ਕੈਨੇਡਾ: ਹਿੰਦੂ ਮੰਦਿਰ ਅੱਗੇ ‘ਪ੍ਰਦਰਸ਼ਨ ਦੇ ਐਲਾਨ’ ’ਤੇ ਕੈਨੇਡਾ ਦੇ ਸੰਸਦ ਮੈਂਬਰ ਨੇ ਚੁੱਕਿਆ ਇਤਰਾਜ਼, ਪੂਰਾ ਮਾਮਲਾ

ਤਸਵੀਰ ਸਰੋਤ, @AryaCanada
ਕੈਨੇਡਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਸੋਮਵਾਰ ਨੂੰ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਇੱਕ ਸਿੱਖ ਵਿਅਕਤੀ ਸਰੀ ਵਿੱਚ ਲਕਸ਼ਮੀ ਨਰਾਇਣ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰ ਰਿਹਾ ਹੈ।
ਵੀਡੀਓ ਵਿੱਚ ਲਕਸ਼ਮੀ ਨਰਾਇਣ ਮੰਦਿਰ ਨੂੰ ਨਿਸ਼ਾਨਾ ਬਣਾਉਣ ਲਈ ਕਹਿਣ ਵਾਲੇ ਵਿਅਕਤੀ ਬਾਰੇ ਖ਼ਾਲਿਸਤਾਨੀ ਸਮਰਥਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਚੰਦਰ ਆਰਿਆ ਨੇ ਕੈਨੇਡੀਅਨ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਚੰਦਰ ਆਰਿਆ ਨੇ ਲਿਖਿਆ, "ਪਿਛਲੇ ਹਫ਼ਤੇ ਖ਼ਾਲਿਸਤਾਨੀ ਸਮਰਥਕਾਂ ਨੇ ਗੁਰਦੁਆਰੇ ਦੇ ਬਾਹਰ ਇੱਕ ਸਿੱਖ ਪਰਿਵਾਰ ਨੂੰ ਗਾਲ਼ਾਂ ਕੱਢੀਆਂ। ਰਿਪੋਰਟਾਂ ਮੁਤਾਬਕ ਹੁਣ ਅਜਿਹਾ ਜਾਪਦਾ ਹੈ ਕਿ ਉਹੀ ਖ਼ਾਲਿਸਤਾਨੀ ਗਰੁੱਪ ਸਰੀ ਦੇ ਹਿੰਦੂ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਗੜਬੜ ਪੈਦਾ ਕਰਨਾ ਚਾਹੁੰਦਾ ਹੈ।"
ਸੰਸਦ ਮੈਂਬਰ ਚੰਦਰ ਆਰਿਆ ਨੇ ਪ੍ਰਸ਼ਾਸਨ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਲਿਖਿਆ, "ਪਿਛਲੇ ਕੁਝ ਸਾਲਾਂ 'ਚ ਕਈ ਵਾਰ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡੀਅਨ ਹਿੰਦੂਆਂ ਵਿਰੁੱਧ ਨਫ਼ਰਤੀ ਅਪਰਾਧ ਕੀਤੇ ਜਾ ਰਹੇ ਹਨ। ਅਜਿਹੀਆਂ ਚੀਜ਼ਾਂ ਨੂੰ ਜਨਤਕ ਤੌਰ 'ਤੇ ਹੋਣ ਦੇਣਾ ਸਵੀਕਾਰਨਯੋਗ ਨਹੀਂ ਹੈ।"
ਵਾਇਰਲ ਵੀਡੀਓ ਵਿੱਚ ਇੱਕ ਸਿੱਖ ਵਿਅਕਤੀ ਕਹਿ ਰਿਹਾ ਹੈ, "ਅਜਿਹਾ ਹੀ ਪ੍ਰਦਰਸ਼ਨ ਆਉਣ ਵਾਲੇ ਐਤਵਾਰ ਨੂੰ ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਕੀਤਾ ਜਾਵੇਗਾ।"
ਇਸ ਸਾਲ ਅਗਸਤ ਵਿੱਚ, ਖ਼ਾਲਿਸਤਾਨ ਸਮਰਥਕਾਂ ਨੇ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਦੇ ਬਾਹਰ ਖ਼ਾਲਿਸਤਾਨ ਦੇ ਜਨਮਤ ਸੰਗ੍ਰਹਿ ਨਾਲ ਸਬੰਧਤ ਪੋਸਟਰ ਲਗਾਏ ਸਨ।
ਇਸ ਸਾਲ ਅਪ੍ਰੈਲ 'ਚ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ 'ਚ ਇੱਕ ਹਿੰਦੂ ਮੰਦਰ ਦੇ ਬਾਹਰ ਭਾਰਤ ਵਿਰੋਧੀ ਗ੍ਰਾਫਿਟੀ (ਚਿੱਤਰਕਾਰੀ) ਕੀਤੀ ਗਈ ਸੀ।
ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਹੋਰ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕੈਨੇਡਾ ਵਿੱਚ ਭਾਰਤੀ ਦੂਤਘਰ ਨੇ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਅਤੇ ਕਈ ਵਾਰ ਇਨ੍ਹਾਂ ਬਾਰੇ ਬਿਆਨ ਜਾਰੀ ਕੀਤੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਸਾਲ ਸਤੰਬਰ ਮਹੀਨੇ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਰੇ ਹਿੰਦੂਆਂ ਲਈ ਸੰਦੇਸ਼ ਲਿਖਿਆ ਸੀ।
ਉਨ੍ਹਾਂ ਨੇ ਲਿਖਿਆ, "ਇਹ ਤੁਹਾਡਾ ਘਰ ਹੈ ਅਤੇ ਤੁਹਾਨੂੰ ਇੱਥੇ ਰਹਿਣ ਦਾ ਅਧਿਕਾਰ ਹੈ। ਕੋਈ ਵੀ ਜੋ ਕੁਝ ਵੀ ਵੱਖਰਾ ਕਹਿੰਦਾ ਹੈ, ਉਹ ਸ਼ਮੂਲੀਅਤ, ਦਿਆਲਤਾ ਅਤੇ ਪਿਆਰ ਦੀਆਂ ਕੈਨੇਡੀਅਨ ਕਦਰਾਂ-ਕੀਮਤਾਂ ਦਾ ਸਨਮਾਨ ਨਹੀਂ ਕਰ ਰਿਹਾ ਹੈ।"
ਕੈਨੇਡਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਦੇ ਵਿਰੋਧੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਲੀਵਰ ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਕਿਹਾ ਸੀ ਕਿ ਸਾਰੇ ਕੈਨੇਡੀਅਨ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਭਾਈਚਾਰੇ ਵਿੱਚ ਜੀਣ ਅਤੇ ਰਹਿਣ ਦਾ ਅਧਿਕਾਰ ਹੈ।
ਉਨ੍ਹਾਂ ਨੇ ਲਿਖਿਆ ਸੀ, "ਹਾਲ ਹੀ ਦੇ ਦਿਨਾਂ ਵਿੱਚ ਮੈਂ ਕੈਨੇਡਾ ਵਿੱਚ ਰਹਿਣ ਵਾਲੇ ਹਿੰਦੂਆਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਦੇਖੀਆਂ ਹਨ।"
"ਕੰਜ਼ਰਵੇਟਿਵ ਪਾਰਟੀ ਸਾਡੇ ਹਿੰਦੂ ਗੁਆਂਢੀਆਂ ਅਤੇ ਦੋਸਤਾਂ ਵਿਰੁੱਧ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕਰਦੀ ਹੈ। ਦੇਸ਼ ਦੇ ਹਰ ਹਿੱਸੇ ਵਿੱਚ ਰਹਿਣ ਵਾਲੇ ਹਿੰਦੂਆਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦਾ ਹਮੇਸ਼ਾ ਇਥੇ ਸਵਾਗਤ ਕੀਤਾ ਜਾਵੇਗਾ।"

ਤਸਵੀਰ ਸਰੋਤ, Reuters
ਭਾਰਤ ਅਤੇ ਕੈਨੇਡਾ ਦੇ ਰਿਸ਼ਤੇ 'ਚ ਕੁੜੱਤਣ
ਇਸ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਨਾਗਰਿਕ ਅਤੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚਾਲੇ ਕੁੜੱਤਣ ਆ ਗਈ ਹੈ।
ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਸੀ ਕਿ ਕੈਨੇਡੀਅਨ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਿੱਝਰ ਦੇ ਕਤਲ ਪਿੱਛੇ ‘ਭਾਰਤੀ ਏਜੰਟਾਂ’ ਦਾ ਹੱਥ ਸੀ।
ਹਰਦੀਪ ਸਿੰਘ ਨਿੱਝਰ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਦੇ ਪ੍ਰਧਾਨ ਵੀ ਸਨ।
ਇਸ ਦੇ ਨਾਲ ਹੀ ਭਾਰਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਨ੍ਹਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਸੀ।
ਜਸਟਿਨ ਟਰੂਡੋ ਨੇ ਹਾਲ ਹੀ ਵਿੱਚ ਆਪਣੇ ਇਲਜ਼ਾਮਾਂ ਨੂੰ ਦੁਹਰਾਇਆ ਹੈ, ਹਾਲਾਂਕਿ ਕੈਨੇਡਾ ਨੇ ਅਜੇ ਤੱਕ ਇਨ੍ਹਾਂ ਇਲਜ਼ਾਮਾਂ ਦੇ ਸਮਰਥਨ ਲਈ ਕੋਈ ਜਨਤਕ ਸਬੂਤ ਮੁਹੱਈਆ ਨਹੀਂ ਕਰਵਾਏ ਹਨ।
ਭਾਰਤੀ ਸੁਰੱਖਿਆ ਏਜੰਸੀਆਂ ਨੇ ਨਿੱਝਰ ਨੂੰ 'ਅੱਤਵਾਦੀ' ਕਰਾਰ ਦਿੱਤਾ ਸੀ। 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ।
ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਵਿੱਚ, ਭਾਰਤ ਨੇ ਸਤੰਬਰ ਵਿੱਚ ਅਗਲੇ ਨੋਟਿਸ ਤੱਕ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸਨ।
ਹਾਲਾਂਕਿ, ਪਿਛਲੇ ਮਹੀਨੇ, ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਚਾਰ ਸ਼੍ਰੇਣੀਆਂ ਵਿੱਚ ਵੀਜ਼ਾ ਸੇਵਾਵਾਂ ਬਹਾਲ ਕੀਤੀਆਂ ਸਨ।
ਭਾਰਤ ਨੇ 26 ਅਕਤੂਬਰ ਤੋਂ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਸ਼੍ਰੇਣੀਆਂ ਵਿੱਚ ਵੀਜ਼ਾ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਸੀ।
ਹਾਲਾਂਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਅਜੇ ਵੀ ਆਮ ਵਾਂਗ ਨਹੀਂ ਹੋਏ ਹਨ।

ਤਸਵੀਰ ਸਰੋਤ, FB/VIRSA SINGH VALTOHA
ਜੈਸ਼ੰਕਰ ਨੇ ਆਸਟ੍ਰੇਲੀਆ ਸਾਹਮਣੇ ਚੁੱਕਿਆ ਮੁੱਦਾ
ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਦੌਰਾਨ ਕੈਨੇਡਾ ਅਤੇ ਖ਼ਾਲਿਸਤਾਨ ਦੇ ਮੁੱਦੇ 'ਤੇ ਚਰਚਾ ਕੀਤੀ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨਾਲ ਮੁਲਾਕਾਤ ਦੌਰਾਨ ਐੱਸ ਜੈਸ਼ੰਕਰ ਨੇ ਟਰੂਡੋ ਦੇ ਬਿਆਨ ਤੋਂ ਬਾਅਦ ਕੈਨੇਡਾ ਨਾਲ ਕੂਟਨੀਤਕ ਸਬੰਧਾਂ 'ਚ ਪਏ ਵਾਗੜ 'ਤੇ ਚਰਚਾ ਕੀਤੀ।
ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਐੱਸ ਜੈਸ਼ੰਕਰ ਨੇ ਕਿਹਾ, "ਹਾਂ, ਮੈਂ ਅੱਜ ਮੰਤਰੀ ਵੋਂਗ ਨਾਲ ਇਸ ਬਾਰੇ ਗੱਲ ਕੀਤੀ। ਆਸਟ੍ਰੇਲੀਆ ਦੇ ਸਾਡੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਆਸਟ੍ਰੇਲੀਆ ਵੀ ਇਸ ਮੁੱਦੇ 'ਤੇ ਸਾਡੇ ਨਜ਼ਰੀਏ ਨੂੰ ਸਮਝੇ।"
ਜੈਸ਼ੰਕਰ ਨੇ ਕਿਹਾ, "ਜੇਕਰ ਸਾਡੇ ਨਜ਼ਰੀਏ ਤੋਂ ਦੇਖੋ ਤਾਂ ਕੈਨੇਡਾ ਵਿੱਚ ਕੱਟੜਵਾਦ ਅਤੇ ਅੱਤਾਵਦ ਨੂੰ ਜੋ ਥਾਂ ਦਿੱਤੀ ਜਾ ਰਹੀ ਹੈ, ਇਹੀ ਮੁੱਖ ਮੁੱਦਾ ਹੈ।"
ਭਾਰਤ ਦੌਰੇ 'ਤੇ ਆਈ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਆਸਟ੍ਰੇਲੀਆ ਦੇ 'ਮਹੱਤਵਪੂਰਨ ਸਬੰਧ' ਹਨ ਅਤੇ ਉਹ 'ਖ਼ਾਲਿਸਤਾਨੀ ਵੱਖਵਾਦੀ ਵਿਰੋਧ ਪ੍ਰਦਰਸ਼ਨ' ਅਤੇ 'ਭਾਰਤ-ਕੈਨੇਡਾ ਤਣਾਅ' ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ।
ਭਾਰਤ ਨਾਲ ਦੁਲੱਵੀ ਗੱਲਬਾਤ ਟੂ-ਪਲੱਸ-ਟੂ ਲਈ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨਾਲ ਦਿੱਲੀ ਆਈ ਵਿਦੇਸ਼ ਮੰਤਰੀ ਵੋਂਗ ਨੇ ਅੰਗਰੇਜ਼ੀ ਅਖ਼ਬਾਰ ‘ਦਿ ਹਿੰਦੂ’ ਨੂੰ ਦਿੱਤੇ ਇੰਟਰਵਿਊ ‘ਚ ਇਹ ਗੱਲ ਕਹੀ।

ਤਸਵੀਰ ਸਰੋਤ, @DrSJaishankar
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਵਿੱਚ ਮੌਜੂਦ ਭਾਰਤੀ ਮੂਲ ਦੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਦੋ ਵਾਰ ਖੁੱਲ੍ਹ ਕੇ ਚਿੰਤਾ ਜ਼ਾਹਰ ਕੀਤੀ ਹੈ।
ਇਸ ਬਾਰੇ ਵੋਂਗ ਨੇ ਕਿਹਾ, "ਸਾਡੇ ਇੱਥੇ ਵੱਡੀ ਗਿਣਤੀ ਵਿੱਚ ਭਾਰਤੀ ਹਨ ਅਤੇ ਵਿਦੇਸ਼ੀ ਨਾਗਰਿਕਾਂ ਵਿੱਚ ਦੂਜੇ ਨੰਬਰ 'ਤੇ ਭਾਰਤੀਆਂ ਦੀ ਵੱਡੀ ਗਿਣਤੀ ਹੈ।"
"ਸਾਡਾ ਬਹੁ-ਸੱਭਿਆਚਾਰਕ ਚਰਿੱਤਰ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਹਰ ਦੂਜਾ ਆਸਟ੍ਰੇਲੀਅਨ ਜਾਂ ਤਾਂ ਵਿਦੇਸ਼ ਵਿੱਚ ਪੈਦਾ ਹੋਇਆ ਹੈ ਜਾਂ ਉਸ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਪੈਦਾ ਹੋਏ ਹਨ ਅਤੇ ਮੈਂ ਵੀ ਉਨ੍ਹਾਂ ਵਿੱਚੋਂ ਇੱਕ ਹਾਂ।"
ਵੋਂਗ ਨੇ ਕਿਹਾ, "ਅਸੀਂ ਆਪਣੇ ਲੋਕਤੰਤਰ ਦੀ ਰੱਖਿਆ ਵੀ ਕਰਦੇ ਹਾਂ, ਇਸ ਲਈ ਅਸੀਂ ਮੰਨਦੇ ਹਾਂ ਕਿ ਲੋਕਾਂ ਨੂੰ ਅਸਹਿਮਤ ਹੋਣ ਦਾ ਅਧਿਕਾਰ ਹੈ। ਉਨ੍ਹਾਂ ਨੂੰ ਸ਼ਾਂਤੀਮਈ ਪ੍ਰਦਰਸ਼ਨ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਵੀ ਹੈ।"
"ਅਸੀਂ ਇਨ੍ਹਾਂ ਵਿਸ਼ਿਆਂ 'ਤੇ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਤੋੜਫੋੜ ਅਤੇ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਸਾਡੇ ਕਾਨੂੰਨ ਅਤੇ ਸਿਧਾਂਤਾਂ ਦੇ ਵਿਰੁੱਧ ਹੈ।"
ਅਖ਼ਬਾਰ ਮੁਤਾਬਕ ਜਦੋਂ ਵੋਂਗ ਤੋਂ ਪੁੱਛਿਆ ਗਿਆ ਕਿ ਕੀ ਆਸਟ੍ਰੇਲੀਆ ਨੇ ਕੁਝ ਸਮੂਹਾਂ ਜਿਵੇਂ ਕਿ ਖ਼ਾਲਿਸਤਾਨੀ ਵੱਖਵਾਦੀਆਂ ਦੇ ਸਬੰਧ 'ਚ ਭਾਰਤ ਦੇ ਇਸ਼ਾਰੇ 'ਤੇ ਕੋਈ ਕਦਮ ਚੁੱਕਿਆ ਹੈ ਤਾਂ ਉਨ੍ਹਾਂ ਨੇ ਕਿਹਾ, "ਇਸ ਸਬੰਧ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅਸੀਂ ਤੁਹਾਡੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਹਾਂ ਅਤੇ ਅਸੀਂ ਸ਼ਾਂਤਮਈ ਪ੍ਰਦਰਸ਼ਨਾਂ, ਪ੍ਰਗਟਾਵੇ ਦੀ ਆਜ਼ਾਦੀ ਅਤੇ ਹਿੰਸਾ ਤੇ ਭੰਨ-ਤੋੜ ਦੇ ਵਿਚਕਾਰ ਮਹੀਨ ਫਰਕ ਦਾ ਪਤਾ ਹੈ।"
ਇਸ ਤੋਂ ਪਹਿਲਾਂ ਨਿੱਝਰ ਦੇ ਕਤਲ ਦੇ ਮਾਮਲੇ 'ਚ ਆਸਟ੍ਰੇਲੀਆ ਨੇ ਕਿਹਾ ਸੀ ਕਿ ਭਾਰਤ ਨੂੰ ਨਿੱਝਰ ਦੇ ਕਤਲ ਦੀ ਜਾਂਚ 'ਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਰੁਖ਼ 'ਤੇ ਵੋਂਗ ਨੇ ਕਿਹਾ ਕਿ 'ਦੋਵਾਂ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਲੈ ਕੇ ਆਸਟ੍ਰੇਲੀਆ ਦੇ ਸਪੱਸ਼ਟ ਸਿਧਾਂਤਕ ਵਿਚਾਰ ਹਨ।'

ਕੌਣ ਸੀ ਹਰਦੀਪ ਸਿੰਘ ਨਿੱਝਰ
ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ। ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।
ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।
ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।
ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।
ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।
ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।
ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ। ਨਿੱਝਰ ਨੂੰ ਹਾਲ ਹੀ 'ਚ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।












