ਜਲੰਧਰ ਵਿੱਚ ਨਰਸਾਂ ਉੱਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਇੱਕ ਸ਼ਖ਼ਸ ਗ੍ਰਿਫ਼ਤਾਰ ਕੀਤਾ, ਹੁਣ ਤੱਕ ਕੀ ਕੁਝ ਹੋਇਆ

ਤਸਵੀਰ ਸਰੋਤ, PARDEEP Pandit
- ਲੇਖਕ, ਪ੍ਰਦੀਪ ਪੰਡਿਤ
- ਰੋਲ, ਜਲੰਧਰ ਤੋਂ ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੀਆਂ ਦੋ ਨਰਸਾਂ ਉੱਪਰ ਹਮਲਾ ਕਰਕੇ ਇੱਕ ਨਰਸ ਨੂੰ ਮਾਰਨ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਇੱਕ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ।
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ, ''ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ 34 ਸਾਲਾ ਸਤਿਗੁਰ ਸਿੰਘ ਜੋ ਕਿ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਮਾਲੀ ਦਾ ਕੰਮ ਕਰਦਾ ਹੈ , ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।''
ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਸਤਿਗੁਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਉਨ੍ਹਾਂ ਦੀ ਇੱਕ ਸੋਸ਼ਲ ਨੈੱਟਵਰਕਿੰਗ ਐਪ ਰਾਹੀਂ ਦੋਸਤੀ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਰਹੂਮ ਬਲਜਿੰਦਰ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਦੋਵਾਂ ਦੀ ਅਣਬਣ ਹੋ ਗਈ ਤੇ ਬਲਜਿੰਦਰ ਨੇ ਇਸਦਾ ਨੰਬਰ ਆਪਣੇ ਮੋਬਾਈਲ 'ਚ ਬਲਾਕ ਕਰ ਦਿੱਤਾ।
ਕਮਿਸ਼ਨਰ ਨੇ ਅੱਗੇ ਦੱਸਦਿਆਂ ਕਿਹਾ, ''ਸਤਿਗੁਰੂ ਸਿੰਘ ਨੇ 24 ਅਗਸਤ ਦੀ ਰਾਤ ਗੁੱਸੇ ਵਿੱਚ ਜਲੰਧਰ ਆ ਕੇ ਹਸਪਤਾਲ ਦੀ ਦੂਜੀ ਮੰਜ਼ਿਲ ਉੱਤੇ ਆਪਣੇ ਹਸਪਤਾਲ ਦੀ ਇੱਕ ਹੋਰ ਕਰਮਚਾਰੀ ਜਯੋਤੀ ਨਾਲ ਸੁਤੀ ਹੋਈ ਬਲਜਿੰਦਰ ਕੌਰ ਦਾ ਤਿੱਖੇ ਚਾਕੂ ਨਾਲ ਕਤਲ ਕਰ ਦਿੱਤਾ।''
''ਜਦਕਿ ਜਯੋਤੀ ਨੂੰ ਵੀ ਬੁਰੀ ਤਰਾਂ ਜ਼ਖਮੀ ਕਾਰਨ ਤੋਂ ਬਾਅਦ ਉਸ ਨੂੰ ਵੀ ਮਰੀ ਹੋਈ ਸਮਝ ਕੇ ਹਸਪਤਾਲ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ।''
ਪੁਲਿਸ ਨੇ ਦਾਅਵਾ ਕੀਤਾ ਕਿ ਟੈਕਨੀਕਲ ਤਰੀਕੇ ਨਾਲ ਜਾਂਚ ਕਰਦੇ ਹੋਏ ਸਤਿਗੁਰ ਸਿੰਘ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ।

ਤਸਵੀਰ ਸਰੋਤ, PARDEEP Pandit/bbc
ਕੌਣ ਸੀ ਮਰਹੂਮ
ਘਟਨਾ ਜਲੰਧਰ ਦੇ ਗ੍ਰੀਨ ਮਾਡਲ ਟਾਊਨ ਦੇ ਨੇੜੇ ਸੰਘਾ ਚੌਕ ਵਿਖੇ ਪਰਲ ਆਈਜ਼ ਐਂਡ ਮੈਟਰਨਿਟੀ ਹਸਪਤਾਲ ਵਿੱਚ ਬੀਤੀ ਰਾਤ ਡੇਢ ਵਜੇ ਦੇ ਕਰੀਬ ਵਾਪਰੀ।
ਮਾਰੀ ਗਈ ਨਰਸ ਬਲਜਿੰਦਰ ਕੌਰ ਬਿਆਸ ਦੇ ਨੇੜੇ ਪਿੰਡ ਜੋਧੇ ਦੀ ਰਹਿਣ ਵਾਲੀ ਸੀ ਜਦਕਿ ਜ਼ਖਮੀ ਨਰਸ ਜਯੋਤੀ ਫਗਵਾੜਾ ਦੇ ਨੇੜੇ ਮੇਹਟੀਆਣਾ ਦੀ ਰਹਿਣ ਵਾਲੀ ਹੈ।
ਮਰਹੂਮ ਦੇ ਭਰਾ ਮੁਤਾਬਕ ਬਲਜਿੰਦਰ ਸਭ ਨਾਲੋਂ ਛੋਟੀ ਸੀ ਤੇ ਪਿਛਲੇ ਕਰੀਬ ਤਿੰਨ ਕੁ ਸਾਲ ਤੋਂ ਜਲੰਧਰ ਦੇ ਪਰਲ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰ ਰਹੀ ਸੀ।
ਮਰਹੂਮ ਬਲਜਿੰਦਰ ਕੌਰ ਦਾ ਪਰਿਵਾਰ ਦਿਹਾੜੀ-ਮਜ਼ਦੂਰੀ ਕਰਕੇ ਹੀ ਆਪਣਾ ਪੇਟ ਪਾਲ ਰਿਹਾ ਸੀ।
ਚਸ਼ਮਦੀਦ ਨੇ ਦੱਸਿਆ ਘਟਨਾ ਕਿਵੇਂ ਵਾਪਰੀ
ਹਸਪਤਾਲ ਦੇ ਚੋਕੀਦਾਰ ਸੰਜੇ ਨੇ ਦੱਸਿਆ,'' ਹਸਪਤਾਲ ਦੇ ਮਾਲਕ ਇਸ ਸਮੇਂ ਪਰਿਵਾਰ ਸਹਿਤ ਵਿਦੇਸ਼ ਗਏ ਹੋਏ ਹਨ ਅਤੇ ਮਰੀਜ਼ ਨਾ ਹੋਣ ਕਾਰਨ ਹਸਪਤਾਲ ਵਿੱਚ ਲੋਕਾਂ ਦਾ ਆਉਣਾ-ਜਾਣ ਸਿਰਫ ਦਿਨ ਵੇਲੇ ਹੀ ਹੁੰਦਾ ਸੀ।''
ਚੌਕੀਦਾਰ ਨੇ ਦੱਸਿਆ ਕਿ ਇਸ ਦੌਰਾਨ, ''ਰਾਤ ਕਰੀਬ 12 ਮੇਰੀ ਅੱਖ ਲੱਗ ਗਈ।''
ਸੰਜੇ ਨੇ ਦੱਸਿਆ ਕਿ ਰਾਤ ਨੂੰ ਸਵਾ ਇੱਕ ਵਜੇ ਦੇ ਆਸ-ਪਾਸ ਓਥੇ ਹੀ ਰਹਿੰਦੀ ਇਕ ਸਟਾਫ਼ ਨਰਸ ਸੰਦੀਪ ਨੇ ਦੱਸਿਆ ਕਿ ਉਪਰ ਵਾਲੀ ਛੱਤ ਤੇ ਸੋਂ ਰਹੀਆਂ ਦੋ ਨਰਸਾਂ ਚੋ ਇਕ ਜਯੋਤੀ ਦਾ ਫ਼ੋਨ ਆਇਆ ਹੈ।

ਤਸਵੀਰ ਸਰੋਤ, PARDEEP PUNDIT/BBC
ਜਯੋਤੀ ਨੇ ਦੱਸਿਆ ਸੀ ਕਿ ਉਨ੍ਹਾਂ ਉੱਪਰ ਕਿਸੇ ਨੇ ਹਮਲਾ ਕਰ ਦਿੱਤਾ ਹੈ। ਜਿਸ 'ਤੇ ਉਹ ਫਟਾਫਟ ਉੱਪਰ ਗਿਆ ਤੇ ਬਲਜਿੰਦਰ ਕੌਰ ਛੱਤ 'ਤੇ ਡਿੱਗੀ ਪਈ ਸੀ ਤੇ ਜਯੋਤੀ ਜ਼ਖਮੀ ਹਾਲਤ ਵਿੱਚ ਔਖੇ ਸਾਹ ਲੈ ਰਹੀ ਸੀ।'' ਉਸ ਤੋਂ ਬਾਅਦ ਓਹਨਾ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ।
''ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਲਜਿੰਦਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਈ ।
ਵੀਰਵਰ ਨੂੰ ਸਿਵਲ ਹਸਪਤਾਲ ਵਿਚ ਉਸਦਾ ਪੋਸਟਮਾਰਟਮ ਕਰਨ ਤੋਂ ਬਾਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਕੱਲ ਉਸਦੇ ਜੱਦੀ ਪਿੰਡ ਜੋਧੇ ( ਬਿਆਸ) ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।ਓਧਰ ਦੂਜੇ ਪਾਸੇ ਇਸ ਘਟਨਾ ਵਿੱਚ ਜ਼ਖਮੀ ਜਯੋਤੀ ਦੀ ਹਾਲਤ ਹਾਲੇ ਸਥਿਰ ਹੈ ਪਰ ਥੋੜੀ ਜਿਹੀ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ-

ਇਲਾਜ ਕਰ ਰਹੇ ਡਾਕਟਰ ਉਪਿੰਦਰ ਸਿੰਘ ਘਈ ਅਨੁਸਾਰ ਜਯੋਤੀ ਦੇ ਮੂੰਹ ਤੇ ਕਾਫੀ ਸੱਟਾਂ ਹਨ ।
ਖੱਬੀ ਅੱਖ ਵਿੱਚ ਵੀ ਸੱਟ ਲੱਗੀ ਹੈ ਤੇ ਸਭ ਤੋਂ ਨਾਜ਼ੁਕ ਸੱਟ ਜਯੋਤੀ ਦੇ ਢਿੱਡ ਵਿੱਚ ਲੱਗੀ ਹੈ। ਜਿਸ ਨਾਲ ਜਯੋਤੀ ਦੇ ਲੀਵਰ ਵਿਚ ਸੱਟ ਲੱਗੀ ਹੈ 'ਤੇ ਵੱਡੀ ਆਂਦਰ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਪਰਿਵਾਰ ਦੇ ਹਸਪਤਾਲ ਮੈਨੇਜਮੈਂਟ ਉੱਪਰ ਇਲਜ਼ਾਮ
ਉੱਧਰ ਮਰਹੂਮ ਬਲਜਿੰਦਰ ਦੇ ਘਰ ਵਾਲੇ ਹਸਪਤਾਲ ਮੈਨੇਜਮੈਂਟ ਉੱਪਰ ਉਸਦਾ ਕਤਲ ਕਰਨ ਦਾ ਇਲਜ਼ਾਮ ਲਾ ਰਹੇ ਹਨ। ਬਲਜਿੰਦਰ ਦੇ ਭਰਾ ਵਿਕਰਮਜੀਤ ਸਿੰਘ ਨੇ ਦੱਸਿਆ ਉਹ ਪੰਜ ਭੈਣ ਭਰਾ ਹਨ। ''ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਪੇਟ ਪਾਲਦਾ ਹੈ।''

ਤਸਵੀਰ ਸਰੋਤ, PARDEEP PUNDIT/BBC
ਬੀਤੀ 23 ਤਾਰੀਖ ਨੂੰ ਉਹ ਛੁੱਟੀ 'ਤੇ ਆਪਣੇ ਘਰ ਆਈ ਸੀ ਤੇ 24 ਤਾਰੀਖ ਨੂੰ ਹਸਪਤਾਲ ਤੋਂ ਉਸਨੂੰ ਛੁੱਟੀ ਕੈਂਸਲ ਕਰ ਕੇ ਵਾਪਸ ਪਰਤਣ ਲਈ ਕਿਹਾ ਗਿਆ ਤੇ ਉਹ ਵਾਪਸ ਆ ਗਈ ਸੀ।
ਵਿਕਰਮਜੀਤ ਸਿੰਘ ਨੇ ਦਸਿਆ, ''25 ਤਾਰੀਖ ਨੂੰ ਸਵੇਰੇ ਉਹਨਾ ਦੇ ਪਿੰਡ ਦੇ ਸਾਬਕਾ ਸਰਪੰਚ ਨੇ ਘਰ ਆ ਕੇ ਉਹਨਾਂ ਨੂੰ ਬਲਜਿੰਦਰ ਦੇ ਸੱਟਾਂ ਵੱਜਣ ਦੀ ਗੱਲ ਦੱਸੀ ਪਰ ਇੱਥੇ ਆ ਕੇ ਓਹਨਾਂ ਨੂੰ ਪਤਾ ਲਗਾ ਕਿ ਉਸਦੀ ਭੈਣ ਦਾ ਕਤਲ ਹੋ ਗਿਆ ਹੈ।''
ਵਿਕਰਮ ਨੇ ਦੱਸਿਆ, ''ਹਸਪਤਾਲ ਵਾਲਿਆਂ ਕੋਲ ਘਰ ਦਾ ਨੰਬਰ ਵੀ ਸੀ ਪਰ ਓਹਨਾ ਸਾਡੇ ਪਰਿਵਾਰ ਨੂੰ ਦਸਣ ਦੀ ਬਜਾਏ ਪਿੰਡ ਦੇ ਸਾਬਕਾ ਸਰਪੰਚ ਨੂੰ ਫੋਨ ਕੀਤਾ । ਜਿਸ ਕਰਕੇ ਬਲਜਿੰਦਰ ਦੇ ਕਤਲ ਚ ਹਸਪਤਾਲ ਦੀ ਮੈਨੇਜਮੈਂਟ ਦਾ ਹੱਥ ਹੈ।''
ਘਟਨਾ ਤੋਂ ਬਾਅਦ ਪੁਲਿਸ ਨੇ ਕੀ ਦੱਸਿਆ ਸੀ?
ਪੁਲਿਸ ਨੇ ਕਿਹਾ ਕਿ ਫੋਰੈਂਸਿਕ ਅਤੇ ਹੋਰ ਤਕਨੀਕੀ ਟੀਮਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਜਲਦ ਦੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
ਕਤਲ ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀ ਧਾਰਾ 302 , 307 ਤੇ 120 ਬੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਮਰਹੂਮ ਬਲਜਿੰਦਰ ਤੇ ਜ਼ਖਮੀ ਜਯੋਤੀ ਦੇ ਮੋਬਾਈਲ ਫ਼ੋਨ ਵੀ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹਨ ਤੇ ਹਸਪਤਾਲ ਤੋਂ ਮਿਲੀ ਸੀਸੀ ਟੀਵੀ ਤੋਂ ਮਿਲੀ ਫੁਟੇਜ ਅਨੁਸਾਰ ਹਸਪਤਾਲ ਦੀ ਕੰਧ ਟੱਪ ਕੇ ਅੰਦਰ ਵੜੇ ਨੌਜਵਾਨ ਦੀ ਭਾਲ ਕਰ ਰਹੀ ਹੈ।
ਪੁਲਿਸ ਡਿਵਜ਼ਨ ਛੇ ਦੇ ਐੱਸਐਚਓ ਪਰਮਦੀਨ ਖਾਨ ਅਨੁਸਾਰ ਬੀਤੀ ਰਾਤ 2 ਵਜੇ ਤੋਂ ਬਾਅਦ ਉਨ੍ਹਾਂ ਨੂੰ ਘਟਨਾ ਦੀ ਇਤਲਾਹ ਮਿਲੀ ਤੇ ਤੁਰੰਤ ਉਹ ਮੌਕੇ 'ਤੇ ਪਹੁੰਚੇ ਤਾਂ ਬਲਜਿੰਦਰ ਕੌਰ ਦੀ ਲਾਸ਼ ਉੱਥੇ ਪਈ ਸੀ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿੱਚ ਬੁਰੀ ਤਰਾਂ ਜ਼ਖਮੀ ਜਯੋਤੀ ਸਾਹ ਲੈ ਰਹੀ ਸੀ। ਜਯੋਤੀ ਨੂੰ ਜਲਦੀ ਹੀ ਨੇੜੇ ਦੇ ਘਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਹਾਲਤ ਥੋੜੀ ਜਿਹੀ ਨਾਜ਼ੁਕ ਹੈ।
ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਜਦੋਂ ਉਨ੍ਹਾਂ ਨੇ ਪਰਲ ਹਸਪਤਾਲ ਦੇ ਸੀਸੀ ਟੀਵੀ ਕੈਮਰੇ ਵਿੱਚ ਦੇਖਿਆ ਕਿ ਅੱਧੀ ਰਾਤ ਨੂੰ ਇੱਕ ਨੌਜਵਾਨ ਜਿਸਨੇ ਕਿ ਆਪਣਾ ਮੂੰਹ ਰੁਮਾਲ ਢਕਿਆ ਹੋਇਆ ਸੀ ਹੱਥ ਵਿੱਚ ਚਾਕੂ ਨੁਮਾ ਚੀਜ਼ ਦੇ ਨਾਲ ਹਸਪਤਾਲ ਦੀ ਕੰਧ ਟੱਪ ਕੇ ਅੰਦਰ ਵੜਨ ਵਿੱਚ ਸਫ਼ਲ ਹੋ ਗਿਆ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












