ਪੰਜਾਬੀ ਮੁੰਡੇ ਦੀ ਕੈਨੇਡਾ 'ਚ ਹਮਲੇ ਤੋਂ ਬਾਅਦ ਮੌਤ, ਇੱਧਰ ਸਦਮੇ 'ਚ ਮਾਂ ਦੀ ਵੀ ਗਈ ਜਾਨ, ਦੋਹਾਂ ਦਾ ਇਕੱਠੇ ਕੀਤਾ ਗਿਆ ਸਸਕਾਰ

ਪ੍ਰਕਾਸ਼ਿਤ

ਦੋ ਸਾਲ ਪਹਿਲਾਂ, 27 ਜੁਲਾਈ 2021 ਨੂੰ ਜਦੋਂ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦਾ ਰਹਿਣ ਵਾਲਾ ਗੁਰਵਿੰਦਰ ਨਾਥ ਗਨੀ ਕੈਨੇਡਾ ਗਿਆ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਣਾ ਕਿ ਉਹ ਮੁੜ ਕਦੇ ਜਿਉਂਦਾ ਆਪਣੇ ਦੇਸ਼, ਆਪਣੇ ਪਿੰਡ ਵਾਪਸ ਨਹੀਂ ਪਰਤੇਗਾ।

ਹਾਲ ਹੀ ਵਿੱਚ ਗੁਰਵਿੰਦਰ ਦੀ ਕੈਨੇਡਾ ਵਿੱਚ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਦਮੇ ’ਚ ਲਿਆ ਦਿੱਤਾ।

ਨੌਜਵਾਨ ਪੁੱਤ ਤਾਂ ਚਲਾ ਹੀ ਗਿਆ ਸੀ ਪਰ ਉਸ ਦੇ ਜਾਣ ਦਾ ਇਹ ਦੁੱਖ ਨਾ ਸਹਾਰ ਸਕੀ ਮਾਂ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਬੀਬੀਸੀ ਸਹਿਯੋਗੀ ਬਿਮਲ ਸੈਣੀ ਦੀ ਰਿਪੋਰਟ ਮੁਤਾਬਕ, ਗੁਰਵਿੰਦਰ ਦੀ ਮ੍ਰਿਤਕ ਦੇਹ ਭਾਰਤ ਲੈ ਕੇ ਆਉਣ ਤੋਂ ਬਾਅਦ ਦੋਵੇਂ ਮਾਂ-ਪੁੱਤ ਦਾ ਅੰਤਿਮ ਸੰਸਕਾਰ ਇਕੱਠਿਆਂ ਹੀ ਉਨ੍ਹਾਂ ਦੇ ਪਿੰਡ ਵਿੱਚ ਕੀਤਾ ਗਿਆ।

ਦੋਵਾਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਅਤੇ ਪੰਜਾਬ ਸਰਕਾਰ ਦੁੱਖ ਦੀ ਇਸ ਘਰਦੀ 'ਚ ਪਰਿਵਾਰ ਦੇ ਨਾਲ ਹਨ।

ਪੜ੍ਹਨ ਲਈ ਕੈਨੇਡਾ ਗਏ ਸਨ ਗੁਰਵਿੰਦਰ

24 ਸਾਲਾ ਗੁਰਵਿੰਦਰ ਨਵਾਂ ਸ਼ਹਿਰ ਦੇ ਬੇਟ ਖੇਤਰ ਦੇ ਪਿੰਡ ਐਹਮਾਂ ਚਾਹਲ ਦੇ ਵਸਨੀਕ ਚੌਧਰੀ ਕ੍ਰਿਸ਼ਨ ਦੇਵ ਦੇ ਪੁੱਤਰ ਸਨ ਜੋ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਏ ਸਨ।

ਜਾਣਕਾਰੀ ਮੁਤਾਬਕ, 9 ਜੁਲਾਈ ਨੂੰ ਅਣਪਛਾਤੇ ਵਿਅਕਤੀਆਂ ਨੇ ਗੱਡੀ ਖੋਹਣ ਦੀ ਨੀਅਤ ਨਾਲ ਗੁਰਵਿੰਦਰ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਉਨ੍ਹਾਂ ਦੇ ਸਿਰ ਵਿੱਚ ਸੱਟਾਂ ਲੱਗਣ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ।

6 ਦਿਨਾਂ ਤੱਕ ਜ਼ਿੰਦਗੀ ਦੀ ਜੰਗ ਲੜਨ ਤੋਂ ਬਾਅਦ, ਗੁਰਵਿੰਦਰ ਨੇ 14 ਜੁਲਾਈ ਨੂੰ ਕੈਨੇਡਾ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਕੈਨੇਡਾ ਰਹਿੰਦੇ ਗੁਰਵਿੰਦਰ ਦੇ ਮਿੱਤਰ ਬਲਰਾਮ ਚੌਧਰੀ ਜੋਰੀ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਭਾਰਤ ਪਹੁੰਚੇ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਦੇ ਇਲਾਜ ਲਈ ਅਤੇ ਭਾਰਤ ਆਉਣ ਲਈ ਉੱਥੇ ਰਹਿੰਦੇ ਪੰਜਾਬੀ ਨੌਜਵਾਨਾਂ ਨੇ ਬਹੁਤ ਮਦਦ ਕੀਤੀ।

ਬਲਵਿੰਦਰ ਦੇ ਕੈਨੇਡਾ ਰਹਿੰਦੇ ਦੋਸਤ ਨੇ ਕਿ ਇੱਕ ਇੰਟਰਵਿਊ ਵਿੱਚ ਕਿਹਾ, ''ਓਹ ਕੈਨੇਡਾ ਇੱਕ ਸੁਪਨਾ ਲੈ ਕੇ ਆਇਆ ਸੀ। ਉਸ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਪਰ ਇਨ੍ਹਾਂ ਲੋਕਾਂ ਨੇ ਉਹ ਸੁਪਨਾ ਉਸ ਕੋਲੋਂ ਖੋਹ ਲਿਆ।''

ਗੁਰਵਿੰਦਰ 27 ਜੁਲਾਈ 2021 ਨੂੰ ਕੈਨੇਡਾ ਗਏ ਸਨ ਅਤੇ ਠੀਕ 2 ਸਾਲ 2 ਦਿਨਾਂ ਬਾਅਦ, 29 ਜੁਲਾਈ 2023 ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ।

ਰੇਤ ਰਾਤ ਗੱਡੀ ਲੁੱਟਣ ਦੇ ਇਰਾਦੇ ਨਾਲ ਕੀਤਾ ਹਮਲਾ

ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਗੁਰਵਿੰਦਰ ਕੈਨੇਡਾ ਦੇ ਟੋਰੋਂਟੋ ਵਿੱਚ ਲੋਇਲਿਸਟ ਕਾਲਜ ਤੋਂ ਬਿਜ਼ਨਸ ਕੋਰਸ ਕਰ ਰਹੇ ਸਨ। ਇਸ ਦੇ ਨਾਲ ਹੀ ਉਹ ਉਹ ਪੀਜ਼ਾ ਡਿਲੀਵਰ ਕਰਨ ਦੀ ਨੌਕਰੀ ਵੀ ਕਰ ਰਹੇ ਸਨ।

9 ਜੁਲਾਈ ਨੂੰ ਜਿਸ ਵੇਲੇ ਗੁਰਵਿੰਦਰ 'ਤੇ ਇਹ ਹਮਲਾ ਹੋਇਆ, ਉਹ ਦੇਰ ਰਾਤ ਟੋਰੋਂਟੋ ਲਾਗੇ ਮਿਸੀਸਾਗਾ ਸਿਟੀ ਵਿੱਚ ਪੀਜ਼ਾ ਦੀ ਡਿਲੀਵਰੀ ਕਰਨ ਗਏ ਹੋਏ ਸਨ।

ਇਸੇ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਕਾਰ ਖੋਹਣ ਦੀ ਕੋਸ਼ਿਸ਼ ਕੀਤੀ।

ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ, ਪੀਲ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ''ਜਦੋਂ ਅਣਪਛਾਤੇ ਵਿਅਕਤੀਆਂ ਨੇ ਗੁਰਵਿੰਦਰ ਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਚਕਾਰ ਹੱਥੋਪਾਈ ਹੋਈ, ਜਿਸ ਮਗਰੋਂ ਹਮਲਾਵਰ ਗੁਰਵਿੰਦਰ ਨੂੰ ਜ਼ਖ਼ਮੀ ਹਾਲਤ ਵਿੱਚ ਸੜਕ ਕਿਨਾਰੇ ਛੱਡ ਕੇ, ਉਸ ਦੀ ਗੱਡੀ ਲੈ ਕੇ ਭੱਜ ਗਏ।''

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ 'ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਵਿੱਚ ਕਈ ਸ਼ੱਕੀ ਲੋਕ ਸ਼ਾਮਲ ਹਨ ਅਤੇ ਖਾਣੇ ਦਾ ਆਰਡਰ ਵੀ ਡਰਾਈਵਰ ਨੂੰ ਇਸ ਖਾਸ ਖੇਤਰ ਵਿੱਚ ਲੈ ਕੇ ਆਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ।'

‘ਮਾਂ ਨੂੰ ਪਿਆ ਦਿਲ ਦਾ ਦੌਰਾ’

ਦੂਜੇ ਪਾਸੇ, ਪੰਜਾਬ ਵਿੱਚ ਉਨ੍ਹਾਂ ਦੇ ਵੱਡੇ ਭਰਾ ਅਤੇ ਜੋੜੇ ਭਰਾ ਨੇ ਇਸ ਪੂਰੀ ਘਟਨਾ ਬਾਰੇ ਆਪਣੇ ਮਾਪਿਆਂ ਤੋਂ ਲੁਕਾ ਕੇ ਰੱਖਿਆ ਅਤੇ ਕੈਨੇਡਾ 'ਚ ਗੁਰਵਿੰਦਰ ਦੇ ਠੀਕ ਹੋਣ ਦੀ ਉਮੀਦ ਕਰਦੇ ਰਹੇ।

ਗੁਰਵਿੰਦਰ ਦੇ ਪਿਤਾ ਕ੍ਰਿਸ਼ਨ ਦੇਵ, ਜੋ ਕਿ ਇੱਕ ਕਿਸਾਨ ਹਨ, ਨੂੰ ਆਪਣੇ ਪੁੱਤ ਦੀ ਮੌਤ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਇਸ ਖ਼ਬਰ ਨੂੰ ਸੁਣ ਕੇ ਪਹਿਲਾਂ ਹੀ ਦਮ ਤੋੜ ਚੁੱਕੀ ਸੀ।

ਪਰਿਵਾਰ ਮੁਤਾਬਕ, ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਵੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਜਦੋਂ 52 ਸਾਲਾ ਨਰਿੰਦਰ ਕੌਰ ਨੂੰ ਦਿਲ ਦਾ ਦੌਰਾ ਪਿਆ ਤਾਂ ਉਨ੍ਹਾਂ ਨੂੰ ਤੁਰੰਤ ਰੋਪੜ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਅਤੇ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)