ਸਿੱਧੂ ਮੂਸੇ ਵਾਲਾ ਕਤਲ ਕਾਂਡ: ਸੰਤੋਸ਼ ਜਾਧਵ ਦੀ ਮਾਂ ਤੋਂ ਸੁਣੋ ਕਿ ਉਹ ਕਿਵੇਂ ਗੈਂਗਸਟਰ ਬਣਿਆ

    • ਲੇਖਕ, ਮਾਨਸੀ ਦੇਸ਼ਪਾਂਡੇ
    • ਰੋਲ, ਬੀਬੀਸੀ ਲਈ ਪੁਣੇ ਤੋਂ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ
  • ਪੂਣੇ ਦਿਹਾਤੀ ਪੁਲਿਸ ਨੇ ਮਹਾਕਾਲ ਤੋਂ ਪੁੱਛਗਿੱਛ ਤੋਂ ਬਾਅਦ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ
  • ਸੰਤੋਸ਼ ਜਾਧਵ ਤੇ ਮਹਾਕਾਲ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਮਿਲਕੇ ਕੰਮ ਕਰਦੇ ਹਨ।
  • ਮਹਾਕਾਲ ਅਤੇ ਸੰਤੋਸ਼ ਜਾਧਵ ਉੱਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਬਤੌਰ ਸ਼ਾਰਪ ਸ਼ੂਟਰ ਸ਼ਾਮਲ ਹੋਣ ਦਾ ਇਲਜ਼ਾਮ ਹੈ।
  • ਸੰਤੋਸ਼ ਜਾਧਵ ਨੂੰ ਆਪਣੇ ਹੀ ਸਾਥੀ ਓਮਕਾਰ ਉਰਫਡ ਰਾਣਯਾ ਬਾਣਖੇਲੇ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
  • ਸੰਤੋਸ਼ ਜਾਧਵ ਦੀ ਮਾਂ ਮੁਤਾਬਕ ਉਹ ਬਚਪਨ ਵਿਚ ਆਪਣੇ ਪਿਓ ਦੀ ਮੌਤ ਤੋਂ ਬਾਅਦ ਅਪਰਾਧ ਦੀ ਦੁਨੀਆਂ ਵਿਚ ਸ਼ਾਮਲ ਹੋ ਗਿਆ।
  • ਜਾਧਵ ਇੱਕ ਸਧਰਾਨ ਪਰਿਵਾਰ ਨਾਲ ਸਬੰਧਤ ਸੀ, ਪਰ ਉਹ ਵੱਡਾ ਗਿਰੋਹਬਾਜ਼ ਬਣ ਗਿਆ

ਪਹਿਲੀ ਅਗਸਤ 2021 ਨੂੰ ਦੁਪਹਿਰ ਦੋ ਵਜੇ ਪੂਣੇ ਦੇ ਏਕਲਹਾਰੇ (ਬਲਾਕ ਅੰਬੇਗਾਓਂ) ਪਿੰਡ ਦੇ ਕੋਲ ਇੱਕ ਅਪਰਾਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਕਤਲ ਹੋਇਆ ਵਿਅਕਤੀ ਮੰਚਰ ਪਿੰਡ ਦਾ 25 ਸਾਲਾ ਓਮਕਾਰ ਉਰਫ਼ ਰਾਣਯਾ ਬਾਣਖੇਲੇ ਰਾਣਾ ਸੀ।

ਅੰਬੇਗਾਓਂ ਬਲਾਕ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਰਾਣਾ ਦੀ ਪਛਾਣ ਇੱਕ ਦੇ ਅਪਰਾਧਿਕ ਪਿਛੋਕੜ ਵਾਲੀ ਸੀ।

ਰਾਣਯਾ ਬਾਣਖੇਲੇ ਕਤਲਕਾਂਡ ਵਿੱਚ 9 ਮੁਲਜ਼ਮ ਸਨ। ਇਨ੍ਹਾਂ ਵਿੱਚੋਂ ਸੱਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਹਾਲਾਂਕਿ ਮੁੱਖ ਮੁਲਜ਼ਮ ਸੰਤੋਸ਼ ਜਾਧਵ (22-24) ਫਰਾਰ ਸੀ। ਪੁਲਿਸ ਉਨ੍ਹਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋਈ।

ਲੇਕਿਨ ਕਰੀਬ 10 ਮਹੀਨਿਆਂ ਬਾਅਦ ਛੇ ਜੂਨ 2022 ਨੂੰ ਅਚਾਨਕ ਸੰਤੋਸ਼ ਜਾਧਵ ਮੁੜ ਤੋਂ ਸੁਰਖ਼ੀਆਂ ਵਿੱਚ ਆ ਗਿਆ।

ਇਸ ਵਾਰ ਜਿਸ ਅਪਰਾਧ ਦੀ ਵਜ੍ਹਾ ਤੋਂ ਉਨ੍ਹਾਂ ਦੀ ਚਰਚਾ ਕੌਮਾਂਤਰੀ ਪੱਧਰ 'ਤੇ ਹੋ ਰਹੀ ਹੈ, ਉਹ ਕੇਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਹੈ।

ਮੂਸੇਵਾਲ ਕਤਲ ਕਾਂਡ ਵਿੱਚ ਪੁਣੇ ਜਿਲ੍ਹੇ ਦੇ ਦੋ ਸ਼ੱਕੀਆਂ ਸੰਤੋਸ਼ ਜਾਧਵ ਅਤੇ ਸਿਧੇਸ਼ ਕਾਂਬਲੇ (19) ਉਰਫ਼ ਸੌਰਭ ਮਹਾਂਕਾਲ ਦੇ ਨਾਮ ਲਏ ਜਾ ਰਹੇ ਸਨ।

ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਸੰਤੋਸ਼ ਜਾਧਵ ਸ਼ਾਰਪ ਸ਼ੂਟਰ ਹੈ। ਸੰਤੋਸ਼ ਜਾਧਵ ਮੰਚਰ ਤੋਂ ਹਨ ਅਤੇ ਸਿਧੇਸ਼ ਕਾਂਬਲੇ ਜੁਨਾਰ ਬਲਾਕ ਦੇ ਨਰਾਇਣਗਾਂਓਂ ਤੋਂ ਹਨ।

ਪੂਣੇ ਦੇਹਾਤੀ ਪੁਲਿਸ ਨੇ ਸਿਧੇਸ਼ ਕਾਂਬਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਤੋਸ਼ ਜਾਧਵ ਨੂੰ ਪੂਣੇ ਪੁਲਿਸ ਨੇ ਕੱਲ੍ਹ ਗੁਜਰਾਤ ਤੋਂ ਗ੍ਰਿਫ਼਼ਤਾਰ ਕੀਤਾ ਸੀ।

ਇਹ ਵੀ ਪੜ੍ਹੋ:

ਸੰਤੋਸ਼ ਜਾਧਵ ਦਾ ਪਰਿਵਾਰ ਅੰਬੇਗਾਓਂ ਬਲਾਕ ਦੇ ਪੋਖਰੀ ਪਿੰਡ ਵਿੱਚ ਰਹਿੰਦਾ ਸੀ। ਸੰਤੋਸ਼ ਦੇ ਪਿਤਾ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਗਈ ਸੀ ।

ਸੰਤੋਸ਼ ਜਾਧਵ ਦੀ ਮਾਂ ਸੀਤਾ ਜਾਧਵ ਉਨ੍ਹਾਂ ਨੂੰ ਅਤੇ ਛੋਟੀ ਭੈਣ ਨੂੰ ਨਾਲ ਲੈ ਕੇ ਮੰਚਰ ਆਕੇ ਰਹਿਣ ਲੱਗ ਪਈ।

ਉਦੋਂ ਤੋਂ ਹੀ ਪਰਿਵਾਰ ਮੰਚਰ ਵਿੱਚ ਹੀ ਰਹਿਣ ਲੱਗ ਪਿਆ। ਸੰਤੋਸ਼ ਦਾ ਨਾਂ ਬਚਪਨ ਤੋਂ ਹੀ ਅਪਰਾਧੀ ਵਜੋਂ ਸਾਹਮਣੇ ਆਉਣ ਲੱਗਾ ਸੀ।

ਮੰਚਰ ਪੁਲੀਸ ਨੇ ਸੰਤੋਸ਼ ਖ਼ਿਲਾਫ਼ 2017 ਵਿੱਚ ਕੁੱਟਮਾਰ ਦੇ ਇਲਜ਼ਾਮ ਹੇਠ ਇੱਕ ਕੇਸ ਦਰਜ ਕੀਤਾ ਸੀ।

ਸੰਤੋਸ਼ 'ਤੇ 2019 ਵਿਚ ਮੰਚਰ ਵਿੱਚ ਹੀ ਬਾਲ ਜਿਨਸੀ ਸ਼ੋਸ਼ਣ ਐਕਟ (ਪੋਸਕੋ) ਦਾ ਵੀ ਇਲਜ਼ਾਮ ਲੱਗਿਆ ਸੀ।

ਦੋਵਾਂ ਮਾਮਲਿਆਂ 'ਚ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ 2021 'ਚ ਸੰਤੋਸ਼ ਦਾ ਨਾਂ ਇਕ ਵਾਰ ਫਿਰ ਤੋਂ ਗੰਭੀਰ ਮਾਮਲੇ 'ਚ ਸਾਹਮਣੇ ਆਇਆ।

ਇਹ ਗੱਲ ਮੰਚਰ ਇਲਾਕੇ ਦੇ ਇੱਕ ਸੀਨੀਅਰ ਪੱਤਰਕਾਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸੀ।

ਓਮਕਾਰ ਬਾਣਖੇਲੇ ਨੂੰ ਗੋਲੀਆਂ ਮਾਰ ਕੇ ਹਲ਼ਾਕ ਕਰਨ ਦਾ ਇਲ਼ਜ਼ਾਮ ਸੰਤੋਸ਼ ਜਾਧਵ ਉੱਤੇ ਲੱਗਿਆ ਸੀ। ਇਸ ਅਪਰਾਧ ਦਾ ਮਾਸਟਰ ਮਾਈਂਡ ਵੀ ਸੰਤੋਸ਼ ਜਾਧਵ ਨੂੰ ਹੀ ਸਮਝਿਆ ਗਿਆ।

ਅਜਿਹਾ ਇਸ ਲਈ ਕਹਿਣਾ ਪਵੇਗਾ ਕਿਉਂਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ- ਉਹ ਕਤਲ ਕਰਨ ਵਾਲੇ ਹਨ- ਇਸ ਤਰ੍ਹਾਂ ਦੇ ਇਸ਼ਾਰੇ ਦਿੱਤੇ ਸਨ।

'ਸੂਰਜ ਚੜ੍ਹਨ ਤੋਂ ਪਹਿਲਾਂ ਤੁਹਾਨੂੰ ਖ਼ਤਮ ਕਰ ਦੇਵੇਗਾ'

ਸਥਾਨਕ ਲੋਕਾਂ ਮੁਤਾਬਕ ਸੰਤੋਸ਼ ਜਾਧਵ ਅਤੇ ਓਮਕਾਰ ਬਾਣਖੇਲੇ ਇੱਕੋ ਗਿਰੋਹ ਵਿੱਚ ਇਕੱਠੇ ਕੰਮ ਕਰਦੇ ਸਨ। ਹਾਲਾਂਕਿ ਦੋਵਾਂ ਵਿੱਚ ਕਿਸੇ ਗੱਲੋਂ ਆਪਸੀ ਰੰਜਿਸ਼ ਵੀ ਸੀ।

31 ਜੁਲਾਈ 2021 ਨੂੰ ਸੰਤੋਸ਼ ਜਾਧਵ ਨੇ ਸੋਸ਼ਲ ਮੀਡੀਆ ਉੱਪਰ ਲਿਖਿਆ ਸੀ, 'ਸੂਰਜ ਚੜ੍ਹਨ ਤੋਂ ਪਹਿਲਾਂ ਤੈਨੂੰ ਮਾਰ ਦੇਵਾਂਗਾ'। ਇਸ ਦੇ ਜਵਾਬ ਵਿੱਚ ਓਮਕਾਰ ਬਾਣਖੇਲੇ ਲਿਖਿਆ,'ਜਿੱਥੇ ਮਿਲੋਂਗੇ, ਉੱਥੇ ਹੀ ਮਾਰ ਦਿਆਂਗਾ'।

ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਇੱਕ ਅਗਸਤ ਨੂੰ ਓਮਕਾਰ ਬਾਣਖੇਲੇ ਦੀ ਪਿੰਡ ਏਕਲਹਾਰੇ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ।

ਸੰਤੋਸ਼ ਜਾਧਵ ਦੀ ਨਿੱਜੀ ਜ਼ਿੰਦਗੀ

ਸੰਤੋਸ਼ ਜਾਧਵ ਸ਼ਾਦੀਸ਼ੁਦਾ ਹਨ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ। ਸੰਤੋਸ਼ ਦੀ ਮਾਂ ਨੇ ਕਿਹਾ, ''ਪਰਿਵਾਰ ਵਿੱਚ ਸਭ ਤੋਂ ਵੱਡੇ ਪੁੱਤਰ, ਪਤੀ ਅਤੇ ਪਿਤਾ ਹੋਣ ਦੇ ਨਾਤੇ, ਉਸਨੇ ਸਾਡੇ ਬਾਰੇ ਨਹੀਂ ਸੋਚਿਆ।''

''ਅਸੀਂ ਆਖਰੀ ਵਾਰ ਡੇਢ ਸਾਲ ਪਹਿਲਾਂ ਮਿਲੇ ਸੀ। ਬਚਪਨ ਵਿੱਚ ਉਸ ਦਾ ਸੁਭਾਅ ਚੰਗਾ ਸੀ। ਹਾਲਾਂਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਤਾਂ ਉਸ ਵਿੱਚ ਬਦਲਾਅ ਆ ਗਿਆ। ਪਿਤਾ ਦੀ ਮੌਤ ਨੂੰ 10 ਸਾਲ ਹੋ ਗਏ ਹਨ।''

ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਅਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।

ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ 8 ਗ੍ਰਿਫ਼ਤਾਰੀਆਂ ਕੀਤੀਆਂ ਹਨ।

ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।

ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਨੇ ਪੰਜਾਬ ਦੇ ਸਮੁੱਚੇ ਮਾਹੌਲ ਨੂੰ ਗਮਗੀਨ ਕੀਤਾ ਹੈ।

''ਅਸੀਂ ਉਸ ਦੇ ਸੁਭਾਅ ਵਿੱਚ ਬਦਲਾਅ ਮਹਿਸੂਸ ਕਰ ਰਹੇ ਸੀ। ਉਹ ਕੁੱਟਮਾਰ ਅਤੇ ਗੁੰਡਾਗਰਦੀ ਕਰਦਾ ਰਹਿੰਦਾ ਸੀ। ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਸਾਨੂੰ ਇਹ ਸਭ ਕੁਝ ਨਹੀਂ ਚਾਹੀਦਾ ਪਰ ਉਸ ਨੇ ਕਦੇ ਸਾਡੀ ਗੱਲ ਨਹੀਂ ਸੁਣੀ। ਉਸਨੂੰ ਦੋਸਤਾਂ ਦੇ ਨਾਲ ਰਹਿਣਾ ਪਸੰਦ ਸੀ। ਉਹ ਘਰ ਤਾਂ ਕਦੇ ਰਿਹਾ ਹੀ ਨਹੀਂ।''

ਸੰਤੋਸ਼ ਜਾਧਵ ਦੀ ਮਾਂ ਸੀਤ ਜਾਧਵ ਦੱਸਦੇ ਹਨ, ''ਪਿਤਾ ਦੀ ਮੌਤ ਤੋਂ ਬਾਅਦ, ਇੱਕ ਬੱਚੇ ਦੇ ਰੂਪ ਵਿੱਚ, ਉਹ ਕਦੇ ਵੀ ਚੰਗਾ ਨਹੀਂ ਰਿਹਾ। ਪਿਤਾ ਦੀ ਮੌਤ ਤੋਂ ਬਾਅਦ ਬੇਟੇ ਨੇ ਭਰਾ ਵਾਲੀ ਜ਼ਿੰਮੇਵਾਰੀ ਤੱਕ ਨਹੀਂ ਨਿਭਾਈ।''

''ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਦੇ ਚਲੇ ਜਾਣ ਦੀ ਸੂਰਤ ਵਿੱਚ ਉਸ ਦੀ ਮਾਂ ਅਤੇ ਭੈਣ ਦਾ ਸਹਾਰਾ ਹੋਰ ਕੋਈ ਨਹੀਂ ਹੈ।''

''ਉਸ ਨੂੰ ਲੱਗਿਆ ਕਿ ਉਸ ਦੀ ਦੁਨੀਆਂ ਵੱਖਰੀ ਹੈ। ਉਸ ਦੇ ਕਦੇ ਆਪਣੀ ਮਾਂ ਜਾਂ ਭੈਣ ਬਾਰੇ ਨਹੀਂ ਸੋਚਿਆ। ਮਾਂ ਦੀ ਚਿੰਤਾ ਹੈ ਕਿ ਉਨ੍ਹਾਂ ਦਾ ਪੁੱਤਰ ਚੰਗਾ ਵਤੀਰਾ ਕਰੇ ਅਤੇ ਸੁਧਰ ਜਾਵੇ। ਮੈਂ ਉਸ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਲੇਕਿਨ ਉਸ ਨੇ ਨਹੀਂ ਮੰਨੀ।''

ਪੁਲਿਸ ਮੁਤਾਬਕ ਸੰਤੋਸ਼ ਨਾਬਾਲਗ ਅਪਰਾਧੀਆਂ ਦੇ ਨਾਲ ਕੰਮ ਕਰਦਾ ਸੀ। ਸੰਤੋਸ਼ ਜਾਧਵ ਘਰੋਂ ਭੱਜਣ ਤੋਂ ਬਾਅਦ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵੀ ਰਿਹਾ ਹੈ।

ਪੂਣੇ ਕ੍ਰਾਈਮ ਬ੍ਰਾਂਚ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸਾਡੀ ਟੀਮ ਰਾਜਸਥਾਨ ਦੇ ਗੰਗਾ ਨਗਰ ਇਲਾਕੇ ਵਿੱਚ ਜਾਂਚ ਕਰਨ ਗਈ ਸੀ। ਉਸ ਨੇ ਉੱਥੇ ਵੀ ਅਪਰਾਧ ਕੀਤਾ ਸੀ ਪਰ ਸਾਡੀ ਟੀਮ ਉਸ ਨੂੰ ਤਲਾਸ਼ ਨਹੀਂ ਸਕੀ।''

ਸਿਧੇਸ਼ ਕਾਂਬਲੇ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ, ਪੂਣੇ ਦੇਹਾਤੀ ਪੁਲਿਸ ਇਸ ਗੱਲ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸੰਤੋਸ਼ ਬਾਰੇ ਕੋਈ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੂਣੇ ਪੁਲਿਸ ਦੇ ਨਾਲ ਪੰਜਾਬ, ਦਿੱਲੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਿਧੇਸ਼ ਕਾਂਬਲੇ ਉਰਫ਼ ਮਹਾਂਕਾਲ ਬਣ ਗਿਆ ਗੈਂਗਸਟਰ

ਮੂਸੇਵਾਲਾ ਕਤਲ ਕਾਂਡ ਵਿੱਚ ਪੰਜਾਬ ਪੁਲਿਸ ਨੇ ਅੱਠ ਸ਼ਾਰਪ ਸ਼ੂਟਰਾਂ ਨੂੰ ਸ਼ੱਕੀ ਬਣਾਇਆ ਹੈ। ਇਨ੍ਹਾਂ ਵਿੱਚ ਸਿਧੇਸ਼ ਕਾਂਬਲੇ ਦਾ ਨਾਮ ਵੀ ਸ਼ਾਮਲ ਹੈ।

19 ਸਾਲਾ ਸਿਧੇਸ਼ ਨਾਰਾਇਣਗਾਓਂ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਨੂੰ ਪੁਣੇ-ਅਹਿਮਦਨਗਰ ਜ਼ਿਲ੍ਹਿਆਂ ਦੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ।

ਸੰਤੋਸ਼ ਜਾਧਵ ਦੀ ਮਦਦ ਕਰਨ ਤੋਂ ਇਲਾਵਾ ਪੂਣੇ ਦੇਹਾਤੀ ਪੁਲਿਸ ਦੇ ਕੋਲ ਉਨ੍ਹਾਂ ਖਿਲਾਫ਼ ਅਜੇ ਕੋਈ ਇਲਜ਼ਾਮ ਨਹੀਂ ਹੈ।

ਉਪਲੱਬਧ ਜਾਣਕਾਰੀ ਮੁਤਾਬਕ ਸਿਧੇਸ਼ ਦੀ ਮਾਂ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ। ਉਹ ਆਪਣੇ ਵੱਡੇ ਭਾਈ-ਭੈਣਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਵੱਡੇ ਹੋਏ।

ਉਨ੍ਹਾਂ ਦੇ ਪਿਤਾ ਇੱਕ ਟਰੱਕ ਡਰਾਈਵਰ ਸਨ ਅਤੇ ਅਕਸਰ ਘਰੋਂ ਬਹਾਰ ਰਹਿੰਦੇ ਸਨ।

ਸੀਨੀਅਰ ਪੱਤਰਕਾਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ,ਪੁਣੇ ਜ਼ਿਲ੍ਹਾ ਦੇ ਖੇੜ, ਅੰਬੇਗਾਓਂ ਅਤੇ ਜੁਨਾਰ ਬਲਾਕ ਵਿੱਚ ਘੱਟ ਉਮਰ ਵਿੱਚ ਅਪਰਾਧ ਕਰਨ ਵਾਲੇ ਬੱਚਿਆਂ ਦੀ ਸੰਖਿਆ ਮਹੱਤਵਪੂਰਨ ਹੈ। ਇਸ ਤਰ੍ਹਾਂ ਗਿਰੋਹ ਬਣਦੇ ਹਨ।''

ਪੱਤਰਕਾਰ ਮੁਤਾਬਕ ਗੈਰ-ਕਾਨੂੰਨੀ ਕੰਮਾਂ ਨਾਲ ਬਹੁਤ ਸੌਖਿਆਂ ਹੀ ਪੈਸੇ ਮਿਲ ਜਾਂਦੇ ਹਨ। ਉਸ ਪੈਸੇ ਦੀ ਆਦਤ ਸੰਤੋਸ਼ ਨੂੰ ਪੈ ਗਈ। ਇਸ ਆਦਤ ਦੀ ਬਦੌਲਤ ਹੀ ਉਹ ਛੋਟੇ-ਮੋਟੇ ਅਪਰਾਧ ਕਰਦਾ-ਕਰਦਾ ਵੱਡੇ ਜੁਰਮਾਂ ਵਿੱਚ ਵੀ ਪੈ ਗਿਆ।

ਸੰਤੋਸ਼ ਨੂੰ ਚੰਗੇ ਸੰਸਕਾਰ ਦੇਣ ਦੀ ਬਹੁਤ ਕੋਸ਼ਿਸ਼ ਕੀਤੀ

ਸੰਤੋਸ਼ ਜਾਧਵ ਦੀ ਮਾਂ ਸੀਤਾ ਜਾਧਵ ਦੇ ਮੁਤਾਬਕ, ਉਨ੍ਹਾਂ ਨੇ ਘਰ ਵਿੱਚ ਸੰਤੋਸ਼ ਦਾ ਚੰਗਾ ਪਾਲਣ-ਪੋਸ਼ਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

ਸੰਤੋਸ਼ ਦੀ ਮਾਂ ਸੀਤਾ ਦੱਸਦੇ ਹਨ, ''ਮਾਤਾ-ਪਿਤਾ ਦੀ ਇੱਕ ਉਚਿਤ ਉਮੀਦ ਹੈ ਕਿ ਉਨ੍ਹਾਂ ਦੇ ਬੱਚੇ ਇੱਕ ਚੰਗੀ ਸ਼ਖ਼ਸੀਅਤ ਦੇ ਮਾਲਕ ਬਣਨ। ਉਨ੍ਹਾਂ ਤੋਂ ਬਹੁਤ ਜ਼ਿਆਦਾ ਅਮੀਰ ਹੋਣ ਦੀ ਆਸ ਨਹੀਂ ਕੀਤੀ ਜਾਂਦੀ ਹੈ। ਉਹ ਕਿਸੇ ਚੰਗੀ ਨੌਕਰੀ ਹਾਸਲ ਕਰਕੇ ਕੁਝ ਰੁਪਏ ਕਮਾਉਣ ਲੱਗ ਪੈਣ, ਬੱਸ। ਲੇਕਿਨ ਸਾਨੂੰ ਉਸ ਤੋਂ ਇਹ ਵੀ ਨਹੀਂ ਮਿਲਿਆ।''

ਸੰਤੋਸ਼ ਦੀ ਮਾਂ ਸੀਤਾ ਅੱਗੇ ਦੱਸਦੇ ਹਨ, ''ਮਾਂ ਸਖ਼ਤ ਮਿਹਨਤ ਕਰਦੀ ਹੈ, ਘਰ ਸੰਭਾਲਦੀ ਹੈ। ਘਰ ਚਲਾਉਣ ਵਾਲਾ ਹੋਰ ਕੀ ਕੁਝ ਕਰੇਗਾ। ਉਹ ਬਾਹਰ ਜਾਂਦਾ ਸੀ। ਉਸ ਦੀ ਆਪਣੀ ਉਮਰ ਦੇ ਦੋਸਤ ਠੀਕ ਹਨ, ਪਰ ਉਹ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਉੱਠਦਾ-ਬੈਠਦਾ ਸੀ।''

''ਉਸ ਨੇ ਇਹ ਵੱਡੇ ਲੋਕਾਂ ਨੂੰ ਕਿਵੇਂ ਆਪਣੇ ਦੋਸਤ ਬਣਾਇਆ, ਕਿਵੇਂ ਉਹ ਬੁਰੇ ਲੋਕਾਂ ਦੀ ਸੰਗਤ ਵਿੱਚ ਪੈ ਗਿਆ, ਸਾਨੂੰ ਨਹੀਂ ਪਤਾ।''

''ਇਸ ਦੇ ਪਿਤਾ ਜੀ ਨਹੀਂ ਸੀ ਇਸ ਲਈ ਉਹ ਇੱਕ ਚੱਕਰਵਿਊ ਵਿੱਚ ਫ਼ਸ ਗਿਆ ਸੀ, ਜਿੱਥੇ ਉਹ ਇੱਕ ਦੋ ਰੁਪਏ ਲਈ ਕਿਸੇ ਦਾ ਵੀ ਕਤਲ ਕਰ ਸਕਦਾ ਸੀ। ਉਹ ਬਾਹਰੀ ਦੁਨੀਆਂ ਤੋਂ ਪ੍ਰਭਾਵਿਤ ਸੀ। ਅਸੀਂ ਬਹੁਤ ਸਧਾਰਣ ਲੋਕ ਹਾਂ। ਸਾਡੇ ਕੋਲ ਨਾ ਪੈਸਾ ਹੈ ਅਤੇ ਨਾ ਹੀ ਧਨ ਦੀ ਇੱਛਾ।''

ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਵਿੱਚ ਜਵਾਹਰਕੇ ਪਿੰਡ ਵਿੱਚ ਅਤਿਆਧੁਨਿਕ ਹਥਿਆਰਾਂ ਨਾਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਫਿਲਹਾਲ ਤਿਹਾੜ ਜੇਲ੍ਹ ਵਿੱਚ ਕੈਦ ਕੱਟ ਰਹੇ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦਿੱਲੀ ਪੁਲਿਸ ਮੁਤਾਬਕ ਉਹੀ ਇਸ ਕਤਲਕਾਂਡ ਦਾ ਮਾਸਟਰਮਾਈਂਡ ਸੀ।

ਸੰਤੋਸ਼ ਜਾਧਵ ਅਤੇ ਮਹਾਕਾਲ ਦੋਵੇਂ ਜਣੇ ਬਿਸ਼ਨੋਈ ਦੇ ਗਿਰੋਹ ਦੇ ਸੰਪਰਕ ਵਿੱਚ ਕਿਵੇਂ ਆਏ।ਉਹ ਮੂਸੇਵਾਲਾ ਦੇ ਕਤਲ ਵਿੱਚ ਕਿਵੇਂ ਸ਼ਾਮਲ ਸਨ।

ਸਾਰੀ ਸਾਜਿਸ਼ ਕਿਵੇਂ ਰਚੀ ਗਈ, ਕਤਲ ਕਿਵੇਂ ਕੀਤਾ ਗਿਆ ਅਤੇ ਇਨ੍ਹਾਂ ਵਿੱਚ ਹੋਰ ਕੌਣ ਸ਼ਾਮਲ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਜਾਂਚ ਵਿੱਚ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)