ਲੀਵੀਆ ਦਰੂਸਿਲਾ: ਪੁਰਾਤਨ ਰੋਮ ਦੀ ਸਭ ਤੋਂ 'ਬਦਨਾਮ' ਔਰਤ ਦੀ ਅਸਲੀਅਤ

ਤਸਵੀਰ ਸਰੋਤ, Alamy
ਰੋਮ ਦੀ ਪਹਿਲੀ ਮਹਾਰਾਣੀ ਲੀਵੀਆ ਦਰੂਸਿਲਾ ਨੂੰ ਲੰਬੇ ਸਮੇਂ ਤੱਕ ਕਾਤਲਾਨਾ ਖ਼ਲਨਾਇਕ ਵਜੋ ਦੇਖਿਆ ਜਾਂਦਾ ਰਿਹਾ ਹੈ, ਪਰ ਉਸ ਬਾਰੇ ਨਵੇਂ ਟੀਵੀ ਡਰਾਮਾ ਵਿੱਚ, ਡੇਜ਼ੀ ਡੁਨ ਨੇ ਤੱਥਾਂ ਨੂੰ ਕਲਪਨਾ ਤੋਂ ਨਿਖੇੜਨ ਦੀ ਕੋਸ਼ਿਸ਼ ਕਰਦੀ ਹੈ।
“ਲੀਵੀਆ, ਇੱਕ ਮਾਂ ਦੇ ਰੂਪ ਵਿੱਚ ਰਾਸ਼ਟਰ ਲਈ ਬਿਮਾਰੀ, ਹਾਊਸ ਆਫ ਸੇਜ਼ਰ ਲਈ ਮਤਰੇਈ ਮਾਂ ਵਜੋਂ।”
ਇਹ ਰੋਮ ਦੀ ਪਹਿਲੀ ਮਹਾਰਾਣੀ ਲੀਵੀਆ ਦਰੂਸਿਲਾ ਲਈ ਟੈਕਿਟਸ ਦਾ ਅਪਮਾਨਜਨਕ ਵਿਸ਼ਲੇਸ਼ਣ ਸੀ।
ਪ੍ਰਾਚੀਨ ਇਤਿਹਾਸਕਾਰਾਂ ਨੇ ਕਿਹਾ ਕਿ ਲੀਵੀਆ ਨੇ ਆਪਣੇ ਪਤੀ ਮਹਾਰਾਜਾ ਅਗਸਤਸ ਨੂੰ ਆਪਣੇ ਕਾਬੂ ਵਿੱਚ ਰੱਖਿਆ।
ਇਸ ਤੋਂ ਇਲਾਵਾ ਉਨ੍ਹਾਂ ਨੇ ਤਖ਼ਤ ਲਈ ਹਰ ਸੰਭਾਵਿਤ ਖ਼ਤਰੇ ਨੂੰ ਖ਼ਤਮ ਕੀਤਾ ਜਾਂ ਮਾਰ ਦਿੱਤਾ ਤਾਂ ਕਿ ਉਸ ਦਾ ਆਪਣਾ ਬੇਟਾ ਟਿਬਿਰੀਅਸ (ਜੋ ਕਿ ਅਗਸਤਸ ਦਾ ਮਤਰੇਆ ਬੇਟਾ ਸੀ) ਉੱਤਰ-ਅਧਿਕਾਰੀ ਬਣ ਸਕੇ।
ਲੀਵੀਆ ’ਤੇ ਉਸ ਵੇਲੇ ਵੀ ਬੇਇਮਾਨੀ ਦਾ ਸ਼ੱਕ ਜਤਾਇਆ ਗਿਆ ਜਦੋਂ ਮਹਾਰਾਜਾ 14 ਈਸਵੀ (ਏਡੀ14) ਵਿੱਚ ਮਾਰੇ ਗਏ।
ਟੈਕਿਟਸ ਅਤੇ ਹੋਰਾਂ ਦੇ ਬਿਆਨ ਇੰਨੇ ਹੈਰਾਨ ਕਰ ਦੇਣ ਵਾਲੇ ਹਨ ਕਿ ਸਮਝਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕੀ ਸਤਿਕਾਰਯੋਗ ਇਤਿਹਾਸਕਾਰ ਨੇ ਕਲਪਨਾ ਪੇਸ਼ ਕੀਤੀ?
ਉਹ ਅਤੇ ਉਨ੍ਹਾਂ ਦੇ ਜੂਨੀਅਰ ਸੁਇਟੋਨੀਅਸ, ਲੀਵੀਆ ਦੀ ਮੌਤ ਤੋਂ ਤਕਰੀਬਨ ਇੱਕ ਸਦੀ ਬਾਅਦ ਉਸ ਬਾਰੇ ਲਿਖ ਰਹੇ ਸੀ ਉਸ ਬਾਰੇ ਬਿਆਨ ਕਰਨ ਵਾਲੇ ਹੋਰ ਇਤਿਹਾਸਕਾਰ ਉਸ ਤੋਂ ਵੀ ਬਾਅਦ ਵਿੱਚ। ਜਾਂ ਉਨ੍ਹਾਂ ਦੀਆਂ ਕਿਤਾਬਾਂ ਵਿੱਚ ਸੱਚਾਈ ਹੋ ਸਕਦੀ ਹੈ ?
ਸੁਇਟੋਨੀਅਸ ਰੋਮ ਵਿੱਚ ਲਾਈਬਰੇਰੀਆਂ ਦਾ ਹੈੱਡ ਸੀ ਅਤੇ ਸਾਰੇ ਪੁਰਾਣੇ ਸ਼ਾਹੀ ਦਸਤਾਵੇਜ਼ਾਂ ਤੱਕ ਉਸ ਦੀ ਪਹੁੰਚ ਸੀ।

ਤਸਵੀਰ ਸਰੋਤ, Sky

- ਪ੍ਰਾਚੀਨ ਇਤਿਹਾਸਕਾਰ ਨੇ ਕਿਹਾ ਕਿ ਲੀਵੀਆ ਨੇ ਆਪਣੇ ਪਤੀ ਮਹਾਰਾਜਾ ਅਗਸਤਸ ਨੂੰ ਆਪਣੇ ਕਾਬੂ ਵਿੱਚ ਰੱਖਿਆ ਸੀ।
- ਲੀਵੀਆ ’ਤੇ ਉਸ ਵੇਲੇ ਵੀ ਬੇਇਮਾਨੀ ਦਾ ਸ਼ੱਕ ਜਤਾਇਆ ਗਿਆ ਜਦੋਂ ਮਹਾਰਾਜਾ 14 ਈਸਵੀ (ਏਡੀ14) ਵਿੱਚ ਮਾਰੇ ਗਏ।
- ਹੁਣ ਲੀਵੀਆ ਬਾਰੇ ਨਵੀਂ ਡਰਾਮਾ ਸੀਰੀਜ਼ ਡੋਮਿਨਾ ਆ ਰਹੀ ਹੈ, ਜੋ ਕਿ ਯੂਕੇ ਦੇ ਸਕਾਈ ਅਟਲਾਂਟਿਕ ਵਿੱਚ ਪ੍ਰੀਮੀਅਰ ਹੋਣ ਜਾ ਰਿਹਾ ਹੈ।
- ਪਹਿਲੀ ਕੜੀ ਵਿਚ, ਅਸੀਂ ‘ਆਈ ਕਲੌਡੀਅਸ' ਵਿੱਚ ਦਰਸਾਈ ਲੀਵੀਆ ਤੋਂ ਬਹੁਤ ਵੱਖਰੀ ਲੀਵੀਆ ਨੂੰ ਮਿਲਾਂਗੇ।

ਲੀਵੀਆ ਬਾਰੇ ਨਵੀਂ ਡਰਾਮਾ ਸੀਰੀਜ਼
ਨਾਵਲਕਾਰ ਰੋਬਰਟ ਗਰੇਵਸ ਨੇ ਉਨ੍ਹਾਂ ਦੋਹਾਂ ਦੇ ਵਿਚਾਰਾਂ ‘ਤੇ ਗ਼ੌਰ ਕੀਤਾ ਜਦੋਂ ਉਸ ਨੇ ਲੀਵੀਆ ਦੇ ਪੋਤੇ ਮਹਾਰਾਜਾ ਕਲੌਡੀਅਸ ਦੇ ਨਜ਼ਰੀਏ ਤੋਂ ਉਨ੍ਹਾਂ ਦੇ ਪਰਿਵਾਰ ਬਾਰੇ ਨਾਵਲ ‘ਆਈ ਕਲੌਡੀਅਸ' (I, Claudius’) ਲਿਖਿਆ।
ਉਸ ਦੀ ਕਿਤਾਬ ਵਿੱਚ ਮਹਾਰਾਣੀ ਇੱਕ ਸਕੀਮੀ ਤੇ ਈਰਖਾਲੂ ਇਨਸਾਨ ਵਜੋਂ ਉੱਭਰਦੀ ਹੈ, ਜਿਸ ਕੋਲ ਮਹਿੰਗੇ ਕੱਪੜੇ ਹਨ ਅਤੇ ਕੌੜੀ ਜ਼ੁਬਾਨ ਹੈ।
1976 ਵਿੱਚ ਇਸ ’ਤੇ ਅਧਾਰਿਤ ਟੀਵੀ ਡਰਾਮਾ ਵਿੱਚ ਸਿਆਨ ਫਿਲਿਪਸ ਨੇ ਬਾਖ਼ੂਬੀ ਦਿਖਾਇਆ ਕਿ ਕਿਵੇਂ ਆਪਣੇ ਆਲੇ-ਦੁਆਲੇ ਦੇ ਆਦਮੀਆਂ ਨੂੰ ਆਪਣੇ ਮੁਤਾਬਕ ਵਰਤਿਆ।
ਰੋਬਰਟ ਗਰੇਵਜ਼ ਅਤੇ ਸਿਆਨ ਫਿਲਿਪਸ ਦੀ ਲੀਵੀਆ ਕਈ ਪੱਖਾਂ ਤੋਂ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਦੇ ਮੁਕਾਬਲੇ ਵਧੇਰੇ ਜ਼ਾਲਮ ਸੀ।
ਹੁਣ ਲੀਵੀਆ ਬਾਰੇ ਨਵੀਂ ਡਰਾਮਾ ਸੀਰੀਜ਼ ਡੋਮਿਨਾ ਆ ਰਹੀ ਹੈ, ਜੋ ਕਿ ਯੂਕੇ ਦੇ ਸਕਾਈ ਅਟਲਾਂਟਿਕ ਵਿੱਚ ਪ੍ਰੀਮੀਅਰ ਹੋਣ ਜਾ ਰਿਹਾ ਹੈ।
ਪਹਿਲੀ ਕੜੀ ਵਿਚ, ਅਸੀਂ ‘ਆਈ ਕਲੌਡੀਅਸ' ਵਿੱਚ ਦਰਸਾਈ ਲੀਵੀਆ ਤੋਂ ਬਹੁਤ ਵੱਖਰੀ ਲੀਵੀਆ ਨੂੰ ਮਿਲਾਂਗੇ।
ਸ਼ੁਰੂਆਤ ਵਜੋਂ, ਉਹ 15 ਸਾਲ ਦੀ ਹੈ, ਉਸ ਦੌਰ ਦੀਆਂ ਔਰਤਾਂ ਦੇ ਮੁਕਾਬਲੇ ਛੋਟੀ ਲਗਦੀ ਹੈ।
ਓਪਨਿੰਗ ਸੀਨ ਵਿੱਚ, ਜਵਾਨ ਕੁੜੀ (ਨਾਡੀਆ ਪਾਰਕਸ) ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੀ ਦਿਖਾਈ ਗਈ ਹੈ। ਕਲੌਡੀ ਪਰਿਵਾਰ ਦੇ ਵੰਸ਼ਿਜ, ਉਸ ਦੇ ਪਿਤਾ ਨੇ ਉਸ ਦਾ ਰਿਸ਼ਤਾ ਉਸ ਤੋਂ ਤਿੱਗਣੀ ਉਮਰ ਦੇ ਇੱਕ ‘ਕਜ਼ਨ’ ਨਾਲ ਤੈਅ ਕੀਤਾ ਸੀ, ਜਿਸ ਦਾ ਨਾਮ ਟੀਬਰੀਅਸ ਨੀਰੋ ਸੀ।
ਡੋਮੀਨਾ ਜਿਹੀਆਂ ਨਵੀਆਂ ਵਿਆਖਿਆਵਾਂ ਨਾਲ ਉਸ ਦੀ ਹੁਸ਼ਿਆਰੀ ਦੇ ਸਬੂਤ ਵਜੋਂ ਲੀਵੀਆ ਦੀ ਪਬਲਿਕ ਅਫੇਅਰਜ਼ ਵਿੱਚ ਸ਼ਮੂਲੀਅਤ ਅਤੇ ਸਿਆਸੀ ਰੁਝੇਵਿਆਂ ਨੂੰ ਰੀਫਰੇਮ ਕੀਤੇ ਜਾਣ ਦੀ ਤਾਕਤ ਹੈ।
ਵਿਆਹ, ਜੂਲੀਅਸ ਸੀਜ਼ਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਣ ਜਾ ਰਹੇ ਗ੍ਰਹਿ ਯੁੱਧ ਦੇ ਬੈਕਡਰੌਪ ਵਿੱਚ ਹੋ ਰਿਹਾ ਹੈ।
ਰੋਮ ਦੀ ਜਨਤਾ ਨੂੰ ਤਾਨਾਸ਼ਾਹ ਹੱਥੋਂ ਬਚਾਉਣ ਦਾ ਦਾਅਵਾ ਕਰਨ ਵਾਲੇ ਖ਼ੁਦ ਨੂੰ ਲਿਬਰੇਟਰਜ਼ ਕਹਾਉਣ ਵਾਲੇ ਹੁਣ ਭੱਜੇ ਹੋਏ ਹਨ।
ਸੀਜ਼ਰ ਦੀ ਮੌਤ ਦਾ ਬਦਲਾ ਲੈਣ ਵਾਲੀ ਮੁਹਿੰਮ ਦਾ ਲੀਡਰ ਉਸ ਦਾ ਗੋਦ ਲਿਆ ਹੋਇਆ ਪੁੱਤਰ ਔਕਟੇਵੀਅਨ ਹੈ। ਜਦਕਿ ਲੀਵੀਆ ਦੇ ਪਿਤਾ, ਲਿਬਰੇਟਰਜ਼ ਨੂੰ ਸਪੋਰਟ ਕਰਦੇ ਹਨ।

ਤਲਾਕ ਅਤੇ ਔਕਟੇਵੀਅਨ ਨਾਲ ਵਿਆਹ
ਇਤਿਹਾਸਕ ਤੱਥਾਂ ਤੋਂ ਬਿਨ੍ਹਾਂ ਇਹ ਡਰਾਮਾ ਤੇਜ਼ੀ ਨਾਲ ਅੱਗੇ ਵਧਦਾ ਹੈ। ਨੌਜਵਾਨ ਔਕਟਿਵੀਅਨ ਲੀਵੀਆ, ਦੇ ਵਿਆਹ ’ਤੇ ਪਹੁੰਚ ਜਾਂਦਾ ਹੈ ਜਿੱਥੇ ਉਹ ਲੁਕਾ-ਛੁਪੀ ਇੱਕ ਚੁੰਮਣ ਦਾ ਅਨੰਦ ਮਾਣਦਾ ਹੈ।
ਕੁਝ ਕੁ ਸਮੇਂ ਬਾਅਦ, ਔਕਟੇਵੀਅਨ ਦੀਆਂ ਫ਼ੌਜਾਂ ਰੋਮ ਵਿਚ ਫੈਲਦੀਆਂ ਹਨ। ਲੀਵੀਆ ਅਤੇ ਉਸ ਦੇ ਪਤੀ ਆਪਣੇ ਬੱਚੇ ਟਿਬਰੀਅਸ ਨਾਲ ਉੱਥੋਂ ਨਿਕਲ ਜਾਂਦੇ ਹਨ।
ਇਤਿਹਾਸਕਾਰ ਦਰਜ ਕਰਦੇ ਹਨ ਕਿ ਪਰਿਵਾਰ ਨੇ ਸਿਸਲੇ ਅਤੇ ਗਰੀਸ ਵਿੱਚ ਸ਼ਰਨ ਲੱਭੀ।
ਲੀਵੀਆ ਲਈ ਦੁੱਖ ਦੀ ਗੱਲ ਰਹੀ ਕਿ ਲਿਬਰੇਟਰਜ਼ ਹਾਰ ਗਏ ਜਿਸ ਨਾਲ ਨਾਲ ਉਨ੍ਹਾਂ ਦੇ ਪੱਖੀ ਲੀਵੀਆ ਦੇ ਪਿਤਾ ਨੇ ਆਪਣੀ ਜਾਨ ਲੈ ਲਈ।
ਕਿਸਮਤ ਨੇ ਐਸਾ ਮੋੜਾ ਕੱਟਿਆ ਕਿ ਲੀਵੀਆ ਬਾਅਦ ਵਿੱਚ ਆਪਣੇ ਪਤੀ ਅਤੇ ਛੋਟੇ ਟਿਬਰੀਅਸ ਨਾਲ ਰੋਮ ਪਰਤ ਆਈ। ਦੂਜਾ ਬੱਚਾ ਉਸ ਦੇ ਗਰਭ ਵਿੱਚ ਸੀ। ਫਿਰ ਉਸ ਦਾ ਤਲਾਕ ਹੋ ਗਿਆ ਅਤੇ ਔਕਟੇਵੀਅਨ ਨਾਲ ਵਿਆਹ ਹੋ ਗਿਆ।
ਪੁਰਾਣੇ ਸਰੋਤ ਦੱਸਦੇ ਹਨ ਕਿ ਗਰਭਵਤੀ ਹੋਣ ਦੇ ਬਾਵਜੂਦ ਔਕਟੇਵੀਅਨ ਲੀਵੀਆ ਨੂੰ ਉਸ ਦੇ ਪਤੀ ਕੋਲ਼ੋਂ ਦੂਰ ਲੈ ਗਿਆ ਕਿਉਂਕਿ ਉਹ ਉਸ ਦੀ ਖੂਬਸੂਰਤੀ ਦਾ ਕਾਇਲ ਸੀ ਅਤੇ ਆਪਣੀ ਪਤਨੀ ਸਕ੍ਰੀਬੋਨੀਆ ਤੇ ਉਸ ਦੇ ਵਿਰੋਧੀ ਵਤੀਰੇ ਤੋਂ ਅੱਕ ਚੁੱਕਿਆ ਸੀ।
ਡੋਮੀਨਾ ਦੀ ਇਸ ਕੜੀ ਵਿੱਚ ਲੀਵੀਆ ਨੂੰ ਵਧੇਰੇ ਅਥਾਰਟੀ ਵਿੱਚ ਦਿਖਾਇਆ ਗਿਆ ਹੈ। ਲੀਵੀਆ ਔਕਟੇਵੀਅਨ ਨੂੰ ਯਾਦ ਦਵਾਉਂਦੀ ਹੈ ਕਿ ਇਸ ਪਾਰਟਨਰਸ਼ਿਪ ਵਿੱਚੋਂ ਉਨ੍ਹਾਂ ਦੋਹਾਂ ਨੂੰ ਫ਼ਾਇਦਾ ਹੋ ਸਕਦਾ ਹੈ।
ਔਕਟੇਵੀਅਨ ਨੂੰ ਲੀਵੀਆ ਦੇ ਸ਼ਾਨਦਾਰ ਪਰਿਵਾਰ ਨਾਲ ਨਾਤਾ ਮਿਲ ਸਕਦਾ ਹੈ ਅਤੇ ਲੀਵੀਆ ਨੂੰ ਆਪਣੀ ਇਟਲੀ ਤੋਂ ਪਰਤਣ ਬਾਅਦ ਆਪਣੀ ਦੌਲਤ ਤੇ ਰੁਤਬਾ ਵਾਪਸ ਹਾਸਿਲ ਕਰਨ ਦਾ ਮੌਕਾ ਮਿਲ ਸਕਦਾ ਹੈ।
ਅਸਲੀ ਲੀਵੀਆ ਦਾ ਕਿਰਦਾਰ ਵੀ ਕੁਝ ਇਸ ਤਰ੍ਹਾਂ ਦਾ ਰਿਹਾ ਹੋਏਗਾ।

ਤਸਵੀਰ ਸਰੋਤ, Getty Images
ਕੀ ਕਹਿੰਦੀ ਹੈ ਸੀਰੀਜ਼ ਦੀ ਕਹਾਣੀ
ਆਖ਼ਰਕਾਰ ਉਹ ਅਜਿਹੀ ਔਰਤ ਸੀ ਜਿਸ ਨੂੰ ਆਪਣੇ ਪਿਤਾ ਦੇ ਵਿਰੁੱਧ ਵਾਲੀ ਧਿਰ ਪਾਸਿਓਂ ਜੰਗ ਲੜਣ ਵਾਲੇ ਆਦਮੀ ਨਾਲ ਰਹਿਣ ਲਈ ਆਪਣੇ ਦੋ ਬੱਚਿਆਂ ਨੂੰ ਛੱਡਣਾ ਪਿਆ ਸੀ (ਉਹ ਛੇ ਸਾਲ ਬਾਅਦ ਹੋਈ ਉਨ੍ਹਾਂ ਦੇ ਪਿਤਾ ਦੀ ਮੌਤ ਤੱਕ ਆਪਣੇ ਪਿਤਾ ਦੇ ਨਾਲ ਹੀ ਰਹੇ)।
ਕੀ ਉਸ ਨੇ ਇਹ ਹਾਲਾਤ ਮਨਜ਼ੂਰ ਕੀਤੇ ਜਾਂ ਸਰਗਰਮੀ ਨਾਲ ਅਜਿਹੇ ਹਾਲਾਤ ਬਣਾਏ, ਇਹ ਨਿਸ਼ਚਿਤ ਨਹੀਂ ਹੈ। ਸੁਇਟੋਨੀਅਸ ਮੁਤਾਬਕ, ਕਈ ਅਫੇਅਰ ਹੋਣ ਦਾ ਬਾਵਜੂਦ ਔਕਟੇਵੀਅਨ ਸਿਰਫ਼ ਲੀਵੀਆ ਨੂੰ ਹੀ ਪਿਆਰ ਕਰਦਾ ਸੀ।
ਇਸ ਕਰਕੇ ਇਹ ਸ਼ਰਤਾਂ ਵਾਲੇ ਵਿਆਹ ਤੋਂ ਕਿਤੇ ਵਧ ਕੇ ਸੀ।
ਡੋਮੀਨਾ ਕਿਸੇ ਵੀ ਤਰ੍ਹਾਂ ਮਹਾਰਾਣੀ ਦਾ ਦਸਤਾਵੇਜ਼ੀ ਹਵਾਲਾ ਨਹੀਂ ਹੈ। ਪਹਿਲੇ ਤਿੰਨ ਐਪੀਸੋਡ ਕੁਝ ਉਤਸੁਕਤਾ ਭਰੀਆਂ ਕਾਢਾਂ ਦਿਖਾਉਂਦੇ ਹਨ ਅਤੇ ਕਈ ਕਹਾਣੀਆਂ ਦਿਖਾਉਂਦੇ ਹਨ ਜਿਸ ਵਿੱਚ ਲੀਵੀਆ ਦੇ ਗ਼ੁਲਾਮ ਰਹੇ ਇੱਕ ਸ਼ਖ਼ਸ ਦੀ ਸ਼ਮੂਲੀਅਤ ਵਾਲਾ ਇੱਕ ਪਲੌਟ ਅਤੇ ਕੁਝ ਟੈਰਾਪਿਨਜ਼ ਦਾ ਕਤਲ ਸ਼ਾਮਲ ਹੈ।
ਇਹ ਉਸ ਦੌਰ ਦੀ ਵਾਈਬ, ਉਸ ਦੀਆਂ ਕਦਰਾਂ ਕੀਮਤਾਂ , ਫ਼ੈਸ਼ਨ ਅਤੇ ਆਰਕੀਟੈਕਚਰ ਨੂੰ ਬਾਖ਼ੂਬੀ ਦਰਸਾਉਂਦਾ ਹੈ। ਉਹ ਡਰ ਸੱਚਾਈ ਬਣ ਜਾਂਦਾ ਹੈ ਜਦੋਂ ਲੀਵੀਆ ਦੀ ਬਦੌਲਤ ਔਕਟੇਵੀਅਨ ਰੋਮ ਦਾ ਪਹਿਲਾ ਸ਼ਾਸਕ ਅਗਸਤਸ ਬਣ ਜਾਂਦਾ ਹੈ।
ਜਿਵੇਂ ਸੀਰੀਜ਼ ਅੱਗੇ ਵਧਦੀ ਹੈ, ਅਸੀਂ ਉਸ ਲੀਵੀਆ ਨੂੰ ਵੇਖ ਸਕਦੇ ਹਾਂ, ਜਿਸ ਤੋਂ ਅਸੀਂ ਜਾਣੂ ਹਾਂ।
ਪੁਰਾਣੇ ਸਰੋਤਾਂ ਵਿੱਚ, ਅਸੀਂ ਉਸ ਨੂੰ ਕੁਝ ਗ਼ੈਰ-ਰੋਮਨਾਂ ਨੂੰ ਨਾਗਰਿਕਤਾ ਦੇਣ ਲਈ ਬੇਨਤੀਆਂ ਕਰਦੇ ਦੇਖਦੇ ਹਾਂ। ਇਸ ਤਰ੍ਹਾਂ ਉਹ ਆਦਮੀਆਂ ਦੇ ਘੇਰੇ ਵਿੱਚ ਦਾਖ਼ਲ ਹੁੰਦੀ ਹੈ ਅਤੇ ਅੱਗੇ ਜਾ ਕੇ ਉਸ ਦਾ ਪੜਪੋਤਾ ਕੈਲੀਗੁਲਾ ਉਸ ਨੂੰ ਔਰਤ ਦੇ ਰੂਪ ਵਿੱਚ ਓਡੀਸੀਅਸ ਕਹਿੰਦਾ ਹੈ।
ਰੋਬਰਟਸ ਗਰੇਵਜ਼ ਲਈ ਲੀਵੀਆ ਦੀ ਉਸ ਦੇ ਪਤੀ ਦੇ ਕੰਮ ਵਿੱਚ ਰੁਚੀ, ਦਖ਼ਲਅੰਦਾਜ਼ੀ ਅਤੇ ਕੰਟਰੋਲ ਵਿੱਚ ਤਬਦੀਲ ਹੋ ਗਈ।

ਤਸਵੀਰ ਸਰੋਤ, Getty Images
ਲੀਵੀਆ ਦੀ ਜਨਤਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ
ਕਲੌਡੀਅਸ, ਕਿਤਾਬ ਵਿਚ ਲਿਖਦਾ ਹੈ, “ਹਰ ਕੋਈ ਜਾਣਦਾ ਸੀ ਕਿ ਲੀਵੀਆ ਅਗਸਤਸ ਨੂੰ ਆਪਣੇ ਹੁਕਮ ਹੇਠ ਰੱਖਦੀ ਹੈ ਅਤੇ ਜੇ ਉਸ ਤੋਂ ਡਰਦਾ ਨਹੀਂ ਤਾਂ ਘੱਟੋ-ਘੱਟ ਇਹ ਧਿਆਨ ਜ਼ਰੂਰ ਰੱਖਦਾ ਸੀ ਕਿ ਉਸ ਨੂੰ ਨਰਾਜ਼ ਨਾ ਕਰੇ।”
ਡੋਮੀਨਾ ਜਿਹੀਆਂ ਨਵੀਆਂ ਵਿਆਖਿਆਵਾਂ ਵਿੱਚ ਲੀਵੀਆ ਦੀ ਜਨਤਕ ਮਾਮਲਿਆਂ ਵਿੱਚ ਦਲਅੰਦਾਜ਼ੀ ਨੂੰ ਉਸ ਦੀ ਸਮਝ ਅਤੇ ਸਿਆਸੀ ਰੁਝੇਵਿਆਂ ਦੇ ਸਬੂਤ ਵਜੋਂ ਪੇਸ਼ ਕਰਨ ਦੀ ਤਾਕਤ ਹੈ।
ਅਸੀਂ ਸਕਰੀਨ ‘ਤੇ ਜੋ ਵੀ ਦੇਖਿਆ ਹੋਵੇ, ਉਸ ਦੇ ਬਾਵਜੂਦ ਸਾਨੂੰ ਇਸ ਨੂੰ ਪੂਰੀ ਤਰ੍ਹਾਂ ਸੱਚ ਨਹੀਂ ਮੰਨਣਾ ਚਾਹੀਦਾ ਕਿ ਲੀਵੀਆ ਨੇ ਆਪਣੇ ਬੇਟੇ ਟਿਬਰੀਅਸ ਦੇ ਵਿਰੋਧੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਪਤੀ ਦੀ ਮੌਤ ਵੇਲੇ ਜਲਦਬਾਜ਼ੀ ਕੀਤੀ।
ਜ਼ਿਆਦਾ ਭਰੋਸੇਯੋਗ ਥਿਊਰੀ ਇਹ ਹੈ ਕਿ ਲੀਵੀਆ ਨੇ ਅਗਸਤਸ ਨੂੰ ਟਿਬਰੀਅਸ ਨੂੰ ਆਪਣੇ ਪੁੱਤਰ ਵਜੋਂ ਗੋਦ ਲੈਣ ਅਤੇ ਆਪਣਾ ਵੰਸ਼ਿਜ ਬਣਾਉਣ ਲਈ ਮਨਾਇਆ ਕਿਉਂਕਿ ਲੀਵੀਆ ਦਾ ਅਗਸਤਸ ਨਾਲ ਕੋਈ ਵੀ ਜਿਉਂਦਾ ਬੱਚਾ ਨਹੀਂ ਹੈ, ਟਿਬਰੀਅਸ ਰਾਹੀਂ ਹੀ ਇਹ ਨਿਸ਼ਚਿਤ ਹੋ ਸਕਦਾ ਸੀ ਕਿ ਉਸ ਦਾ ਖ਼ੂਨ ਜੂਲੀਓ-ਕਲਾਓਡੀਅਨ ਵੰਸ਼ ਤੱਕ ਜਾਵੇ।
ਇਤਿਹਾਸਕ ਪੱਖੋਂ, ਲੀਵੀਆ ਅਤੇ ਟਿਬਰੀਅਸ ਦੇ ਰਿਸ਼ਤੇ ਨੂੰ ਇੱਕ ਸੱਤਾ ਦੀ ਭੈੜੀ ਜੰਗ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ।
ਇਤਿਹਾਸਕਾਰ ਦਾਅਵਾ ਕਰਦੇ ਰਹੇ ਹਨ ਕਿ ਮਾਂ ਖੁਦ ਸਹਿ-ਸ਼ਾਸਕ ਬਣਨ ਦੀ ਇੱਛੁਕ ਸੀ ਜਦੋਂ ਕਿ ਪੁੱਤਰ ਉਸ ਦੇ ਪ੍ਰਭਾਵ ਨਾਲ ਸਹਿਮਤ ਨਹੀਂ ਸੀ।
ਜਦਕਿ ਅਸੀਂ ਇੱਕ ਅਜਿਹੀ ਔਰਤ ਵਜੋਂ ਉਸ ਨੂੰ ਪੇਸ਼ ਕਰ ਸਕਦੇ ਸੀ ਜੋ ਆਪਣੇ ਪੁੱਤਰ ਨੂੰ ਆਪਣੀ ਸਿਆਣਪ ‘ਤੇ ਤਜਰਬਾ ਵੰਡਣਾ ਚਾਹੁੰਦੀ ਸੀ। ਲੀਵੀਆ ਟਿਬਰੀਅਸ ਨਾਲ ਲੰਬੀਆਂ ਮੁਲਾਕਾਤਾਂ ਕਰਕੇ ਉਸ ਨੂੰ ਸਲਾਹ ਦਿੰਦੀ ਸੀ।
ਕਈ ਸਰੋਤ ਪੁਸ਼ਟੀ ਕਰਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟਿਬਰੀਅਸ ਉਸ ਨੂੰ ਯਾਦ ਦਵਾਉਂਦਾ ਸੀ ਕਿ “ਉਹ ਮਹਿਜ਼ ਇੱਕ ਔਰਤ ਹੈ ਜਿਸ ਨੂੰ ਆਦਮੀਆਂ ਦੀ ਸਿਆਸਤ ਵਿੱਚ ਦਖ਼ਲਅੰਦਾਜ਼ੀ ਦੀ ਕੋਈ ਅਥਾਰਟੀ ਨਹੀਂ।”
ਡੋਮੀਨਾ ਵਿੱਚ, ਲੀਵੀਆ ਕਹਿੰਦੀ ਹੈ ਕਿ ਸੱਤਾ ਦਾ ਪਹਿਲਾ ਨਿਯਮ ਬਚੇ ਰਹਿਣਾ ਹੈ। ਉਹ ਜਿਸ ਤਰ੍ਹਾਂ ਦੀ ਔਰਤ ਰਹੀ ਹੋਏਗੀ, ਪਰ ਪਰ 29 ਈਸਵੀ ਵਿੱਚ 86 ਸਾਲ ਦੀ ਉਮਰ ਵਿੱਚ ਹੋਈ ਉਸ ਦੀ ਮੌਤ ਤੱਕ ਉਸ ਨੇ ਦਿਖਾ ਦਿੱਤਾ ਕਿ ਉਸ ਬਾਰੇ ਕੁਝ ਵੀ ‘ਮਹਿਜ਼’ ਨਹੀਂ ਸੀ।
(ਇਹ ਲੇਖ ਡੇਜ਼ੀ ਡਨ ਨੇ ਲਿਖਿਆ ਹੈ, ਜੋ ਗੌਡਸ ਐਂਡ ਮੈਨ: ਪ੍ਰਾਚੀਨ ਗ੍ਰੀਸ ਅਤੇ ਰੋਮ ਦੀਆਂ 100 ਕਹਾਣੀਆਂ ਦੀ ਦੀ ਲੇਖਿਕਾ ਹੈ।)












