ਸੇਲੇਨੀਅਮ ਕੀ ਹੈ, ਜਿਸ ਨਾਲ ਅਚਾਨਕ ਗੰਜੇ ਹੋਣ ਲੱਗੇ ਲੋਕ, ਪੰਜਾਬ 'ਚ ਇਸ ਬਾਰੇ ਕੀ ਹੈ ਚਰਚਾ ਤੇ ਕੀ ਇਸਦਾ ਇਲਾਜ ਸੰਭਵ ਹੈ

ਗੰਜਾਪਣ
ਤਸਵੀਰ ਕੈਪਸ਼ਨ, ਆਈਸੀਐਮਆਰ ਦੀ ਇੱਕ ਮੁੱਢਲੀ ਰਿਪੋਰਟ ਮੁਤਾਬਕ, ਵਾਲਾਂ ਦਾ ਝੜਨਾ ਸਰੀਰ ਵਿੱਚ ਸੇਲੇਨੀਅਮ ਦੇ ਵਧਣ ਕਾਰਨ ਹੁੰਦਾ ਹੈ
    • ਲੇਖਕ, ਭਾਗਿਆਸ਼੍ਰੀ ਰਾਊਤ
    • ਰੋਲ, ਬੀਬੀਸੀ ਮਰਾਠੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਅਚਾਨਕ ਲੋਕਾਂ ਦੇ ਵਾਲ ਝੜਨ ਅਤੇ ਗੰਜੇਪਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਬਾਰੇ ਡਾਕਟਰ ਹਿੰਮਤਰਾਓ ਬਾਵਸਕਰ ਦਾ ਕਹਿਣਾ ਹੈ ਕਿ ਅਜਿਹਾ ਸਰੀਰ ਵਿੱਚ ਸੇਲੇਨੀਅਮ ਦੇ ਵਧਣ ਕਾਰਨ ਹੋਇਆ ਹੈ।

ਡਾਕਟਰ ਹਿੰਮਤਰਾਓ ਬਾਵਸਕਰ ਨੇ ਇਸ ਮਾਮਲੇ ਵਿੱਚ ਆਪਣੇ ਪੱਧਰ 'ਤੇ ਜਾਂਚ ਕੀਤੀ ਹੈ।

ਆਪਣੀ ਇਸ ਜਾਂਚ ਤੋਂ ਬਾਅਦ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਦੋ ਜ਼ਿਲ੍ਹਿਆਂ ਦੀ ਕਣਕ ਵਿੱਚ ਸੇਲੇਨੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਨਾਲ ਮਰੀਜ਼ਾਂ ਦੇ ਸਰੀਰ ਵਿੱਚ ਸੇਲੇਨੀਅਮ ਦਾ ਪੱਧਰ ਵਧਿਆ ਹੈ।

ਬਾਵਸਕਰ ਦੀ ਖੋਜ ਤੋਂ ਬਾਅਦ, ਹੁਣ ਕੇਂਦਰੀ ਸਿਹਤ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਵੀ ਆਈਸੀਐਮਆਰ ਦੀ ਸ਼ੁਰੂਆਤੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਾਲਾਂ ਦਾ ਝੜਨਾ ਸਰੀਰ ਵਿੱਚ ਸੇਲੇਨੀਅਮ ਦੇ ਵਧੇ ਹੋਏ ਪੱਧਰ ਕਾਰਨ ਹੁੰਦਾ ਹੈ। ਪਰ, ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਤੋਂ ਆ ਰਹੀ ਕਣਕ ਨੂੰ ਦੋਸ਼ ਦੇਣ ਦੀ ਬਜਾਏ ਸਾਨੂੰ ਇਸ ਸੇਲੇਨੀਅਮ ਦੇ ਅਸਲ ਸਰੋਤ ਨੂੰ ਲੱਭਣ ਦੀ ਲੋੜ ਹੈ।

ਪ੍ਰਤਾਪਰਾਓ ਜਾਧਵ ਨੇ ਬੁਲਢਾਣਾ ਵਿੱਚ ਹੀ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਸਭ ਗੱਲਾਂ ਕਹੀਆਂ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਈਸੀਐਮਆਰ ਦੀ ਇੱਕ ਮੁੱਢਲੀ ਰਿਪੋਰਟ ਮੁਤਾਬਕ, ਵਾਲਾਂ ਦਾ ਝੜਨਾ ਸਰੀਰ ਵਿੱਚ ਸੇਲੇਨੀਅਮ ਦੇ ਵਧਣ ਕਾਰਨ ਹੁੰਦਾ ਹੈ।

ਪਰ, ਸੇਲੇਨੀਅਮ ਅਸਲ ਵਿੱਚ ਕੀ ਹੈ? ਇਹ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ?

ਸਰੀਰ ਨੂੰ ਇਹ ਸੇਲੇਨੀਅਮ ਕਿੱਥੋਂ ਮਿਲਦਾ ਹੈ? ਸਰੀਰ ਵਿੱਚ ਬਹੁਤ ਜ਼ਿਆਦਾ ਸੇਲੇਨੀਅਮ ਦੇ ਕੀ ਪ੍ਰਭਾਵ ਹੁੰਦੇ ਹਨ? ਅਤੇ ਹੱਲ ਕੀ ਹਨ? ਆਓ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ...

ਸੇਲੇਨੀਅਮ ਕੀ ਹੈ? ਸਰੀਰ ਨੂੰ ਇਸਦੀ ਲੋੜ ਕਿਉਂ ਹੈ?

ਸੇਲੇਨਿਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਸ਼ਟਰ ਵਿੱਚ, ਡਾਕਟਰ ਹਿੰਮਤਰਾਓ ਬਾਵਸਕਰ ਦਾ ਕਹਿਣਾ ਹੈ ਕਿ ਪੀੜਤਾਂ ਵਿੱਚ ਵੀ ਸੇਲੇਨੀਅਮ ਵਧਿਆ ਹੋਇਆ ਹੈ

ਸੇਲੇਨੀਅਮ ਮਿੱਟੀ ਵਿੱਚ ਪਾਇਆ ਜਾਣ ਵਾਲਾ ਇੱਕ ਖਣਿਜ ਹੈ। ਸੇਲੇਨੀਅਮ ਕੁਦਰਤੀ ਤੌਰ 'ਤੇ ਪਾਣੀ ਅਤੇ ਕੁਝ ਭੋਜਨ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ। ਸਾਡੇ ਸਰੀਰ ਨੂੰ ਕੁਝ ਮਾਤਰਾ ਵਿੱਚ ਸੇਲੇਨੀਅਮ ਦੀ ਲੋੜ ਹੁੰਦੀ ਹੈ।

ਮਨੁੱਖੀ ਸਰੀਰ ਨੂੰ ਸੇਲੇਨੀਅਮ ਦੀ ਲੋੜ ਕਿਉਂ ਹੈ, ਇਸ ਬਾਰੇ ਪੋਸ਼ਣ ਵਿਗਿਆਨੀ ਡਾਕਟਰ ਰੇਣੂਕਾ ਮੇਂਡੇ ਕਹਿੰਦੇ ਹਨ ਕਿ ਸੇਲੇਨੀਅਮ ਡੀਐਨਏ ਸੰਸਲੇਸ਼ਣ ਲਈ ਕੰਮ ਕਰਦਾ ਹੈ।

ਇਸ ਤੋਂ ਇਲਾਵਾ, ਜਦੋਂ ਅਸੀਂ ਬਿਮਾਰ ਹੋਣ ਤੋਂ ਬਾਅਦ ਕੁਝ ਐਂਟੀਬਾਇਓਟਿਕਸ ਲੈਂਦੇ ਹਾਂ, ਤਾਂ ਸਰੀਰ ਵਿੱਚ ਆਕਸੀਕਰਨ ਬਣਦਾ ਹੈ। ਸੇਲੇਨੀਅਮ ਇਸ ਨੂੰ ਰੋਕਣ ਲਈ ਕੰਮ ਕਰਦਾ ਹੈ।

ਪ੍ਰਦੂਸ਼ਣ, ਗਲਤ ਖੁਰਾਕ, ਜਾਂ ਵਧਦੀ ਉਮਰ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸੇਲੇਨੀਅਮ ਦੇ ਐਂਟੀਆਕਸੀਡੈਂਟ ਗੁਣ ਇਨ੍ਹਾਂ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਮਹੱਤਵਪੂਰਨ ਹਨ।

ਅਨਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਕਹਿਣਾ ਹੈ ਕਿ ਸੇਲੇਨੀਅਮ ਕਿਉਂਕਿ ਮਿੱਟੀ ਵਿੱਚ ਪਾਇਆ ਜਾਂਦਾ ਹੈ, ਇਸ ਲਈ ਇਹ ਅਨਾਜਾਂ ਵਿੱਚ ਵੀ ਆ ਜਾਂਦਾ ਹੈ

ਕੁੱਲ ਮਿਲਾ ਕੇ, ਸੇਲੇਨੀਅਮ ਇਮਿਊਨਿਟੀ ਵਧਾਉਣ ਦਾ ਕੰਮ ਕਰਦਾ ਹੈ। ਇੱਥੋਂ ਤੱਕ ਕਿ ਥਾਇਰਾਇਡ ਗਲੈਂਡ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਵੀ ਸੇਲੇਨੀਅਮ ਮਹੱਤਵਪੂਰਨ ਹੈ।

ਕਿਉਂਕਿ ਸੇਲੇਨੀਅਮ ਮਿੱਟੀ ਵਿੱਚ ਪਾਇਆ ਜਾਂਦਾ ਹੈ, ਇਸ ਲਈ ਇਹ ਅਨਾਜਾਂ ਵਿੱਚ ਆ ਜਾਂਦਾ ਹੈ। ਅਨਾਜ ਵਿੱਚ ਸੇਲੇਨੀਅਮ ਦੀ ਮਾਤਰਾ ਮਿੱਟੀ ਵਿੱਚ ਇਸਦੀ ਮਾਤਰਾ 'ਤੇ ਨਿਰਭਰ ਕਰਦੀ ਹੈ। ਇਸ ਲਈ, ਵੱਖ-ਵੱਖ ਖੇਤਰਾਂ ਦੇ ਅਨਾਜਾਂ ਵਿੱਚ ਸੇਲੇਨੀਅਮ ਦੀ ਮਾਤਰਾ ਵੱਧ ਜਾਂ ਘੱਟ ਹੋ ਸਕਦੀ ਹੈ।

ਪਰ, ਕੀ ਸੇਲੇਨੀਅਮ ਜ਼ਹਿਰੀਲਾ ਹੈ? ਡਾਕਟਰ ਰੇਣੂਕਾ ਇਹ ਵੀ ਕਹਿੰਦੇ ਹਨ ਕਿ ਇਸ ਬਾਰੇ ਹੋਰ ਅਧਿਐਨ ਦੀ ਲੋੜ ਹੈ।

ਸਰੀਰ ਨੂੰ ਕਿੰਨੀ ਸੇਲੇਨੀਅਮ ਦੀ ਲੋੜ ਹੁੰਦੀ ਹੈ?

ਸਾਡੇ ਦੇਸ਼ ਵਿੱਚ ਪਾਏ ਜਾਣ ਵਾਲੇ ਸੇਲੇਨੀਅਮ ਦਾ ਸਭ ਤੋਂ ਵੱਡਾ ਸਰੋਤ ਮਟਨ ਅਤੇ ਪੋਲਟਰੀ ਹਨ। ਇਨ੍ਹਾਂ ਵਿੱਚ ਸਰੀਰ ਦੀ ਲੋੜ ਮੁਤਾਬਕ ਸੇਲੇਨੀਅਮ ਹੁੰਦਾ ਹੈ। ਜੋ ਲੋਕ ਮਾਸਾਹਾਰੀ ਭੋਜਨ ਖਾਂਦੇ ਹਨ, ਉਨ੍ਹਾਂ ਨੂੰ ਇਸ ਤੋਂ ਸੇਲੇਨੀਅਮ ਮਿਲ ਸਕਦਾ ਹੈ।

ਸੇਲੇਨੀਅਮ ਚੌਲਾਂ ਅਤੇ ਕਣਕ ਵਰਗੇ ਅਨਾਜਾਂ ਵਿੱਚ ਵੀ ਪਾਇਆ ਜਾਂਦਾ ਹੈ। ਸਾਡਾ ਸਰੀਰ ਇਨ੍ਹਾਂ ਅਨਾਜਾਂ ਤੋਂ ਵੀ ਸੇਲੇਨੀਅਮ ਪ੍ਰਾਪਤ ਕਰ ਸਕਦਾ ਹੈ।

ਤੁਹਾਡੇ ਸਰੀਰ ਨੂੰ ਲੋੜੀਂਦਾ ਸੇਲੇਨੀਅਮ ਅੰਡੇ ਅਤੇ ਸਮੁੰਦਰੀ ਭੋਜਨ ਤੋਂ ਵੀ ਪ੍ਰਾਪਤ ਹੋ ਸਕਦਾ ਹੈ।

ਹਾਲਾਂਕਿ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਰੋਜ਼ਾਨਾ ਲਈ ਸਰੀਰ ਵਿੱਚ ਸੇਲੇਨੀਅਮ ਦੀ ਮਾਤਰਾ ਨਿਰਧਾਰਤ ਕੀਤੀ ਹੈ। ਆਈਸੀਐਮਆਰ ਦੀ ਇੱਕ ਰਿਪੋਰਟ ਹਰ ਰੋਜ਼ ਲਗਭਗ 40 ਮਾਈਕ੍ਰੋਗ੍ਰਾਮ ਸੇਲੇਨੀਅਮ ਲੈਣ ਦਾ ਸੁਝਾਅ ਦਿੰਦੀ ਹੈ।

ਇਸਦੇ ਨਾਲ ਹੀ, ਸੇਲੇਨੀਅਮ ਦੀ ਮਾਤਰਾ ਵੀ ਉਮਰ ਦੇ ਨਾਲ ਬਦਲਦੀ ਹੈ।

ਅਮਰੀਕੀ ਸਿਹਤ ਵਿਭਾਗ ਦੇ ਅਨੁਸਾਰ, ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿੰਨੀ ਸੇਲੇਨੀਅਮ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਬਾਰੇ ਵੀ ਅੰਕੜੇ ਮੌਜੂਦ ਹਨ।

ਹਾਲਾਂਕਿ, ਆਈਸੀਐਮਆਰ ਦੀ ਇੱਕ ਰਿਪੋਰਟ ਨੇ ਇਹ ਸੀਮਾ ਸਿਰਫ 40 ਮਾਈਕ੍ਰੋਗ੍ਰਾਮ ਦੱਸੀ ਹੈ।

ਸੇਲੇਨਿਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ, ਇੱਕ ਸੀਮਿਤ ਮਾਤਰਾ ਇੱਕ ਸੇਲੇਨਿਅਮ ਸਾਡੇ ਸਰੀਰ ਲਈ ਜ਼ਰੂਰੀ ਹੈ ਪਰ ਇਸ ਦਾ ਜ਼ਿਆਦਾ ਹੋਣਾ ਨੁਕਸਾਨ ਦੇ ਸਕਦਾ ਹੈ

ਸਰੀਰ ਵਿੱਚ ਸੇਲੇਨੀਅਮ ਦੇ ਵਧੇ ਪੱਧਰ ਦੇ ਕੀ ਪ੍ਰਭਾਵ ਹੁੰਦੇ ਹਨ?

ਇਸ ਬਾਰੇ ਏਮਜ਼, ਦਿੱਲੀ ਦੇ ਚਮੜੀ ਵਿਭਾਗ ਦੇ ਮੁਖੀ ਡਾਕਟਰ ਸੋਮੇਸ਼ ਗੁਪਤਾ ਕਹਿੰਦੇ ਹਨ, "ਸੇਲੇਨੀਅਮ ਸਿਹਤ ਲਈ ਜ਼ਰੂਰੀ ਹੈ। ਹਾਲਾਂਕਿ, ਇਸ ਦਾ ਬਹੁਤ ਜ਼ਿਆਦਾ ਸੇਵਨ ਮਤਲੀ, ਵਾਲਾਂ ਦਾ ਝੜਨਾ, ਥਕਾਵਟ ਅਤੇ ਨਸਾਂ ਨੂੰ ਨੁਕਸਾਨ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦਾ ਹੈ।"

ਉਹ ਕਹਿੰਦੇ ਹਨ ਕਿ "ਜੇ ਤੁਸੀਂ ਲੰਬੇ ਸਮੇਂ ਤੱਕ ਸੇਲੇਨੀਅਮ ਦਾ ਸੇਵਨ ਕਰਦੇ ਹੋ ਤਾਂ ਇਹ ਸੇਲੇਨੋਸਿਸ ਨਾਮਕ ਇੱਕ ਗੰਭੀਰ ਸਥਿਤੀ ਦਾ ਕਾਰਨ ਬਣ ਸਕਦਾ ਹੈ। ਇਹ ਨਹੁੰਆਂ ਦਾ ਬੁਰਭੁਰਾ ਹੋਣਾ, ਵਾਲਾਂ ਦਾ ਝੜਨਾ ਅਤੇ ਗੰਜਾਪਨ, ਸਾਹ ਦੀ ਬਦਬੂ ਅਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।"

ਪਰ ਜੇਕਰ ਸਰੀਰ ਨੂੰ ਇਹ ਸੇਲੇਨੀਅਮ ਨਹੀਂ ਮਿਲਦਾ ਜਾਂ ਸਰੀਰ ਦੀਆਂ ਸੇਲੇਨੀਅਮ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਕੀ ਹੁੰਦਾ ਹੈ, ਡਾਕਟਰ ਇਸ ਬਾਰੇ ਵੀ ਜਾਣਕਾਰੀ ਦਿੰਦੇ ਹਨ।

ਡਾਕਟਰ ਗੁਪਤਾ ਕਹਿੰਦੇ ਹਨ ਕਿ ਸਰੀਰ ਵਿੱਚ ਸੇਲੇਨੀਅਮ ਦੇ ਪੱਧਰ ਵਿੱਚ ਕਮੀ ਨਾਲ ਮਤਲੀ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਪ੍ਰਤੀਰੋਧਕ ਸ਼ਕਤੀ ਵਿੱਚ ਕਮੀ ਹੋ ਸਕਦੀ ਹੈ।

ਇਸ ਨਾਲ ਦਿਲ ਦੀ ਬਿਮਾਰੀ ਵੀ ਹੋ ਸਕਦੀ ਹੈ ਜਾਂ ਥਾਇਰਾਇਡ ਗਲੈਂਡ ਦੇ ਕੰਮਕਾਜ ਵਿੱਚ ਵਿਘਨ ਪੈ ਸਕਦਾ ਹੈ। ਕਈ ਵਾਰ ਬਾਂਝਪਨ ਵੀ ਹੋ ਸਕਦਾ ਹੈ।

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਲੇਨੀਅਮ, ਅਨਾਜ, ਮਾਸਾਹਾਰੀ ਭੋਜਨ ਅਤੇ ਸਮੁੰਦਰੀ ਭੋਜਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ

ਸਰੀਰ ਵਿੱਚ ਵਧੇ ਹੋਏ ਸੇਲੇਨੀਅਮ ਨੂੰ ਕਿਵੇਂ ਘਟਾਇਆ ਜਾਵੇ? ਹੱਲ ਕੀ ਹਨ?

ਜੇਕਰ ਸਰੀਰ ਵਿੱਚ ਸੇਲੇਨੀਅਮ ਦਾ ਪੱਧਰ ਬਹੁਤ ਜ਼ਿਆਦਾ ਹੋ ਜਾਵੇ ਤਾਂ ਇਸ ਨੂੰ ਕਿਵੇਂ ਘਟਾਇਆ ਜਾਵੇ? ਇਸਦੇ ਇਲਾਜ ਕੀ ਹਨ?

ਇਸ ਬਾਰੇ ਡਾਕਟਰ ਸੋਮੇਸ਼ ਗੁਪਤਾ ਕਹਿੰਦੇ ਹਨ, ਸਰੀਰ ਵਿੱਚ ਸੇਲੇਨੀਅਮ ਦੀ ਮਾਤਰਾ ਘਟਾਉਣ ਦਾ ਕੋਈ ਖਾਸ ਇਲਾਜ ਨਹੀਂ ਹੈ।

ਹਾਲਾਂਕਿ, ਉਸ ਸਰੋਤ ਨੂੰ ਰੋਕਣਾ ਜ਼ਰੂਰੀ ਹੈ ਜਿਸ ਤੋਂ ਸਰੀਰ ਵਿੱਚ ਸੇਲੇਨੀਅਮ ਦੀ ਮਾਤਰਾ ਵੱਧ ਰਹੀ ਹੈ। ਜੇਕਰ ਸੇਲੇਨੀਅਮ ਭੋਜਨ ਰਾਹੀਂ ਸਰੀਰ ਵਿੱਚ ਦਾਖਲ ਹੋ ਰਿਹਾ ਹੈ, ਤਾਂ ਇਸਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)