ਜ਼ਹਿਰੀਲੀਆਂ ਖੁੰਭਾਂ ਦੀ ਪਛਾਣ ਕਿਵੇਂ ਕਰੀਏ, ਤੇ ਕਿਵੇਂ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ

    • ਲੇਖਕ, ਸ਼ਾਲਿਨੀ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਭਾਰਤ ਵਿੱਚ ਖੁੰਭਾਂ ਜਾਂ ਮਸ਼ਰੂਮ ਖਾਣ ਦਾ ਰੁਝਾਨ ਵਧ ਰਿਹਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਖਾਣੇ ਦੀ ਮੇਜ਼ ਉੱਪਰ ਇਸ ਨੇ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਅਕਸਰ ਕੁਝ ਲੋਕ ਖੁੰਭਾਂ ਨੂੰ ਦੁਕਾਨ ਤੋਂ ਖ਼ਰੀਦਣ ਦੀ ਜਗ੍ਹਾ ਆਸੇ-ਪਾਸੇ ਤੋਂ ਤੋੜ ਲਿਆਉਂਦੇ ਹਨ। ਅਜਿਹੇ ਮਾਮਲਿਆਂ ਵਿੱਚ ਕਈ ਵਾਰ ਖੁੰਭਾਂ ਖਾਣ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ।

ਅਜਿਹਾ ਹੀ ਇੱਕ ਮਾਮਲਾ ਅਸਾਮ ਵਿੱਚ ਸਾਹਮਣੇ ਹੈ ਜਿੱਥੇ ਜ਼ਹਿਰੀਲੇ ਮਸ਼ਰੂਮ ਖਾਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ।

ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾ ਪ੍ਰਸ਼ਾਂਤ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਆਪਣੇ ਘਰ ਵਿੱਚ ਜੰਗਲੀ ਮਸ਼ਰੂਮ ਨੂੰ ਆਮ ਮਸ਼ਰੂਮ ਸਮਝ ਕੇ ਖਾਧਾ ਸੀ।

ਡਾ ਪ੍ਰਸ਼ਾਂਤ ਦੱਸਦੇ ਹਨ,"ਇਸ ਮਸ਼ਰੂਮ ਨੂੰ ਖਾਣ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਘਬਰਾਹਟ ਹੋਈ। ਉਲਟੀ ਅਤੇ ਪੇਟ ਦਰਦ ਵੀ ਹੋਇਆ। ਜ਼ਿਆਦਾ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ।''

ਇਹ ਵੀ ਪੜ੍ਹੋ:

"ਅਕਸਰ ਲੋਕ ਜੰਗਲੀ ਮਸ਼ਰੂਮ ਨੂੰ ਆਮ ਸਮਝ ਕੇ ਖਾ ਲੈਂਦੇ ਹਨ ਅਤੇ ਇਨ੍ਹਾਂ ਦਾ ਅੰਤਰ ਨਹੀਂ ਸਮਝ ਸਕਦੇ।''

ਡਾ ਪ੍ਰਸ਼ਾਂਤ ਮੰਨਦੇ ਹਨ ਕਿ ਇਸ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਪਰ ਫਿਲਹਾਲ ਇਸ ਬਾਰੇ ਜ਼ਿਆਦਾ ਕੰਮ ਨਹੀਂ ਹੋ ਰਿਹਾ।

ਕਿਹੜੇ ਅੰਗ 'ਤੇ ਅਸਰ ਪਾਉਂਦੀ ਹੈ ਜ਼ਹਿਰੀਲੀ ਖੁੰਭ

ਜ਼ਹਿਰੀਲੇ ਮਸ਼ਰੂਮ ਖਾਣ ਤੋਂ ਬਾਅਦ ਹੋਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਡਾ ਪ੍ਰਸ਼ਾਂਤ ਆਖਦੇ ਹਨ, "ਕੁਝ ਮਸ਼ਰੂਮ ਅਜਿਹੇ ਹਨ ਜਿਨ੍ਹਾਂ ਦਾ ਅਸਰ ਜਿਗਰ ਅਤੇ ਗੁਰਦਿਆਂ ਉੱਪਰ ਹੁੰਦਾ ਹੈ। ਕਦੇ-ਕਦੇ ਮਰੀਜ਼ ਬਹੁਤ ਦੇਰ ਨਾਲ ਹਸਪਤਾਲ ਪਹੁੰਚਦੇ ਹਨ ਅਤੇ ਦਵਾਈਆਂ ਦੇ ਬਾਵਜੂਦ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।"

ਜ਼ਹਿਰੀਲੇ ਮਸ਼ਰੂਮ ਦਾ ਅਸਰ ਸਰੀਰ ਉੱਪਰ ਇਕਦਮ ਨਹੀਂ ਹੁੰਦਾ ਸਗੋਂ 4-5 ਦਿਨਾਂ ਬਾਅਦ ਹੌਲੀ-ਹੌਲੀ ਇਸ ਦਾ ਅਸਰ ਨਜ਼ਰ ਆਉਂਦਾ ਹੈ।

ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪ੍ਰਕਾਸ਼ਿਤ ਰਸਾਲੇ 'ਇੰਡੀਅਨ ਫਾਰਮਰਜ਼ ਡਾਈਜੈਸਟ' ਮੁਤਾਬਕ ਜ਼ਿਆਦਾਤਰ ਮਾਮਲਿਆਂ 'ਚ ਰੰਗ ਅਤੇ ਰੂਪ ਇੱਕੋ ਜਿਹਾ ਹੋਣ ਕਾਰਨ ਜ਼ਹਿਰੀਲੇ ਮਸ਼ਰੂਮ ਦੀ ਪਛਾਣ ਵਿੱਚ ਗਲਤੀ ਹੋ ਸਕਦੀ ਹੈ।

ਇਨ੍ਹਾਂ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਖ਼ਤਰਨਾਕ ਪਦਾਰਥ ਹੈ ਐਮਾਨਨਿਟੀਨ। ਇਹ ਪਦਾਰਥ ਡਿਸਟ੍ਰਾਇਗ ਏਂਜਲ ਅਤੇ ਡੈੱਥ ਕੈਂਪ ਨਾਮ ਦੇ ਮਸ਼ਰੂਮ ਵਿੱਚ ਪਾਏ ਜਾਂਦੇ ਹਨ।

ਇਸ ਨਾਲ ਹੀ ਭੂਰੇ ਰੰਗ ਦੇ ਮਸ਼ਰੂਮ ਵਿੱਚ ਵੀ ਇਹ ਪਦਾਰਥ ਪਾਇਆ ਜਾਂਦਾ ਹੈ। ਜ਼ਹਿਰੀਲੇ ਮਸ਼ਰੂਮ ਕਾਰਨ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਇਸ ਕਰਕੇ ਹੀ ਹੁੰਦੀਆਂ ਹਨ।

ਕਿਵੇਂ ਹੁੰਦੀ ਹੈ ਪਛਾਨਣ ਵਿੱਚ ਗ਼ਲਤੀ

ਭਾਰਤੀ ਖੇਤੀ ਖੋਜ ਪ੍ਰੀਸ਼ਦ ਮੁਤਾਬਕ ਜ਼ਹਿਰੀਲੇ ਮਸ਼ਰੂਮ ਦੀ ਪਛਾਣ ਕਰਨੀ ਔਖੀ ਹੈ। ਮਸ਼ਰੂਮ ਨਾਲ ਜੁੜੀਆਂ ਕੁਝ ਧਾਰਨਾਵਾਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਆਮ ਤੌਰ 'ਤੇ ਲੋਕ ਜ਼ਹਿਰੀਲੀ ਮਸ਼ਰੂਮ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜ਼ਿਆਦਾਤਰ ਵਾਰ ਨਿਸ਼ਚਿਤ ਤੌਰ 'ਤੇ ਇਸ ਦਾ ਪਤਾ ਨਹੀਂ ਲਗਾਇਆ ਜਾ ਸਕਦਾ।

ਇਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਕਿ ਮਸ਼ਰੂਮ ਦੇ ਰੰਗ ਦਾ ਪਤਾ ਕੀਤਾ ਜਾਵੇ। ਮੰਨਿਆ ਜਾਂਦਾ ਹੈ ਕਿ ਚਮਕੀਲੇ ਰੰਗ ਦੇ ਮਸ਼ਰੂਮ ਜ਼ਿਆਦਾਤਰ ਜ਼ਹਿਰੀਲੇ ਹੁੰਦੇ ਹਨ। ਦੁਨੀਆਂ ਦੇ ਜ਼ਿਆਦਾਤਰ ਜ਼ਹਿਰੀਲੇ ਮਸ਼ਰੂਮ ਦਾ ਰੰਗ ਭੂਰਾ ਚਿੱਟਾ ਵੀ ਹੁੰਦਾ ਹੈ।

ਐਮਾਨਨਿਟੀਨ ਵਾਲੇ ਮਸ਼ਰੂਮ ਦਾ ਰੰਗ ਚਮਕੀਲਾ ਨਾਰੰਗੀ ਜਾਂ ਚਿੱਟਾ ਹੋ ਸਕਦਾ ਹੈ।

ਲੋਕ ਵੀ ਮੰਨਦੇ ਹਨ ਕਿ ਜ਼ਹਿਰੀਲੇ ਮਸ਼ਰੂਮ ਜਦੋਂ ਚਾਂਦੀ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਚਾਂਦੀ ਕਾਲੀ ਹੋ ਜਾਂਦੀ ਹੈ। ਇਹ ਹੁਣ ਤੱਕ ਸਾਬਿਤ ਨਹੀਂ ਹੋ ਸਕਿਆ।

ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਖੁੰਭ ਦਾ ਉਪਰਲਾ ਹਿੱਸਾ ਨੁਕੀਲਾ ਹੈ ਮਸ਼ਰੂਮ ਜ਼ਹਿਰੀਲੀ ਹੋਵੇਗੀ ਪਰ ਡੈੱਥ ਕੈਂਪ ਨਾਮ ਦੇ ਜ਼ਹਿਰੀਲੀ ਮਸ਼ਰੂਮ ਦਾ ਉਪਰਲਾ ਹਿੱਸਾ ਗੋਲ ਹੁੰਦਾ ਹੈ।

ਕਿਨ੍ਹਾਂ ਗੱਲਾਂ ਦਾ ਰੱਖਿਆ ਜਾ ਸਕਦਾ ਹੈ ਧਿਆਨ

ਕਲਿਨੀਕਲ ਨਿਊਟ੍ਰੀਸ਼ਨਿਸਟ ਡਾ਼ ਨੂਪੁਰ ਮੁਤਾਬਕ ਕਦੇ-ਕਦੇ ਲੋਕ ਮਸ਼ਰੂਮ ਦਾ ਇਸਤੇਮਾਲ ਖਾਣੇ ਦੀ ਸ਼ੁਰੂਆਤ ਵਿੱਚ ਕਰਦੇ ਹਨ ਅਤੇ ਲੋਕ ਸ਼ਰਾਬ ਦੇ ਨਾਲ ਮਸ਼ਰੂਮ ਦੇ ਪਕਵਾਨ ਖਾ ਲੈਂਦੇ ਹਨ। ਇਹ ਖਤਰਨਾਕ ਹੋ ਸਕਦਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਦੇ-ਕਦੇ ਆਮ ਮਸ਼ਰੂਮ ਖਾਣ ਨਾਲ ਵੀ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ,"7 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮਸ਼ਰੂਮ ਨਹੀਂ ਦੇਣੇ ਚਾਹੀਦੇ ਕਿਉਂਕਿ ਉਨ੍ਹਾਂ ਅੰਦਰ ਅਜਿਹੇ ਪਦਾਰਥ ਨਹੀਂ ਬਣਦੇ ਜੋ ਇਸ ਨੂੰ ਪਚਾ ਸਕਣ।"

ਡਾਕਟਰ ਨੂਪੁਰ ਮੁਤਾਬਕ ਜੇਕਰ ਤੁਸੀਂ ਬਾਜ਼ਾਰ ਤੋਂ ਲੈ ਕੇ ਵੀ ਖੁੰਭਾਂ ਖਾਂਦੇ ਹੋ ਤਾਂ ਉਹ ਸਖਤ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਗਿੱਲਾਪਣ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਮਸ਼ਰੂਮ ਨੂੰ ਪਲਾਸਟਿਕ 'ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਹਾਨੀਕਾਰਕ ਹੋ ਸਕਦਾ ਹੈ।

ਉਨ੍ਹਾਂ ਨੇ ਵੀ ਦੱਸਿਆ ਕਿ ਜੇਕਰ ਤੁਸੀਂ ਮਸ਼ਰੂਮ ਨੂੰ ਤਾਜ਼ਾ ਤੋੜ ਕੇ ਲੈ ਕੇ ਆਏ ਹੋ ਤਾਂ ਦੋ ਦਿਨਾਂ ਦੇ ਵਿੱਚ-ਵਿੱਚ ਉਸ ਨੂੰ ਖਾ ਲੈਣਾ ਚਾਹੀਦਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ," ਖੁੰਭਾਂ ਦਾ ਉਤਪਾਦਨ ਹਮੇਸ਼ਾ ਇੱਕ ਨਿਯੰਤਰਤ ਵਾਤਾਵਰਨ ਵਿੱਚ ਹੋਣਾ ਚਾਹੀਦਾ ਹੈ। ਇਸ ਕਰਕੇ ਤੁਸੀਂ ਕਿਸੇ ਜੰਗਲ ਵਿੱਚੋਂ ਜਾ ਕੇ ਇਸ ਨੂੰ ਤੋੜ ਕੇ ਨਹੀਂ ਖਾ ਸਕਦੇ ਕਿਉਂਕਿ ਇਹ ਜ਼ਹਿਰੀਲੀ ਹੋ ਸਕਦੀ ਹੈ।"

ਮਸ਼ਰੂਮ ਕਿਉਂ ਹੈ ਖਾਸ

ਮਸ਼ਰੂਮ ਅਸਲ ਵਿੱਚ ਹੁੰਦਾ ਕੀ ਹੈ? ਡਾਕਟਰ ਨੂਪੁਰ ਨੇ ਦੱਸਿਆ ਕਿ ਇਹ ਇਕ ਫੰਗਸ ਹੈ ਜੋ ਬੈਕਟੀਰੀਆ ਪੈਦਾ ਕਰਦਾ ਹੈ ਅਤੇ ਹਵਾ 'ਚ ਫੈਲਦਾ ਹੈ।

ਮਸ਼ਰੂਮ ਮਿੱਟੀ ਜਾਂ ਲੱਕੜ ਦੀ ਸਤਹ 'ਤੇ ਉੱਗਦਾ ਹੈ।

ਇਸ ਨੂੰ ਕਈ ਸਾਲਾਂ ਤੋਂ ਖਾਧਾ ਜਾ ਰਿਹਾ ਹੈ ਅਤੇ ਇਸ ਨੂੰ ਸਿਹਤ ਵਾਸਤੇ ਚੰਗਾ ਮੰਨਿਆ ਜਾਂਦਾ ਹੈ।

ਇਸ ਵਿੱਚ ਕੋਲੈਸਟ੍ਰਾਲ ਅਤੇ ਚਰਬੀ ਨਹੀਂ ਹੁੰਦੀ ਅਤੇ ਇਹ ਪੋਟਾਸ਼ੀਅਮ, ਵਿਟਾਮਿਨ ਡੀ,ਰੇਸ਼ੇ,ਸੇਲੇਨਿਯਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਇਹ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਬਿਹਤਰ ਬਣਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੀਆਂ ਕਈ ਕਿਸਮਾਂ ਹਨ ਜੋ ਡੀਐਨਏ ਵਿੱਚ ਹੋਣ ਵਾਲੇ ਨੁਕਸਾਨ ਰੋਕ ਕੇ ਕੈਂਸਰ ਤੋਂ ਬਚਣ ਵਿੱਚ ਵੀ ਸਹਾਇਤਾ ਕਰਦੀਆਂ ਹਨ।

ਮਸ਼ਰੂਮ ਦੀਆਂ ਤਕਰੀਬਨ 2000 ਤੋਂ ਵੱਧ ਪ੍ਰਜਾਤੀਆਂ ਮੌਜੂਦ ਹਨ ਪਰ ਇਨ੍ਹਾਂ ਵਿਚੋਂ ਸਿਰਫ਼ 25 ਖਾਣਯੋਗ ਹਨ। ਭਾਰਤ ਵਿੱਚ ਇਸ ਦਾ ਉਤਪਾਦਨ 1970 ਦੇ ਦਹਾਕੇ ਵਿਚ ਸ਼ੁਰੂ ਹੋਇਆ ਸੀ।

2012 ਦਿ ਐਗਰੀਕਲਚਰਲ ਈਅਰ ਬੁੱਕ ਮੁਤਾਬਕ ਤਕਰੀਬਨ 1000 ਸਾਲ ਪਹਿਲਾਂ ਚੀਨ ਦੇ ਲੋਕਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ ਪਰ ਇਸ ਦਾ ਵਪਾਰ ਕਰਨ ਵਾਲੇ ਲੋਕ ਯੂਰਪ ਦੇ ਸਨ।

ਉਨ੍ਹਾਂ ਨੇ ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀ ਵਿੱਚ ਬਟਨ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ।

ਕਿਵੇਂ ਹੁੰਦੀ ਹੈ ਮਸ਼ਰੂਮ ਦੀ ਖੇਤੀ

ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਸਾਲ 2019-20 ਦੌਰਾਨ 201,088 ਟਨ ਖੁੰਭਾਂ ਦੀ ਖੇਤੀ ਹੋਈ ਹੈ। ਸਭ ਤੋਂ ਜ਼ਿਆਦਾ ਖੇਤੀ ਹਰਿਆਣਾ ਵਿਚ ਹੋਈ ਹੈ। ਹਰਿਆਣਾ ਤੋਂ ਬਾਅਦ ਉੜੀਸਾ ਅਤੇ ਮਹਾਰਾਸ਼ਟਰ ਵੀ ਇਸ ਦੇ ਮੋਢੀ ਹਨ।

ਜੇਕਰ ਅੰਤਰਰਾਸ਼ਟਰੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਚੀਨ ਸਭ ਤੋਂ ਅੱਗੇ ਹੈ ਅਤੇ ਇਸ ਤੋਂ ਬਾਅਦ ਅਮਰੀਕਾ ਤੇ ਨੀਦਰਲੈਂਡ ਆਉਂਦੇ ਹਨ।

ਭਾਰਤ ਵਿੱਚ ਬਟਨ ਮਸ਼ਰੂਮ ਅਤੇ ਓਇਸਟਰ ਮਸ਼ਰੂਮ ਪ੍ਰਚੱਲਿਤ ਹਨ।

ਪੈਡੀ ਸਟਰਾ ਮਸ਼ਰੂਮ ਅਤੇ ਮਿਲਕੀ ਮਸ਼ਰੂਮ ਵੀ ਪ੍ਰਚੱਲਿਤ ਹਨ। ਬਟਨ ਮਸ਼ਰੂਮ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਬਾਗਬਾਨੀ ਬੋਰਡ ਮੁਤਾਬਕ ਪਰੰਪਰਿਕ ਤੌਰ 'ਤੇ ਸਰਦੀਆਂ ਦੇ ਮੌਸਮ ਵਿਚ ਭਾਰਤ ਦੇ ਉੱਤਰ ਪੱਛਮੀ ਇਲਾਕੇ ਜਾਂ ਪਹਾੜਾਂ ਵਿੱਚ ਇਸ ਮਸ਼ਰੂਮ ਦੀ ਖੇਤੀ ਹੁੰਦੀ ਹੈ।

ਇਸ ਨੂੰ ਪੱਕਣ ਵਿੱਚ ਤਕਰੀਬਨ 6-9 ਮਹੀਨੇ ਦਾ ਸਮਾਂ ਲੱਗਦਾ ਹੈ ਪਰ ਤਕਨੀਕੀ ਵਿਕਾਸ ਕਾਰਨ ਹੁਣ ਕਿਸੇ ਵੀ ਮੌਸਮ ਵਿਚ ਅਤੇ ਕਿਸੇ ਵੀ ਜਗ੍ਹਾ ਖੇਤੀ ਹੋ ਸਕਦੀ ਹੈ।

ਓਇਸਟਰ ਮਸ਼ਰੂਮ ਨੂੰ ਗਰਮੀਆਂ ਵਿੱਚ ਵੀ ਉਗਾਇਆ ਜਾ ਸਕਦਾ ਹੈ ਅਤੇ ਇਸ ਦੀ ਖੇਤੀ ਪੇਂਡੂ ਇਲਾਕਿਆਂ ਵਿਚਲੇ ਸੌਖੀ ਅਤੇ ਕਿਫਾਇਤੀ ਹੈ।

ਮਸ਼ਰੂਮ ਦੀ ਖੇਤੀ ਲਈ ਖਾਸ ਕਿਸਮ ਦੀ ਖਾਦ ਤਿਆਰ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)