ਪੰਜਾਬ 'ਚ ਖਰੀਦ ਏਜੰਸੀਆਂ ਕਿਉਂ ਕਰ ਰਹੀਆਂ ਹੜਤਾਲ, ਕਣਕ ਦੀ ਖਰੀਦ 'ਤੇ ਕੀ ਹੋ ਰਿਹਾ ਅਸਰ - ਪ੍ਰੈੱਸ ਰਿਵੀਊ

ਕਣਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਫਸੀਆਈ ਨੇ ਪੰਜ ਟੀਮਾਂ ਦਾ ਗਠਨ ਕੀਤਾ ਹੈ ਅਤੇ ਬੁੱਧਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਨੂੰ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਖਰੀਦ ਏਜੰਸੀਆਂ ਦੁਆਰਾ ਕਣਕ ਖਰੀਦਣ ਤੋਂ ਇਨਕਾਰ ਕਰਨ ਦੀਆਂ ਰਿਪੋਰਟਾਂ ਦਰਮਿਆਨ ਸੂਬਾ ਏਜੰਸੀਆਂ ਅਤੇ ਕੋਰਡੀਨੇਸ਼ਨ ਕਮੇਟੀ ਮੰਗਲਵਾਰ ਦੁਪਹਿਰ ਤੋਂ ਹੜਤਾਲ 'ਤੇ ਚਲੇ ਗਏ ਹਨ। ਇਸ ਤੋਂ ਇੱਕ ਦਿਨ ਪਹਿਲਾਂ, ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਹੁਣ ਤੱਕ ਕਣਕ ਦੀ ਫਸਲ ਦੀ ਰਿਕਾਰਡ ਖਰੀਦ ਅਤੇ ਅਦਾਇਗੀ ਸੀਮਾ ਤੱਕ ਪਹੁੰਚ ਚੁੱਕੀ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਹੜਤਾਲ ਦਾ ਕਾਰਨ ਦੱਸਦੇ ਹੋਏ ਕੋਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਵਿਨੈ ਕੁਮਾਰ ਨੇ ਕਿਹਾ ਕਿ ਖਰੀਦੀ ਜਾ ਰਹੀ ਕਣਕ ਕੇਂਦਰ ਸਰਕਾਰ ਦੇ ਮਾਪਦੰਡਾਂ 'ਤੇ ਖਰੀ ਨਹੀਂ ਉਤਰਦੀ ਅਤੇ ਇਸ ਲਈ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਕਈ ਸੈਂਪਲ ਰੱਦ ਕਰ ਦਿੱਤੇ ਹਨ।

ਉਨ੍ਹਾਂ ਕਿਹਾ, "ਸੂਬਾ ਸਰਕਾਰ ਪਹਿਲਾਂ ਹੀ ਕੇਂਦਰ ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗ ਚੁੱਕੀ ਹੈ। ਜਦੋਂ ਤੱਕ ਦਿਸ਼ਾ-ਨਿਰਦੇਸ਼ ਨਹੀਂ ਬਦਲੇ ਜਾਂਦੇ, ਅਸੀਂ ਹੜਤਾਲ 'ਤੇ ਰਹਾਂਗੇ ਅਤੇ ਕਣਕ ਦੀ ਖਰੀਦ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ, ਦਿਨ ਵਿੱਚ ਸੂਬੇ ਦੀਆਂ ਖਰੀਦ ਏਜੰਸੀਆਂ ਨੇ ਚੰਡੀਗੜ੍ਹ ਵਿੱਚ ਬੈਠਕ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਦੋ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਸੀ, ਜਿਸ ਵਿੱਚ ਟੁੱਟੇ ਅਤੇ ਪੁਰਾਣੇ ਅਨਾਜ ਦੀ ਪ੍ਰਤੀਸ਼ਤਤਾ ਅਤੇ ਮੰਡੀਆਂ ਵਿੱਚੋਂ ਕਣਕ ਦੀ ਢੋਆ-ਢੁਆਈ ਸ਼ਾਮਲ ਸੀ।

ਕਣਕ ਦੇ ਦਾਣੇ ਵਿੱਚ ਪੁਰਾਣੇ ਅਤੇ ਟੁੱਟੇ ਹੋਏ ਅਨਾਜ ਦੇ ਪ੍ਰਤੀਸ਼ਤ ਦੇ ਅਨੁਪਾਤ ਐਫਸੀਆਈ ਦੁਆਰਾ ਨਿਰਧਾਰਤ ਸੀਮਾ ਤੋਂ ਲਗਭਗ ਤਿੰਨ ਗੁਣਾ ਹੋਣ ਕਾਰਨ, ਸੂਬੇ ਦੀਆਂ ਏਜੰਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ, ਸ਼ਾਮ ਨੂੰ ਸੂਬਾ ਸਰਕਾਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੇਨਤੀ ਕਰਨ 'ਤੇ, ਐਫਸੀਆਈ ਨੇ ਪੰਜ ਟੀਮਾਂ ਦਾ ਗਠਨ ਕੀਤਾ ਹੈ ਅਤੇ ਬੁੱਧਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਨੂੰ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ।

ਸੂਬੇ 'ਚ ਖਰੀਦ ਇੱਕ ਵੱਡਾ ਸਿਆਸੀ ਮੁੱਦਾ ਹੈ ਅਤੇ ਸੱਤਾ 'ਚ ਆਉਣ ਤੋਂ ਬਾਅਦ 'ਆਪ' ਸਰਕਾਰ ਦੀ ਇਹ ਪਹਿਲੀ ਖਰੀਦ ਹੈ।

ਇਹ ਵੀ ਪੜ੍ਹੋ:

ਦਿੱਲੀ-ਗੁਰੂਗ੍ਰਾਮ 'ਚ ਫਿਰ ਵਧ ਰਹੇ ਕੋਰੋਨਾ ਦੇ ਮਾਮਲੇ

ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਕੋਰੋਨਾਵਾਇਰਸ ਦੇ 129 ਮਾਮਲੇ ਦਰਜ ਕੀਤੇ ਗਏ ਹਨ। ਹਰਿਆਣਾ ਸਰਕਾਰ ਦੇ ਆਦੇਸ਼ ਅਨੁਸਾਰ, ਸੂਬੇ 'ਚ ਹੁਣ ਮਾਸਕ ਲਾਜ਼ਮੀ ਨਹੀਂ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਗੁਰੂਗ੍ਰਾਮ ਵਿੱਚ ਆਖਰੀ ਵਾਰ 100 ਤੋਂ ਵੱਧ ਕੋਰੋਨਾ ਦੇ ਮਾਮਲੇ 4 ਮਾਰਚ ਨੂੰ ਆਏ ਸਨ, ਉਦੋਂ 115 ਕੇਸ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਇਹ ਗਿਣਤੀ 100 ਤੋਂ ਹੇਠਾਂ ਹੀ ਰਹੀ ਸੀ।

ਹਰਿਆਣਾ ਸਰਕਾਰ ਨੇ 16 ਫਰਵਰੀ ਨੂੰ ਸੂਬੇ ਵਿੱਚ ਕੋਵਿਡ ਸਬੰਧਤ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸਨ। ਹਾਲਾਂਕਿ, ਸਰਕਾਰ ਨੇ ਭੀੜ ਵਾਲੇ ਖੇਤਰਾਂ ਵਿੱਚ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ।

ਅਜਿਹਾ ਹੀ ਰੁਝਾਨ ਰਾਜਧਾਨੀ ਦਿੱਲੀ ਵਿੱਚ ਵੀ ਦੇਖਣ ਨੂੰ ਮਿਲਿਆ। ਇੱਥੇ ਵੀ ਮਾਸਕ ਦੀ ਵਰਤੋਂ ਹੁਣ ਲਾਜ਼ਮੀ ਨਹੀਂ ਹੈ ਅਤੇ ਮਾਸਕ ਨਾ ਪਹਿਨਣ 'ਤੇ ਲੱਗਣ ਵਾਲੇ ਜੁਰਮਾਨੇ ਨੂੰ ਵੀ ਹਟਾ ਦਿੱਤਾ ਗਿਆ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ।

ਦਿੱਲੀ ਵਿੱਚ, ਸੋਮਵਾਰ ਨੂੰ ਕੋਵਿਡ -19 ਦੇ 137 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਲਾਗ ਦੀ ਦਰ 2.7 ਪ੍ਰਤੀਸ਼ਤ ਤੱਕ ਵੱਧ ਗਈ ਹੈ, ਜੋ ਕਿ ਪਿਛਲੇ ਦੋ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ।

ਖ਼ਬਰ ਏਜੰਸੀ ਪੀਟੀਆਈ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਸਰਕਾਰ ਕੋਵਿਡ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਅਤੇ ਜਦੋਂ ਤੱਕ ਕੋਈ ਚਿੰਤਾ ਵਾਲਾ ਕੋਈ ਨਵਾਂ ਵੇਰੀਐਂਟ ਨਹੀਂ ਆਉਂਦਾ, ਉਦੋਂ ਤੱਕ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ।

ਹੁਣ ਇੱਕੋ ਸਮੇਂ ਦੋ ਡਿਗਰੀ ਕੋਰਸ ਕਰ ਸਕਣਗੇ ਵਿਦਿਆਰਥੀ, ਯੂਜੀਸੀ ਨੇ ਦਿੱਤੀ ਮਨਜ਼ੂਰੀ

ਵਿਦਿਆਰਥੀ ਹੁਣ ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ 'ਤੇ, ਇੱਕੋ ਸਮੇਂ ਦੋ ਫੁੱਲ-ਟਾਈਮ ਕੋਰਸ ਕਰ ਸਕਣਗੇ, ਭਾਵ ਇੱਕੋ ਸਮੇਂ 2 ਡਿਗਰੀਆਂ ਲਈ ਕੋਰਸ ਕਰ ਸਕਣਗੇ। ਇਹ ਕੋਰਸ ਆਨਲਾਈਨ ਜਾਂ ਆਫਲਾਈਨ ਜਾਂ ਇੱਕੋ ਸਮੇਂ ਦੋਵੇਂ ਮਾਧਿਅਮਾਂ ਰਾਹੀਂ ਵੀ ਹੋ ਸਕਦੇ ਹਨ।

ਵਿਦਿਆਰਥੀ

ਤਸਵੀਰ ਸਰੋਤ, DEEPAK SETHI/GETTYIMAGES

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਐੱਮ ਜਗਦੀਸ਼ ਕੁਮਾਰ ਨੇ ਕਿਹਾ ਕਿ ਯੂਜੀਸੀ ਨੇ ਭਾਰਤ ਵਿੱਚ ਵਿਦਿਆਰਥੀਆਂ ਲਈ ਇੱਕੋ ਸਮੇਂ ਦੋਹਰੇ ਡਿਗਰੀ ਕੋਰਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਇੱਕੋ ਸਮੇਂ, ਇੱਕੋ ਯੂਨੀਵਰਸਿਟੀ ਵਿੱਚ ਜਾਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਕੋਰਸ ਪੂਰੇ ਕਰ ਸਕਦੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਦਿਸ਼ਾ ਨਿਰਦੇਸ਼ ਛੇਤੀ ਹੀ ਯੂਜੀਸੀ ਦੁਆਰਾ ਜਾਰੀ ਕੀਤੇ ਜਾਣਗੇ।

ਇਹ ਪ੍ਰੋਗਰਾਮ ਮੌਜੂਦਾ ਅਕਾਦਮਿਕ ਸਾਲ (2022-23) ਤੋਂ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)