1984 ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ: ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਜਾਇਜ਼, ਦੁਨੀਆਂ ਦਾ ਕਿਹੜਾ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਜਾਇਜ਼ ਹੈ।

ਆਪਰੇਸ਼ਨ ਬਲੂ ਸਟਾਰ ਦੇ 36ਵੀਂ ਬਰਸੀ 'ਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ।

ਪੱਤਰਕਾਰਾਂ ਨਾਲ ਗੱਬਾਤ ਦੌਰਾਨ ਜਥੇਦਾਰ ਨੇ ਕਿਹਾ, ''ਸਿੱਖ ਇਸ ਘੱਲੂਘਾਰੇ ਨੂੰ ਯਾਦ ਰੱਖਦੇ ਹਨ। ਅੰਨ੍ਹਾ ਕੀ ਭਾਲੇ ਦੋ ਅੱਖਾਂ, ਦੁਨੀਆਂ ਦਾ ਕਿਹੜਾ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ। ਭਾਰਤ ਸਰਕਾਰ ਖਾਲਿਸਤਾਨ ਦੇਵੇਗੀ ਤਾਂ ਲੈ ਲਵਾਂਗੇ।''

ਬਰਸੀ ਮੌਕੇ ਕੁਝ ਲੋਕਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।

ਨਾਅਰਿਆਂ ਦੇ ਸਵਾਲ 'ਤੇ ਹਰਪ੍ਰੀਤ ਸਿੰਘ ਨੇ ਕਿਹਾ, ''ਕੌਮ ਅੰਦਰ ਇੱਕ ਜੋਸ਼ ਹੈ ਅਤੇ ਜੋਸ਼ ਨੂੰ ਪ੍ਰਗਟ ਕਰਨ ਲਈ ਸਮਾਗਮ ਤੋਂ ਬਾਅਦ ਕੋਈ ਨਾਅਰੇ ਲਾਉਂਦਾ ਹੈ ਤਾਂ ਉਸ ਨੂੰ ਗਲਤ ਨਹੀਂ ਕਿਹਾ ਜਾਵੇਗਾ। ਪਰ, ਸਮਾਗਮ ਦੇ ਦੌਰਾਨ ਨਾਅਰੇ ਲਾ ਕੇ ਵਿਘਨ ਪਾਉਣਾ ਠੀਕ ਨਹੀਂ ਹੈ।''

ਭਾਰਤ ਸਰਕਾਰ ਦੀ ਪੇਸ਼ਕਾਰੀ ਸਿੱਖ ਵਿਰੋਧੀ- ਜਥੇਦਾਰ

ਆਪਰੇਸ਼ਨ ਬਲੂ ਸਟਾਰ ਦੇ 36 ਸਾਲਾਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਹੁਣ ਤੱਕ ਹੋਈ ਪੇਸ਼ਕਾਰੀ ਸਿੱਖ ਵਿਰੋਧੀ ਹੀ ਹੈ।

ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਕੋਰੋਨਾਵਾਇਰਸ ਦੇ ਨਾਂ 'ਤੇ ਲੋਕਾਂ ਦਾ ਚਲਾਨ ਕੱਟ ਕੇ ਸਰਕਾਰ ਸ਼ਰਾਬ ਦਾ ਘਾਟਾ ਪੂਰਾ ਕਰ ਰਹੀ ਹੈ।

ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਜਥੇਦਾਰ ਤੋਂ ਬਾਅਦ ਕਿਹਾ, ''ਸਾਨੂੰ ਕੋਈ ਖਾਲਿਸਤਾਨ ਦਿੰਦਾ ਹੈ ਤਾਂ ਲੈ ਲਵਾਂਗੇ, ਅਸੀਂ ਇਨਕਾਰ ਕਦੋਂ ਕਰਦੇ ਹਾਂ। ਕੋਈ ਵੀ ਸਿੱਖ ਇਨਕਾਰ ਨਹੀਂ ਕਰਦਾ।''

ਕੋਰੋਨਾਵਾਇਰਸ ਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਨੂੰ ਇਸ ਘਟਨਾ ਦੇ ਪੀੜਤ ਲੋਕਾਂ ਲਈ ਘਰੋਂ ਹੀ ਅਰਦਾਸ ਕਰਨ ਨੂੰ ਕਿਹਾ ਸੀ ਪਰ ਫਿਰ ਵੀ ਕਈ ਲੋਕ ਗੁਰਦੁਆਰੇ ਪਹੁੰਚੇ ਸਨ।

ਸੁਰੱਖਿਆ ਦੇ ਮਾਮਲੇ ਵਿੱਚ ਗੰਭੀਰਤਾ ਵਰਤਦਿਆਂ ਪੁਲਿਸ ਨੇ ਹਰਿਮੰਦਰ ਸਾਹਿਬ ਵੱਲ ਆਉਣ-ਜਾਣ ਵਾਲੇ ਸਾਰੇ ਰਸਤਿਆਂ 'ਤੇ ਨਾਕੇ ਲਾਏ ਹੋਏ ਹਨ।

ਇਹ ਵੀ ਪੜ੍ਹੋ

ਪੁਲਿਸ ਨੂੰ ਸ਼ੱਕ ਹੈ ਕਿ ਖਾਲਿਸਤਾਨ ਲਹਿਰ ਨਾਲ ਜੁੜੇ ਕੁਝ ਲੋਕ ਕੌਮਾਂਤਰੀ ਮੀਡੀਆ ਦਾ ਧਿਆਨ ਖਿੱਚਣ ਲਈ ਹਰਿਮੰਦਰ ਸਾਹਿਬ ਵਿੱਚ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ।

ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਨੇ ਕਿਹਾ, "ਅਸੀਂ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਵਾਂਗੇ, ਪਰ ਇਸ ਤੋਂ ਬਾਹਰ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਮੁਸਤੈਦ ਹਾਂ।"

ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਟਾਸਕ ਫੋਰਸ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਤਾਇਨਾਤ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਕੁਝ ਹੋਰ ਸੁਰੱਖਿਆ ਏਜੰਸੀਆਂ ਨੇ ਵੀ ਸਾਦੇ ਕਪੜਿਆਂ ਵਿੱਚ ਆਪਣੀ ਟੀਮ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਤਾਇਨਾਤ ਕੀਤਾ ਹੋਇਆ ਹੈ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)