ਕੋਰੋਨਾਵਾਇਰਸ: ਭਾਰਤ ਪਹੁੰਚੀ ਰੂਸੀ ਵੈਕਸੀਨ ਸਪੂਤਨਿਕ ਕਿੰਨੀ ਕਾਰਗਰ ਹੈ - 5 ਅਹਿਮ ਖ਼ਬਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਭਾਰਤ ਵਿਚ ਕੋਰੋਨਾ ਦੇ ਵਿਗੜਦੇ ਹਾਲਾਤ ਦੌਰਾਨ ਰੂਸੀ ਵੈਕਸੀਨ ਸਪੂਤਨਿਕ- V ਦੀ ਪਹਿਲੀ ਖ਼ੇਪ ਭਾਰਤ ਪਹੁੰਚ ਗਈ ਹੈ। ਇਹ ਖ਼ੇਪ ਹੈਦਰਾਬਾਦ ਪਹੁੰਚੀ ਹੈ।

ਸਪੂਤਨਿਕ V ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ''ਸਪੂਤਨਿਕ V ਵੈਕਸੀਨ ਦੀ ਪਹਿਲੀ ਖੇਪ ਹੈਦਰਾਬਾਦ, ਭਾਰਤ ਪਹੁੰਚ ਗਈ ਹੈ।''

ਇਸੇ ਦਿਨ ਭਾਰਤ ਨੇ ਆਪਣੀ ਬਾਲਗ ਅਬਾਦੀ ਲਈ ਵਿਆਪਕ ਟੀਕਾਕਰਨ ਲਹਿਰ ਦੀ ਸ਼ੁਰੂਆਤ ਕੀਤੀ ਹੈ, ਨਾਲ ਹੀ ਇੱਕ ਟਵੀਟ ਵਿਚ ਕਿਹਾ ਗਿਆ, ''ਨਾਲ ਮਿਲਕੇ ਮਹਾਮਾਰੀ ਨੂੰ ਹਰਾਉਂਦੇ ਹਾਂ, ਇਕਜੁੱਟ ਹੋਕੇ ਅਸੀਂ ਵੱਧ ਮਜ਼ਬੂਤ ਹੋਵਾਗੇ।"

ਭਾਰਤ ਵਿੱਚ ਡਾ. ਰੈੱਡੀਜ਼ ਲੈਬ ਵੱਲੋਂ ਬਣਾਈ ਜਾ ਰਹੀ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਐਕਸਪਰਟ ਕਮੇਟੀ ਨੇ ਕੁਝ ਦਿਨ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਰੂਸੀ ਭਾਸ਼ਾ ਵਿੱਚ ਸਪੂਤਨਿਕ ਦਾ ਮਤਲਬ ਹੁੰਦਾ ਹੈ ਸੈਟੇਲਾਈਟ। ਰੂਸ ਨੇ ਹੀ ਦੁਨੀਆਂ ਦਾ ਪਹਿਲਾ ਸੈਟੇਲਾਈਟ ਬਣਾਇਆ ਸੀ। ਉਸ ਦਾ ਨਾਮ ਵੀ ਸਪੂਤਨਿਕ ਰੱਖਿਆ ਸੀ।

ਸਪੂਤਨਿਕ ਕਾਰਗਰ ਤੇ ਖ਼ਾਸ ਕਿਉਂ ਹੈ, ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਰਮਜ਼ਾਨ: ਉਹ ਲੋਕ ਜੋ ਮੁਸਲਮਾਨ ਨਹੀਂ, ਪਰ ਰੋਜ਼ੇ ਰੱਖਦੇ ਨੇ

ਸ਼੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਦੇ ਨੌਜਵਾਨ ਆਗੂ ਰੇਹਾਨ ਜੈਵਿਕਰਮੇ ਨੇ 13 ਅਪ੍ਰੈਲ ਨੂੰ ਇੱਕ ਹੈਰਾਨੀਜਨਕ ਐਲਾਨ ਕੀਤਾ।

ਉਨ੍ਹਾਂ ਨੇ ਟਵਿੱਟਰ 'ਤੇ ਕਿਹਾ, "ਮੈਂ ਇੱਕ ਬੋਧੀ ਹਾਂ ਅਤੇ ਬੋਧੀ ਜੀਵਨ ਦਰਸ਼ਨ ਦਾ ਪਾਲਣ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰਦਾ ਹਾਂ।"

"ਇਹ ਦੱਸਣ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਹਾਂ ਕਿ ਰਮਜ਼ਾਨ ਦੇ ਮੁਬਾਰਕ ਮਹੀਨੇ ਵਿੱਚ ਆਪਣੇ ਮੁਸਲਮਾਨ ਭਰਾਵਾਂ ਅਤੇ ਭੈਣਾਂ ਨਾਲ ਰੋਜ਼ੇ ਰੱਖਣ ਲਈ ਉਤਸ਼ਾਹਤ ਹਾਂ। ਮੈਂ ਪਹਿਲੀ ਵਾਰ ਰੋਜ਼ੇ ਰੱਖ ਰਿਹਾ ਹਾਂ, ਇਸ ਲਈ ਮੈਨੂੰ ਸ਼ੁੱਭ ਕਾਮਨਾਵਾਂ ਦਿਓ।"

ਰੇਹਾਨ ਜੈਵਿਕਰਮੇ ਸ਼੍ਰੀਲੰਕਾ ਦੇ ਬੇਲਿਗਾਮਾ ਸ਼ਹਿਰ ਦੀ ਨਗਰ ਪਰਿਸ਼ਦ ਦੇ ਚੇਅਰਮੈਨ ਹਨ ਅਤੇ 14 ਅਪ੍ਰੈਲ ਤੋਂ ਰਮਜ਼ਾਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਰੋਜ਼ੇ ਰੱਖ ਰਹੇ ਹਨ।

ਸ਼੍ਰੀਲੰਕਾ ਵਿੱਚ ਇਸ ਸਾਲ ਮੁਸਲਮਾਨਾਂ ਨੇ ਜਿਸ ਦਿਨ ਤੋਂ ਰੋਜ਼ੇ ਰੱਖਣ ਦੀ ਸ਼ੁਰੂਆਤ ਕੀਤੀ, ਉਸ ਦਿਨ ਸਿੰਹਾਲਾ ਅਤੇ ਤਾਮਿਲ ਭਾਈਚਾਰੇ ਦੇ ਲੋਕਾਂ ਨੇ ਵੀ ਨਵਾਂ ਸਾਲ ਮਨਾਇਆ। ਬੋਧ ਬਹੁਤਾਤ ਵਾਲੇ ਸ਼੍ਰੀਲੰਕਾ ਵਿੱਚ ਅਜਿਹੇ ਇਤਫ਼ਾਕ ਘੱਟ ਹੀ ਹੁੰਦੇ ਹਨ।

ਪੂਰੀ ਖ਼ਬਰ ਇੱਥੇ ਪੜ੍ਹੋ

ਕੋਰੋਨਾਵਾਇਰਸ: ਨਿੰਬੂ, ਕਪੂਰ, ਨੈਬੁਲਾਇਜ਼ਰ ਵਰਗੇ ਨੁਸਖ਼ਿਆਂ ਨਾਲ ਵੱਧਦਾ ਹੈ ਆਕਸੀਜਨ ਲੈਵਲ?

ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਦੇ ਸਿਹਤ ਸੰਭਾਲ ਸਿਸਟਮ ਨੂੰ ਬੇਹਾਲ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਤੁਰੰਤ ਇਲਾਜ ਦੀ ਲੋੜ ਪੈ ਰਹੀ ਹੈ। ਨਤੀਜੇ ਵਜੋਂ ਲੋਕ ਬੇਹਾਲੀ ਵਿੱਚ ਤਰ੍ਹਾਂ-ਤਰ੍ਹਾਂ ਦੇ ਨੁਸਖ਼ੇ ਅਜ਼ਮਾ ਰਹੇ ਹਨ।

ਇੰਟਰਨੈਟ ਅਤੇ ਸੋਸ਼ਲ ਮੀਡੀਆ 'ਤੇ ਗੁੰਮਰਾਹਕੁੰਨ ਜਾਣਕਾਰੀ ਫ਼ੈਲਾਅ ਕੇ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਬੇਹੱਦ ਖ਼ਤਰਨਾਕ ਤਰੀਕਿਆਂ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ।

ਮਿਸਾਲ ਵਜੋਂ ਲੋਕਾਂ ਨੂੰ ਆਕਸੀਜਨ ਸੈਚੂਰੇਸ਼ਨ ਲੈਵਲ ਵਧਾਉਣ ਲਈ ਘਰੇਲੂ ਨੁਸਖ਼ੇ ਦੱਸੇ ਜਾ ਰਹੇ ਹਨ, ਜੋ ਬਿਲਕੁਲ ਵੀ ਕਾਰਗਰ ਨਹੀਂ ਹਨ।

ਇਸ ਸਮੇਂ ਪੂਰੇ ਦੇਸ ਵਿੱਚ ਮੈਡੀਕਲ ਆਕਸੀਜਨ ਲਈ ਹਾਹਾਕਾਰ ਮਚੀ ਹੋਈ ਹੈ। ਪਰ ਇਸ ਦਰਮਿਆਨ ਖ਼ੁਦ ਨੂੰ ਡਾਕਟਰ ਦੱਸਣ ਵਾਲੇ ਇੱਕ ਵਿਅਕਤੀ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਬਹੁਤ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਵੀਡੀਓ ਵਿੱਚ ਇਹ ਕਥਿਤ ਡਾਕਟਰ ਦਾਅਵਾ ਕਰ ਰਿਹਾ ਹੈ ਕਿ ਨੈਬੂਲਾਇਜ਼ਰ ਆਕਸੀਜਨ ਸਿਲੰਡਰ ਦਾ ਕੰਮ ਕਰ ਸਕਦੀ ਹੈ।

ਅਜਿਹੇ ਦਾਅਵਿਆਂ ਦੀ ਪੜਤਾਲ ਕਰਦੀ ਇਸ ਰਿਪੋਰਟ ਨੂੰ ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ

ਪੰਜਾਬ: ਸਰਕਾਰੀ ਹਸਪਤਾਲ 'ਚ ਜਾਣਾ ਨਹੀਂ ਚਾਹੁੰਦੇ ਤੇ ਨਿੱਜੀ ਵਾਲਿਆਂ ਕੋਲ ਆਕਸੀਜਨ ਦੀ ਕਮੀ

ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੇ ਪੂਰੇ ਭਾਰਤ ਵਿੱਚ ਸਿਹਤ ਸੇਵਾਵਾਂ ਨੂੰ ਜਿਵੇਂ ਅਧਰੰਗ ਦੀ ਹਾਲਤ ਵਿੱਚ ਲਿਆ ਦਿੱਤਾ ਹੈ।

ਦਿੱਲੀ ਅਤੇ ਹੋਰ ਸੂਬਿਆਂ ਵਿੱਚ ਕੋਰੋਨਾਵਾਇਰਸ ਕਾਰਨ ਆਕਸੀਜਨ ਅਤੇ ਹੋਰ ਸਹੂਲਤਾਂ ਦੀ ਭਾਲ ਕਰਦੇ ਮਰੀਜ਼ਾਂ ਲਈ ਹਾਲਤ ਚਿੰਤਾਜਨਕ ਬਣੀ ਹੋਈ ਹੈ।

ਪੰਜਾਬ ਵਿੱਚ ਵੀ ਆਕਸੀਜਨ ਦੀ ਕਮੀ ਕਾਰਨ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਦਾਖਲ ਨਾ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ।

ਬਠਿੰਡਾ ਵਿਖੇ ਕੋਰੋਨਾ ਦੇ ਵਧੇ ਪ੍ਰਭਾਵ ਮਗਰੋਂ ਆਕਸੀਜਨ ਦੀ ਕਾਲਾਬਾਜ਼ਾਰੀ ਰੋਕਣ ਲਈ ਸਰਕਾਰ 'ਪੱਬਾਂ ਭਾਰ' ਨਜ਼ਰ ਆ ਰਹੀ ਹੈ। ਸਰਕਾਰ ਨੂੰ ਖਦਸ਼ਾ ਹੈ ਕਿ ਜ਼ਖੀਰੇਬਾਜ਼ੀ ਕੋਰੋਨਾ ਪੀੜਤਾਂ ਦੀ ਮੌਤ ਦਾ ਸਬੱਬ ਬਣ ਸਕਦੀ ਹੈ।

ਜਾਣਕਾਰੀ ਮੁਤਾਬਕ ਇੱਥੇ ਕਈ ਲੋਕਾਂ ਨੇ ਸੰਭਾਵੀ 'ਖ਼ਤਰੇ' ਕਾਰਨ ਘਰਾਂ 'ਚ ਹੀ ਆਕਸੀਜਨ ਸਿਲੰਡਰ ਰੱਖ ਲਏ ਹਨ।

ਬਠਿੰਡਾ ਸਣੇ ਅੰਮ੍ਰਿਤਸਰ ਦੇ ਹਾਲਾਤ ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ

ਕੋਰੋਨਾ ਸਮੇਂ ਭਾਰਤ ਤੋਂ ਆਸਟਰੇਲੀਆ ਗਏ ਤਾਂ 5 ਸਾਲ ਜੇਲ੍ਹ ਅਤੇ ਜੁਰਮਾਨਾ ਹੋਵੇਗਾ

ਜਿਹੜੇ ਲੋਕ ਕੋਰੋਨਾਵਾਇਰਸ ਦੀ ਮਾਰ ਝੱਲ ਰਹੇ ਭਾਰਤ ਤੋਂ ਆਸਟਰੇਲੀਆ ਆਉਣਗੇ ਉਨ੍ਹਾਂ ਨੂੰ ਪੰਜ ਸਾਲ ਦੀ ਜੇਲ੍ਹ ਹੋਵੇਗੀ।

ਆਸਟਰੇਲੀਆ ਦੀ ਸਰਕਾਰ ਨੇ ਭਾਰਤ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ ਕਿ ਜੋ ਲੋਕ ਇਸ ਦਰਮਿਆਨ ਭਾਰਤ ਤੋਂ ਆਸਟਰੇਲੀਆ ਆਉਣਗੇ ਉਨ੍ਹਾਂ ਨੂੰ ਜੇਲ੍ਹ ਵਿੱਚ 5 ਸਾਲ ਦੀ ਸਜ਼ਾ ਭੁਗਤਣੀ ਪਵੇਗੀ।

ਕੋਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਆਸਟਰੇਲੀਆ ਦੀ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ।

ਆਸਟਰੇਲੀਆ ਦੀ ਸਰਕਾਰ ਨੇ ਆਖਿਆ ਹੈ ਕਿ ਲੰਘੇ 14 ਦਿਨਾਂ ਅੰਦਰ ਜੇ ਕਿਸੇ ਮੁਸਾਫ਼ਰ ਨੇ ਭਾਰਤ ਤੋਂ ਆਸਟਰੇਲੀਆ ਦਾ ਸਫ਼ਰ ਕੀਤਾ ਹੈ ਤਾਂ ਉਸ ਨੂੰ ਜੇਲ੍ਹ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਨਦੀਪ ਉਨ੍ਹਾਂ 9000 ਆਸਟਰੇਲੀਅਨ ਨਾਗਰਿਕਾਂ ਵਿੱਚੋਂ ਇੱਕ ਹਨ ਜੋ ਕੈਨਬਰਾ ਵੱਲੋਂ ਮਹਾਂਮਾਰੀ ਪ੍ਰਭਾਵਿਤ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਮਈ ਮੱਧ ਤੱਕ ਬੰਦ ਕਰਨ ਦੇ ਐਲਾਨ ਤੋਂ ਬਾਅਦ ਭਾਰਤ ਵਿੱਚ ਫ਼ਸ ਗਏ ਹਨ।

ਮਨਦੀਪ ਦੀ ਕਹਾਣੀ ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)