ਪੰਜਾਬ ਪੁਲਿਸ ਦੇ 33 ਸਾਲ ਪੁਰਾਣੇ ਮੁਕਾਬਲੇ ਨੂੰ ਸੀਬੀਆਈ ਅਦਾਲਤ ਨੇ ਫਰਜ਼ੀ ਕਰਾਰ ਦਿੱਤਾ, ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, ਕੀ ਸੀ ਮਾਮਲਾ

ਸੁਖਵੰਤ ਸਿੰਘ

ਤਸਵੀਰ ਸਰੋਤ, Family

ਤਸਵੀਰ ਕੈਪਸ਼ਨ, ਸੁਖਵੰਤ ਸਿੰਘ ਪਿੰਡ ਬਾਮਣੀਵਾਲਾ, ਤਰਨਤਾਰਨ ਦੇ ਰਹਿਣ ਵਾਲੇ ਸਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਰਨਤਾਰਨ ਦੇ ਦੋ ਨੌਜਵਾਨਾਂ ਨੂੰ ਫ਼ਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਦੋਸ਼ ਵਿੱਚ ਪੰਜਾਬ ਪੁਲਿਸ ਦੇ ਦੋ ਸਾਬਕਾ ਕਰਮੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਇੱਕ ਨੂੰ ਉਮਰ ਕੈਦ ਅਤੇ ਦੂਜੇ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ।

ਮਾਮਲਾ 32 ਸਾਲ ਪੁਰਾਣਾ ਹੈ ਜਿਸ ਵਿੱਚ ਤਰਨਤਾਰਨ ਦੇ ਪੱਟੀ ਵਿੱਚ ਤੈਨਾਤ ਰਹੇ ਤਤਕਾਲੀ ਪੁਲਿਸ ਅਧਿਕਾਰੀ ਸੀਤਾ ਰਾਮ ਤੇ ਐੱਸਐੱਚਓ ਪੱਟੀ ਰਾਜ ਪਾਲ ਉੱਤੇ ਇਸੇ ਜ਼ਿਲ੍ਹੇ ਦੇ ਦੋ ਨੌਜਵਾਨਾਂ ਗੁਰਦੇਵ ਸਿੰਘ ਅਤੇ ਸੁਖਵੰਤ ਸਿੰਘ ਨੂੰ ਫ਼ਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਸੀ।

ਵੀਰਵਾਰ ਨੂੰ ਅਦਾਲਤ ਨੇ ਸੀਤਾ ਰਾਮ ਨੂੰ ਉਮਰ ਕੈਦ ਅਤੇ ਰਾਜਪਾਲ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੋਵੇਂ ਪੁਲਿਸ ਅਧਿਕਾਰੀ ਇਸ ਵੇਲੇ ਸੇਵਾ ਮੁਕਤ ਹਨ। ਸੀਤਾ ਰਾਮ ਦੀ ਉਮਰ ਇਸ ਵਕਤ 80 ਸਾਲ ਦੇ ਕਰੀਬ ਹੈ।

ਸੀਬੀਆਈ ਨੇ ਇਸ ਮਾਮਲੇ ਵਿੱਚ 11 ਪੁਲਿਸ ਕਰਮੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ ਜਿਸ ਵਿੱਚ ਚਾਰ ਦੀ ਇਸ ਸਮੇਂ ਮੌਤ ਹੋ ਚੁੱਕੀ ਹੈ ਅਤੇ ਪੰਜ ਨੂੰ ਬਰੀ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਮ੍ਰਿਤਕ ਨੌਜਵਾਨਾਂ ਉੱਤੇ ਅਗਵਾ, ਗ਼ੈਰ-ਕਾਨੂੰਨੀ ਹਿਰਾਸਤ ਅਤੇ ਕਤਲ ਦੇ ਦੋਸ਼ ਲਗਾਏ ਸਨ ਪਰ ਸੀਬੀਆਈ ਦੀ ਜਾਂਚ ਦੌਰਾਨ ਇਹ ਸਾਰੇ ਦੋਸ਼ ਝੂਠੇ ਸਾਬਤ ਹੋਏ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕੀ ਸੀ ਪੂਰਾ ਮਾਮਲਾ

ਪੁਲਿਸ ਦੀ ਕਹਾਣੀ ਮੁਤਾਬਕ 6 ਫਰਵਰੀ 1993 ਨੂੰ ਨਾਕੇ ਉੱਤੇ ਖੜੇ ਪੁਲਿਸ ਕਰਮੀਆਂ ਉੱਤੇ ਟਰੈਕਟਰ ਉੱਤੇ ਸਵਾਰ ਗੁਰਦੇਵ ਸਿੰਘ ਉਰਫ਼ ਦੇਬਾ (ਵਾਸੀ ਗਲੀਲੀਪੁਰ ਤਰਨਤਾਰਨ) ਅਤੇ ਸੁਖਵੰਤ ਸਿੰਘ (ਵਾਸੀ ਪਿੰਡ ਬਾਮਣੀਵਾਲਾ, ਤਰਨਤਾਰਨ) ਨੇ ਅਚਾਨਕ ਫਾਇਰਿੰਗ ਕਰ ਦਿੱਤੀ ਅਤੇ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਵੇਂ ਦੀ ਮੌਤ ਹੋ ਗਈ।

ਬਾਅਦ ਵਿੱਚ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਵੀ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀਆਂ ਅਤੇ ਲਵਾਰਿਸ ਆਖ ਕੇ ਇਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਸੀ।

ਇਸ ਸਬੰਧ ਵਿੱਚ ਪੁਲਿਸ ਨੇ ਐੱਫਆਈਆਰ ਪੱਟੀ ਥਾਣੇ ਵਿੱਚ ਦਰਜ ਕੀਤੀ ਸੀ ਜਿਸ ਵਿੱਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਕਤਲ, ਫਿਰੌਤੀ ਵਰਗੇ ਸੰਗੀਨ ਅਪਰਾਧਾਂ ਵਿੱਚ ਪੁਲਿਸ ਨੂੰ ਲੋੜੀਂਦੇ ਸਨ।

ਦੂਜੇ ਪਾਸੇ ਸੀਬੀਆਈ ਨੇ ਜਾਂਚ ਦੌਰਾਨ ਪਾਇਆ ਕਿ 30 ਜਨਵਰੀ 1993 ਨੂੰ ਗੁਰਦੇਵ ਸਿੰਘ ਉਰਫ਼ ਦੇਬਾ ਨਿਵਾਸੀ ਗਲੀਲੀਪੁਰ ਤਰਨਤਾਰਨ ਨੂੰ ਪੁਲਿਸ ਚੌਕੀ ਕਰਣ ਤਰਨਤਾਰਨ ਦੇ ਇੰਚਾਰਜ ਏਐੱਸਆਈ ਨੌਰੰਗ ਸਿੰਘ ਦੀ ਅਗਵਾਈ ਵਿੱਚ ਆਈ ਟੀਮ ਨੇ ਘਰ ਤੋਂ ਚੁੱਕਿਆ ਸੀ।

ਇਸ ਤਰੀਕੇ ਨਾਲ ਪੰਜ ਫਰਵਰੀ 1993 ਪੱਟੀ ਪੁਲਿਸ ਸਟੇਸ਼ਨ ਦੇ ਏਐੱਸਆਈ ਦੀਦਾਰ ਸਿੰਘ ਟੀਮ ਪੱਟੀ ਤਹਿਸੀਲ ਵਿੱਚ ਹੀ ਪੈਂਦੇ ਪਿੰਡ ਬਾਮਣੀਵਾਲਾ ਵਿਖੇ ਛਾਪਾ ਮਾਰ ਕੇ ਸੁਖਵੰਤ ਸਿੰਘ ਨੂੰ ਕਾਬੂ ਕੀਤਾ ਸੀ ਅਤੇ ਇਸ ਤੋਂ ਬਾਅਦ 6 ਫਰਵਰੀ ਨੂੰ ਇੱਕ ਮੁਕਾਬਲੇ ਵਿੱਚ ਦੋਵਾਂ ਨੂੰ ਖ਼ਤਮ ਕਰ ਦਿੱਤਾ।

ਮਹਿੰਦਰ ਕੌਰ

ਤਸਵੀਰ ਸਰੋਤ, Family

ਤਸਵੀਰ ਕੈਪਸ਼ਨ, ਮਰਹੂਮ ਸੁਖਵੰਤ ਸਿੰਘ ਦੀ ਪਤਨੀ ਮਹਿੰਦਰ ਕੌਰ ਮੁਤਾਬਕ ਫਰਵਰੀ 1993 ਪੁਲਿਸ ਸਵੇਰੇ ਉਨ੍ਹਾਂ ਦੇ ਪਤੀ ਲੈ ਗਈ ਸੀ

ਸੁਪਰੀਮ ਕੋਰਟ ਦੇ ਆਦੇਸ਼ ਉੱਤੇ ਸੀਬੀਆਈ ਨੇ ਕੀਤੀ ਜਾਂਚ

ਇਸ ਕੇਸ ਦੀ ਜਾਂਚ 1995 ਵਿੱਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੀਬੀਆਈ ਨੇ ਸ਼ੁਰੂ ਕੀਤੀ ਸੀ ਅਤੇ ਸਾਲ 2000 ਵਿੱਚ ਸੀਬੀਆਈ ਨੇ ਇਸ ਮੁਕਾਬਲੇ ਨੂੰ ਫ਼ਰਜ਼ੀ ਕਰਾਰ ਦਿੰਦਿਆਂ 11 ਪੁਲਿਸ ਕਰਮੀਆਂ ਦੇ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ।

2001 ਵਿੱਚ ਇਨ੍ਹਾਂ ਸਾਰਿਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਪਰ ਕੁਝ ਕਾਰਨਾਂ ਕਰ ਕੇ 2021 ਤੱਕ ਇਸ ਮਾਮਲੇ ਵਿੱਚ ਉੱਚ ਅਦਾਲਤ ਵੱਲੋਂ ਰੋਕ ਲੱਗਾ ਦਿੱਤੀ ਗਈ।

ਇਸ ਤੋਂ ਬਾਅਦ ਪੁਲਿਸ ਮੁਕਾਬਲੇ ਦੇ ਕਰੀਬ 30 ਸਾਲ ਬਾਅਦ 2023 ਵਿੱਚ ਇਹ ਮਾਮਲਾ ਫਿਰ ਤੋਂ ਖੁੱਲ੍ਹਿਆ ਅਤੇ ਪਹਿਲੀ ਗਵਾਹੀ ਇਸ ਵਿੱਚ ਦਰਜ ਕਰਵਾਈ ਗਈ ਅਤੇ ਹੁਣ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਪੁਲਿਸ ਦੀ ਕਹਾਣੀ ਨੂੰ ਫ਼ਰਜ਼ੀ ਕਰਾਰ ਦਿੱਤਾ।

ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਸੀਬੀਆਈ ਨੇ ਇਸ ਕੇਸ ਵਿੱਚ 48 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕੱਦਮੇ ਦੌਰਾਨ ਸਿਰਫ਼ 22 ਗਵਾਹ ਹੀ ਪੇਸ਼ ਹੋਏ ਕਿਉਂਕਿ ਦੇਰੀ ਨਾਲ ਚੱਲ ਰਹੀ ਸੁਣਵਾਈ ਦੌਰਾਨ ਜ਼ਿਆਦਾਤਰ ਗਵਾਹਾਂ ਦੀ ਮੌਤ ਹੋ ਗਈ ਸੀ।

ਸ਼ਮਸ਼ਾਨ ਘਾਟ

ਪਰਿਵਾਰ ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼

ਅਦਾਲਤ ਦੇ ਫ਼ੈਸਲਾ ਸੁਣਨ ਦੇ ਲਈ ਮ੍ਰਿਤਕ ਸੁਖਵੰਤ ਸਿੰਘ ਦੀ ਪਤਨੀ ਮਹਿੰਦਰ ਕੌਰ ਵੀ ਆਪਣੇ ਪਰਿਵਾਰ ਨਾਲ ਪਹੁੰਚੀ ਹੋਈ ਸੀ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਮਹਿੰਦਰ ਕੌਰ ਨੇ ਦੱਸਿਆ ਕਿ ਪੰਜ ਫਰਵਰੀ 1993 ਨੂੰ ਪੁਲਿਸ ਸਵੇਰੇ ਉਨ੍ਹਾਂ ਦੇ ਘਰ ਆਈ ਅਤੇ ਉਨ੍ਹਾਂ ਦੇ ਪਤੀ ਸੁਖਵੰਤ ਸਿੰਘ ਨੂੰ ਆਪਣੇ ਨਾਲ ਲੈ ਗਈ।

ਉਨ੍ਹਾਂ ਆਖਿਆ ਕਿ ਪਿੰਡ ਦੀ ਪੰਚਾਇਤ ਸਬੰਧਤ ਪੁਲਿਸ ਚੌਂਕੀ ਵੀ ਪਹੁੰਚੀ ਪਰ ਸੁਖਵੰਤ ਸਿੰਘ ਨਾਲ ਮੁਲਾਕਾਤ ਨਹੀਂ ਹੋ ਪਾਈ। ਉਨ੍ਹਾਂ ਆਖਿਆ ਕਿ ਕੁਝ ਦਿਨਾਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਸੁਖਵੰਤ ਸਿੰਘ ਦਾ ਫ਼ਰਜ਼ੀ ਪੁਲਿਸ ਮੁਕਾਬਲਾ ਬਣਾ ਕੇ ਉਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਮਹਿੰਦਰ ਕੌਰ ਦੱਸਦੀ ਹੈ, "ਉਸ ਨੇ ਪੁਲਿਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਪਤੀ ਦੇ ਅੰਤਿਮ ਦਰਸ਼ਨ ਤਾਂ ਕਰਵਾ ਦਿਓ ਪਰ ਪੁਲਿਸ ਨੇ ਲਵਾਰਿਸ ਲਾਸ਼ ਆਖ ਕੇ ਰਾਤ ਸਮੇਂ ਸਸਕਾਰ ਦਿੱਤਾ।"

ਮਹਿੰਦਰ ਕੌਰ ਮੁਤਾਬਕ ਉਸ ਦਾ ਪਤੀ ਖੇਤੀਬਾੜੀ ਕਰਦਾ ਸੀ ਅਤੇ ਉਨ੍ਹਾਂ ਦੇ ਦੋ ਪੁੱਤਰ ਅਤੇ ਦੋ ਬੇਟੀਆਂ ਹਨ।

ਸੁਖਵੰਤ ਸਿੰਘ ਦੀ ਮੌਤ ਤੋਂ ਬਾਅਦ ਬੱਚਿਆਂ ਦਾ ਪਾਲਣ ਪੋਸ਼ਣ ਕਾਰਨ ਸਭ ਤੋਂ ਔਖਾ ਸੀ ਪਰ ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ, ਘਰੇਲੂ ਜਿੰਮੇਵਾਰੀਆਂ ਦੇ ਨਾਲ ਨਾਲ ਉਨ੍ਹਾਂ ਨੇ ਅਦਾਲਤੀ ਕਾਰਵਾਈ ਵੀ ਜਾਰੀ ਕੀਤੀ।

ਉਨ੍ਹਾਂ ਮੁਤਾਬਕ, "ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਥੋੜ੍ਹਾ ਸਕੂਨ ਜ਼ਰੂਰ ਮਿਲਿਆ ਹੈ ਕਿ ਉਸ ਦੇ ਪਤੀ ਦੇ ਇੱਕ ਕਾਤਲ ਨੂੰ ਉਮਰ ਕੈਦ ਹੋਈ ਹੈ ਪਰ ਉਹ ਚਾਹੁੰਦੀ ਸੀ ਦੋਸ਼ੀ ਐਲਾਨੇ ਗਏ ਪੁਲਿਸ ਕਰਮੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)