੀ ਪੋਸਟਿੰਗ ਮਾਨਸਾ ਵਿਖੇ ਸੀ।

ਅਮਰ ਸਿੰਘ ਚਾਹਲ
ਤਸਵੀਰ ਕੈਪਸ਼ਨ, ਅਮਰ ਸਿੰਘ ਚਾਹਲ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੇ ਵਕੀਲ ਵੀ ਹਨ

ਅਮਰ ਸਿੰਘ ਚਾਹਲ

ਅਮਰ ਸਿੰਘ ਚਾਹਲ ਪੇਸ਼ੇ ਵਜੋਂ ਵਕੀਲ ਹਨ ਅਤੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਕਰੀਬ 50 ਸਾਲ ਤੋਂ ਵਕਾਲਤ ਕਰ ਰਹੇ ਹਨ।

ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਦੇ ਕੇਸਾਂ ਦੀ ਪੈਰਵੀ ਅਮਰ ਸਿੰਘ ਚਾਹਲ ਕਰਦੇ ਰਹੇ ਹਨ।

ਕਰੀਬ 80 ਸਾਲਾਂ ਅਮਰ ਸਿੰਘ ਚਾਹਲ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੇ ਵਕੀਲ ਵੀ ਹਨ।

ਚਾਹਲ ਦਾ ਸਬੰਧ ਚੰਡੀਗੜ੍ਹ ਨਾਲ ਹੈ।

ਕੌਮੀ ਇਨਸਾਫ਼ ਮੋਰਚਾ
ਤਸਵੀਰ ਕੈਪਸ਼ਨ, ਦਿਲ਼ਸ਼ੇਰ ਸਿੰਘ ਜੰਡਿਆਲਾ

ਦਿਲਸ਼ੇਰ ਸਿੰਘ ਜੰਡਿਆਲਾ

ਦਿਲਸ਼ੇਰ ਸਿੰਘ ਜੰਡਿਆਲਾ ਅਮਰ ਸਿੰਘ ਚਾਹਲ ਦੀ ਟੀਮ ਦੇ ਮੈਂਬਰ ਹਨ ਅਤੇ ਪੇਸ਼ੇ ਤੋਂ ਵਕੀਲ ਹਨ।

ਉਹ ਵੱਖ-ਵੱਖ ਜੇਲਾਂ ਵਿੱਚ ਬੰਦ ਖਾੜਕੂਆਂ ਦੇ ਕੇਸਾਂ ਦੀ ਪੈਰਵੀ ਕਰਦੇ ਹਨ।

ਮੋਰਚੇ ਨਾਲ ਜੁੜੇ ਲੋਕ ਦੱਸਦੇ ਹਨ ਕਿ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਖਾੜਕੂਆਂ ਦੇ ਕੇਸ ਮੁਫ਼ਤ ਵਿੱਚ ਲੜਦੇ ਹਨ।

ਕੌਮੀ ਇਨਸਾਫ਼ ਮੋਰਚਾ
ਤਸਵੀਰ ਕੈਪਸ਼ਨ, ਜਸਵਿੰਦਰ ਸਿੰਘ ਰਾਜਪੁਰਾ

ਜਸਵਿੰਦਰ ਸਿੰਘ ਰਾਜਪੁਰਾ

ਜਸਵਿੰਦਰ ਸਿੰਘ ਰਾਜਪੁਰਾ ਜਗਤਾਰ ਸਿੰਘ ਹਵਾਰਾ ਨੂੰ ਸਮਰਪਿਤ ਅਕਾਲ ਯੂਥ ਜਥੇਬੰਦੀ ਨਾਲ ਜੁੜੇ ਹੋਏ ਹਨ।

32 ਸਾਲਾਂ ਜਸਵਿੰਦਰ ਸਿੰਘ ਦਾ ਸਬੰਧ ਰਾਜਪੁਰਾ ਨਾਲ ਹੈ।

ਜਸਵਿੰਦਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਗਤਾਰ ਸਿੰਘ ਹਵਾਰਾ ਦੇ ਪ੍ਰਸ਼ੰਸਕ ਹਨ।

ਉਹ ਲਗਭਗ ਪੰਜ ਸਾਲ ਜੇਲ੍ਹ ਵਿੱਚ ਵੀ ਰਹੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਨ੍ਹਾਂ ਉੱਤੇ ਸਾਲ 2010 ਵਿੱਚ ਪਟਿਆਲਾ ਅਤੇ ਅੰਬਾਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਮਾਮਲਾ ਸਾਲ 2010 ਦੌਰਾਨ ਦੋ ਬੰਬ ਧਮਾਕਿਆਂ ਦਾ ਸੀ।

ਇਨ੍ਹਾਂ ਧਮਾਕਿਆਂ ਵਿੱਚ ਉਹਨਾਂ ਦਾ ਹੱਥ ਹੋਣ ਦਾ ਇਲਜ਼ਾਮ ਸੀ ਪਰ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਿਤ ਨਹੀਂ ਹੋਏ ਸੀ ਅਤੇ ਬਾਅਦ ਵਿੱਚ ਉਹ ਬਰੀ ਹੋ ਗਏ।

ਖ਼ੁਦ ਨੂੰ ਸੰਤ ਦੱਸਣ ਵਾਲੇ ਆਸ਼ੂਤੋਸ਼ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ ਗੋਲੀ ਵੀ ਲੱਗੀ ਸੀ।

ਰਾਜਪੁਰਾ ਵਿਖੇ ਉਹ ਪ੍ਰਾਪਰਟੀ ਦਾ ਕੰਮ ਕਰਦੇ ਹਨ ਅਤੇ ਇੱਕ ਦੁਕਾਨ ਵੀ ਚਲਾਉਂਦੇ ਹਨ।

Banner

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)