You’re viewing a text-only version of this website that uses less data. View the main version of the website including all images and videos.
ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ WHO ਦੀ ਹਰੀ ਝੰਡੀ
ਭਾਰਤ ਵਿੱਚ ਬਣਾਈ ਗਈ ਕੋਵੈਕੀਸਨ ਨੂੰ ਵਿਸ਼ਵ ਸਿਹਤ ਸੰਗਠਨ ਨੇ ਐਮਰਜੈਂਸੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ।
ਪਿਛਲੇ ਕਈ ਮਹੀਨਿਆਂ ਤੋਂ, ਕੋਵੈਕਸੀਨ ਦੀ ਨਿਰਮਾਤਾ ਕੰਪਨੀ ਭਾਰਤ ਬਾਇਓਟੈਕ ਅਤੇ ਵਿਸ਼ਵ ਸਿਹਤ ਸੰਗਠਨ ਦੇ ਵਿਚਕਾਰ ਇਸ ਮੁੱਦੇ ਉੱਪਰ ਗੱਲਬਾਤ ਹੋ ਰਹੀ ਸੀ।
ਸੰਗਠਨ ਨੇ ਸਮੇਂ-ਸਮੇਂ ਉੱਪਰ ਭਾਰਤ ਵਿੱਚ ਬਣੀ ਇਸ ਵੈਕਸੀਨ ਦੇ ਬਾਰੇ ਵਿੱਚ ਨਿਰਮਾਤਿਆਂ ਤੋਂ ਵਿਸਤਾਰ ਵਿੱਚ ਜਾਣਕਾਰੀਆਂ ਦੀ ਮੰਗ ਕੀਤੀ ਸੀ ਤਾਂ ਜੋ ਇਸ ਨੂੰ ਕੌਮਾਂਤਰੀ ਕਸੌਟੀਆਂ ਉੱਪਰ ਕਸਿਆ ਜਾ ਸਕੇ।
WHO ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਲਿਖਿਆ ਗਿਆ ਹੈ, WHO ਨੇ ਭਾਰਤ ਬਾਇਓਟੈਕ ਵੱਲੋਂ ਬਣਾਈ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਹੁਣ ਕੋਵਿਡ ਦੀ ਰੋਕਥਾਮ ਕਰਨ ਵਾਲੀਆਂ ਵੈਕਸੀਨਾਂ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ।
ਇਹ ਵੀ ਪੜ੍ਹੋ:
WHO ਦੀ ਦੱਖਣੀ-ਪੂਰਬੀ ਏਸ਼ੀਆ ਦੀ ਨਿਰਦੇਸ਼ਕ ਨੇ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਮਿਲਣ ਉੱਪਰ ਵਧਾਈ ਦਿੱਤੀ ਹੈ।
ਡਾ. ਪੂਨਮ ਖੇਤਰਪਾਲ ਨੇ ਕਿਹਾ ਹੈ, "ਭਾਰਤ ਵਿੱਚ ਬਣੀ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਆਗਿਆ ਮਿਲਣ 'ਤੇ ਭਾਰਤ ਨੂੰ ਵਧਾਈ।"
ਕੋਵੈਕਸੀਨ ਦੀ ਸ਼ੈਲਫ਼ ਲਾਈਫ਼ ਨੂੰ ਵੀ ਭਾਰਤ ਨੇ ਵਧਾਇਆ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਸਰਕਾਰ ਦੇ ਇੱਕ ਵਿਭਾਗ ਨੇ ਕੋਵੈਕਸੀਨ ਦੀ ਸ਼ੈਲਫ਼ ਲਾਈਫ਼ ਛੇ ਮਹੀਨਿਆਂ ਤੋਂ ਵਧਾ ਕੇ ਇੱਕ ਸਾਲ ਕਰ ਦਿੱਤੀ ਸੀ।
ਸੈਂਟਰਲ ਡਰਗਸ ਸਟੈਂਡਰਡ ਕੰਟਰੋਲ ਆਗਰੇਨਾਈਜ਼ੇਸ਼ਨ ਨੇ ਇਹ ਮਿਆਦ ਵਧਾਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕੋਵੈਕਸੀਨ ਨੂੰ ਐਮਰਜੈਂਸੀ ਹਾਲਤਾਂ ਵਿੱਚ ਵਰਤੋਂ ਦੀ ਮਨਜ਼ੂਰੀ ਦਿੱਤੇ ਜਾਣ ਲਈ WHO ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਟਵੀਟ ਕੀਤਾ, "ਇਹ ਸਮਰੱਥ ਲੀਡਰਸ਼ਿਪ ਦੀ ਨਿਸ਼ਾਨੀ ਹੈ, ਇਹ ਮੋਦੀ ਜੀ ਦੇ ਸੰਕਲਪ ਦੀ ਕਹਾਣੀ ਹੈ, ਇਹ ਦੇਸ਼ਵਾਸੀਆਂ ਦੇ ਵਿਸ਼ਵਾਸ ਦੀ ਜ਼ੁਬਾਨੀ ਹੈ, ਇਹ ਆਤਮ ਨਿਰਭਰ ਭਾਰਤ ਦੀ ਦੀਵਾਲੀ ਹੈ। ਅਸੀਂ WHO ਦਾ ਮੇਡ ਇਨ ਇੰਡੀਆ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਲਈ ਧੰਨਵਾਦ ਕਰਦੇ ਹਾਂ।"
ਕੋਵੈਕਸੀਨ ਕਿੰਨੀ ਅਸਰਦਾਰ ਹੈ?
ਕੋਵੈਕਸੀਨ ਮਰੇ ਹੋਏ ਕੋਰੋਨਾਵਾਇਰਸ ਤੋਂ ਬਣਾਇਆ ਗਿਆ ਹੈ ਜੋ ਇਸ ਨੂੰ ਸੁਰੱਖਿਅਤ ਬਣਾਉਂਦਾ ਹੈ। ਇਸ ਨੂੰ ਬਣਾਉਣ ਲਈ ਭਾਰਤ ਬਾਇਓਟੈਕ ਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਵੱਲੋਂ ਚੁਣੇ ਗਏ ਕੋਰੋਨਾਵਾਇਰਸ ਦੇ ਸੈਂਪਲ ਦਾ ਇਸਤੇਮਾਲ ਕੀਤਾ ਹੈ।
ਦੇਸ਼ ਦੀ 24 ਸਾਲ ਪੁਰਾਣੀ ਕੰਪਨੀ ਭਾਰਤ ਬਾਇਓਟੈਕ 16 ਬਿਮਾਰੀਆਂ ਦੇ ਬਚਾਅ ਲਈ ਟੀਕੇ ਬਣਾਉਂਦੀ ਹੈ। ਇਨ੍ਹਾਂ ਟੀਕਿਆਂ ਨੂੰ 123 ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ।
ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਵਿਚਕਾਰ ਚਾਰ ਹਫਤਿਆਂ ਦਾ ਅੰਤਰ ਰੱਖਿਆ ਜਾਂਦਾ ਹੈ। ਇਸ ਨੂੰ 2-8 ਡਿਗਰੀ ਦੇ ਤਾਪਮਾਨ 'ਤੇ ਸਟੋਰ ਕੀਤਾ ਜਾਂਦਾ ਹੈ। ਇਸ ਵੈਕਸੀਨ ਦੇ ਟ੍ਰਾਇਲ ਦੇ ਤੀਜੇ ਗੇੜ੍ਹ ਦੇ ਨਤੀਜੇ ਦਸਦੇ ਹਨ ਕਿ ਇਹ ਟੀਕਾ 81 ਫੀਸਦ ਤੱਕ ਅਸਰਦਾਰ ਹੈ।
ਇਹ ਵੀ ਪੜ੍ਹੋ:
ਇਹ ਵੀ ਵੇਖੋ: