You’re viewing a text-only version of this website that uses less data. View the main version of the website including all images and videos.
ਨਵਾਂਸ਼ਹਿਰ ਵਿੱਚ ਪੁਲਿਸ ਹਿਰਾਸਤ ’ਚ ਹੋਈ ਮਹਿਲਾ ਦੀ ਮੌਤ ਦਾ ਕੀ ਹੈ ਪੂਰਾ ਮਾਮਲਾ - ਗ੍ਰਾਊਂਡ ਰਿਪੋਰਟ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
''ਉਹ ਦਰਦ ਨਾਲ ਰੋ ਰਹੀ ਸੀ ਤੇ ਪੁਲਿਸ ਵਾਲੇ-ਕੁਝ ਵਰਦੀ ਵਿੱਚ ਅਤੇ ਕੁਝ ਸਿਵਲ ਵਿੱਚ-ਕਥਿਤ ਤੌਰ 'ਤੇ ਉਸ ਨੂੰ ਕੁੱਟ ਰਹੇ ਸਨ ਤੇ ਆਪਣੇ ਨਾਲ ਉਸ ਨੂੰ ਘਸੀਟਦੇ ਹੋਏ ਲੈ ਕੇ ਜਾ ਰਹੇ ਸਨ।''
ਤਿੰਨ ਘੰਟਿਆਂ ਬਾਅਦ, ਪੁਲਿਸ ਨੇ ਉਸ ਦੇ ਪਰਿਵਾਰ ਨੂੰ ਫ਼ੋਨ ਕਰਕੇ ਬੁਲਾਇਆ। ਜਸਵੀਰ ਕੌਰ ਨਾਮ ਦੀ ਇਸ 40 ਸਾਲਾ ਔਰਤ ਦੀ ਕਥਿਤ ਤੌਰ 'ਤੇ ਪੁਲਿਸ ਹਿਰਾਸਤ ਵਿੱਚ ਮੌਤ ਹੋ ਚੁੱਕੀ ਸੀ।
ਕੀ ਹੈ ਮਾਮਲਾ ਤੇ ਪਰਿਵਾਰ ਕੀ ਕਹਿ ਰਿਹਾ
ਇਹ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਇੱਕ ਪਿੰਡ ਦਾ ਹੈ। ਮਾਮਲਾ ਬਿਆਨ ਕਰਦਿਆਂ ਜਸਵੀਰ ਦੀ ਦਰਾਣੀ ਪਰਵੀਨ ਕੌਰ ਕਹਿੰਦੀ ਹੈ ਕਿ ਉਸ ਵੇਲੇ ਘਰ ਵਿੱਚ ਬੱਸ ਉਹ, ਜਸਵੀਰ ਤੇ ਉਸ ਦਾ ਸਕੂਲ ਜਾਣ ਵਾਲਾ ਬੇਟਾ ਮੌਜੂਦ ਸੀ।''
''ਦੁਪਹਿਰ ਕਰੀਬ 12.30 ਵਜੇ ਦਾ ਵੇਲਾ ਸੀ। ਪਰਿਵਾਰ ਵਾਲੇ ਦਿਹਾੜੀ ਕਰਦੇ ਹਨ ਤੇ ਬਾਕੀ ਸਾਰੇ ਕੰਮ 'ਤੇ ਘਰੋਂ ਬਾਹਰ ਸੀ।''
ਇੰਨੇ ਨੂੰ ਨਵਾਂ ਸ਼ਹਿਰ (ਐੱਸਬੀ ਐੱਸਨਗਰ) ਦੇ ਥਾਣਾ ਇੰਚਾਰਜ ਅਵਤਾਰ ਸਿੰਘ ਸਮੇਤ ਚਾਰ ਪੁਲਿਸ ਵਾਲੇ ਆਏ, ਪੁੱਛਿਆ ਕਿ ਜਸਵੀਰ ਕੌਣ ਹੈ ਤੇ ਉਸ ਨੂੰ ਕੁੱਟਣ ਲੱਗੇ।
"ਅਸੀਂ ਪੁੱਛਿਆ ਤਾਂ ਸਾਡੇ ਨਾਲ ਵੀ ਧੱਕਾਮੁੱਕੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਜਸਵੀਰ ਦੇ ਖ਼ਿਲਾਫ਼ ਖ਼ਬਰ ਹੈ ਕਿ ਉਹ ਨਸ਼ਾ ਵੇਚਣ ਦਾ ਕੰਮ ਕਰਦੀ ਹੈ।"
ਮੁਹੱਲੇ ਦੀ ਰਹਿਣ ਵਾਲੀ ਸੰਦੀਪ ਦੱਸਦੀ ਹੈ ਕਿ ਉਨ੍ਹਾਂ ਵੇਖਿਆ ਕਿ ਉਸ ਨੂੰ ਕੁੱਟਦੇ ਹੋਏ ਪੁਲਿਸ ਵਾਲੇ ਲੈ ਕੇ ਜਾ ਰਹੇ ਸੀ। ਉਸ ਦੀ ਹੀ ਜੁੱਤੀ ਉਤਾਰ ਕੇ ਉਸ ਦੇ ਸਿਰ 'ਤੇ ਮਾਰ ਰਹੇ ਸੀ। ਉਸ ਨੇ ਪਾਣੀ ਮੰਗਿਆ ਤੇ ਉਹ ਵੀ ਦੇਣ ਤੋਂ ਮਨਾ ਕਰ ਦਿੱਤਾ।
ਇਹ ਵੀ ਪੜ੍ਹੋ:
ਪਰਵੀਨ ਨੇ ਅੱਗੇ ਦੱਸਿਆ ਕਿ ਕਰੀਬ ਸਾਡੇ ਤਿੰਨ ਵਜੇ ਪੁਲਿਸ ਵਾਲਿਆਂ ਦਾ ਫ਼ੋਨ ਆਇਆ ਕਿ ਜਸਵੀਰ ਦੀ ਤਬੀਅਤ ਖ਼ਰਾਬ ਹੋ ਗਈ ਹੈ।
"ਜਦੋਂ ਅਸੀਂ ਨਵਾਂਸ਼ਹਿਰ ਪੁੱਜੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਉਸ ਨੂੰ ਪੁਲਿਸ ਨੇ ਤਸ਼ੱਦਦ ਢਾਹ ਕੇ ਮਾਰ ਦਿੱਤਾ ਸੀ।"
ਪਰਿਵਾਰ ਤੇ ਪਿੰਡ ਵਾਲੇ ਥਾਣੇ ਪੁੱਜੇ ਤੇ ਉਨ੍ਹਾਂ ਨੇ ਉੱਥੇ ਧਰਨਾ ਲਾ ਲਿਆ ਅਤੇ ਲਾਸ਼ ਲਿਜਾਉਣ ਤੋਂ ਮਨਾ ਕਰ ਦਿੱਤਾ ਜਦੋਂ ਤੱਕ ਦੋਸ਼ੀ ਪੁਲਿਸ ਵਾਲਿਆਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ।
ਪੁਲਿਸ ਦੀ ਹੁਣ ਤੱਕ ਦੀ ਕਾਰਵਾਈ
ਐੱਸਐੱਸਪੀ ਕੰਵਰਦੀਪ ਕੌਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਸਬ ਇੰਸਪੈਕਟਰ ਤੇ ਥਾਣਾ ਇੰਚਾਰਜ ਅਵਤਾਰ ਸਿੰਘ ਤੇ ਤਿੰਨ ਹੋਰਨਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਤੇ ਬਾਕੀ ਤਫ਼ਤੀਸ਼ ਜਾਰੀ ਹੈ।
ਇਹ ਪੁੱਛਣ 'ਤੇ ਕੀ ਇਹ ਮਾਮਲਾ ਪੁਲਿਸ ਦੀ ਕਸਟਡੀ ਵਿੱਚ ਮੌਤ ਦਾ ਹੈ? ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਜਦੋਂ ਬੀਬੀਸੀ ਦੀ ਟੀਮ ਨਵਾਂ ਸ਼ਹਿਰ ਪਹੁੰਚੀ ਤਾਂ ਪਰਿਵਾਰ ਤੇ ਪਿੰਡ ਵਾਲੇ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਧਰਨਾ ਲਾ ਕੇ ਬੈਠੇ ਸੀ। ਪਰਵੀਨ ਕੌਰ ਨੇ ਕਿਹਾ ਕਿ ਹਸਪਤਾਲ ਦੇ ਅੰਦਰ ਪੋਸਟਮਾਰਟਮ ਹੋ ਰਿਹਾ ਹੈ ਪਰ ਉਹ ਲਾਸ਼ ਨੂੰ ਉਦੋਂ ਤੱਕ ਨਹੀਂ ਲੈ ਕੇ ਜਾਣਗੇ ਜਦੋਂ ਤਕ ਪੁਲਿਸ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰਦੀ।
ਪਰਿਵਾਰ ਨੇ ਦੱਸਿਆ ਕਿ ਉਹ ''ਸੈਂਸੀ'' ਹਨ ਤੇ ਪੁਲਿਸ ਵਾਲੇ ਅਕਸਰ ਉਨ੍ਹਾਂ ਦੇ ਭਾਈਚਾਰੇ 'ਤੇ ਸ਼ੱਕ ਕਰਦੇ ਹਨ।
ਪਰਵੀਨ ਕੌਰ ਨੇ ਕਿਹਾ, "ਪਿਛਲੇ ਦਿਨਾਂ ਤੋਂ ਇਸ ਕਾਰਨ ਵੀ ਸ਼ੱਕ ਵਧਿਆ ਹੈ ਕਿ ਅਸੀਂ ਆਪਣੇ ਪੱਕੇ ਘਰ ਕਿਵੇਂ ਬਣਾ ਰਹੇ ਹਾਂ ਤੇ ਇਸਦੇ ਲਈ ਪੈਸਾ ਕਿਥੋਂ ਆ ਰਿਹਾ ਹੈ। ਕੀ ਇਹ ਜ਼ਰੂਰੀ ਹੈ ਕਿ ਅਸੀਂ ਪੈਸੇ ਕਮਾਉਣ ਲਈ ਨਸ਼ੇ ਦਾ ਕੰਮ ਹੀ ਕਰਾਂਗੇ?"
ਜਸਵੀਰ ਦਾ ਪਤੀ ਵੀ ਦਿਹਾੜੀ ਕਰਦਾ ਹੈ ਤੇ ਉਨ੍ਹਾਂ ਦੇ ਦੋ ਬੇਟੇ ਹਨ—ਇੱਕ ਸਕੂਲ ਵਿੱਚ ਪੜ੍ਹਦਾ ਹੈ ਤੇ ਦੂਜਾ ਇਟਲੀ ਵਿੱਚ ਕੰਮ ਕਰਨ ਲਈ ਗਿਆ ਹੈ।
ਪੁਲਿਸ ਕਸਟਡੀ ਵਿੱਚ ਮੌਤਾਂ
ਪੁਲਿਸ ਕਸਟਡੀ ਵਿੱਚ ਮੌਤ ਹੋਣੀ ਬਹੁਤ ਗੰਭੀਰ ਮਾਮਲਾ ਮੰਨਿਆ ਜਾਂਦਾ ਹੈ। ਖ਼ਾਸ ਤੌਰ 'ਤੇ ਇਸ ਲਈ ਵੀ ਕਿਉਂਕਿ ਪੁਲਿਸ ਦਾ ਕੰਮ ਸੁਰੱਖਿਆ ਕਰਨਾ ਹੁੰਦਾ ਹੈ। ਸਾਰੇ ਦੇਸ਼ ਦੇ ਜੁਰਮਾਂ ਬਾਰੇ ਅੰਕੜੇ ਇਕੱਠੇ ਕਰਨ ਵਾਲੀ ਏਜੰਸੀ, National Crime Records Bureau ਮੁਤਾਬਕ ਸਾਲ 2020 ਵਿੱਚ ਸੂਬੇ 'ਚ ਪੁਲਿਸ ਕਸਟਡੀ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ।
ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਸੀ ਜੋ ਪੁਲਿਸ ਹਿਰਾਸਤ ਵਿੱਚ ਸੀ ਤੇ ਜਿਸ ਨੂੰ ਰਿਮਾਂਡ 'ਤੇ ਨਹੀਂ ਲਿਆ ਗਿਆ ਸੀ। ਕੁੱਲ ਮਿਲਾ ਕੇ ਸਾਰੇ ਦੇਸ਼ ਵਿੱਚ 76 ਲੋਕਾਂ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ ਸੀ।
ਨਵਾਂਸ਼ਹਿਰ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਪੁਲਿਸ ਥਾਣਾ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਹੈ। ਪਰ ਜਸਵੀਰ ਦੇ ਪਰਿਵਾਰ ਤੇ ਪਿੰਡ ਵਾਲੇ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ਤੇ ਸਾਰੇ ਦੋਸ਼ੀ ਪੁਲਿਸ ਕਰਮੀਆਂ ਦੀ ਗਿਰਫਤਾਰੀ ਦੀ ਮੰਗ ਕਰ ਰਹੇ ਹਨ।
ਸਵਾਲ ਇਹ ਵੀ ਚੁੱਕਿਆ ਜਾ ਰਿਹਾ ਹੈ ਕਿ ਪੁਲਿਸ ਦੇ ਮੁਲਾਜ਼ਮਾਂ ਖ਼ਿਲਾਫ਼ ਪੁਲਿਸ ਦੀ ਹੀ ਜਾਂਚ ਉੱਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: