ਬਟਾਲਾ ਦੇ ਸਿਵਲ ਹਸਪਤਾਲ ’ਚ ਲਾਸ਼ਾਂ ਬਦਲੀਆਂ, ਕਿਵੇਂ ਮ੍ਰਿਤਕ ਦੇਹ ਨੂੰ ਲਾਵਾਰਿਸ ਸਮਝ ਕੀਤਾ ਗਿਆ ਸਸਕਾਰ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ

ਬਟਾਲਾ ਦੇ ਸਿਵਲ ਹਸਪਤਾਲ ਦੋ ਮ੍ਰਿਤਕਾਂ ਦੀਆ ਲਾਸ਼ਾਂ ਬਦਲਣ ਨਾਲ ਮਹੌਲ ਤਨਾਅਪੂਰਨ ਹੋ ਗਿਆ।

ਬੀਤੀ ਸ਼ਾਮ ਇੱਕ ਸੜਕੀ ਦੁਰਘਟਨਾ ਵਿੱਚ ਮਾਰੇ ਗਏ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਜਦੋਂ ਪਤਾ ਲੱਗਾਂ ਕਿ ਉਸ ਦਾ ਲਾਵਾਰਿਸ ਲਾਸ਼ ਵਾਂਗ ਸੰਸਕਾਰ ਕਰ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ।

ਇਸ ਕਥਿਤ ਅਣਗਹਿਲੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਕਿਵੇਂ ਬਦਲੀਆਂ ਲਾਸ਼ਾਂ ?

ਕੁਝ ਦਿਨ ਪਹਿਲਾਂ ਰੇਲ ਹਾਦਸੇ ਦੌਰਾਨ ਮਾਰੇ ਗਏ ਇਕ ਲਵਾਰਸ ਵਿਅਕਤੀ ਦੀ ਲਾਸ਼ ਹਸਪਤਾਲ ਦੇ ਮੁਰਦਾਘਰ ਵਿੱਚ ਪੋਸਟਮਾਰਟਮ ਤੋਂ ਬਾਅਦ ਪਾਈ ਸੀ।

ਤਹਿ ਸਮੇ ’ਤੇ ਉਸਦੀ ਪਹਿਚਾਣ ਨਾ ਹੋਣ ਦੇ ਚਲਦੇ ਉਸਦੀ ਲਾਸ਼ ਨਗਰ ਨਿਗਮ ਨੂੰ ਅੰਤਿਮ ਸਸਕਾਰ ਲਈ ਸੌਂਪਣਾ ਸੀ।

ਜਾਣਕਾਰੀ ਮੁਤਾਬਕ ਉਸ ਲਾਵਾਰਿਸ ਲਾਸ਼ ਦੀ ਥਾਂ ਬੀਤੇ ਕੱਲ੍ਹ ਸੁਖਵਿੰਦਰ ਸਿੰਘ (55 ਸਾਲ) ਵਾਸੀ ਘਸੀਟਪੁਰ ਖੁਰਦ ਦੀ ਲਾਸ਼ ਨੂੰ ਹਸਪਤਾਲ ਦੇ ਕਰਮਚਾਰੀਆਂ ਵਲੋਂ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਚੁਕਵਾ ਦਿਤਾ ਗਿਆ।

ਉਹਨਾਂ ਕਰਮਚਾਰੀਆਂ ਵਲੋਂ ਵੀ ਬੀਤੇ ਕਲ੍ਹ ਸ਼ਾਮ ਹੀ ਸੁਖਵਿੰਦਰ ਸਿੰਘ ਦੀ ਲਾਸ਼ ਦਾ ਲਾਵਾਰਿਸ ਲਾਸ਼ ਵਾਂਗ ਸੰਸਕਾਰ ਵੀ ਕਰ ਦਿੱਤਾ ਗਿਆ।

ਜਦੋਂ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਤਾਂ ਹਸਪਤਾਲ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਪਰਿਵਾਰ ਦਾ ਕੀ ਕਹਿਣਾ ਹੈ ?

ਪਿੰਡ ਘਸੀਟਪੁਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਸਦੇ ਭਰਾ ਸੁਖਵਿੰਦਰ ਸਿੰਘ ਸਾਈਕਲ ਉਪਰ ਬਟਾਲਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਬਟਾਲਾ ਵੱਲ ਨੂੰ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਉਸਦੀ ਮੌਤ ਹੋ ਗਈ।

“ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬੀਤੇ ਕੱਲ੍ਹ ਦੁਪਹਿਰ ਕਰੀਬ 2 ਵਜੇ ਦਿਤਾ ਗਿਆ ਅਤੇ ਪੁਲਿਸ ਕਾਗਜ਼ੀ ਕਾਰਵਾਈ ਦੇਰੀ ਨਾਲ ਹੋਣ ਦੇ ਚਲਦੇ ਬੀਤੇ ਸ਼ਾਮ ਤੱਕ ਪੋਸਟਮਾਰਟਮ ਨਾ ਹੋਣ ਦੀ ਹਸਪਤਾਲ ਪ੍ਰਸ਼ਾਸ਼ਨ ਵਲੋਂ ਗੱਲ ਆਖੀ ਗਈ।”

ਉਹਨਾਂ ਦੱਸਿਆ ਕਿ ਅੱਜ ਲਾਸ਼ ਦੇਣ ਦੀ ਗੱਲ ਕੀਤੀ ਗਈ ਸੀ ਪਰ ਜਦੋਂ ਅੱਜ ਉਹ ਇਥੇ ਆਏ ਤਾਂ ਪਤਾ ਲਗਾ ਹੈ ਕਿ ਉਹਨਾਂ ਦੇ ਭਰਾ ਦੀ ਲਾਸ਼ ਇਥੇ ਨਹੀਂ ਹੈ।

“ਉਸਦਾ ਲਾਵਾਇਸ ਲਾਸ਼ ਦੀ ਥਾਂ ’ਤੇ ਨਗਰ ਨਿਗਮ ਵਲੋਂ ਅੰਤਿਮ ਸਸਕਾਰ ਕਰ ਦਿਤਾ ਗਿਆ ਹੈ।”

ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਵੀ ਮਿਲੇ ਪਰ ਉਹ ਕੋਈ ਜਵਾਬ ਨਹੀਂ ਦੇ ਪਾ ਰਹੇ ਸਨ।

ਐੱਸਐਮਓ ਦਾ ਕੀ ਕਹਿਣਾ ਹੈ?

ਸਿਵਲ ਹਸਪਤਾਲ ਦੇ ਐੱਸਐਮਓ ਡਾ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਰੇਲਵੇ ਪੁਲਿਸ ਵਲੋਂ ਹਸਪਤਾਲ ਵਿਚ 21 ਦਸੰਬਰ ਨੂੰ ਇਕ ਅਣਪਛਾਤੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਸੀ ਅਤੇ ਉਸਦੀ ਪਹਿਚਾਣ ਲਈ ਤਹਿ ਸਮੇ ਤਕ ਉਡੀਕ ਤੋਂ ਬਾਅਦ ਬੀਤੇ ਕੱਲ੍ਹ ਲਾਸ਼ ਨੂੰ ਰੇਲਵੇ ਪੁਲਿਸ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਅੰਤਿਮ ਸੰਸਕਾਰ ਲਈ ਸੌਂਪ ਦਿਤਾ ਸੀ।

ਉਹਨਾਂ ਕਿਹਾ ਕਿ ਇਹ ਸਾਫ ਹੈ ਕਿ ਲਾਸ਼ ਬਦਲ ਗਈ ਹੈ ਅਤੇ ਅਣਗਹਿਲੀ ਵੀ ਹੋਈ ਹੈ। ਜਿਸ ਨੂੰ ਲੈਕੇ ਉਹਨਾਂ ਵਲੋਂ ਡਾਕਟਰਾਂ ਦਾ ਇਕ ਬੋਰਡ ਜਾਂਚ ਲਈ ਗਠਨ ਕੀਤਾ ਗਿਆ ਹੈ। ਇਹ ਬੋਰਡ 24 ਘੰਟਿਆਂ ਦੇ ਅੰਦਰ ਰਿਪੋਰਟ ਦੇਵੇਗਾ।

ਸਿਹਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

ਮ੍ਰਿਤਕ ਦੇ ਭਰਾ ਭੁਪਿੰਦਰ ਸਿੰਘ ਦੇ ਬਿਆਨਾਂ ਹੇਠ ਬੀਤੇ ਦਿਨ ਸੁਖਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦਾ ਜੋ ਮਾਮਲਾ ਦਰਜ ਹੋਇਆ ਸੀ, ਉਸ ਵਿਚ ਲਾਸ਼ ਖੁਰਦ ਬੁਰਦ ਹੋਣ ਦੇ ਆਰੋਪ ਹੇਠ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

ਪੁਲਿਸ ਥਾਣਾ ਸਦਰ ਬਟਾਲਾ ਦੇ ਐੱਸਐੱਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਜੁਰਮ ਵਿੱਚ ਵਾਧਾ ਕਰਕੇ ਸਿਵਲ ਹਸਪਤਾਲ ਬਟਾਲਾ ਦੇ ਐੱਸਐਮਓ ਡਾ ਰਵਿੰਦਰ ਸਿੰਘ, ਇਕ ਡਾਕਟਰ ਅਤੇ ਇਕ ਦਰਜ਼ਾ ਚਾਰ ਕਰਮਚਾਰੀ ਦੇ ਖਿਲਾਫ ਆਈਪੀਸੀ ਦੀ ਧਾਰਾ 304 ਅਤੇ 201 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)