ਜਦੋਂ 7 ਮਹੀਨਿਆਂ ਦੀ ਗਰਭਵਤੀ ਦੇ ਪਤੀ ਨੂੰ ਫਰਜ਼ੀ ਮੁਕਾਬਲੇ 'ਚ ਮਾਰ ਦਿੱਤਾ ਗਿਆ ਤੇ ਪੁਲਿਸ ਖੌਫ਼ ਕਰਕੇ ਉਹ ਪੰਜਾਬ ਨਾ ਆ ਸਕੀ

ਵੀਡੀਓ ਕੈਪਸ਼ਨ, ਪੀਲੀਭੀਤ ਵਿਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ 10 ਸਿੱਖਾਂ ਦੇ ਪਰਿਵਾਰ ਅੱਜ ਵੀ ਨਿਆਂ ਦੀ ਆਸ ’ਚ
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

"ਜਰਿਆ ਨਹੀਂ ਜਾਂਦਾ ਪਰ ਮਰਿਆ ਵੀ ਨਹੀਂ ਜਾਂਦਾ ਹੁਣ ਅਸੀਂ ਜਿਉਂਦਿਆਂ ’ਚ ਵੀ ਨਹੀਂ।”

93 ਸਾਲਾ ਬਜ਼ੁਰਗ ਸੰਤੋਖ ਸਿੰਘ ਕੰਬਦੀ ਆਵਾਜ਼ ਵਿੱਚ ਆਪਣੇ ਪੁੱਤ ਮੁਖਵਿੰਦਰ ਸਿੰਘ ਨੂੰ ਯਾਦ ਕਰਦਿਆਂ ਇਹ ਭਾਵੁਕ ਸ਼ਬਦ ਕਹਿ ਰਹੇ ਹਨ।

ਇਸ ਪਰਿਵਾਰ ਨੂੰ ਪਿਛਲੇ 31 ਸਾਲਾਂ ਤੋਂ ਨਿਆਂ ਦੀ ਆਸ ਸੀ ਪਰ ਹੁਣ ਜੋ ਹੋਇਆ ਉਹ ਉਸ ਤੋਂ ਨਿਰਾਸ਼ ਹਨ।

1991 ਵਿੱਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਇੱਕ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ 43 ਪੁਲਿਸ ਮੁਲਾਜ਼ਮਾਂ ਦੀ 7-7 ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ।

ਗੁਰਦਾਸਪੁਰ ਦੇ ਪਿੰਡ ਰੋੜਖਹਿਰਾ ਦੇ ਮੁਖਵਿੰਦਰ ਸਿੰਘ ਦੀ ਇਸੇ ਫਰਜ਼ੀ ਮੁਕਾਬਲੇ ਵਿੱਚ ਮੌਤ ਹੋਈ ਸੀ।

ਪੀਲੀਭੀਤ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਬਲਵਿੰਦਰ ਦੇ ਪਤੀ ਤੇ ਦਿਓਰ ਨੂੰ ਇੱਕੋ ਵੇਲੇ ਪੁਲਿਸ ਮੁਕਾਬਲੇ ’ਚ ਮਾਰ ਦਿੱਤਾ ਗਿਆ
ਲਾਈਨ

ਪੀਲੀਭੀਤ ਫਰਜ਼ੀ ਮੁਕਾਬਲਾ ਕੀ ਸੀ?

  • ਜੁਲਾਈ 1991 ਵਿੱਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਤਿੰਨ ਵੱਖ-ਵੱਖ ਥਾਣਿਆਂ ਵਿੱਚ ਇੱਕ ਹੀ ਰਾਤ ਵਿੱਚ ਤਿੰਨ ਐਨਕਾਊਂਟਰ ਕਰਨ ਦੇ ਦਾਅਵੇ ਕੀਤੇ ਗਏ ਸਨ।
  • ਇਨ੍ਹਾਂ ਕਥਿਤ ਐਨਕਾਊਟਰਾਂ ਵਿੱਚ 10 ਸਿੱਖਾਂ ਦੀ ਮੌਤ ਹੋਈ ਸੀ।
  • ਪੁਲਿਸ ਦੀ ਇਸ ਕਾਰਵਾਈ ਦੀ ਉਸ ਵੇਲੇ ਕਾਫੀ ਤਾਰੀਫ਼ ਹੋਈ ਸੀ।
  • ਬਾਅਦ ਵਿੱਚ ਪਤਾ ਲੱਗਿਆ ਸੀ ਇਹ ਮੁਕਾਬਲਾ ਫਰਜ਼ੀ ਸੀ ਅਤੇ ਮਾਰੇ ਗਏ ਸਿੱਖ ਇੱਕ ਬੱਸ ਤੋਂ ਤੀਰਥ ਯਾਤਰਾ ਕਰ ਕੇ ਪਰਤ ਰਹੇ ਸੀ।
  • 12 ਜੁਲਾਈ 1991 ਵਿੱਚ ਹੋਈ ਇਸ ਘਟਨਾ ਵਿੱਚ ਪਟਨਾ ਸਾਹਿਬ ਅਤੇ ਕੁਝ ਹੋਰ ਧਾਰਮਿਕ ਸਥਾਨਾਂ ਤੋਂ ਤੀਰਥ ਯਾਤਰੀਆਂ ਦਾ ਇੱਕ ਜੱਥਾ ਬੱਸ ਤੋਂ ਪਰਤ ਰਿਹਾ ਸੀ।
  • ਇਸ ਬੱਸ ਵਿੱਚ 25 ਯਾਤਰੀ ਸਵਾਰ ਸੀ।
  • ਕਛਾਲਾਘਾਟ ਪੁੱਲ੍ਹ ਨੇੜੇ ਪੁਲਿਸ ਨੇ ਇਨ੍ਹਾਂ ਵਿੱਚ 10 ਯਾਤਰੀਆਂ ਨੂੰ ਜ਼ਬਰਦਸਤੀ ਉਤਾਰ ਲਿਆ ਸੀ।
  • ਇੱਕ ਦਿਨ ਬਾਅਦ ਉਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਤਿੰਨ ਵੱਖ-ਵੱਖ ਥਾਵਾਂ ਤੋਂ ਮਿਲੀਆਂ ਸਨ।
ਲਾਈਨ
ਪੀਲੀਭੀਤ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਆਪਣੇ ਪੁੱਤ ਦੀ ਤਸਵੀਰ ਨਾਲ ਸੰਤੋਖ ਸਿੰਘ

ਇਸ ਮੁਕਾਬਲੇ ਵਿੱਚ ਕੁੱਲ 10 ਸਿੱਖਾਂ ਦੀ ਮੌਤ ਹੋਈ ਸੀ ਜਿਨ੍ਹਾਂ ਵਿੱਚੋਂ ਦੋ ਪੀਲੀਭੀਤ ਦੇ ਸਨ ਤੇ 8 ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸਨ।

ਬਜ਼ੁਰਗ ਸੰਤੋਖ ਸਿੰਘ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੇ ਪੁੱਤ ਮੁਖਵਿੰਦਰ ਸਿੰਘ ਦੀ ਮੌਤ ਹੋਈ ਉਸ ਸਮੇਂ ਉਸਦੀ ਉਮਰ 23 ਸਾਲ ਸੀ ਅਤੇ ਉਹ ਕੁਆਰਾ ਹੀ ਸੀ।

ਪਰਿਵਾਰ ਦੀ ਬੇਬਸੀ

ਮੁਖਵਿੰਦਰ ਘਰੋਂ ਇੱਕ ਧਾਰਮਿਕ ਯਾਤਰਾ ਲਈ ਗਿਆ ਪਰ ਅੱਜ ਤੱਕ ਪਰਿਵਾਰ ਉਸ ਨੂੰ ਉਡੀਕ ਰਿਹਾ ਹੈ।

ਪਰਿਵਾਰ ਨੂੰ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਤੋਂ ਪਤਾ ਲੱਗਿਆ ਕਿ ਮੁਖਵਿੰਦਰ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ।

ਸੰਤੋਖ ਸਿੰਘ ਦੱਸਦੇ ਹਨ,“ਉਹ ਬੇਕਸੂਰ ਸੀ। ਉਹ ਤਾਂ ਲੱਕੜ ਦੀ ਮਿਸਤਰੀ ਸੀ।  ਸਾਡੇ ਤਾਂ ਪਰਿਵਾਰ ’ਤੇ ਅੱਜ ਤੱਕ ਕੋਈ ਪੁਲਿਸ ਕੇਸ ਨਹੀਂ ਹੋਇਆ।”

ਉਹ ਆਪਣੀ ਬੇਬਸੀ ਜ਼ਾਹਰ ਕਰਦਿਆਂ ਕਹਿੰਦੇ ਹਨ,“ ਮੈਂ ਉਦੋਂ ਤੋਂ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਧੱਕੇ ਖਾ ਰਿਹਾ ਹਾਂ ਹੁਣ ਤਾਂ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ, ਅੱਖਾਂ ਦੀ ਰੋਸ਼ਨੀ ਵੀ ਘੱਟ ਗਈ ਹੈ।”

“ਜੇ 25 ਸਾਲ ਬਾਅਦ ਉਨ੍ਹਾਂ 43 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਹੋਈ ਹੁੰਦੀ ਸੰਤੁਸ਼ਟੀ ਤਾਂ ਵੀ ਨਹੀਂ ਸੀ ਬਲਕਿ ਬੇਕਸੂਰਾਂ ਨੂੰ ਮਾਰਨ ਵਾਲਿਆਂ ਨੂੰ ਫਾਂਸੀ ਹੋਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ।”

ਉਹ ਮੁਲਜ਼ਮਾਂ ਦੀ ਉਮਰ ਕੈਦ ਦੀ ਮਿਆਦ ਘਟਾਉਣ ’ਤੇ ਅਫ਼਼ਸੋਸ ਜ਼ਾਹਰ ਕਰਦੇ ਹਨ।

ਸੰਤੋਖ ਸਿੰਘ ਭਾਵੁਕ ਹੁੰਦੇ ਹੋਏ ਆਖਦੇ ਹਨ ਕਿ "ਜਦੋਂ ਤੱਕ ਸਾਹ ਹੈ ਉਦੋਂ ਤੱਕ ਇਨਸਾਫ਼ ਦੀ ਲੜਾਈ ਲੜਦੇ ਰਹਾਂਗੇ।''

''ਸਾਨੂੰ ਇਨਸਾਫ਼ ਦੀ ਆਸ ਹਾਲੇ ਵੀ ਹੈ। ਜੇ ਮੇਰਾ ਪੁੱਤ ਗੁਨਾਹਗਾਰ ਹੁੰਦਾ ਤੇ ਉਸ ਨੂੰ ਸਜ਼ਾ ਮਿਲੀ ਹੁੰਦੀ ਤਾ ਗੱਲ ਹੋਰ ਸੀ ਪਰ ਵੱਡਾ ਦੁੱਖ ਇਹ ਹੈ ਕਿ ਬਿਨਾਂ ਕਿਸੇ ਗੁਨਾਹ ਦੇ ਉਸ ਨੂੰ ਮਾਰ ਦਿੱਤਾ। ਇਹ ਕੋਈ ਛੋਟੀ ਗੱਲ ਨਹੀਂ ਹੈ।”

ਪੀਲੀਭੀਤ

ਤਸਵੀਰ ਸਰੋਤ, Gurpreet Chawla/BBC

ਬਲਵਿੰਦਰ ਨੇ ਆਪਣਾ ਪਤੀ ਪੁਲਿਸ ਮੁਕਾਬਲੇ ’ਚ ਗਵਾਇਆ

ਕੁਝ ਅਜਿਹਾ ਹੀ ਦੁੱਖ 61 ਸਾਲਾ ਬਲਵਿੰਦਰਜੀਤ ਕੌਰ ਵੀ ਹੰਢਾ ਰਹੇ ਹਨ।

ਉਨ੍ਹਾਂ ਦਾ ਘਰਵਾਲਾ ਬਲਜੀਤ ਸਿੰਘ ਪੱਪੂ, ਅਰੁਜੂਨਪੁਰ ਵਾਸੀ ਆਪਣੇ ਪਰਿਵਾਰ ਨਾਲ ਉੱਤਰ ਪ੍ਰਦੇਸ਼ ਰਹਿੰਦੀ ਭੈਣ ਨੂੰ ਮਿਲਣ ਗਏ।

ਸਾਰਾ ਪਰਿਵਾਰ ਗੁਰੂਦੁਆਰਾ ਨਾਨਕਮਤਾ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਕਿ ਕਛਾਲਾਘਾਟ ਪੁੱਲ ਨੇੜੇ ਪੁਲਿਸ ਨੇ ਨਾਕੇ ’ਤੇ ਬੱਸ ਰੋਕੀ।

ਬੱਸ ਵਿੱਚੋਂ ਬਲਜੀਤ ਸਿੰਘ ਤੇ ਉਨ੍ਹਾਂ ਦੇ ਛੋਟੇ ਭਰਾ ਸਮੇਤ ਸਾਰੇ ਨੌਜਵਾਨਾਂ ਨੂੰ ਹੇਠਾਂ ਉਤਾਰ ਲਿਆ ਗਿਆ।

ਮੌਕੇ ’ਤੇ ਮੌਜੂਦ ਬਲਵਿੰਦਰਜੀਤ ਦੱਸਦੇ ਹਨ, ਜਦੋਂ ਉਨ੍ਹਾਂ ਨੂੰ ਲਾਹਿਆ ਤਾਂ ਬੱਸ ’ਚ ਜਿਵੇਂ ਚੁੱਪ ਪਸਰ ਗਈ।

“ਪੁਲਿਸ ਨੇ ਮਰਦਾਂ ਨੂੰ ਆਪਣੀ ਗੱਡੀ ’ਚ ਬਿਠਾ ਲਿਆ ਤੇ ਬੱਸ ਦੇ ਮਗਰ ਮਗਰ ਆਉਣ ਲੱਗੇ।”

ਉਹ ਦੱਸਦੇ ਹਨ,“ਮੈਂ ਬੱਸ ਵਿੱਚ ਖੜ੍ਹ ਗਈ ਤਾਂ ਪੁਲਿਸ ਨੇ ਮੈਨੂੰ ਬੈਠਣ ਲਈ ਕਿਹਾ ਪਰ ਇਹ ਕਿਵੇਂ ਹੁੰਦਾ।”

“ਮੇਰਾ ਘਰਵਾਲਾ ਇਸ ਤਰ੍ਹਾਂ ਸਿਰ ਹਿਲਾ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਹੁਣ ਵਾਪਸੀ ਨਹੀਂ।”

BBC
BBC

ਬੱਸ ਤੋਂ ਲਾਹ ਕੇ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰਨਾ

ਪੀਲੀਭੀਤ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਬਲਵਿੰਦਰ ਆਪਣੇ ਪਤੀ ਨਾਲ ਬੱਸ ’ਚ ਮੌਜੂਦ ਸਨ ਜਦੋਂ ਇਹ ਪੁਲਿਸ ਮੁਕਾਬਲਾ ਹੋਇਆ

ਬਲਵਿੰਦਰ ਕੌਰ ਉਸ ਦਿਨ ਨੂੰ ਯਾਦ ਕਰਕੇ ਅੱਜ ਵੀ ਆਪਣੇ ਹੰਝੂ ਰੋਕ ਨਹੀਂ ਪਾਉਂਦੇ।

ਕੁਝ ਦੂਰ ਜਾ ਕੇ ਪੁਲਿਸ ਦੀਆਂ ਗੱਡੀਆਂ ਰੁਕੀਆਂ ਤੇ ਉਨ੍ਹਾਂ ਮੇਰੇ ਘਰਵਾਲੇ, ਦਿਓਰ ਸਮੇਤ ਸਾਰੇ ਨੌਜਵਾਨਾਂ ਨੂੰ ਦੌੜਨ ਨੂੰ ਕਿਹਾ।

“ਮੈਂ ਅੱਖੀਂ ਦੇਖਿਆ ਉਨ੍ਹਾਂ ਪਿੱਛੇ ਪੁਲਿਸ ਭੱਜ ਰਹੀ ਸੀ। ਥੋੜ੍ਹੀ ਦੇਰ ਬਾਅਦ ਬੱਸ ’ਚ ਬੈਠੇ ਪੁਲਿਸ ਵਾਲਿਆਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਥੋਂ ਤੱਕ ਕਿ ਹੱਥ ਵੀ ਚੁੱਕਿਆ।”

ਉਹ ਸਭ ਨੂੰ ਪੁਲਿਸ ਚੌਂਕੀ ਲੈ ਗਏ ਤੇ ਫ਼ਿਰ ਬਜ਼ੁਰਗਾਂ ਤੇ ਔਰਤਾਂ ਨੂੰ ਪੀਲੀਭੀਤ ਦੇ ਇੱਕ ਗੁਰੂਦੁਆਰੇ ਵਿੱਚ ਛੱਡ ਗਏ।

''ਜਦੋਂ ਪੁਲਿਸ ਤੋਂ ਪਰਿਵਾਰ ਦੇ ਮਰਦ ਮੈਂਬਰਾਂ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਨੇ ਜਵਾਬ ਦਿੱਤਾ ਕਿ ਉਨ੍ਹਾਂ ਤੋਂ ਪੁੱਛਗਿੱਛ ਚੱਲ ਰਹੀ ਹੈ।''

“ਅਸੀਂ ਤਿੰਨ ਦਿਨ ਤੱਕ ਉਨ੍ਹਾਂ ਦੀ ਉਡੀਕ ਕੀਤੀ ਤੇ ਬਾਅਦ ਵਿੱਚ ਅਖ਼ਬਾਰਾਂ ’ਚ ਪੜ੍ਹਿਆ ਕਿ ਉਨ੍ਹਾਂ ਸਭ ਨੂੰ ਅੱਤਵਾਦੀ ਕਰਾਰ ਦੇ ਕੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।”

ਪੀਲੀਭੀਤ

ਤਸਵੀਰ ਸਰੋਤ, Gurpreet Chawla/BBC

ਪੰਜਾਬ ਪੁਲਿਸ ਵਲੋਂ ਪਰੇਸ਼ਾਨ ਕੀਤਾ ਜਾਣਾ

ਬਲਵਿੰਦਰ ਜਦੋਂ ਤੀਰਥ ਯਾਤਰਾ ’ਤੇ ਗਏ ਉਸ ਸਮੇਂ 7 ਮਹੀਨਿਆਂ ਦੇ ਗਰਭਵਤੀ ਸਨ। ਦੋਵੇਂ ਨੂੰਹ ਸੱਸ ਇਸ ਹਾਲਾਤ ਵਿੱਚ ਪੰਜਾਬ ਪਹੁੰਚੀਆਂ ਤਾਂ ਇੱਥੇ ਵੀ ਕੁਝ ਦਿਨਾਂ ਬਾਅਦ ਪੁਲਿਸ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੇ ਜੇਠ ਨਿਸ਼ਾਨ ਸਿੰਘ ਇਸ ਮਾਮਲੇ ਦੀ ਪੈਰਵਾਈ ਕਰ ਰਹੇ ਸਨ। ਇੱਕ ਦਿਨ ਉਹ ਵੀ ਉੱਤਰ ਪ੍ਰਦੇਸ਼ ਜਾ ਰਹੇ ਸਨ ਤੇ ਅੱਜ ਤੱਕ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ।

ਬਲਵਿੰਦਰ ਦੱਸਦੇ ਹਨ ਕਿ ਪੁਲਿਸ ਦੇ ਡਰ ਤੋਂ ਉਨ੍ਹਾਂ ਨੇ ਆਪਣੇ ਬੱਚੇ ਨੂੰ ਜਨਮ ਵੀ ਉੱਤਰ ਪ੍ਰਦੇਸ਼ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਦਿੱਤਾ।

ਉਹ ਆਪਣੇ ਘਰ ਢਾਈ ਸਾਲ ਬਾਅਦ ਪਰਤੇ ਤੇ ਬੱਚੇ ਨੂੰ ਲੈ ਕੇ ਰਿਸ਼ਤੇਦਾਰਾਂ ਕੋਲ ਹੀ ਰਹਿੰਦੇ ਰਹੇ।

ਪੀਲੀਭੀਤ

ਤਸਵੀਰ ਸਰੋਤ, Gurpreet Chawla/BBC

ਬੱਚੇ ਤੋਂ ਸੱਚ ਛੁਪਾ ਕੇ ਰੱਖਣਾ

ਬਲਵਿੰਦਰਜੀਤ ਨੇ ਆਪਣਾ ਬੱਚਾ ਪੇਕੇ ਪਰਿਵਾਰ ਰਹਿਕੇ ਪਾਲਿਆ।

ਬਲਵਿੰਦਰ ਕਹਿੰਦੇ ਹਨ,“ਮੈਂ ਅਦਾਲਤਾਂ ਤੱਕ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਸੀ। ਪਰ ਮੈਂ 20 ਸਾਲ ਤੱਕ ਉਸ ਨੂੰ ਪੂਰਾ ਸੱਚ ਨਾ ਦੱਸਿਆ।”

“ਉਹ ਸਹਿਮਿਆਂ ਹੀ ਰਹਿੰਦਾ ਸੀ। ਮੈਂ ਆਪਣੇ ਪੇਕੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ।”

ਹੁਣ ਜਦੋਂ ਅਦਾਲਤ ਨੇ ਸਜ਼ਾਵਾਂ ਘੱਟ ਕਰਨ ਦਾ ਫੈਸਲਾ ਸੁਣਾਇਆ ਤਾਂ ਉਹ ਪਰੇਸ਼ਾਨ ਹੋਏ।

ਉਨ੍ਹਾਂ ਕਿਹਾ,“ਕਈ ਵਾਰ ਤਾਂ ਹਾਰ ਵੀ ਮਨ ਲੈਂਦੀ ਹਾਂ ਪਰ ਮੁੜ ਆਪਣੇ ਆਪ ਨੂੰ ਦਲੇਰ ਕਰ ਇਸ ਇਨਸਾਫ ਦੀ ਲੜਾਈ ਲਈ ਅੱਗੇ ਕਦਮ ਚੁੱਕਦੀ ਹਾਂ ਅਤੇ ਹੁਣ ਵੀ ਉਹ ਆਪਣੇ ਵਕੀਲਾਂ ਨਾਲ ਮਿਲ ਅੱਗੇ ਇਨਸਾਫ ਦੀ ਗੁਹਾਰ ਲਾਉਣ ਲਈ ਤਿਆਰ ਹਨ|”

ਬਲਵਿੰਦਰ ਕੌਰ ਦਾ ਬੇਟਾ ਕਰਮਬੀਰ ਸਿੰਘ ਭਾਵੁਕ ਹੁੰਦੇ ਆਖਦਾ ਹੈ ਕਿ ਪਿਤਾ ਨੂੰ ਕਿਵੇਂ ਅਤੇ ਕਿਉਂ ਮਾਰਿਆ ਇਸ ਗੱਲ ’ਤੇ ਗੁੱਸਾ ਤਾ ਆਉਂਦਾ ਹੈ।

ਉਹ ਕਹਿੰਦਾ ਹੈ, “ਪਰ ਅਹਿਮ ਗੱਲ ਇਹ ਹੈ ਕਿ ਮੇਰੀ ਮਾਂ ਨੇ ਮੈਨੂੰ ਬਹੁਤ ਕਸ਼ਟ ਸਹਿਕੇ ਪਾਲਿਆ। ਮਨ ਵਿੱਚ ਇਹ ਜ਼ਰੂਰ ਰਹਿੰਦਾ ਹੈ ਕਿ ਜੇ ਸਾਡਾ ਬਾਪ ਜਿਉਂਦਾ ਹੁੰਦਾ ਤਾਂ ਬਹੁਤ ਹੌਸਲਾ ਹੋਣਾ ਸੀ।”

ਪੀਲੀਭੀਤ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਬਲਜੀਤ ਸਿੰਘ ਪੱਪੂ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ

ਇੱਕੋ ਪਰਿਵਾਰ ਦੇ ਦੋ-ਦੋ ਮੁੰਡੇ ਮਰੇ

ਪੁਲਿਸ ਮੁਕਾਬਲੇ ’ਚ ਮਰਨ ਵਾਲੇ 10 ਸਿੱਖ ਨੌਜਵਾਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ ।

ਹਰਮਿੰਦਰ ਸਿੰਘ ,ਰਣਧੀਰ ਸਿੰਘ ,ਸੁਰਜਨ ਸਿੰਘ,ਮੁਖਵਿੰਦਰ ਸਿੰਘ  ਤੋਂ ਇਲਾਵਾ ਇੱਕੋ ਪਰਿਵਾਰ ਦੇ ਦੋ ਪੁੱਤ ਬਲਜੀਤ ਸਿੰਘ ਤੇ ਜਸਵੰਤ ਸਿੰਘ ਸ਼ਾਮਿਲ ਸਨ। ਇਸੇ ਤਰ੍ਹਾਂ ਕਰਤਾਰ ਸਿੰਘ ਅਤੇ ਜਸਵੰਤ ਸਿੰਘ ਵੀ ਸਕੇ ਭਰਾ ਸਨ |

ਦੋ ਹੋਰ ਨੌਜਵਾਨ ਲਖਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ |

ਰਣਧੀਰ ਸਿੰਘ ਉਸ ਸਮੇਂ ਮਹਿਜ਼ 17 ਸਾਲ ਦਾ ਸੀ ਅਤੇ ਅੱਜ ਉਸਦਾ ਵੱਡਾ ਭਰਾ ਜੋਗਿੰਦਰ ਸਿੰਘ ਜਦੋਂ ਛੋਟੇ ਭਰਾ ਰਣਧੀਰ ਸਿੰਘ ਧੀਰਾ ਦਾ ਨਾਂਅ ਲੈ ਰਿਹਾ ਹੈ ਤਾਂ ਆਵਾਜ਼ ’ਚ ਰੋਣਾ ਹੈ।

ਭਾਵੁਕਤਾ ਨਾਲ ਕੰਬਦੀ ਆਵਾਜ਼ ਵਿੱਚ ਉਨ੍ਹਾਂ ਕਿਹਾ,“ ਹੱਥੀਂ ਪਾਲਿਆ ਸੀ ਪੁੱਤਾਂ ਵਾਂਗ। ਉਦੋਂ ਉਸ ਨੇ ਹਾਲੇ 10ਵੀਂ ਪਾਸ ਕੀਤੀ ਸੀ।”

“ਖੇਤੀ ’ਚ ਪਰਿਵਾਰ ਦਾ ਹੱਥ ਵੰਡਾਉਂਦਾ ਸੀ। ਉਸ ਦੀ ਮੌਤ ਦਾ ਸੁਨੇਹਾ ਪਰਿਵਾਰ ਦੇ ਕਿਸੇ ਪਹਾੜ ਵਾਂਗ ਡਿੱਗਿਆ।”

ਪਰਿਵਾਰ ਇਹ ਲਈ ਇਹ ਦੁੱਖ ਹਾਲੇ ਵੀ ਅੱਲ਼ਾ ਹੈ। ਉਹ ਵਕੀਲਾਂ ਦੀ ਸਲਾਹ ਲੈਣ ਦਿੱਲੀ ਜਾਣ ਦੀ ਯੋਜਨਾ ਬਣਾ ਰਹੇ ਹਨ।

ਮਾਮਲੇ ਵਿੱਚ ਹੁਣ ਤੱਕ ਜੋ ਕਾਰਵਾਈ ਹੋਈ

15 ਮਈ 1992 ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਪਟੀਸ਼ਨ ਦੀ ਸੁਣਵਾਈ ਕਰਦਿਆਂ ਮੁੱਠਭੇੜ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ।

ਸੀਬੀਆਈ ਨੇ ਇਸ ਮਾਮਲੇ ਵਿੱਚ 57 ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ ਜਿਨ੍ਹਾਂ ਵਿੱਚੋਂ ਦਸ ਦੀ ਮੁਕਦਮੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ।

ਮੁਕਦਮੇ ਦੀ ਸੀਬੀਆਈ ਕੋਰਟ ਵਿੱਚ ਲੰਬੀ ਸੁਣਵਾਈ ਚਲੀ ਅਤੇ ਆਖਿਰਕਾਰ ਇੱਕ ਅਪ੍ਰੈਲ ਨੂੰ ਸੀਬੀਆਈ ਕੋਰਟ ਦੀ ਵਿਸ਼ੇਸ਼ ਜੱਜ ਲੱਲੂ ਸਿੰਘ ਨੇ ਸਾਰਿਆਂ ਪੁਲਿਸ ਮੁਲਾਜ਼ਮਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਦੋ ਦਿਨਾਂ ਬਾਅਦ ਸਾਰਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ।

ਇਸ ਫੈਸਲੇ ਨੂੰ ਫਿਰ ਇਲਾਹਾਬਾਦ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)