'ਕੁਝ ਹਫ਼ਤਿਆਂ ਲਈ ਲੌਕਡਾਊਨ ਲਗਾਓ, ਇੱਕ ਦੂਜੇ ਦਾ ਖ਼ਿਆਲ ਰੱਖੋ...ਹਾਲਾਤ ਠੀਕ ਹੋ ਜਾਣਗੇ' - ਡਾ. ਫਾਊਚੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਚੀਫ਼ ਮੈਡੀਕਲ ਅਫ਼ਸਰ ਅਤੇ ਕੋਵਿਡ ਬਾਰੇ ਅੰਤਰਰਾਸ਼ਟਰੀ ਪੱਧਰ ਉੱਤੇ ਭਰੋਸੇਯੋਗ ਮੰਨੇ ਜਾਂਦੇ ਡਾ. ਐਂਥਨੀ ਫਾਊਚੀ ਨੇ ਭਾਰਤ ਦੇ ਕੋਰੋਨਾਵਾਇਰਸ ਕਰਕੇ ਬਣੇ ਹਾਲਾਤ ਉੱਤੇ ਆਪਣੀ ਗੱਲ ਰੱਖੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦਿਆਂ ਡਾ. ਫਾਊਚੀ ਨੇ ਕਿਹਾ ਕਿ ਕੋਈ ਵੀ ਮੁਲਕ ਖ਼ੁਦ ਨੂੰ ਬੰਦ ਨਹੀਂ ਕਰਨਾ ਚਾਹੁੰਦਾ ਪਰ ਕੁਝ ਹਫ਼ਤਿਆਂ ਲਈ ਤੁਰੰਤ ਲੌਕਡਾਊਨ ਕਰ ਦੇਣਾ ਚਾਹੀਦਾ ਹੈ ਤਾਂ ਜੋ ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੀ ਲੜੀ ਨੂੰ ਤੋੜਿਆ ਜਾ ਸਕੇ।

ਇਹ ਵੀ ਪੜ੍ਹੋ:

ਇਸ ਵਿਸ਼ੇਸ਼ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਮੈਨੂੰ ਮੌਜੂਦਾ ਸਮੇਂ ਇਹ ਲੱਗਦਾ ਹੈ ਕਿ ਭਾਰਤ ਬਹੁਤ ਹੀ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ। ਜਦੋਂ ਅਜਿਹੇ ਹਾਲਾਤ ਹੋਣ ਤਾਂ ਤੁਹਾਨੂੰ ਤੁਰੰਤ ਕੁਝ ਕਰਨਾ ਚਾਹੀਦਾ ਹੈ।

ਉਨ੍ਹਾਂ ਮੁਤਾਬਕ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਤੁਰੰਤ ਕੀ ਕੀਤਾ ਜਾਵੇ। ਜਿਵੇਂ ਲੋਕਾਂ ਦੀ ਟੀਕਾਕਰਨ ਹੋਵੇ ਤੇ ਹਰ ਹਾਲਤ ਵਿੱਚ ਜ਼ਰੂਰ ਹੋਵੇ। ਲੋਕਾਂ ਦਾ ਧਿਆਨ ਹੁਣ ਤੋਂ ਹੀ ਰੱਖਿਆ ਜਾਵੇ

ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ 6 ਜ਼ਿਲ੍ਹਿਆਂ 'ਚ ਮਾਈਕ੍ਰੋ ਕੰਟੇਨਮੈਂਟ ਜ਼ੋਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਚੂਅਲ ਮੀਟਿੰਗ ਕਰਦਿਆਂ ਸੂਬੇ ਵਿੱਚ ਕੋਵਿਡ ਦੇ ਹਾਲਾਤ ਦੀ ਸਮੀਖਿਆ ਕੀਤੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਪਟਨ ਨੇ ਇਸ ਦੌਰਾਨ ਕਿਹਾ ਕਿ ਲੌਕਡਾਊਨ ਹੱਲ ਨਹੀਂ ਹੈ।

ਉਨ੍ਹਾਂ ਪੰਜਾਬ ਦੇ ਛੇ ਜਿਲ੍ਹਿਆਂ ਮੋਹਾਲੀ, ਲੁਧਿਆਣਾ, ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਸੁਰੱਖਿਆ ਨੂੰ ਹੋਰ ਸਖ਼ਤ ਕਰਦਿਆਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਜਾਣ ਅਤੇ 100 ਫੀਸਦੀ ਟੈਸਟਿੰਗ ਪੁਖ਼ਤਾ ਕੀਤੀ ਜਾਵੇ।

ਖ਼ਬਰ ਮੁਤਾਬਕ ਕੈਪਟਨ ਨੇ ਇਹ ਵੀ ਕਿਹਾ ਉਦਯੋਗ ਜਗਤ ਨੂੰ ਆਪਣੇ ਕੋਵਿਡ ਟਰੀਟਮੈਂਟ ਸੈਂਟਰ ਬਣਾਉਣੇ ਚਾਹੀਦੇ ਹਨ ਅਤੇ ਆਪਣੇ ਕਰਮਚਾਰੀਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।

4 ਮਈ ਤੋਂ ਅਮਰੀਕਾ ਲਈ ਭਾਰਤ ਦਾ ਹਵਾਈ ਸਫ਼ਰ ਬੰਦ

ਕੋਰੋਨਾਵਇਰਸ ਦੇ ਵੱਧਦੇ ਕੇਸਾਂ ਵਿਚਾਲੇ ਭਾਰਤ ਦੇ ਤਾਜ਼ਾ ਹਾਲਾਤ ਨੂੰ ਦੇਖਦਿਆਂ ਅਮਰੀਕਾ ਨੇ ਭਾਰਤ ਤੋਂ ਹਵਾਈ ਸਫ਼ਰ ਕਰਨ ਵਾਲੇ ਉਨ੍ਹਾਂ ਲੋਕਾਂ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ ਜਿਹੜੇ ਅਮਰੀਕਾ ਵਾਸੀ ਨਹੀਂ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਗ਼ੈਰ-ਅਮਰੀਕੀ ਨਾਗਰਿਕਾਂ ਦੀ ਅਮਰੀਕਾ ਵਿੱਚ ਐਂਟਰੀ ਉੱਤੇ ਰੋਕ ਲਗਾਈ ਹੈ।

ਇਹ ਫੈਸਲਾ ਉਨ੍ਹਾਂ ਉੱਤੇ ਲਾਗੂ ਨਹੀਂ ਹੋਵੇਗਾ ਜਿਹੜੇ ਅਮਰੀਕਾ ਦੇ ਪੱਕੇ ਵਸਨੀਕ ਜਾਂ ਗ੍ਰੀਨ ਕਾਰਡ ਹੋਲਡਰ ਹਨ।

ਅਮਰੀਕਾ ਸਰਕਾਰ ਦੇ ਇਸ ਫ਼ੈਸਲੇ ਪਿੱਛੇ ਭਾਰਤ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਨੂੰ ਕਾਰਨ ਦੱਸਿਆ ਗਿਆ ਹੈ।

ਭਾਖੜਾ ਬਿਆਸ ਆਕਸੀਜਨ ਪਲਾਂਟ ਜਲਦੀ ਚੱਲਣ ਦੀ ਉਮੀਦ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਆਕਸੀਜਨ ਪਲਾਂਟ ਦੇ ਜਲਦੀ ਚੱਲਣ ਦੀ ਉਮੀਦ ਜਾਗੀ ਹੈ।

ਭਾਸਕਰ ਦੀ ਖ਼ਬਰ ਮੁਤਾਬਕ ਇਸੇ ਬਾਬਤ ਡੀਸੀ ਰੋਪੜ ਸੋਨਾਲੀ ਗਿਰੀ ਨੇ ਪਲਾਂਟ ਦਾ ਦੌਰਾ ਕਰਕੇ ਜਾਇਜ਼ਾ ਲਿਆ ਹੈ।

ਖ਼ਬਰ ਮੁਤਾਬਕ ਡੀਸੀ ਨੇ ਕਿਹਾ ਕਿ ਆਕਸੀਜਨ ਪਲਾਂਟ ਨੂੰ ਚਲਾਉਣ ਲਈ ਬੀਬੀਐਮਬੀ ਦੀ ਤਕਨੀਕੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਇਸ ਲਈ ਫੌਜ ਦੇ ਤਕਨੀਕੀ ਮਾਹਰ ਵੀ ਸੱਦੇ ਗਏ ਹਨ।

ਦੱਸ ਦਈਏ ਕਿ ਇਹ ਪਲਾਂਟ ਪਿਛਲੇ ਕੁਝ ਸਮੇਂ ਤੋਂ ਬੰਦ ਸੀ। ਪਲਾਂਟ ਠੀਕ ਹੋਣ ਤੋਂ ਬਾਅਦ ਕੁਝ ਸਮੇਂ ਲਈ ਇਸ ਨੂੰ ਖਾਲ੍ਹੀ ਚਲਾਇਆ ਜਾਵੇਗਾ ਅਤੇ ਬਾਅਦ ਵਿੱਚ ਗੈਸ ਤਿਆਰ ਕਰਨੀ ਸ਼ੁਰੂ ਕੀਤੀ ਜਾਵੇਗੀ।

ਰੂਸੀ ਵੈਕਸੀਨ ਸਪੁਤਨਿਕ V ਦਾ ਪਹਿਲਾ ਪੈਕੇਜ ਅੱਜ ਪਹੁੰਚੇਗਾ ਭਾਰਤ

ਏਬੀਪੀ ਦੀ ਖ਼ਬਰ ਮੁਤਾਬਕ ਰੂਸ ਦੀ ਵੈਕਸੀਨ ਸਪੁਤਨਿਕ ਵੀ ਦਾ ਪਹਿਲਾ ਪੈਕੇਜ ਅੱਜ ਭਾਰਤ ਆਵੇਗਾ। ਇਸ ਪੈਕੇਜ ਵਿੱਚ ਰੂਸ ਵੱਲ਼ੋਂ ਕਰੀਬ ਡੇਢ ਤੋਂ ਦੋ ਲੱਖ ਡੋਜ਼ ਭੇਜੀਆਂ ਜਾ ਰਹੀਆਂ ਹਨ।

ਖ਼ਬਰ ਮੁਤਾਬਕ ਸਪੁਤਨਿਕ ਵੈਕਸੀਨ ਦੇ ਭਾਰਤ ਆਉਣ ਨਾਲ ਤੀਜੇ ਫੇਜ਼ ਦੇ ਟੀਕਾਕਰਨ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ।

ਮਈ ਦੇ ਅਖੀਰ ਤੱਕ ਸਪੁਤਨਿਕ ਦੀਆਂ 30 ਲੱਖ ਹੋਰ ਡੋਜ਼ ਭਾਰਤ ਆਉਣਗੀਆਂ।

ਇਹ ਵੈਕਸੀਨ ਗਮਾਲਿਆ ਨੈਸ਼ਨਲ ਰਿਸਰਚ ਇੰਸਟੀਚਿਊਟ ਆਫ਼ ਐਪੀਡੇਮਿਓਲਿਜੀ ਐਂਡ ਮਾਇਕ੍ਰੋਬਾਇਲੌਜੀ ਵੱਲੋਂ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)