ਸੁਸਾਈਡ ਪੋਡ ਕੀ ਹੈ ਜਿਸ ਨਾਲ ਔਰਤ ਦੀ ਮੌਤ ਮਗਰੋਂ ਸਵਿਟਜ਼ਰਲੈਂਡ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ

ਤਸਵੀਰ ਸਰੋਤ, Getty Images
ਸਵਿਟਜ਼ਰਲੈਂਡ ਵਿੱਚ ਇੱਕ ਔਰਤ ਨੇ ਕਥਿਤ ਤੌਰ 'ਤੇ ਇੱਕ ਸੁਸਾਈਡ ਪੋਡ ਦੀ ਵਰਤੋਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਮਗਰੋਂ ਸਥਾਨਕ ਪੁਲਿਸ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਹਨ। ਸਪੱਸ਼ਟ ਤੌਰ 'ਤੇ ਇਹ ਆਪਣੀ ਕਿਸਮ ਦਾ ਅਜਿਹਾ ਪਹਿਲਾ ਮਾਮਲਾ ਹੈ।
ਸ਼ੈਫਹਾਉਸੇਨ ਇਲਾਕੇ ਦੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਕਥਿਤ ਤੌਰ 'ਤੇ ਕੰਪਨੀ ਸਰਕੋ ਦੁਆਰਾ ਬਣਾਏ ਇੱਕ ਪੌਡ ਦੀ ਵਰਤੋਂ ਕਰਕੇ ਔਰਤ ਦੀ ਹੋਈ ਮੌਤ ਤੋਂ ਬਾਅਦ ਖੁਦਕੁਸ਼ੀ ਲਈ ਉਕਸਾਉਣ ਅਤੇ ਸਹਾਇਤਾ ਕਰਨ ਦੇ ਸ਼ੱਕ ਵਿੱਚ "ਕਈ ਵਿਅਕਤੀਆਂ" ਨੂੰ ਗ੍ਰਿਫਤਾਰ ਕੀਤਾ ਹੈ।
ਹਾਲਾਂਕਿ ਸਵਿਟਜ਼ਰਲੈਂਡ ਵਿੱਚ ਕੁਝ ਹਾਲਤ ਵਿੱਚ ਸਹਾਇਤਾ ਪ੍ਰਾਪਤ ਮੌਤ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਹੈ, ਪਰ ਇਸ ਨੂੰ ਸਖਤੀ ਨਾਲ ਨਿਯਮਤ ਕੀਤਾ ਜਾਂਦਾ ਹੈ। ਬਾਵਜੂਦ ਇਸਦੇ, ਸਰਕੋ ਦੇ ਸੁਸਾਈਡ ਪੌਡ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਅਧਿਕਾਰੀਆਂ ਨੇ ਮੌਕੇ 'ਤੇ ਇਹ ਯੰਤਰ ਯਾਨੀ ਸੁਸਾਈਡ ਪੋਡ ਅਤੇ ਲਾਸ਼ ਬਰਾਮਦ ਕੀਤੀ ਹੈ।
ਚੇਤਾਵਨੀ: ਲੇਖ ਵਿੱਚਲਿਤ ਕਰ ਸਕਦਾ ਹੈ

ਕੀ ਹੈ ਪੂਰਾ ਮਾਮਲਾ ?
ਵਿਵਾਦਗ੍ਰਸਤ ਪੋਡ ਦੀ ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਡਾਕਟਰੀ ਨਿਗਰਾਨੀ ਤੋਂ ਬਿਨਾਂ ਇਹ ਪੋਡ ਸਿਰਫ਼ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੁਆਰਾ ਹੀ ਚਲਾਇਆ ਜਾ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਇਸਦੀ ਵਰਤੋਂ ਸੋਮਵਾਰ ਨੂੰ ਜਰਮਨ ਸਰਹੱਦ 'ਤੇ ਸਵਿਟਜ਼ਰਲੈਂਡ ਦੇ ਇੱਕ ਬਹੁਤ ਘੱਟ ਆਬਾਦੀ ਵਾਲੇ ਹਿੱਸੇ, ਮੈਰੀਸ਼ੌਸੇਨ ਖੇਤਰ ਵਿੱਚ ਇੱਕ ਜੰਗਲ 'ਚ ਬਣੀ ਝੌਂਪੜੀ ਵਿੱਚ ਕੀਤੀ ਗਈ ਸੀ।
ਪੁਲਿਸ ਮੁਤਾਬਕ ਉਨ੍ਹਾਂ ਨੂੰ ਇਸ ਆਤਮਘਾਤੀ ਯੰਤਰ ਨਾਲ ਅੰਜਾਮ ਦਿੱਤੀ ਘਟਨਾ ਬਾਰੇ ਇੱਕ ਕਨੂੰਨੀ ਫਰਮ ਵੱਲੋਂ ਸੂਚਿਤ ਕੀਤਾ ਗਿਆ ਸੀ।
ਹੁਣ ਤੱਕ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਮ੍ਰਿਤਕ ਦਾ ਨਾਂ ਵੀ ਨਹੀਂ ਦੱਸਿਆ ਗਿਆ।
ਜੁਲਾਈ ਵਿੱਚ, ਇੱਕ ਪ੍ਰੋ-ਡਾਇੰਗ ਗਰੁੱਪ (ਸਹਾਇਤਾ ਪ੍ਰਾਪਤ ਮੌਤ ਦਾ ਸਮਾਰਥਰਨ ਕਰਨ ਵਾਲਾ ਸਮੂਹ), ਜੋ ਕਿ ਸਰਕੋ ਡਿਵਾਈਸ ਨੂੰ ਉਤਸ਼ਾਹਿਤ ਕਰਦਾ ਹੈ, ਉਸ ਨੇ ਕਿਹਾ ਕਿ ਅਨੁਮਾਨ ਲਗਾਇਆ ਗਿਆ ਸੀ ਇਹ ਉਪਕਰਨ ਇਸ ਸਾਲ ਪਹਿਲੀ ਵਾਰ ਵਰਤਿਆ ਜਾਵੇਗਾ।

ਤਸਵੀਰ ਸਰੋਤ, Getty Images
ਸੁਸਾਈਡ ਪੋਡ ਕੀ ਹੈ ?
ਵਕੀਲਾਂ ਦਾ ਕਹਿਣਾ ਹੈ ਕਿ ਸੁਸਾਈਡ ਪੋਡ ਸਵੈ-ਇੱਛਾ ਮੌਤ ਦਾ ਵਿਕਲਪ ਪ੍ਰਦਾਨ ਕਰਦਾ ਹੈ ਜੋ ਦਵਾਈਆਂ ਜਾਂ ਡਾਕਟਰਾਂ 'ਤੇ ਨਿਰਭਰ ਨਹੀਂ ਹੁੰਦਾ ਹੈ।
ਇਹ ਯੰਤਰ ਇੱਛਿਕ ਮੌਤ ਤੱਕ ਪਹੁੰਚ ਨੂੰ ਵਧਾਉਂਦਾ ਹੈ ਕਿਉਂਕਿ ਇਸ ਪੋਰਟੇਬਲ ਡਿਵਾਈਸ ਨੂੰ 3ਡੀ -ਪ੍ਰਿੰਟ ਕੀਤਾ ਜਾ ਸਕਦਾ ਹੈ ਅਤੇ ਘਰ ਵਿੱਚ ਹੀ ਜੋੜਿਆ ਜਾ ਸਕਦਾ ਹੈ।
ਹਾਲਾਂਕਿ, ਸਵਿਟਜ਼ਰਲੈਂਡ ਵਿੱਚ ਸਹਾਇਤਾ ਨਾਲ ਮਰਨ ਦੇ ਆਲੇ ਦੁਆਲੇ ਦੁਨੀਆ ਦੇ ਮੁਕਾਬਲੇ ਸਭ ਤੋਂ ਵੱਧ ਸੁਰੱਖਿਆ ਕਾਨੂੰਨ ਹਨ ਪਰ ਇਥੇ ਇਸ ਯੰਤਰ ਦਾ ਵਿਰੋਧ ਵੀ ਹੋਇਆ ਸੀ।
ਆਲੋਚਕਾਂ ਨੂੰ ਡਰ ਹੈ ਕਿ ਡਿਵਾਈਸ ਦਾ ਆਧੁਨਿਕ ਡਿਜ਼ਾਈਨ ਆਤਮ ਹੱਤਿਆ ਨੂੰ ਉਤਸ਼ਾਹਿਤ ਕਰਦਾ ਹੈ, ਖਾਸਤੌਰ 'ਤੇ ਇਸ ਲਈ ਕਿਉਂਕਿ ਇਸ ਨੂੰ ਡਾਕਟਰੀ ਨਿਗਰਾਨੀ ਤੋਂ ਬਿਨਾਂ ਚਲਾਇਆ ਜਾ ਸਕਦਾ ਹੈ।
ਯੂਕੇ ਅਤੇ ਜ਼ਿਆਦਾਤਰ ਹੋਰ ਯੂਰਪੀਅਨ ਦੇਸ਼ਾਂ ਵਿੱਚ ਸਹਾਇਤਾ ਨਾਲ ਮਰਨਾ ਗੈਰ-ਕਾਨੂੰਨੀ ਹੈ, ਪਰ ਹਜ਼ਾਰਾਂ ਲੋਕਾਂ ਨੇ ਪਿਛਲੇ ਕੁਛ ਸਾਲਾਂ ਦੌਰਾਨ ਆਪਣੀ ਜ਼ਿੰਦਗੀ ਖਤਮ ਕਰਨ ਲਈ ਸਵਿਟਜ਼ਰਲੈਂਡ ਦੀ ਯਾਤਰਾ ਕੀਤੀ ਹੈ।

ਤਸਵੀਰ ਸਰੋਤ, Getty Images
ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000
ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












