ਪੰਜਾਬ ਚੋਣਾਂ : ਮੌੜ ਬੰਬ ਧਮਾਕੇ ਤੋਂ 5 ਸਾਲ ਬਾਅਦ : 'ਜਿਸ ਦੀ ਰੈਲੀ ਵਿਚ ਬੰਬ ਧਮਾਕੇ ਨਾਲ ਜ਼ਖ਼ਮੀ ਹੋਇਆ ਉਹ ਤਾਂ ਕਦੇ ਖ਼ਬਰ ਲੈਣ ਵੀ ਨਹੀਂ ਆਇਆ'

    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

'ਧਮਾਕਾ ਹੋਇਆ, ਚਾਰੇ ਪਾਸੇ ਅੱਗ ਹੀ ਅੱਗ ਸੀ, ਕਈ ਫੁੱਟ ਗੱਡੀ ਉਪਰ ਗਈ ਅਤੇ ਫਿਰ ਹਰ ਕੋਈ ਜਾਨ ਬਚਾਉਣ ਲਈ ਭੱਜਿਆ।'

'ਹਰਮਿੰਦਰ ਜੱਸੀ ਨੇ ਕਦੇ ਫੋਨ ਕਰਕੇ ਹਾਲ ਤੱਕ ਨਹੀਂ ਪੁੱਛਿਆ, ਆਉਣਾ ਤਾਂ ਦੂਰ ਦੀ ਗੱਲ ਹੈ।'

31 ਜਨਵਰੀ 2017 ਨੂੰ ਬਠਿੰਡਾ ਦੇ ਮੌੜ ਵਿਖੇ ਹੋਏ ਬੰਬ ਧਮਾਕੇ ਵਿੱਚ ਜ਼ਖ਼ਮੀ ਹੋਏ ਉਸ ਸਮੇਂ ਕਾਂਗਰਸੀ ਵਰਕਰ ਜਸਕਰਨ ਸਿੰਘ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਦੇ ਆਪਣੇ ਅੱਧਸੜੇ ਹੱਥਾਂ ਪੈਰਾਂ ਵੱਲ ਵੇਖਦੇ ਹਨ ਅਤੇ ਕਦੇ ਉਨ੍ਹਾਂ ਘਟਨਾਵਾਂ ਨੂੰ ਯਾਦ ਕਰਦੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਉਸ ਸਮੇਂ ਮੌੜ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਚੋਣ ਪ੍ਰਚਾਰ ਪ੍ਰੋਗਰਾਮ ਤੋਂ ਬਾਅਦ ਹੋਏ ਧਮਾਕੇ ਵਿਚ ਸੱਤ ਲੋਕਾਂ ਦੀ ਜਾਨ ਚਲੀ ਗਈ ਸੀ।

ਵੀਹ ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਸਨ। ਮ੍ਰਿਤਕਾਂ ਵਿੱਚ ਪੰਜ ਬੱਚੇ ਸਨ।

ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ ਸੀ।

ਲੁਧਿਆਣਾ ਕੋਰਟ ਕੰਪਲੈਕਸ ਵਿਖੇ ਹੋਏ ਧਮਾਕੇ ਨੇ ਜਸਕਰਨ ਸਣੇ ਕਈ ਉਨ੍ਹਾਂ ਪੀੜਤਾਂ ਦੇ ਜ਼ਖ਼ਮਾਂ ਨੂੰ ਫਿਰ ਹਰਾ ਕਰ ਦਿੱਤਾ ਹੈ, ਜੋ ਲਗਭਗ ਪੰਜ ਸਾਲ ਬਾਅਦ ਵੀ ਸਰਕਾਰ ਦੇ ਵਾਅਦਿਆਂ ਦੇ ਵਫ਼ਾ ਹੋਣ ਅਤੇ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਪੰਜ ਸਾਲਾਂ ਵਿੱਚ ਡੀਆਈਜੀ ਹਰਜੀਤ ਸਿੰਘ ਖਹਿਰਾ ਅਤੇ ਏਡੀਜੀਪੀ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਦੋ ਐੱਸਆਈਟੀ ਟੀਮਾਂ ਦਾ ਗਠਨ ਵੀ ਕੀਤਾ ਗਿਆ ਪਰ ਕਿਸੇ ਵੀ ਮੁਲਜ਼ਮਾ ਨੂੰ ਸਜ਼ਾ ਨਹੀਂ ਹੋਈ।

ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਹਾਦਸੇ ਲਈ ਵਰਤੀ ਗਈ ਕਾਰ ਸਿਰਸਾ ਤੋਂ ਲਿਆਂਦੀ ਗਈ ਸੀ।

ਇੱਕ ਹੀ ਗਲੀ ਦੇ ਸਨ ਚਾਰ ਮ੍ਰਿਤਕ ਬੱਚੇ

ਮੌੜ ਧਮਾਕੇ ਵਿੱਚ ਆਪਣੇ 10 ਸਾਲਾ ਬੇਟੇ ਅੰਕੁਸ਼ ਨੂੰ ਗੁਆਉਣ ਵਾਲੀ ਰਿਤੂ ਨੇ ਦੱਸਿਆ ਕਿ ਹਾਦਸੇ ਵਾਲੀ ਰਾਤ ਉਨ੍ਹਾਂ ਦਾ ਪਰਿਵਾਰ ਘਰ ਸੀ।

ਉਹ ਦੱਸਦੀ ਹੈ, "ਧਮਾਕੇ ਤੋਂ ਬਾਅਦ ਅੰਕੁਸ਼ ਲਗਭਗ ਦੋ ਮਹੀਨੇ ਲੁਧਿਆਣਾ ਦੇ ਹਸਪਤਾਲ ਵਿਖੇ ਭਰਤੀ ਸੀ, ਜਿਸ ਤੋਂ ਬਾਅਦ ਮਾਰਚ ਵਿੱਚ ਮੌਤ ਹੋ ਗਈ। ਇਲਾਜ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ।"

ਅੱਖਾਂ ਵਿੱਚ ਹੰਝੂ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਡਾ. ਬਲਬੀਰ ਸਿੰਘ ਕਹਿੰਦੇ ਹਨ, "ਜਪਸਿਮਰਨ ਤੋਂ ਸਾਨੂੰ ਬਹੁਤ ਉਮੀਦਾਂ ਸਨ ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ।"

"ਬਲਾਸਟ ਤੋਂ ਬਾਅਦ ਅਸੀਂ ਉਸ ਨੂੰ ਲੁਧਿਆਣਾ ਲੈ ਕੇ ਜਾ ਰਹੇ ਸਾਂ ਪਰ ਮੁੱਲਾਂਪੁਰ ਵਿਖੇ ਉਸ ਦੀ ਮੌਤ ਹੋ ਗਈ ਸੀ।"

ਉਨ੍ਹਾਂ ਦੀ ਦੁਕਾਨ ਦੇ ਬਾਹਰ ਅੱਜ ਵੀ ਇਨਸਾਫ਼ ਦੀ ਮੰਗ ਕਰਦਾ ਇੱਕ ਪੋਸਟਰ ਲੱਗਿਆ ਨਜ਼ਰ ਆਉਂਦਾ ਹੈ।

ਦੁਕਾਨ ਦੇ ਬਿਲਕੁਲ ਨਜ਼ਦੀਕ ਹੀ ਉਸ ਗਲੀ ਵਿੱਚ ਉਨ੍ਹਾਂ ਦਾ ਘਰ ਹੈ, ਜਿੱਥੋਂ ਇਸ ਧਮਾਕੇ ਤੋਂ ਬਾਅਦ ਚਾਰ ਮਾਸੂਮ ਬੱਚਿਆਂ ਦੀਆਂ ਅਰਥੀਆਂ ਉਠੀਆਂ ਸਨ।

14 ਸਾਲਾ ਜਪਸਿਮਰਨ ਡਾ. ਬਲਬੀਰ ਸਿੰਘ ਦਾ ਪੋਤਾ ਸੀ। ਪੰਜਾਬ ਸਰਕਾਰ ਵੱਲੋਂ ਲਗਭਗ ਤਿੰਨ ਮਹੀਨੇ ਪਹਿਲਾਂ ਜਪਸਿਮਰਨ ਦੇ ਪਿਤਾ ਖੁਸ਼ਦੀਪ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ।

ਇਸ ਧਮਾਕੇ ਵਿੱਚ ਜਾਨ ਗਵਾ ਚੁੱਕੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਾਲ ਕਾਰਡ ਵੀ ਬਣੇ ਹਨ ਜਿਸ ਵਿੱਚ ਉਨ੍ਹਾਂ ਨੂੰ ਅੱਤਵਾਦ ਪੀੜਤ ਪਰਿਵਾਰ ਐਲਾਨਿਆ ਗਿਆ ਹੈ।

ਡਾ. ਬਲਬੀਰ ਸਿੰਘ ਦੇ ਪਰਿਵਾਰ ਦੀ ਮੌੜ ਵਿਖੇ ਦੁਕਾਨ ਹੈ। ਉਨ੍ਹਾਂ ਨੇ ਦੱਸਿਆ ਕਿ ਹਰਮਿੰਦਰ ਜੱਸੀ ਹਾਦਸੇ ਵਾਲੇ ਦਿਨ ਉਨ੍ਹਾਂ ਦੀ ਦੁਕਾਨ ਦੇ ਨਾਲ ਇਕ ਦੁਕਾਨ ਤੋਂ ਨਿਕਲੇ ਸਨ।

14 ਸਾਲਾ ਸੌਰਭ ਨੇ ਧਮਾਕੇ ਤੋਂ ਦੋ ਦਿਨਾਂ ਬਾਅਦ ਤੋੜਿਆ ਦਮ

ਜਪਸਿਮਰਨ ਅਤੇ ਅੰਕੁਸ਼ ਦੇ ਘਰ ਤੋਂ ਕੁਝ ਹੀ ਦੂਰੀ 'ਤੇ ਸੌਰਭ ਦਾ ਘਰ ਵੀ ਹੈ।

14 ਸਾਲਾ ਸੌਰਭ ਨੇ ਵੀ ਬੰਬ ਧਮਾਕੇ ਤੋਂ ਦੋ ਦਿਨ ਬਾਅਦ ਦਮ ਤੋੜ ਦਿੱਤਾ ਸੀ। ਉਨ੍ਹਾਂ ਦੇ ਮਾਤਾ ਸ਼ਸ਼ੀ ਬਾਲਾ ਨੇ ਸਰਕਾਰ ਵੱਲੋਂ ਪੰਜ ਸਾਲਾਂ ਬਾਅਦ ਵੀ ਬੱਚਿਆਂ ਦੀ ਮੌਤ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਤੇ ਜ਼ਬਰਦਸਤ ਨਾਰਾਜ਼ਗੀ ਜਤਾਈ ਅਤੇ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਜਪਸਿਮਰਨ ਦੇ ਗੁਆਂਢ ਵਿਚ ਰਹਿਣ ਵਾਲੇ ਰਿਪਨਦੀਪ ਸਿੰਘ ਦੀ ਵੀ ਇਸ ਧਮਾਕੇ ਵਿਚ ਜਾਨ ਗਈ ਸੀ।

ਰਿਪਨਦੀਪ ਦੇ ਪਰਿਵਾਰ ਨੇ ਹੁਣ ਮੌੜ ਛੱਡ ਦਿੱਤਾ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਰਿਪਨਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਇਕ ਹੋਰ ਬੱਚੇ ਦਾ ਜਨਮ ਹੋਇਆ ਸੀ ਜਿਸ ਦਾ ਨਾਮ ਵੀ ਰਿਪਨਦੀਪ ਹੀ ਰੱਖਿਆ ਗਿਆ।

ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇਹ ਸਾਰੇ ਬੱਚੇ ਗੁਆਂਢੀ ਸਨ ਅਤੇ ਉਸ ਰਾਤ ਧਮਾਕੇ ਤੋਂ ਪਹਿਲਾਂ ਗਲੀ ਵਿੱਚ ਖੇਡ ਰਹੇ ਸਨ।

ਡਾ. ਬਲਬੀਰ ਸਿੰਘ ਦੇ ਪਰਿਵਾਰ ਦੀ ਮੌੜ ਵਿਖੇ ਦੁਕਾਨ ਹੈ। ਉਨ੍ਹਾਂ ਨੇ ਦੱਸਿਆ ਕਿ ਹਰਮਿੰਦਰ ਜੱਸੀ ਹਾਦਸੇ ਵਾਲੇ ਦਿਨ ਉਨ੍ਹਾਂ ਦੀ ਦੁਕਾਨ ਦੇ ਨਾਲ ਇਕ ਦੁਕਾਨ ਤੋਂ ਨਿਕਲੇ ਸਨ।

ਇਸੇ ਧਮਾਕੇ ਵਿਚ ਹਰਮਿੰਦਰ ਜੱਸੀ ਦੇ ਨਜ਼ਦੀਕੀ ਹਰਪਾਲ ਸਿੰਘ ਪਾਲੀ ਦੀ ਵੀ ਜਾਨ ਗਈ ਸੀ।

ਸਥਾਨਕ ਵਾਸੀ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੀ ਬੇਟੀ ਵਰਖਾ ਵੀ ਇਸ ਹਾਦਸੇ ਵਿੱਚ ਮਾਰੇ ਗਏ ਸਨ।

ਪੰਜਾਬ ਸਰਕਾਰ ਵੱਲੋਂ ਹਰਪਾਲ ਸਿੰਘ ਅਤੇ ਅਸ਼ੋਕ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਗਈ ਹੈ।

'ਕੋਈ ਅਫ਼ਸਰ ਜਾਂ ਲੀਡਰ ਮਰਿਆ ਹੁੰਦਾ ਤਾਂ ਫੜੇ ਜਾਂਦੇ ਦੋਸ਼ੀ'

ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਕੁਝ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਾਂ ਨੌਕਰੀਆਂ,ਆਰਥਿਕ ਮਦਦ ਮਿਲੀ ਹੈ ਪਰ ਇਸ ਹਾਦਸੇ ਦੇ ਜ਼ਖ਼ਮੀਆਂ ਦੀ ਕਹਾਣੀ ਹੋਰ ਵੀ ਦਰਦਨਾਕ ਹੈ।

ਹਾਦਸੇ ਤੋਂ ਬਾਅਦ ਅਮਰੀਕ ਸਿੰਘ ਦੋ ਮਹੀਨੇ ਤੋਂ ਵੱਧ ਸਮਾਂ ਲੁਧਿਆਣਾ ਦੇ ਡੀਐਮਸੀ ਵਿਖੇ ਭਰਤੀ ਰਹੇ।

ਹਸਪਤਾਲ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਸਰੀਰ 60 ਫ਼ੀਸਦ ਚੱਕ ਸੜ ਚੁੱਕਿਆ ਸੀ।

ਜ਼ਖ਼ਮੀਆਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ ਦੀ ਮੱਦਦ ਦੀ ਘੋਸ਼ਣਾ ਕੀਤੀ ਗਈ ਸੀ ਪਰ ਇਨ੍ਹਾਂ ਪਰਿਵਾਰਾਂ ਮੁਤਾਬਿਕ ਲੱਖਾਂ ਰੁਪਏ ਇਲਾਜ 'ਤੇ ਲੱਗੇ ਹਨ।

ਤਿੰਨ ਸਰਜਰੀ ਅਤੇ ਹੋਰ ਇਲਾਜ ਤੋਂ ਬਾਅਦ ਵੀ ਅਮਰੀਕ ਸਿੰਘ ਦਾ ਸੱਜਾ ਹੱਥ ਕੰਮ ਨਹੀਂ ਕਰਦਾ।

ਆਪਣੇ ਹਾਲਾਤਾਂ ਬਾਰੇ ਬੇਬਸੀ ਤੋਂ ਜਿਆਦਾ ਗੁੱਸਾ ਪੰਜ ਸਾਲ ਬਾਅਦ ਵੀ ਇਸ ਹਾਦਸੇ ਦੇ ਆਰੋਪੀਆਂ ਨੂੰ ਨਾ ਫੜੇ ਜਾਣ ਕਰਕੇ ਹੈ।

'ਅਮਰੀਕ ਆਖਦੇ ਹਨ,'ਸਾਬਕਾ ਮੁੱਖ ਮੰਤਰੀ ਦੀ ਪਤਨੀ ਦੇ ਪੈਸੇ ਚੋਰੀ ਹੋਣ ਤੋਂ ਕੁਝ ਘੰਟੇ ਬਾਅਦ ਹੀ ਪੁਲਿਸ ਨੇ ਆਰੋਪੀ ਫੜ ਲਏ ਸਨ। ਇਸ ਹਾਦਸੇ ਨੂੰ ਪੰਜ ਸਾਲ ਹੋ ਗਏ ਅਤੇ ਅੱਜ ਵੀ ਦੋਸ਼ੀ ਫੜੇ ਨਹੀਂ ਗਏ। ਆਮ ਲੋਕਾਂ ਦੇ ਪੀੜਤ ਹੋਣ ਕਾਰਨ ਕਾਰਵਾਈ ਨਹੀਂ ਹੋ ਰਹੀ ਜੇਕਰ ਕੋਈ ਲੀਡਰ, ਵੱਡਾ ਅਫ਼ਸਰ ਮਰਦਾ ਤਾਂ ਫੜ ਲੈਂਦੇ।'

"ਵੋਟਾਂ ਦੇ ਮੌਕੇ ਹਾਲ ਪੁੱਛਣ ਆ ਜਾਂਦੇ ਹਨ ਪਰ ਹਾਦਸੇ ਤੋਂ ਬਾਅਦ ਲਿਆ ਡੀਐਮਸੀ ਵਿੱਚ ਕੋਈ ਲੀਡਰ ਨਹੀਂ ਆਇਆ।"

ਅਮਰੀਕ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਵਿਸਫੋਟ ਹੋਇਆ ਸੀ ਅਤੇ ਕੁੱਕਰ ਬੰਬ ਵੀ ਸਨ।

ਜਸਕਰਨ ਸਿੰਘ ਰੈਲੀ ਵਿੱਚ ਕਾਂਗਰਸੀ ਵਰਕਰ ਵਜੋਂ ਸ਼ਾਮਿਲ ਸਨ ਪਰ ਉਨ੍ਹਾਂ ਮੁਤਾਬਕ ਹਰਮਿੰਦਰ ਜੱਸੀ ਨੇ ਕਦੇ ਉਨ੍ਹਾਂ ਨੂੰ ਫੋਨ ਤਕ ਨਹੀਂ ਕੀਤਾ।

ਕਈ ਸਾਲ ਤਕ ਜਸਕਰਨ ਦਾ ਵੀ ਇਲਾਜ ਚੱਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਵਜੋਂ ਦਸ ਹਜ਼ਾਰ ਰੁਪਏ ਦਾ ਚੈੱਕ ਭੇਜਿਆ ਗਿਆ ਸੀ ਪਰ ਹੁਣ ਉਹ ਵੀ ਬੰਦ ਹੋ ਚੁੱਕਿਆ ਹੈ।

ਇਸ ਹਾਦਸੇ ਵਿੱਚ ਜਪਸਿਮਰਨ ਦੇ ਗੁਆਂਢੀ ਦਰਸ਼ਨ ਸਿੰਘ ਵੀ ਜ਼ਖ਼ਮੀ ਹੋਏ ਸਨ ਅਤੇ ਉਨ੍ਹਾਂ ਨੇ ਵੀ ਦੱਸਿਆ ਕਿ ਇਲਾਜ ਵਿਚ ਲੱਖਾਂ ਰੁਪਏ ਦਾ ਖਰਚਾ ਹੋਇਆ ਹੈ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

'ਆਰੋਪੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ'

ਮੌੜ ਵਿਖੇ ਹੋਏ ਧਮਾਕੇ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀ ਰਣਬੀਰ ਸਿੰਘ ਖੱਟੜਾ ਦੀ ਟੀਮ ਵੱਲੋਂ ਜਾਂਚ ਦੀ ਸ਼ੁਰੂਆਤ ਕੀਤੀ ਗਈ ਸੀ।ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਇਹ ਪੀਡ਼ਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ ਸੀ।

ਡੀਆਈਜੀ ਹਰਜੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਬਣਾਈ ਗਈ ਐਸਆਈਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਧਮਾਕੇ ਲਈ ਵਰਤੀ ਗਈ ਕਾਰ ਸਿਰਸਾ ਤੋਂ ਆਈ ਸੀ।

ਮੌਕੇ 'ਤੇ ਪ੍ਰੈਸ਼ਰ ਕੂਕਰ ਬੰਬ ਹੋਣ ਬਾਰੇ ਵੀ ਆਖਿਆ ਗਿਆ ਸੀ।

ਜਾਂਚ ਟੀਮ ਵੱਲੋਂ ਇਸ ਧਮਾਕੇ ਦੀਆਂ ਤਾਰਾਂ ਸਿਰਸਾ ਦੇ ਡੇਰਾ ਸੱਚਾ ਸੌਦਾ ਨਾਲ ਵੀ ਹੋਣ ਦੀ ਗੱਲ ਆਖੀ ਗਈ ਸੀ।

ਜ਼ਿਕਰਯੋਗ ਹੈ ਕਿ ਹਰਮਿੰਦਰ ਜੱਸੀ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਦੇ ਕਰੀਬੀ ਰਿਸ਼ਤੇਦਾਰ ਵੀ ਦੱਸੇ ਜਾਂਦੇ ਹਨ।

ਗੁਰਤੇਜ ਸਿੰਘ ,ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨਾਮ ਦੇ ਤਿੰਨ ਸ਼ੱਕੀਆਂ ਉਪਰ ਪੰਜਾਬ ਪੁਲੀਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਡਾ. ਬਲਬੀਰ ਸਿੰਘ ਨੇ ਦੱਸਿਆ ਸੀ ਕਿ ਐੱਸਆਈਟੀ ਨੇ ਟੀਮਾਂ ਕਦੇ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਮਿਲੀਆਂ। ਜਸਕਰਨ ਸਿੰਘ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੂੰ ਥਾਣੇ ਬੁਲਾ ਕੇ ਧਮਾਕੇ ਬਾਰੇ ਪੁੱਛਿਆ ਗਿਆ ਸੀ ਪਰ ਕੋਈ ਵੀ ਕਦੇ ਉਨ੍ਹਾਂ ਦੇ ਘਰ ਨਹੀਂ ਆਇਆ।

2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਰਾਹੀਂ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਐਨਆਈਏ ਜਾਂ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ।

2019 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਨਵੀਂ ਐਸਆਈਟੀ ਦਾ ਗਠਨ ਕਰਨ ਬਾਰੇ ਪੰਜਾਬ ਸਰਕਾਰ ਨੂੰ ਆਖਿਆ ਗਿਆ।

ਏਡੀਜੀਪੀ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਨਵੀਂ ਐਸਆਈਟੀ ਵੱਲੋਂ ਤਲਵੰਡੀ ਸਾਬੋ ਦੀ ਕੋਰਟ ਵਿੱਚ ਤਿੰਨ ਅਰੋਪੀਆਂ ਸਬੰਧੀ ਚਾਰਜਸ਼ੀਟ ਦਾਖ਼ਲ ਕੀਤੀ ਗਈ। ਇਨ੍ਹਾਂ ਆਰੋਪੀਆਂ ਦੀ ਗ੍ਰਿਫਤਾਰੀ ਹੋਣੀ ਫ਼ਿਲਹਾਲ ਬਾਕੀ ਹੈ।

ਐਸਆਈਟੀ ਦੇ ਮੈਂਬਰ ਅਤੇ ਬਠਿੰਡਾ ਦੇ ਐੱਸਐੱਸਪੀ ਅਜੈ ਮਲੂਜਾ ਨੇ ਦਸੰਬਰ 2021 ਵਿੱਚ ਬੀਬੀਸੀ ਨੂੰ ਦੱਸਿਆ ਕਿ ਆਰੋਪੀਆਂ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਉਨ੍ਹਾਂ ਨੇ ਕਿਹਾ,"ਪੰਜਾਬ ਪੁਲੀਸ ਵੱਲੋਂ ਲੁੱਕ ਆਊਟ ਨੋਟਿਸ, ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਤਿੰਨ ਆਰੋਪੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।"

ਭਾਵੇਂ ਪੁਲਿਸ ਅਤੇ ਸਰਕਾਰ ਮਦਦ ਅਤੇ ਕਾਰਵਾਈ ਦੇ ਦਾਅਵੇ ਕਰਦੀ ਹੈ ਪਰ ਪੀੜਤ ਪਰਿਵਾਰ ਲਗਪਗ ਇਨਸਾਫ਼ ਦੀ ਆਸ ਗੁਆ ਚੁੱਕੇ ਹਨ।

ਅਮਰੀਕ ਸਿੰਘ ਆਖਦੇ ਹਨ,'ਸਾਡੀ ਕੋਈ ਮੰਗ ਨਹੀਂ।ਕੀ ਮੰਗ ਕਰੀਏ? ਸਰਕਾਰ ਕੁਝ ਸੁਣਦੀ ਹੀ ਨਹੀਂ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)