ਸਿੱਧੂ ਮੂਸੇਵਾਲਾ: ਪੁਲਿਸ ਮੁਤਾਬਕ ਸ਼ੂਟਰ ਨੇ ਦੱਸਿਆ ਕਤਲ 'ਚ ਵਰਤੇ ਹਥਿਆਰ ਕਿੰਨਾ ਸਮਾਂ ਪਹਿਲਾਂ ਮਿਲੇ - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਛੇ ਸ਼ੂਟਰਾਂ ਵਿੱਚੋਂ ਇੱਕ ਪ੍ਰੀਆਵਰਤ ਫ਼ੌਜੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਜਿਨ੍ਹਾਂ ਹਥਿਆਰਾਂ ਨਾਲ ਕਤਲ ਨੂੰ ਅੰਜਾਮ ਦਿੱਤਾ ਗਿਆ ਉਹ ਉਸ ਨੂੰ ਕੁਝ ਅਣਪਛਾਲੇ ਮੋਟਰਸਾਈਕਲ ਸਵਾਰਾਂ ਵੱਲੋਂ ਮਹਿਜ਼ ਇੱਕ ਘੰਟਾ ਪਹਿਲਾਂ ਮੁਹਈਆ ਕਰਵਾਏ ਗਏ ਸਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਫ਼ੌਜੀ ਅਤੇ ਇੱਕ ਹੋਰ ਸ਼ੂਟਰ ਕੁਲਦੀਪ ਉਰਫ਼ ਕਸ਼ਿਸ਼ ਨੂੰ ਐਤਵਾਰ ਨੂੰ ਗੁਜਰਾਤ ਦੇ ਕੱਛ ਤੋਂ ਫੜਿਆ ਗਿਆ ਸੀ ਅਤੇ ਇਨ੍ਹਾਂ ਤੋਂ ਪੁਲਿਸ ਦੇ ਵੱਖੋ-ਵੱਖ ਵਿੰਗਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ 2 ਸ਼ੂਟਰਾਂ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲਿਸ ਦੇ ਅਧਿਕਾਰੀ ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਉੱਤੇ ਏਕੇ-47 ਮਨਪ੍ਰੀਤ ਮੰਨੂ ਨਾਮ ਦੇ ਸ਼ਖ਼ਸ ਨੇ ਚਲਾਈ ਸੀ।

ਉਨ੍ਹਾਂ ਦੱਸਿਆ ਕਿ ਇਸ ਕਤਲ ਵਿੱਚ ਕਈ ਪਿਸਤੌਲ ਵਰਤੇ ਗਏ। ਇਸ ਤੋਂ ਇਲਾਵਾ ਇਨ੍ਹਾਂ ਕੋਲ ਗ੍ਰਨੇਡ ਵੀ ਬਰਾਮਦ ਹੋਏ ਹਨ।

ਦਿੱਲੀ ਪੁਲਿਸ ਮੁਤਾਬਕ ਫੜੇ ਗਏ ਦੋ ਸ਼ੂਟਰਾਂ ਦਾ ਕਨੈਕਸ਼ਨ ਗੋਲਡੀ ਬਰਾੜ ਦੇ ਨਾਲ ਸੀ। ਪੁਲਿਸ ਮੁਤਾਬਕ ਇਨ੍ਹਾਂ ਵੱਲੋਂ ਕੁਝ ਹਥਿਆਰ ਹਿਸਾਰ ਦੇ ਇੱਕ ਪਿੰਡ ਵਿੱਚ ਰਿਜ਼ਰਵ (ਰਾਖਵੇਂ) ਰੱਖੇ ਗਏ ਸਨ।

ਧਾਲੀਵਾਲ ਨੇ ਇਹ ਵੀ ਦੱਸਿਆ ਹੈ ਕਿ ਹਮਲਾਵਰਾਂ ਦਾ ਮੁਖੀ ਪ੍ਰਿਅਵ੍ਰੱਤ ਫੌਜੀ ਨਾਮ ਦਾ ਸ਼ਖ਼ਸ ਸੀ।

ਭਾਰਤੀ ਮੂਲ ਦੀ ਸਾਇੰਸਦਾਨ ਬਾਇਡਨ ਦੀ ਕੈਬਨਿਟ ਵਿੱਚ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੂੰ ਦੇਸ਼ ਦੇ ਔਫ਼ਿਸ ਆਫ਼ ਸਾਇੰਸ ਐਂਡ ਟੈਕਨੋਲੋਜੀ ਪੌਲਿਸੀ ਵਿੱਚ ਮੁੱਖ ਵਿਗਿਆਨੀ ਵਜੋਂ ਨਿਯੁਕਤ ਕੀਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਡਾ. ਆਰਤੀ ਇਸ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੇ ਔਰਤ, ਭਾਰਤੀ ਅਮਰੀਕੀ, ਇਮੀਗਰੈਂਟ ਹਨ।

ਇੱਕ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਉਹ ਅਮਰੀਕੀ ਰਾਸ਼ਟਰਪਤੀ ਦੇ ਸਾਇੰਸ ਅਤੇ ਤਕਨੀਕ ਦੇ ਖੇਤਰ ਵਿੱਚ ਮੁੱਖ ਸਲਾਹਕਾਰ ਅਤੇ ਰਾਸ਼ਟਰਪਤੀ ਦੀ ਕੈਬਨਿਟ ਦੇ ਮੈਂਬਰ ਵੀ ਹੋਣਗੇ।

ਡਾ. ਆਰਤੀ ਪ੍ਰਭਾਕਰ ਦਾ ਪਰਿਵਾਰ ਭਾਰਤ ਤੋਂ ਉਦੋਂ ਅਮਰੀਕਾ ਜਾ ਕੇ ਵਸ ਗਿਆ ਸੀ ਜਦੋਂ ਉਹ ਮਹਿਜ਼ ਤਿੰਨ ਸਾਲ ਦੇ ਸਨ। ਉਨ੍ਹਾਂ ਨੇ ਟੈਕਸਸ ਟੈਕ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।

ਉਹ ਕੈਲੀਫ਼ੋਰਨੀਆ ਇੰਸਟੀਚਿਊਟ ਤੋਂ ਅਪਲਾਈਡ ਫਿਜ਼ਕਸ ਵਿੱਚ ਪੀਐੱਚਡੀ ਕਰਨ ਵਾਲੇ ਪਹਿਲੇ ਏਸ਼ੀਅਨ ਸਨ।

ਹੱਜ ਤੋਂ ਪਹਿਲਾਂ ਦੁਨੀਆਂ ਭਰ ਤੋਂ ਡੇਢ ਲੱਖ ਲੋਕ ਮਦੀਨਾ ਪਹੁੰਚੇ

ਸਾਊਦੀ ਅਰਬ ਦੀ ਸਰਕਾਰੀ ਖ਼ਬਰ ਏਜੰਸੀ ਐਸਪੀਏ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਣ ਤੱਕ ਦੁਨੀਆਂ ਭਰ ਤੋਂ ਮਦੀਨਾ ਆਉਣ ਵਾਲਿਆਂ ਦੇ ਲਈ ਇੱਕ ਲਈ ਇੱਕ ਲੱਖ 72 ਹਜ਼ਾਰ 562 ਹੱਜ ਯਾਤਰੀਆਂ ਨੇ ਰਜਿਸਟਰੇਸ਼ਨ ਕੀਤਾ ਗਿਆ ਹੈ।

ਹੱਜ ਅਤੇ ਉਮਰਾਹ ਮੰਤਰਾਲੇ ਨੇ ਮਦੀਨਾ ਵਿੱਚ ਆਉਣ ਵਾਲੇ ਅਤੇ ਵਾਪਸ ਜਾਣ ਵਾਲਿਆਂ ਦੀ ਸੰਖਿਆ ਜਾਰੀ ਕੀਤੀ ਹੈ।

ਇਨ੍ਹਾਂ ਅੰਕੜਿਆਂ ਦੇ ਮੁਤਾਬਕ ਕਰੀਬ 1,56,828 ਲੋਕ ਪ੍ਰਿੰਸ ਮੁਹੰਮਦ ਬਿਨ ਅਬਦੁੱਲਅਜ਼ੀਜ਼ ਕੌਮਾਂਤਰੀ ਹਵਾਈ ਅੱਡੇ ਤੋਂ ਮਦੀਨਾ ਪਹੁੰਚੇ ਹਨ।

ਦੇਸ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਅੰਕੜਿਆਂ ਵਿੱਚ ਸਭ ਤੋਂ ਜ਼ਿਆਦਾ ਇੰਡੋਨੇਸ਼ੀਆ ਤੋਂ ਫਿਰ ਭਾਰਤ, ਬੰਗਲਾਦੇਸ਼, ਇਰਾਕ ਅਤੇ ਈਰਾਨ ਦੇ ਹੱਜ ਯਾਤਰੀ ਹਨ।

ਕੋਰੋਨਾ ਮਹਾਮਾਰੀ ਕਾਰਨ ਲੱਗੀਆਂ ਰੋਕਾਂ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਨੇ ਹਾਜੀਆਂ ਦੇ ਪਹਿਲੇ ਜੱਥੇ ਦਾ ਸਵਾਗਤ ਕੀਤਾ ਹੈ। ਇਨ੍ਹਾਂ ਯਾਤਰੀਆਂ ਬਾਰੇ ਕੋਰੋਨਾਵਾਇਰਸ ਦੀ ਲਾਗ ਬਾਰੇ ਜਾਰੀ ਵਿਸ਼ਵੀ ਸਿਹਤ ਗਾਈਡਲਾਇੰਸ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)