ਭਾਰਤ-ਨੇਪਾਲ ਬਾਰਡਰ 'ਤੇ ਚੱਲੀ ਗੋਲੀ, 1 ਦੀ ਮੌਤ, 2 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਵਿੱਚ ਭਾਰਤ-ਨੇਪਾਲ ਬਾਰਡਰ 'ਤੇ ਗੋਲੀ ਚੱਲੀ ਹੈ ਜਿਸ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਹੈ ਤੇ ਦੋ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ।

ਸੀਤਾਮੜੀ ਦੇ ਐੱਸਪੀ ਅਨਿਲ ਕੁਮਾਰ ਨੇ ਬੀਬੀਸੀ ਨੂੰ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਇਹ ਦੱਸਿਆ ਕਿ ਸੀਤਾਮੜੀ ਦੇ ਸੋਨਬਰਸਾ ਖੇਤਰ ਵਿੱਚ ਭਾਰਤ ਵੱਲੋਂ ਜਾਨਕੀਨਗਰ ਤੇ ਨੇਪਾਲ ਦੇ ਖੇਤਰ ਨਾਰਾਇਣਪੁਰ ਵਿੱਚ ਸ਼ੁਕੱਰਵਾਰ ਸਵੇਰੇ ਸਾਡੇ ਅੱਠ ਤੋਂ ਨੌਂ ਵਿਚਕਾਰ ਗੋਲੀ ਚੱਲੀ ਹੈ।

ਉਨ੍ਹਾਂ ਨੇ ਦੱਸਿਆ, "ਭਾਰਤ ਦੇ ਸਥਾਨਕ ਲੋਕ ਤੇ ਨੇਪਾਲ ਪੁਲਿਸ ਵਿਚਕਾਰ ਝੜਪ ਹੋਣ ਤੋਂ ਬਾਅਦ ਗੋਲੀ ਚੱਲੀ ਜਿਸ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਹੈ ਤੇ ਦੋ ਜ਼ਖ਼ਮੀ ਹਨ। ਦੋਵੇਂ ਜ਼ਖ਼ਮੀ ਜੇਰੇ ਇਲਾਜ ਹਨ ਤੇ ਖ਼ਤਰੇ 'ਚੋਂ ਬਾਹਰ ਹਨ।"

ਹਾਲਾਂਕਿ ਝੜਪ ਕਿਸ ਮੁੱਦੇ ਤੇ ਹੋਈ ਇਹ ਉਨ੍ਹਾਂ ਨੇ ਨਹੀਂ ਦੱਸਿਆ ਹੈ।

ਖ਼ਬਰ ਏਜੰਸੀਆਂ ਮੁਤਾਬਕ, ਨੇਪਾਲੀ ਪੱਖ ਦਾ ਕਹਿਣਾ ਹੈ ਕਿ ਨੇਪਾਲ ਦੀ ਫੋਰਸ ਨੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਭਾਰਤੀ ਲੋਕਾਂ ਨੇ ਨੇਪਾਲ ਵਿੱਚ ਵੜਨ ਦੀ ਕੋਸ਼ਿਸ਼ ਕੀਤੀ।

ਸਪਤਾਰੀ ਜ਼ਿਲ੍ਹਾ ਮੁੱਖ ਅਧਿਕਾਰੀ ਸ਼ੰਕਰ ਹਰੀ ਆਚਾਰਿਆ ਨੇ ਕਿਹਾ ਹੈ ਕਿ ਲੋਕ ਤਸਕਰ ਸਨ ਜੋ ਪਹਿਲਾਂ ਘੱਟ ਗਿਣਤੀ ਵਿੱਚ ਆਏ ਤੇ ਫਿਰ ਜ਼ਿਆਦਾ ਗਿਣਤੀ ਵਿੱਚ।

ਸੀਤਾਮੜੀ ਦੇ ਸਥਾਨਕ ਪੱਤਰਕਾਰ ਗਿਆਰੰਜਨ ਨੇ ਬੀਬੀਸੀ ਨੂੰ ਦੱਸਿਆ, "ਨੇਪਾਲੀ ਪੁਲਿਸ ਮੁਤਾਬਕ, ਭਾਰਤੀ ਨਾਗਰਿਕਾਂ ਨੇ ਉਨ੍ਹਾਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਸੀ।"

"ਜੋ ਜਾਣਕਾਰੀ ਸਾਨੂੰ ਮਿਲੀ ਹੈ ਉਸ ਮੁਤਾਬਕ ਪੰਜ ਭਾਰਤੀਆਂ ਨੂੰ ਗੋਲੀ ਲੱਗੀ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਿਸ ਦਾ ਨਾਮ ਵਿਕੇਸ਼ ਹੈ।"

ਗਿਆਨਰੰਜਨ ਮੁਤਾਬਕ ਇਹ ਘਟਨਾ ਨੇਪਾਲ ਦੇ ਖੇਤਰ ਵਿੱਚ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਮਾੜਾ ਮੋਟਾ ਤਣਾਅ ਹੁੰਦਾ ਰਹਿੰਦਾ ਹੈ, ਪਰ ਕੋਈ ਵੱਡੀ ਘਟਨਾ ਨਹੀਂ ਘਟੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)