ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਪੰਜਾਬ ਸਣੇ ਉੱਤਰ ਭਾਰਤ ਦੇ ਸੂਬਿਆਂ ਵਿੱਚ ਹੜ੍ਹ ਆਉਣ ਦੀ ਖ਼ਬਰ ਸੁਰਖ਼ੀਆਂ ਵਿੱਚ ਰਹੀ ਤੇ ਵੱਖ-ਵੱਖ ਪਹਿਲੂ ਇਨ੍ਹਾ ਹੜ੍ਹਾਂ ਬਾਰੇ ਬੀਬੀਸੀ ਪੰਜਾਬੀ ਦੀਆਂ ਖ਼ਬਰਾਂ ਵਿੱਚ ਪ੍ਰਕਾਸ਼ਿਤ ਹੋਏ।
ਪੰਜਾਬ ਮੌਸਮ: ਹੜ੍ਹ ਕਿਉਂ ਬਣ ਗਏ ਵੱਡੀ ਆਫ਼ਤ ਤੇ ਮਾਹਰ ਕੀ ਦੱਸਦੇ ਹਨ ਬਚਾਅ ਦਾ ਤਰੀਕਾ

ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ 11 ਜ਼ਿਲ੍ਹੇ ਆਏ ਹਨ, ਜਿਨ੍ਹਾਂ ਵਿੱਚੋਂ 5 ਜਿਲ੍ਹਿਆਂ ਵਿੱਚ ਪਾਣੀ ਨੇ ਜ਼ਿਆਦਾ ਨੁਕਸਾਨ ਕੀਤਾ ਹੈ।
ਹਾਲਾਂਕਿ, ਸੂਬਾ ਸਰਕਾਰ ਦਾ ਕਹਿਣਾ ਹੈ ਕਿ 14000 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪੰਜਾਬ ਵਿੱਚ ਇਨ੍ਹਾਂ ਹੜ੍ਹਾਂ ਨੇ ਇੰਨੀ ਤਬਾਹੀ ਕਿਉਂ ਮਚਾਈ ਹੈ ਜਾਣਨ ਲਈ ਇੱਥੇ ਕਲਿੱਕ ਕਰੋ।
ਪੰਜਾਬ ਵਿੱਚ ਜਦੋਂ ਹੜ੍ਹ ਕਾਰਨ ਰਾਬਤੇ ਟੁੱਟੇ, ਕਿਵੇਂ ਨੌਜਵਾਨ ਇਨਸਾਨੀਅਤ ਦਾ ਫਰਜ਼ ਨਿਭਾ ਰਹੇ

ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ। ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਉੱਤੇ ਪਹੁੰਚਾਉਣ ਜਾਂ ਲੋਕਾਂ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਲਈ ਕਈ ਨਾਗਰਿਕ ਵੀ ਅੱਗੇ ਆ ਰਹੇ ਹਨ।
ਮਦਦ ਕਰਨ ਵਾਲੇ ਆਪੋ-ਆਪਣੇ ਤਰੀਕਿਆਂ ਤੇ ਸਰੋਤਾਂ ਮੁਤਾਬਕ ਕੋਸ਼ਿਸ਼ ਕਰ ਰਹੇ ਹਨ।
ਕੋਈ ਬੇਘਰ ਹੋਏ ਲੋਕਾਂ ਦੇ ਰਹਿਣ ਲਈ ਥਾਂ ਅਤੇ ਖਾਣ-ਪੀਣ ਦਾ ਪ੍ਰਬੰਧ ਕਰ ਰਿਹਾ ਹੈ, ਕੋਈ ਪਾਣੀ ਵਿੱਚ ਫਸੇ ਲੋਕਾਂ ਨੂੰ ਕਢਵਾਉਣ ਵਿੱਚ ਅਤੇ ਕੋਈ ਪਾਣੀ ਵਿਚਕਾਰ ਘਰਾਂ ਅੰਦਰ ਬੈਠੇ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਪੰਜਾਬ ਮੌਸਮ : ਹੜ੍ਹਾਂ ਦਾ ਪਾਣੀ ਜੇ ਘਰਾਂ ਜਾਂ ਇਲਾਕੇ 'ਚ ਵੜ ਜਾਏ ਤਾਂ ਬਿਮਾਰੀਆਂ ਤੋਂ ਕਿਵੇਂ ਬਚੀਏ

ਪੰਜਾਬ, ਹਰਿਆਣਾ ਅਤੇ ਹਿਮਾਚਲ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ 'ਚ ਮੀਂਹ ਨੇ ਹਾਲ-ਬੇਹਾਲ ਕਰ ਰੱਖਿਆ ਹੈ।ਸੋਸ਼ਲ ਮੀਡੀਆ 'ਤੇ ਵਾਇਰਲ ਕਈ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਣੀ ਦਾ ਤੇਜ਼ ਵਹਾਅ ਆਪਣੇ ਨਾਲ ਘਰਾਂ ਤੇ ਪੁੱਲਾਂ ਨੂੰ ਵੀ ਰੋੜ੍ਹ ਲੈ ਜਾ ਰਿਹਾ ਹੈ।
ਭਾਵੇਂ ਆਉਂਦੇ ਦਿਨਾਂ ਵਿੱਚ ਮੀਂਹ ਤੋਂ ਰਾਹਤ ਮਿਲਣ ਦੀ ਉਮੀਦ ਹੈ ਤੇ ਇਸ ਨਾਲ ਜੀਵਨ ਮੁੜ ਪਟੜੀ 'ਤੇ ਆਉਣਾ ਸ਼ੁਰੂ ਹੋ ਜਾਵੇਗਾ ਪਰ ਜਿਨ੍ਹਾਂ ਲੋਕਾਂ ਦੇ ਘਰ ਇਸ ਆਫ਼ਤ 'ਚ ਨੁਕਸਾਨੇ ਗਏ ਹਨ ਉਨ੍ਹਾਂ ਲਈ ਇਹ ਸਭ ਇੰਨਾ ਸੌਖਾ ਨਹੀਂ ਹੋਵੇਗਾ।
ਘਰਾਂ 'ਚ ਵੜਿਆ ਪਾਣੀ ਨਾ ਸਿਰਫ਼ ਚੀਜ਼ਾਂ ਦਾ ਨੁਕਸਾਨ ਕਰਦਾ ਹੈ ਸਗੋਂ ਆਪਣੇ ਪਿੱਛੇ ਗੰਦੀ ਬਦਬੂ ਤੇ ਕਈ ਬਿਮਾਰੀਆਂ ਵੀ ਛੱਡ ਜਾਂਦਾ ਹੈ।
ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਜੇਕਰ ਮੀਂਹ ਦਾ ਪਾਣੀ ਘਰ 'ਚ ਵੜ ਜਾਵੇ ਤਾਂ ਕੀ ਕਰੀਏ ਅਤੇ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰਖੀਏ...
150 ਸਾਲ ਪਹਿਲਾਂ ਪੁਲਿਸ ਕੋਲ ਕਿਹੋ ਜਿਹੇ ਅਜੀਬੋ-ਗਰੀਬ ਕੇਸ ਦਰਜ ਹੁੰਦੇ ਸਨ

ਤਸਵੀਰ ਸਰੋਤ, Getty Images
ਮੁਗਲ ਕਾਲ ਦੇ ਅੰਤਲੇ ਸਾਲਾਂ ਵੇਲੇ ਦੀਆਂ 29 ਪੁਲਿਸ ਰਿਪੋਰਟਾਂ ਦੇ ਵਿੱਚ ਲਿਖੇ ਮਾਮਲੇ ਇਨ੍ਹਾਂ ਪੁਰਾਲੇਖੀ ਪੁਲਿਸ ਰਿਪੋਰਟਾਂ ਦੇ ਨਸ਼ਰ ਹੋਣ ਨਾਲ਼ ਸਾਹਮਣੇ ਆਏ ਹਨ।
ਇਹ ਰਿਪੋਰਟਾਂ ਦਿੱਲੀ ਦੇ ਪ੍ਰਮੁੱਖ ਪੁਲਿਸ ਥਾਣੇ- ਸਬਜ਼ੀ ਮੰਡੀ, ਮਹਿਰੌਲੀ, ਕੋਤਵਾਲੀ, ਸਦਰ ਬਜ਼ਾਰ ਅਤੇ ਨਾਂਗਲੋਈ ਵਿੱਚ 1861 ਤੋਂ 1900 ਤੱਕ ਦੇ ਅਰਸੇ ਦੌਰਾਨ ਦਰਜ ਹੋਈਆਂ ਸਨ।
ਖ਼ੈਰ, ਮੁਹੰਮਦ ਖ਼ਾਨ ਦੇ ਮਾਮਲੇ ਵਿੱਚ ਪੁਲਿਸ ਨੇ ਚੋਰਾਂ ਨੂੰ ਫੜ੍ਹ ਲਿਆ ਅਤੇ ਚੋਰੀ ਦੇ ਕੇਸ ਵਿੱਚ ਤਿੰਨ ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ। ਪੂਰੀ ਖ਼ਬਰ ਇੱਥੇ ਪੜ੍ਹੋ।
ਬਾਲੀਵੁੱਡ ’ਚ ਔਰਤਾਂ : ‘ਪੈਸੇ ਘੱਟ ਲੈਣ, ਕੱਪੜੇ ਅਜਿਹੇ ਪਾਏ ਕਿ ਸਾਰਾ ਸਰੀਰ ਦਿਖੇ ਤੇ ਵਿਆਹ ਤੋਂ ਪਹਿਲਾਂ ਰਿਸ਼ਤੇ ਲਈ ਤਿਆਰ ਰਹੇ’

ਤਸਵੀਰ ਸਰੋਤ, YRF PR
ਬਾਲੀਵੁੱਡ - ਭਾਰਤ ਦਾ ਹਿੰਦੀ ਫਿਲਮ ਉਦਯੋਗ ਜੋ ਦੁਨੀਆਂ ਭਰ 'ਚ ਮਸ਼ਹੂਰ ਹੈ ਅਤੇ ਜਿੱਥੇ ਸਾਲ ਭਰ ਸੈਂਕੜੇ ਫ਼ਿਲਮਾਂ ਬਣਦੀਆਂ ਹਨ।
ਪਰ ਇਸੇ ਬਾਲੀਵੁੱਡ ਨੂੰ ਮਰਦ ਪ੍ਰਧਾਨ ਉਦਯੋਗ ਵਜੋਂ ਵੀ ਜਾਣਿਆ ਜਾਂਦਾ ਹੈ।
ਹਾਲਾਂਕਿ, ਇਸ ਵਿਸ਼ੇ 'ਤੇ ਪਿਛਲੇ ਲੰਮੇ ਸਮੇਂ ਤੋਂ ਚਰਚਾ ਕੀਤੀ ਜਾ ਰਹੀ ਹੈ ਪਰ ਇੱਕ ਨਵੇਂ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਹਿੰਦੀ ਸਿਨੇਮਾ ਜਗਤ 'ਚ ਲਿੰਗ ਅਸਮਾਨਤਾ ਵਾਕਈ ਬਹੁਤ ਜ਼ਿਆਦਾ ਹੈ।
ਅਤੇ ਇਹ ਸਿਰਫ਼ ਪਰਦੇ ਦਾ ਹਾਲ ਨਹੀਂ, ਸਗੋਂ ਪਰਦੇ ਦੇ ਪਿੱਛੇ ਵੀ ਇਹੀ ਹਾਲ ਹੈ।
ਸਾਰੀ ਦੁਨੀਆਂ 'ਚ ਬਾਲੀਵੁੱਡ ਦੇ ਦੀਵਾਨਿਆਂ ਦੀ ਕਮੀ ਨਹੀਂ। ਬਾਲੀਵੁੱਡ ਫਿਲਮਾਂ ਅਤੇ ਇਸ ਦੇ ਸਿਤਾਰਿਆਂ ਨੇ ਆਪਣੇ ਪ੍ਰਸ਼ੰਸਕਾਂ ਦੀ ਕਲਪਨਾ 'ਤੇ ਜੋ ਪ੍ਰਭਾਵ ਪਾਇਆ ਹੈ, ਉਸ ਨੂੰ ਬਿਆਨ ਕਰਨਾ ਸੌਖਾ ਨਹੀਂ ਹੈ।
ਪਰ ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਫ਼ਿਲਮਾਂ ਦੀ ਆਲੋਚਨਾ ਵੀ ਹੋ ਰਹੀ ਹੈ ਅਤੇ ਇਸ ਦਾ ਕਾਰਨ ਹੈ ਫ਼ਿਲਮਾਂ ਦੁਆਰਾ ਪੱਖਪਾਤ, ਦੁਰਵਿਹਾਰ ਅਤੇ ਲਿੰਗ ਅਸਮਾਨਤਾ ਨੂੰ ਉਤਸ਼ਾਹਿਤ ਕਰਨਾ। ਇਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਇੱਥੇ ਕਲਿੱਕ ਕਰੋ।












