You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਅਤੇ ਉੱਤਰੀ ਕੋਰੀਆ ਨੂੰ ਪ੍ਰਮਾਣੂ ਬੰਬ ਬਣਾਉਣ ਦੀ ਤਕਨੀਕ ਦੇਣ ਵਾਲਾ ਵਿਗਿਆਨੀ
ਵਿਸ਼ੇਸ਼ ਸੁਰੱਖਿਆ ਬਲਾਂ ਦੀ ਸਖਤ ਸੁਰੱਖਿਆ ਦਰਮਿਆਨ ਕਿਸੇ ਵਿਗਿਆਨੀ ਨੂੰ ਵਿਸ਼ੇਸ਼ ਵਾਹਨਾਂ ਦੇ ਕਾਫਲੇ ਵਿੱਚ ਵੇਖਣਾ ਆਮ ਗੱਲ ਨਹੀਂ ਹੈ। ਉਹ ਵੀ ਉਦੋਂ ਜਦੋਂ ਇਹ ਸੁਰੱਖਿਆ ਪ੍ਰਣਾਲੀ ਦੇਸ਼ ਦੇ ਰਾਸ਼ਟਰਪਤੀ ਲਈ ਤਾਇਨਾਤ ਸੁਰੱਖਿਆ ਪ੍ਰਣਾਲੀ ਨਾਲੋਂ ਜ਼ਿਆਦਾ ਹੋਵੇ।
ਹਾਲਾਂਕਿ ਇੱਥੇ ਅਸੀਂ ਡਾ਼ ਅਬਦੁਲ ਕਾਦੀਰ ਖ਼ਾਨ ਬਾਰੇ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ ਏ.ਕੇ. ਖ਼ਾਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਹ ਕੋਈ ਆਮ ਵਿਗਿਆਨੀ ਨਹੀਂ ਸਨ। ਡਾ. ਅਬਦੁਲ ਕਾਦੀਰ ਖ਼ਾਨ ਨੂੰ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਡਾ. ਕਾਦੀਰ ਖ਼ਾਨ ਦਾ ਐਤਵਾਰ ਸਵੇਰੇ 85 ਸਾਲ ਦੀ ਉਮਰ ਵੱਚ ਦੇਹਾਂਤ ਹੋ ਗਿਆ। ਇਹ ਲੇਖ ਉਨ੍ਹਾਂ ਦੇ ਜੀਵਨ ਤੇ ਇੱਕ ਪੰਛੀ ਝਾਤ ਹੈ।
ਪੇਸ਼ੇ ਵੱਜੋਂ ਇੱਕ ਇੰਜੀਨੀਅਰ ਡਾ. ਖ਼ਾਨ ਨੇ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪਰਮਾਣੂ ਬੰਬ ਬਣਾਉਣ ਦੀ ਤਕਨੀਕ, ਮਿਜ਼ਾਇਲ ਬਣਾਉਣ ਲਈ ਯੂਰੇਨੀਅਮ ਦੀ ਇਨਰਿਚਮੈਂਟ, ਮਿਜ਼ਾਇਲ 'ਚ ਲੱਗਣ ਵਾਲੇ ਉਪਕਰਣਾਂ ਅਤੇ ਪੁਰਜ਼ਿਆਂ ਦੇ ਵਪਾਰ 'ਚ ਬਿਤਾਇਆ।
ਯੂਰਪ ਵਿੱਚ ਕਈ ਸਾਲਾਂ ਤੱਕ ਪਰਮਾਣੂ ਊਰਜਾ ਦੇ ਖੇਤਰ 'ਚ ਪੜ੍ਹਾਈ ਅਤੇ ਕੰਮ ਕਰਨ ਵਾਲੇ ਡਾ. ਖ਼ਾਨ ਨੂੰ ਮਿਜ਼ਾਇਲ ਬਣਾਉਣ ਦਾ ਤਰੀਕਾ ਵੀ ਆਉਂਦਾ ਸੀ।
ਡਾ. ਖ਼ਾਨ ਨੇ ਪਰਮਾਣੂ ਤਕਨੀਕ ਦੀ ਜਾਣਕਾਰੀ ਅਤੇ ਆਪਣੀਆਂ ਸੇਵਾਵਾਂ ਪਾਕਿਸਤਾਨ, ਲੀਬੀਆ, ਉੱਤਰੀ ਕੋਰੀਆ ਅਤੇ ਈਰਾਨ ਵਰਗੇ ਦੇਸ਼ਾਂ ਨੂੰ ਮੁੱਹਈਆ ਕਰਵਾਈਆਂ ਸਨ। ਇੰਨ੍ਹਾਂ ਦੇਸ਼ਾਂ ਦੇ ਪਰਮਾਣੂ ਪ੍ਰੋਗਰਾਮ ਨੂੰ ਵਿਕਸਤ ਕਰਨ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ।
ਪਰ ਇਹ ਪਾਕਿਸਤਾਨ ਹੀ ਸੀ, ਜਿੱਥੇ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਹਾਸਲ ਹੋਈ। ਕਿਹਾ ਜਾਂਦਾ ਹੈ ਕਿ 1980 ਅਤੇ 1990 ਦੇ ਦਹਾਕੇ ਦੌਰਾਨ ਇਸਲਾਮਾਬਾਦ 'ਚ ਸਭ ਤੋਂ ਤਾਕਤਵਰ ਵਿਅਕਤੀ ਡਾ. ਖ਼ਾਨ ਹੀ ਸਨ।
ਉਨ੍ਹਾਂ ਦੀਆਂ ਤਸਵੀਰਾਂ ਸਕੂਲਾਂ ਦੀਆਂ ਦੀਵਾਰਾਂ, ਸੜਕਾਂ-ਗਲੀਆਂ 'ਚ ਪੋਸਟਰਾਂ 'ਤੇ ਵਿਖਦੀਆਂ ਸਨ। ਡਾ. ਖ਼ਾਨ ਨੂੰ 1996 ਅਤੇ 1999 'ਚ ਦੋ ਵਾਰ ਦੇਸ਼ ਦਾ ਸਰਬੋਤਮ ਨਾਗਰਿਕ ਪੁਰਸਕਾਰ ਨਿਸ਼ਾਨ-ਏ-ਇਮਤਿਆਜ਼ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਵਿਸ਼ਵਵਿਆਪੀ ਸਿਆਸਤ 'ਤੇ ਉਨ੍ਹਾਂ ਦਾ ਅਜਿਹਾ ਪ੍ਰਭਾਵ ਸੀ ਕਿ ਸਾਲ 2019 ਦੇ ਫਰਵਰੀ ਮਹੀਨੇ 'ਚ ਉਨ੍ਹਾਂ ਦੀ ਵਿਰਾਸਤ ਦੇ ਬਾਰੇ 'ਚ ਦੋ ਵਾਰ ਮੁੜ ਤੋਂ ਚਰਚਾ ਹੋਈ ਸੀ।
ਪਹਿਲੀ ਵਾਰ ਉਦੋਂ ਜਦੋਂ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵੱਧ ਗਿਆ ਸੀ। ਦੋਵਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹੋਣ ਦੇ ਕਾਰਨ ਇਸ ਤਣਾਅ ਦਾ ਪਰਛਾਵਾਂ ਆਲਮੀ ਭਾਈਚਾਰੇ 'ਚ ਵੀ ਵੇਖਣ ਨੂੰ ਮਿਲਿਆ।
ਫਿਰ ਦੂਜੀ ਵਾਰ ਜਦੋਂ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਪਰਮਾਣੂ ਨਿਸ਼ਸਤਰੀਕਰਨ ਬਾਰੇ ਹਨੋਈ ਵਿਖੇ ਚੱਲ ਰਹੀ ਗੱਲਬਾਤ ਬੇਨਤੀਜਾ ਰਹੀ ਸੀ।
ਇਹ ਜਾਣਨ ਲਈ ਕਿ ਕਿਵੇਂ ਇੱਕ ਵਿਗਿਆਨੀ ਨੇ ਪਰਮਾਣੂ ਹਥਿਆਰਾਂ ਦੇ ਵਪਾਰ ਨਾਲ ਜੁੜੀ ਖੁਫ਼ੀਆ ਜਾਣਕਾਰੀ ਚੋਰੀ ਕੀਤੀ ਅਤੇ ਇਸ ਨੂੰ ਉਨ੍ਹਾਂ ਦੇਸ਼ਾਂ ਨੂੰ ਵੇਚਿਆ, ਜੋ ਕਿ ਰਾਜਨੀਤਿਕ ਤੌਰ 'ਤੇ ਅਸਥਿਰ ਸਨ। ਸਾਨੂੰ ਉਸ ਵਿਗਿਆਨੀ ਦੇ ਇਤਿਹਾਸ 'ਚ ਝਾਤ ਮਾਰਨੀ ਪਵੇਗੀ ਅਤੇ ਉਸ ਸਮੇਂ ਦੀ ਸਥਿਤੀ ਨੂੰ ਸਮਝਣਾ ਪਵੇਗਾ।
ਭਾਰਤ ਤੋਂ ਯੂਰਪ ਤੱਕ ਦਾ ਸਫ਼ਰ
ਡਾ. ਅਬਦੁਲ ਕਾਦੀਰ ਖ਼ਾਨ ਦਾ ਜਨਮ ਸਾਲ 1935 ਵਿੱਚ ਅਣਵੰਡੇ ਭਾਰਤ ਦੇ ਭੋਪਾਲ ਵਿੱਚ ਇੱਕ ਸਧਾਰਨ ਪਰਿਵਾਰ 'ਚ ਹੋਇਆ ਸੀ। ਉਸ ਸਮੇਂ ਇੱਥੇ ਅੰਗ੍ਰੇਜ਼ੀ ਹਕੂਮਤ ਰਾਜ ਕਰ ਰਹੀ ਸੀ। ਫਿਰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਖ਼ਾਨ ਪਰਿਵਾਰ ਪਾਕਿਸਤਾਨ 'ਚ ਵਸ ਗਿਆ।
1960 ਵਿੱਚ ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਤੋਂ ਧਾਤੂ ਵਿਗਿਆਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਪਰਮਾਣੂ ਇੰਜੀਨੀਅਰਿੰਗ ਨਾਲ ਸਬੰਧਤ ਹੋਰ ਪੜ੍ਹਾਈ ਕਰਨ ਲਈ ਪੱਛਮੀ ਜਰਮਨੀ, ਬੈਲਜੀਅਮ ਅਤੇ ਨੀਦਰਲੈਂਡ ਗਏ।
1972 ਵਿੱਚ ਉਨ੍ਹਾਂ ਨੂੰ ਐਮਸਟਰਡੈਮ 'ਚ ਮੌਜੂਦ ਫਿਜ਼ੀਕਲ ਡਾਇਨਾਮਿਕਸ ਰਿਸਰਚ ਲੈਬਾਰਟਰੀ 'ਚ ਨੌਕਰੀ ਮਿਲੀ। ਭਾਵੇਂ ਕਿ ਉਹ ਕੰਪਨੀ ਛੋਟੀ ਸੀ ਪਰ ਇੱਕ ਮਲਟੀਨੈਸ਼ਨਲ ਕੰਪਨੀ ਯੂਆਰਈਐਨਸੀਓ, ਯੂਰੇਨਕੋ ਦੇ ਨਾਲ ਇਸ ਦਾ ਸਮਝੌਤਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਬਾਅਦ ਵਿੱਚ, ਪਰਮਾਣੂ ਉਪਕਰਣਾਂ ਅਤੇ ਖੁਫ਼ੀਆ ਜਾਣਕਾਰੀ ਦੇ ਬਾਜ਼ਾਰ ਦੀ ਦੁਨੀਆ 'ਚ ਡਾ. ਖ਼ਾਨ ਲਈ ਉਨ੍ਹਾਂ ਦਾ ਇਹ ਕੰਮ ਅਹਿਮ ਰਿਹਾ ਸੀ।
ਬ੍ਰਿਟਿਸ਼, ਜਰਮਨੀ ਅਤੇ ਡੱਚ ਮੂਲ ਦੀਆਂ ਕੰਪਨੀਆਂ ਦਾ ਇਹ ਸੰਗਠਨ ਪਰਮਾਣੂ ਊਰਜਾ ਦੇ ਉਤਪਾਦਨ ਲਈ ਯੂਰੇਨੀਅਮ ਸੋਧਨ ਦੀ ਖੋਜ ਅਤੇ ਵਿਕਾਸ ਲਈ ਕੰਮ ਕਰਦਾ ਸੀ। ਇਸ ਲਈ ਉਹ ਸਸਤੀ ਤਕਨੀਕ ਦੀ ਵਰਤੋਂ ਕਰਦਾ ਸੀ, ਜਿਸ ਨੂੰ ਕਿ ਜ਼ਿੱਪੀ ਸੈਂਟਰੀਫਿਊਜ਼ ਕਿਹਾ ਜਾਂਦਾ ਸੀ।
ਹਾਲਾਂਕਿ ਇਹ ਤਕਨੀਕ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਸਸਤੀ ਦਰ 'ਤੇ ਬਿਜਲੀ ਮੁਹੱਈਆ ਕਰਵਾਉਣ ਲਈ ਵਰਤੀ ਜਾ ਸਕਦੀ ਸੀ, ਪਰ ਥੋੜ੍ਹੀ ਜਿਹੀ ਤਬਦੀਲੀ ਨਾਲ ਇਹ ਐਟਮ ਬੰਬ ਬਣਾਉਣ ਲਈ ਇੱਕ ਮਹੱਤਵਪੂਰਣ ਕੱਚਾ ਮਾਲ ਵੀ ਬਣ ਸਕਦੀ ਸੀ।
ਇਨਸਾਈਕਲੋਪੀਡੀਆ ਬ੍ਰਿਟਾਨਿਕਾ ਦੇ ਅਨੁਸਾਰ, "ਖ਼ਾਨ ਨੇ ਹੇਠਲੇ ਪੱਧਰ ਦੀ ਸੁਰੱਖਿਆ ਮਨਜ਼ੂਰੀ ਹਾਸਲ ਕੀਤੀ, ਪਰ ਰੱਖ-ਰਖਾਵ ਦੀ ਪ੍ਰਕਿਰਿਆ ਢਿੱਲੀ ਹੋਣ ਦੇ ਕਾਰਨ, ਉਹ ਪਰਮਾਣੂ ਤਕਨੀਕ, ਖਾਸ ਕਰਕੇ ਸੈਂਟਰੀਫਿਊਜ਼ ਦੇ ਕੰਮ ਕਰਨ ਦੇ ਢੰਗ ਬਾਰੇ ਕਾਫ਼ੀ ਜਾਣਕਾਰੀ ਇੱਕਠੀ ਕਰਨ 'ਚ ਸਫਲ ਰਹੇ। ਉਨ੍ਹਾਂ ਨੇ ਅਲਮੇਲੋ 'ਚ ਡੱਚ ਯੂਰੇਨੀਅਮ ਪਲਾਂਟ ਦਾ ਵੀ ਦੌਰਾ ਕੀਤਾ।"
ਇਸ ਇਨਸਾਈਕਲੋਪੀਡੀਆ ਦੇ ਮੁਤਾਬਕ, "ਸੈਂਟਰੀਫਿਊਜ਼ ਦੀ ਤਕਨੀਕ ਨਾਲ ਜੁੜੇ ਦਸਤਾਵੇਜ਼ਾਂ ਨੂੰ ਜਰਮਨੀ ਭਾਸ਼ਾ ਤੋਂ ਡੱਚ ਭਾਸ਼ਾ 'ਚ ਅਨੁਵਾਦ ਕਰਨ ਦਾ ਕੰਮ ਵੀ ਡਾ. ਖ਼ਾਨ ਕੋਲ ਸੀ।"
ਪਰ ਬਾਅਦ 'ਚ ਉਨ੍ਹਾਂ ਨੇ ਨਾ ਸਿਰਫ ਜਿੱਪੀ ਸੈਂਟਰੀਫਿਊਜ਼ ਨੂੰ ਬਣਾਉਣਾ ਸਿੱਖਿਆ, ਬਲਕਿ ਉਨ੍ਹਾਂ ਨੇ ਯੂਰੇਨਕੋ ਸਪਲਾਈ ਲੜੀ ਦੀ ਵਰਤੋਂ ਕਰਦਿਆਂ ਇਸ ਲਈ ਲੋੜੀਂਦੇ ਪੁਰਜ਼ੇ ਇੱਕਠੇ ਕਰਨ ਦਾ ਤਰੀਕਾ ਵੀ ਲੱਭਿਆ।
ਸਾਲ 1974 'ਚ ਜਦੋਂ ਭਾਰਤ ਨੇ ਆਪਣਾ ਪਹਿਲਾ ਪਰਮਾਣੂ ਪ੍ਰੀਖਣ ਕੀਤਾ ਤਾਂ ਉਸ ਸਮੇਂ ਪਾਕਿਸਤਾਨ ਦਾ ਇਹ ਇੰਜੀਨੀਅਰ ਫਿਜ਼ੀਕਲ ਡਾਇਨਾਮਿਕਸ ਰਿਸਰਚ ਲੈਬੋਰਟਰੀ 'ਚ ਹੀ ਕੰਮ ਕਰ ਰਿਹਾ ਸੀ।
ਇਹ ਵੀ ਲਿਖੋ:
ਅਮਰੀਕੀ ਮੈਗਜ਼ੀਨ ਫਾਰਨ ਅਫ਼ੇਅਰਸ 'ਚ ਸਾਲ 2018 'ਚ ਪ੍ਰਕਾਸ਼ਿਤ ਇੱਕ ਲੇਖ 'ਚ ਕਿਹਾ ਗਿਆ ਸੀ, " ਇਸ ਘਟਨਾ ਨੇ ਇੱਕ ਤਰ੍ਹਾਂ ਨਾਲ ਡਾ. ਖ਼ਾਨ ਦੇ ਅੰਦਰ ਮੌਜੂਦ ਰਾਸ਼ਟਰਵਾਦ ਨੂੰ ਚੁਣੌਤੀ ਦਿੱਤੀ ਅਤੇ ਉਹ ਗੁਆਂਢੀ ਮੁਲਕ ਨਾਲ ਬਰਾਬਰੀ ਕਰਨ 'ਚ ਪਾਕਿਸਤਾਨ ਦੀ ਮਦਦ ਕਰਨ ਲਈ ਯਤਨਸ਼ੀਲ ਹੋਏ।"
ਇਸੇ ਸਾਲ ਹੀ ਉਨ੍ਹਾਂ ਨੇ ਪਾਕਿਸਤਾਨ ਦੀ ਖੁਫ਼ੀਆ ਵਿਭਾਗ ਨਾਲ ਕੰਮ ਕਰਨਾ ਸ਼ੂਰੂ ਕਰ ਦਿੱਤਾ ਸੀ।
ਮੈਗਜ਼ੀਨ ਦੇ ਅਨੁਸਾਰ ਸੀਆਈਏ ਅਤੇ ਡੱਚ ਦੀ ਖੁਫ਼ੀਆ ਏਜੰਸੀਆਂ ਨੇ ਉਨ੍ਹਾਂ ਦੀ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਸ਼ੂਰੂ ਕਰ ਦਿੱਤੀ ਸੀ।
ਪਰ ਉਨ੍ਹਾਂ ਨੂੰ ਰੋਕਣ ਦੀ ਬਜਾਏ, ਉਨ੍ਹਾਂ ਨੇ ਪਾਕਿਸਤਾਨ ਦੇ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਅਤੇ ਤਸਕਰੀ ਦੇ ਨੈੱਟਵਰਕ ਦਾ ਪਤਾ ਲਗਾਉਣ ਲਈ ਡਾ. ਖ਼ਾਨ ਦੀ ਜਾਸੂਸੀ ਕਰਨ ਦਾ ਫੈਸਲਾ ਕੀਤਾ।
ਮੈਗਜ਼ੀਨ 'ਚ ਲਿਖਿਆ ਗਿਆ ਹੈ, "ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ ਕਿ ਡਾ. ਖ਼ਾਨ ਨੂੰ ਆਪਣੇ 'ਤੇ ਹੋ ਰਹੀ ਜਾਸੂਸੀ ਬਾਰੇ ਪਤਾ ਸੀ ਜਾਂ ਫਿਰ ਨਹੀਂ। ਪਰ ਦਸੰਬਰ 1975 'ਚ ਇੱਕ ਦਿਨ ਅਚਾਨਕ ਹੀ ਡਾ. ਖ਼ਾਨ ਅਤੇ ਉਨ੍ਹਾਂ ਦਾ ਪਰਿਵਾਰ ਹਾਲੈਂਡ ਛੱਡ ਕੇ ਪਾਕਿਸਤਾਨ ਚਲਾ ਗਿਆ।"
ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ 'ਚ ਡਾ. ਖ਼ਾਨ ਦੀ ਭੂਮਿਕਾ
ਪਾਕਿਸਤਾਨ ਜਾਣ ਤੋਂ ਬਾਅਦ ਡਾ. ਖ਼ਾਨ ਨੇ ਸੈਂਟਰੀਫਿਊਜ਼ ਦੇ ਜਰਮਨ ਡਿਜ਼ਾਇਨ ਦੇ ਅਧਾਰ 'ਤੇ ਇੱਕ ਪ੍ਰੋਟੋਟਾਈਪ ਤਿਆਰ ਕੀਤਾ।
ਸੈਂਟਰੀਫਿਊਜ਼ ਦੇ ਪੁਰਜ਼ੇ ਮੰਗਵਾਉਣ ਲਈ ਉਨ੍ਹਾਂ ਨੇ ਯੂਰਪੀਅਨ ਕੰਪਨੀਆਂ ਨਾਲ ਵੀ ਸੰਪਰਕ ਕਾਇਮ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਦੇ ਇਸ ਪ੍ਰੋਗਰਾਮ ਦੇ ਪਿੱਛੇ ਫੌਜ ਦਾ ਕੋਈ ਉਦੇਸ਼ ਨਹੀਂ ਹੈ। ਪਰ 1998 ਦੇ ਪਰਮਾਣੂ ਪ੍ਰੀਖਣ ਤੋਂ ਬਾਅਦ ਉਨ੍ਹਾਂ ਨੇ ਮੰਨਿਆ ਕਿ, "ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਸੀ ਕਿ ਅਸੀਂ ਬੰਬ ਤਿਆਰ ਕਰ ਰਹੇ ਹਾਂ, ਅਸੀਂ ਤਾਂ ਇਹ ਕਰਨਾ ਹੀ ਸੀ।"
ਪਰ ਇਸ ਦੇ ਨਾਲ ਹੀ ਪਾਕਿਸਤਾਨ 'ਚ ਉਨ੍ਹਾਂ ਦਾ ਮਿਸ਼ਨ ਖ਼ਤਮ ਹੋ ਗਿਆ ਸੀ।
ਇਨਸਾਈਕਲੋਪੀਡੀਆ ਦੇ ਅਨੁਸਾਰ 1980 ਦੇ ਦਹਾਕੇ ਦੇ ਮੱਧ 'ਚ ਡਾ. ਖ਼ਾਨ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਕਈ ਕੰਪਨੀਆਂ ਸਥਾਪਤ ਕੀਤੀਆਂ, ਜਿੰਨ੍ਹਾਂ ਨੇ ਬਾਅਦ 'ਚ ਵੱਡੇ ਵਪਾਰ ਦਾ ਰੂਪ ਧਾਰਨ ਕੀਤਾ। ਇਹ ਕਾਰੋਬਾਰ ਜ਼ਿੱਪੀ ਸੈਂਟਰੀਫਿਊਜ਼ ਦੇ ਡਿਜ਼ਾਇਨ ਅਤੇ ਪੁਰਜ਼ਿਆਂ ਦੀ ਵਿਕਰੀ ਦਾ ਸੀ।
ਉਨ੍ਹਾਂ ਦੇ ਖਰੀਦਦਾਰਾਂ 'ਚ ਈਰਾਨ ਸ਼ਾਮਲ ਸੀ, ਜਿਸ ਨੇ ਪਾਕਿਸਤਾਨ ਮਾਡਲ ਤੋਂ ਪ੍ਰੇਰਿਤ ਹੋ ਕੇ ਯੂਰੇਨੀਅਮ ਸੰਸ਼ੋਧਨ ਦੇ ਮਕਸਦ ਲਈ ਇੱਕ ਪਰਮਾਣੂ ਕੇਂਦਰ ਦਾ ਨਿਰਮਾਣ ਕੀਤਾ।
ਇਨਸਾਈਕਲੋਪੀਡੀਆ ਦੇ ਮੁਤਾਬਕ ਡਾ. ਖ਼ਾਨ ਨੇ ਲਗਭਗ 13 ਵਾਰ ਉੱਤਰੀ ਕੋਰੀਆ ਦਾ ਦੌਰਾ ਕੀਤਾ ਅਤੇ ਸ਼ੱਕ ਹੈ ਕਿ ਉਨ੍ਹਾਂ ਨੇ ਯੂਰੇਨੀਅਮ ਸੰਸ਼ੋਧਨ ਲਈ ਉੱਤਰੀ ਕੋਰੀਆ ਨੂੰ ਤਕਨੀਕ ਵੀ ਦਿੱਤੀ ਹੈ।
ਡਾ. ਖ਼ਾਨ ਨੇ ਲੀਬੀਆ ਨੂੰ ਵੀ ਪਰਮਾਣੂ ਤਕਨੀਕੀ ਵੇਚੀ ਸੀ। ਪਰ ਸਾਲ 2003 'ਚ ਅਮਰੀਕਾ ਨੇ ਉਸ ਦੇ ਪਰਮਾਣੂ ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਸੀ।
ਇਸ ਤੋਂ ਬਾਅਦ ਹੀ ਅਮਰੀਕਾ ਨੇ ਡਾ. ਖ਼ਾਨ ਅਤੇ ਉਨ੍ਹਾਂ ਦੀਆਂ ਕੰਪਨੀਆਂ 'ਤੇ ਪਾਬੰਦੀਆਂ ਦਾ ਐਲਾਨ ਕੀਤਾ। ਅਮਰੀਕੀ ਦਬਾਅ ਦੇ ਚੱਲਦਿਆਂ ਪਾਕਿਸਤਾਨ ਦੇ ਇਸ ਵਿਗਿਆਨੀ ਨੂੰ ਉਸ ਦੇ ਹੀ ਮੁਲਕ 'ਚ ਹਿਰਾਸਤ 'ਚ ਲੈ ਲਿਆ ਗਿਆ।
4 ਫਰਵਰੀ, 2004 ਨੂੰ ਟੈਲੀਵਿਜ਼ਨ 'ਤੇ ਪ੍ਰਸਾਰਿਤ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਪਰਮਾਣੂ ਤਕਨੀਕ ਦੀ ਅੰਤਰਰਾਸ਼ਟਰੀ ਤਸਕਰੀ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕੀਤੀ ਸੀ।
ਉਸ ਸਮੇਂ ਬੀਬੀਸੀ ਨੂੰ ਦਿੱਤੀ ਇੰਟਰਵਿਊ 'ਚ ਡਾ. ਖ਼ਾਨ ਨੇ ਕਿਹਾ ਸੀ ਕਿ "ਮੈਨੂੰ ਬਹੁਤ ਅਫਸੋਸ ਹੈ ਅਤੇ ਮੈਂ ਬਿਨ੍ਹਾਂ ਸ਼ਰਤ ਮੁਆਫੀ ਮੰਗਦਾ ਹਾਂ।"
ਉਨ੍ਹਾਂ ਨੇ ਇਹ ਵੀ ਮੰਨਿਆ ਸੀ ਕਿ ਉਨ੍ਹਾਂ ਨੇ ਉੱਤਰੀ ਕੋਰੀਆ, ਈਰਾਨ ਅਤੇ ਇਰਾਕ ਨੂੰ ਪਰਮਾਣੂ ਤਕਨੀਕ ਦਿੱਤੀ ਸੀ। ਆਪਣੇ ਇਸ ਬਿਆਨ 'ਚ ਉਨ੍ਹਾਂ ਨੇ ਆਪਣੇ ਕਾਰੋਬਾਰ 'ਚ ਸਰਕਾਰ ਜਾਂ ਫੌਜ ਦੇ ਸ਼ਾਮਲ ਹੋਣ ਦੀ ਗੱਲ ਨੂੰ ਸਿਰੇ ਤੋਂ ਨਕਾਰਿਆ ਸੀ।
ਹਾਲਾਂਕਿ ਇਨਸਾਈਕਲੋਪੀਡੀਆ ਦੇ ਅਨੁਸਾਰ, "ਬਹੁਤ ਸਾਰੇ ਪਰਮਾਣੂ ਮਾਹਰਾਂ ਨੂੰ ਉਨ੍ਹਾਂ ਦੀ ਇਸ ਗੱਲ 'ਤੇ ਭਰੋਸਾ ਨਹੀਂ ਹੋਇਆ ਸੀ।"
ਜਦੋਂ ਤੱਕ ਅਮਰੀਕੀ ਸਰਕਾਰ ਨੇ ਉਨ੍ਹਾਂ ਦੇ ਵਪਾਰ ਬਾਰੇ ਪਤਾ ਕੀਤਾ ਅਤੇ ਉਸ ਦੇ ਖਿਲਾਫ ਠੋਸ ਕਦਮ ਚੁੱਕਿਆ, ਉਦੋਂ ਤੱਕ ਤਿੰਨ ਦਹਾਕਿਆਂ ਦਾ ਸਮਾਂ ਗੁਜ਼ਰ ਚੁੱਕਿਆ ਸੀ। ਇਸ ਦਾ ਕਾਰਨ ਉਸ ਦਾ ਆਪਣੇ ਆਪ ਨੂੰ ਸ਼ੀਤ ਯੁੱਧ 'ਚ ਰੁੱਝਾ ਕੇ ਰੱਖਣਾ ਵੀ ਸੀ।
ਦਸੰਬਰ 1979 'ਚ ਸੋਵੀਅਤ ਯੂਨੀਅਨ ਨੇ ਅਫ਼ਗਾਨਿਸਤਾਨ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਅਮਰੀਕਾ ਹਰਕਤ 'ਚ ਆਇਆ ਅਤੇ ਉਸ ਨੂੰ ਏਸ਼ੀਆ 'ਚ ਆਪਣੇ ਲਈ ਇੱਕ ਫੌਜੀ ਅੱਡੇ ਦੀ ਜ਼ਰੂਰਤ ਪਈ। ਇਸ ਸਮੇਂ ਪਾਕਿਸਤਾਨ ਅਮਰੀਕਾ ਦੀ ਮਦਦ ਲਈ ਅਗਾਂਹ ਆਇਆ ਸੀ।
ਮੈਗਜ਼ੀਨ ਦੇ ਅਨੁਸਾਰ ਡਾ. ਖ਼ਾਨ ਨੇ ਸਾਲ 2009 'ਚ ਇੱਕ ਇੰਟਰਵਿਊ 'ਚ ਕਿਹਾ ਸੀ ਕਿ "ਅਫ਼ਗਾਨਿਸਤਾਨ 'ਚ ਜੰਗ ਨੇ ਸਾਨੂੰ ਆਪਣੀ ਪਰਮਾਣੂ ਸਮਰੱਥਾ ਹੋਰ ਵਧਾਉਣ ਦਾ ਮੌਕਾ ਦਿੱਤਾ ਹੈ। ਜੇਕਰ ਅਜਿਹੇ ਹਾਲਾਤ ਨਾ ਹੁੰਦੇ ਤਾਂ ਅਸੀਂ ਇੰਨ੍ਹੀ ਜਲਦੀ ਬੰਬ ਨਹੀਂ ਬਣਾ ਸਕਦੇ ਸੀ, ਜਿਵੇਂ ਕਿ ਅਸੀਂ ਕਰ ਵਿਖਾਇਆ ਹੈ।"
ਪਰ ਸਮਾਂ ਬੀਤਣ ਦੇ ਨਾਲ-ਨਾਲ ਡਾ. ਖ਼ਾਨ ਲਈ ਸਥਿਤੀਆਂ ਵਿਗੜਦੀਆਂ ਗਈਆਂ ਅਤੇ ਪਾਕਿਸਤਾਨ ਨੂੰ ਅਮਰੀਕੀ ਦਬਾਅ ਅੱਗੇ ਝੁਕਣਾ ਹੀ ਪਿਆ।
ਸਾਲ 2009 'ਚ ਡਾ. ਖ਼ਾਨ 'ਤੇ ਲੱਗੀ ਨਜ਼ਰਬੰਦੀ ਹਟਾ ਦਿੱਤੀ ਗਈ ਸੀ।
ਅੱਜ ਡਾ. ਖ਼ਾਨ ਨੂੰ ਪੱਛਮੀ ਦੇਸ਼ ਇੱਕ ਬਦਨਾਮ ਪਰਮਾਣੂ ਵਿਗਿਆਨੀ ਮੰਨਦੇ ਹਨ, ਪਰ ਪਾਕਿਸਤਾਨ ਉਨ੍ਹਾਂ ਨੂੰ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਅਤੇ ਇੱਕ ਰਾਸ਼ਟਰੀ ਨਾਇਕ ਵੱਜੋਂ ਮਾਨਤਾ ਦਿੰਦਾ ਹੈ।
ਮਾਰਚ 2019 'ਚ ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਲੇ ਤਣਾਅ 'ਚ ਪਾਕਿਸਤਾਨ ਦੀ ਜਿੱਤ ਹੋਵੇਗੀ, ਕਿਉਂਕਿ ਉਸ ਕੋਲ ਪਰਮਾਣੂ ਸ਼ਕਤੀ ਹੈ।
ਉਨ੍ਹਾਂ ਦੇ ਇਸ ਬਿਆਨ ਨੂੰ ਕਈ ਸਾਲ ਪਹਿਲਾਂ ਉਨ੍ਹਾਂ ਵੱਲੋਂ ਦਿੱਤੇ ਉਸ ਬਿਆਨ ਨਾਲ ਜੋੜ ਕੇ ਵੇਖਿਆ ਗਿਆ, ਜਦੋਂ ਉਨ੍ਹਾਂ ਕਿਹਾ ਸੀ, "ਮੈਨੂੰ ਆਪਣੇ ਦੇਸ਼ ਲਈ ਕੀਤੇ ਗਏ ਕੰਮ 'ਤੇ ਮਾਣ ਹੈ, ਇਸ ਨੇ ਪਾਕਿਸਤਾਨੀਆਂ ਨੂੰ ਮਾਣ ਅਤੇ ਸੁਰੱਖਿਆ ਦੀ ਭਾਵਨਾ ਦਿੱਤੀ ਹੈ ਅਤੇ ਇਹ ਇੱਕ ਵਧੀਆ ਵਿਗਿਆਨਕ ਪ੍ਰਾਪਤੀ ਹੈ।"
ਇਹ ਵੀ ਪੜ੍ਹੋ: