ਰਮਨਦੀਪ ਸਿੰਘ: ਪੰਜਾਬੀ ਜਿਸ ਨੇ ਕ੍ਰਿਕਟ ਲਈ ਸਰਕਾਰੀ ਨੌਕਰੀ ਛੱਡੀ, ਕਿਵੇਂ ਭਾਰਤੀ ਟੀਮ ਤੱਕ ਪਹੁੰਚਿਆ

ਤਸਵੀਰ ਸਰੋਤ, Ramandeep Singh/Insta
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਭਾਰਤੀ ਕ੍ਰਿਕਟ ਟੀਮ ਵਿੱਚ ਹੁਣ ਤੁਹਾਨੂੰ ਇੱਕ ਹੋਰ ਪੰਜਾਬੀ ਮੁੰਡਾ ਮੈਦਾਨ ਵਿੱਚ ਖੇਡਦਾ ਨਜ਼ਰ ਆਵੇਗਾ। ਨਾਮ ਹੈ ਰਮਨਦੀਪ ਸਿੰਘ।
ਦੱਖਣੀ ਅਫ਼ਰੀਕਾ ਦੌਰੇ ਲਈ ਬੀਸੀਸੀਆਈ ਵੱਲੋਂ ਐਲਾਨ ਕੀਤੀ ਗਈ ਟੀਮ ਵਿੱਚ ਰਮਨਦੀਪ ਸਿੰਘ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਰਮਨਦੀਪ ਸਿੰਘ ਲੰਮੇ ਸਮੇਂ ਤੋਂ ਆਈਪੀਐੱਲ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਟੀਮ ਲਈ ਖੇਡ ਰਹੇ ਹਨ।
ਰਮਨਦੀਪ ਨੂੰ ਦੱਖਣੀ ਅਫਰੀਕਾ ਖ਼ਿਲਾਫ ਚਾਰ ਮੈਚਾਂ ਦੀ ਟੀ-20 ਸੀਰੀਜ਼ ਲਈ ਪਹਿਲੀ ਵਾਰ ਭਾਰਤੀ ਟੀਮ ‘ਚ ਚੁਣਿਆ ਗਿਆ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ ਸੀਰੀਜ਼ 8 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਹਾਲ ਹੀ ਵਿਚ ਹੋਏ ਇਮਰਜਿੰਗ ਏਸ਼ੀਆ ਕੱਪ ਵਿੱਚ ਰਮਨ ਨੇ ਅਫ਼ਗ਼ਾਨਿਸਤਾਨ ਵਿਰੁੱਧ 34 ਗੇਂਦਾਂ ਉੱਤੇ 64 ਦੌੜਾਂ ਦੀ ਲਾਜਵਾਬ ਪਾਰੀ ਖੇਡੀ ਸੀ।
ਇਸ ਤੋਂ ਬਿਨਾਂ ਉਹ ਪਾਕਿਸਤਾਨ ਖਿਲਾਫ ਕੀਤੇ ਕੈਚ ਕਾਰਨ ਵੀ ਸੁਰਖੀਆਂ ਵਿੱਚ ਆਏ ਸਨ। ਰਮਨਦੀਪ ਸਿੰਘ ਨੇ ਪਾਕਿਸਤਾਨ ਦੇ ਖਿਡਾਰੀ ਯਾਸਿਰ ਖਾਨ ਦਾ ਕੈਚ ਇੱਕ ਹੱਥ ਨਾਲ ਫੜ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

2007 ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ
ਰਮਨਦੀਪ ਸਿੰਘ ਅਲਰਾਊਂਡਰ ਹਨ। ਉਹਨਾਂ ਨੂੰ ਧਮਾਕੇਦਾਰ ਬੱਲੇਬਾਜ਼ੀ ਦੇ ਨਾਲ-ਨਾਲ ਸ਼ਾਨਦਾਰ ਗੇਂਦਬਾਜ਼ੀ ਲਈ ਵੀ ਜਾਣਿਆ ਜਾਂਦਾ ਹੈ।
ਰਮਨਦੀਪ ਮੁਹਾਲੀ ਰਹਿੰਦੇ ਹਨ, ਪਰ ਉਹਨਾਂ ਦਾ ਜਨਮ ਗੁਰਦਾਸਪੁਰ ਦੇ ਪਿੰਡ ਚੌਧਰੀਵਾਲਾ 'ਚ ਹੋਇਆ। ਨੌਕਰੀ ਕਾਰਨ ਉਹਨਾਂ ਦੇ ਮਾਪੇ ਮੁਹਾਲੀ ਆ ਗਏ ਸਨ ਅਤੇ ਉਦੋਂ ਤੋਂ ਹੀ ਉਹ ਮੁਹਾਲੀ ਰਹਿ ਰਹੇ ਹਨ।
ਉਨ੍ਹਾਂ ਦੀ ਟਰੇਨਿੰਗ ਵੀ ਮੁਹਾਲੀ ਤੋਂ ਹੀ ਹੋਈ ਹੈ। ਉਹ 27 ਸਾਲ ਦੀ ਉਮਰ ਵਿੱਚ ਭਾਰਤੀ ਕ੍ਰਿਕਟ ਟੀਮ ਲਈ ਚੁਣੇ ਗਏ ਹਨ।
ਰਮਨਦੀਪ ਨੇ ਬੀਬੀਸੀ ਨੂੰ ਦੱਸਿਆ, "ਮੈਂ 2007 ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਹੁਣ 17 ਸਾਲ ਬਾਅਦ ਮੇਰਾ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਇਹ ਸੁਪਨਾ ਮੈਂ ਦਿਨ ਰਾਤ ਦੇਖਦਾ ਸੀ। ਮੈਂ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਮੈਂ ਆਪਣੀ ਖੇਡ ਨਾਲ ਭਾਰਤ ਦਾ ਨਾਮ ਰੌਸ਼ਨ ਕਰਾਂਗਾ।"
ਕ੍ਰਿਕਟ ਲਈ ਛੱਡੀ ਸਰਕਾਰੀ ਨੌਕਰੀ

ਤਸਵੀਰ ਸਰੋਤ, Ramandeep Singh/Insta
ਰਮਨਦੀਪ ਕਹਿੰਦੇ ਹਨ,"ਮੈਂ ਪੰਜਾਬ ਵਿੱਚ ਸਰਕਾਰੀ ਨੌਕਰੀ ਵੀ ਕੀਤੀ। ਪਰ ਨੌਕਰੀ ਕਰਨ ਵੇਲੇ ਮੈਂ ਕ੍ਰਿਕਟ ਦੀ ਪ੍ਰੈਕਟਿਸ ਨਹੀਂ ਕਰ ਪਾ ਰਿਹਾ ਸੀ। ਆਲ ਰਾਊਂਡਰ ਹੋਣ ਕਾਰਨ ਮੈਨੂੰ ਸਾਰਾ ਦਿਨ ਮੈਦਾਨ ਵਿੱਚ ਪ੍ਰੈਕਟਿਸ ਦੀ ਲੋੜ ਸੀ।"
ਰਮਨ ਕਹਿੰਦੇ ਹਨ,"ਉਸ ਵੇਲੇ ਪਿਤਾ ਵੱਲੋਂ ਦਿੱਤੀ ਹੱਲਾ ਸ਼ੇਰੀ ਕਾਰਨ ਮੈਂ ਨੌਕਰੀ ਛੱਡ ਦਿੱਤੀ ਅਤੇ ਸਾਰਾ ਧਿਆਨ ਆਪਣੀ ਖੇਡ ਵੱਲ ਕੇਂਦਰਿਤ ਕਰ ਲਿਆ। ਦਿਨ ਰਾਤ ਦੀ ਮਿਹਨਤ ਨੇ ਅੱਜ ਮੈਨੂੰ ਭਾਰਤੀ ਟੀਮ ਵਿੱਚ ਖੇਡਣ ਦਾ ਮੌਕਾ ਦੇ ਦਿੱਤਾ ਹੈ।"
ਹਾਲਾਂਕਿ ਰਮਨ ਦੇ ਪਿਤਾ ਦਾ ਸੁਪਨਾ ਕੁਝ ਹੋਰ ਸੀ। ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ,"ਇੱਥੋਂ ਤੱਕ ਪਹੁੰਚਣ ਪਿੱਛੇ ਸਭ ਤੋਂ ਵੱਡਾ ਹੱਥ ਮੇਰੇ ਮਾਤਾ-ਪਿਤਾ ਹੈ। ਮੇਰੇ ਪਿਤਾ ਖੁਦ ਇੱਕ ਅਥਲੀਟ ਰਹੇ ਹਨ। ਉਹ ਚਾਹੁੰਦੇ ਸਨ ਕਿ ਮੈਂ ਵੀ ਉਨ੍ਹਾਂ ਵਾਂਗ ਸਾਈਕਲਿੰਗ ਕਰਾਂ। ਉਹਨਾਂ ਨੇ ਬਚਪਨ ਵਿੱਚ ਮੈਨੂੰ ਚੀਨ ਤੋਂ ਇੱਕ ਫਾਈਬਰ ਦਾ ਸਾਈਕਲ ਵੀ ਲਿਆ ਕੇ ਦਿੱਤਾ। ਪਰ ਮੇਰਾ ਮਨ ਸਾਈਕਲਿੰਗ ਵਿੱਚ ਨਹੀਂ ਸੀ।"
ਉਨ੍ਹਾਂ ਅੱਗੇ ਕਿਹਾ, "ਮੇਰੇ ਪਿਤਾ ਨੇ ਮੇਰੇ ਸ਼ੌਂਕ ਨੂੰ ਸਮਝ ਲਿਆ ਸੀ, ਉਹਨਾਂ ਨੇ ਫਿਰ ਸਾਈਕਲਿੰਗ ਛੱਡ ਮੈਨੂੰ ਕ੍ਰਿਕਟ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਟਰੇਨਿੰਗ ਕਰਵਾਉਣ ਲਈ ਉਹ ਮੇਰੇ ਤੋਂ ਪਹਿਲਾਂ ਤਿਆਰ ਹੁੰਦੇ ਹਨ। ਉਹ ਆਪਣੇ ਹੱਥੀਂ ਮੈਨੂੰ ਪ੍ਰੈਕਟਿਸ ਕਰਵਾਉਂਦੇ ਹਨ।"
ਆਲਰਾਊਂਡਰ ਹੋਣ ਕਰਕੇ ਜ਼ਿੰਮੇਵਾਰੀ ਜ਼ਿਆਦਾ

ਤਸਵੀਰ ਸਰੋਤ, Getty Images
ਰਮਨਦੀਪ ਆਲ-ਰਾਊਂਡਰ ਹਨ। ਸਾਊਥ ਅਫ਼ਰੀਕਾ ਟੂਰ ਵਿੱਚ ਚੁਣੇ ਜਾਣ ਤੋਂ ਬਾਅਦ ਉਹਨਾਂ ਦੀ ਪ੍ਰੈਕਟਿਸ ਵੀ ਸਖ਼ਤ ਹੋ ਗਈ ਹੈ।
ਉਹ ਕਹਿੰਦੇ ਹਨ, "ਆਲ-ਰਾਊਂਡਰ ਕੋਲ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ। ਮੇਰੀ ਬੱਲੇਬਾਜ਼ੀ, ਗੇਂਦਬਾਜ਼ੀ, ਫੀਲਡਿੰਗ ਹਰ ਚੀਜ਼ ਸ਼ਾਨਦਾਰ ਹੋਵੇ ਮੈਂ ਉਸੇ ਲਈ ਤਿਆਰੀ ਕਰ ਰਿਹਾ ਹਾਂ।"
ਰਮਨਦੀਪ ਦੇ ਬੱਲੇਬਾਜ਼ੀ ਦੇ ਕੋਚ ਹਰਪ੍ਰੀਤ ਸਿੰਘ ਸਨੀ ਅਤੇ ਗੇਂਦਬਾਜ਼ੀ ਕੋਚ ਵਿਰੇਂਦਰ ਸਿੰਘ ਪਿੱਛਲੇ ਪੰਜ ਸਾਲ ਤੋਂ ਉਹਨਾਂ ਨੂੰ ਟਰੇਨਿੰਗ ਦੇ ਰਹੇ ਹਨ।
ਕੋਚ ਹਰਪ੍ਰੀਤ ਸਿੰਘ ਸਨੀ ਕਹਿੰਦੇ ਹਨ, "ਰਮਨ ਕੋਲ ਕ੍ਰਿਕਟ ਖੇਡਣ ਦਾ ਗੁਣ ਕੁਦਰਤੀ ਸੀ। ਉਹ ਬਹੁਤ ਮਿਹਨਤ ਕਰਦਾ ਹੈ। ਭਾਰਤ ਲਈ ਖੇਡਣ ਵੇਲੇ ਅਸੀਂ ਉਸਨੂੰ ਦੁਆਵਾਂ ਦਿੰਦੇ ਹਾਂ ਕਿ ਉਹ ਬਹੁਤ ਧਿਆਨ ਨਾਲ ਖੇਡੇ ਅਤੇ ਆਪਣੇ ਦੇਸ਼ ਅਤੇ ਪੰਜਾਬ ਦਾ ਨਾਮ ਰੋਸ਼ਨ ਕਰੇ।"
ਸ਼ੁਭਮਨ ਗਿੱਲ ਅਤੇ ਅਰਸ਼ਦੀਪ ਨਾਲ ਦੋਸਤੀ

ਮੁਹਾਲੀ ਵਿੱਚ ਆਪਣੀ ਟ੍ਰੇਨਿੰਗ ਸਮੇਂ ਰਮਨਦੀਪ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨਾਲ ਇਕੱਠੇ ਟ੍ਰੇਨਿੰਗ ਕਰਦੇ ਰਹੇ ਹਨ। ਉਹ ਕਹਿੰਦੇ ਹਨ, "ਸ਼ੁਭੀ (ਸ਼ੁਭਮਨ ਗਿੱਲ) ਮੇਰਾ ਚੰਗਾ ਦੋਸਤ ਹੈ। ਅਸੀਂ ਇਕੱਠੇ ਟਰੇਨਿੰਗ ਕਰਦੇ ਰਹੇ ਹਾਂ।"
"ਹੁਣ ਦੱਖਣੀ ਅਫ਼ਰੀਕਾ ਟੂਰ ਵਿੱਚ ਅਰਸ਼ਦੀਪ ਅਤੇ ਅਭਿਸ਼ੇਕ ਸ਼ਰਮਾ ਨਾਲ ਖੇਡਣ ਦਾ ਮੈਨੂੰ ਮੌਕਾ ਮਿਲਿਆ ਹੈ। ਸਾਡੀ ਤਿੰਨਾਂ ਦੀ ਦੋਸਤੀ ਬਹੁਤ ਚੰਗੀ ਹੈ। ਮੈਨੂੰ ਉਮੀਦ ਹੈ ਕਿ ਮੈਦਾਨ ਵਿੱਚ ਅਸੀਂ ਪੰਜਾਬੀਆਂ ਦਾ ਮਾਣ ਜ਼ਰੂਰ ਵਧਾਵਾਂਗੇ।"
ਦੱਖਣੀ ਅਫ਼ਰੀਕਾ ਟੂਰ ਦੀ ਤਿਆਰੀ ਬਾਰੇ ਗੱਲ ਕਰਦਿਆਂ ਰਮਨ ਨੇ ਦੱਸਿਆ, "ਦੱਖਣੀ ਅਫ਼ਰੀਕਾ ਟੂਰ ਲਈ ਤਿਆਰੀ ਪੂਰੀ ਹੈ। ਇਸ ਵਾਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨਾਲ ਨਹੀਂ ਹੋਣਗੇ। ਉਹ ਲੈਜੈਂਡ ਹਨ। ਉਹਨਾਂ ਦੀ ਕਮੀ ਟੀਮ ਨੂੰ ਖਲੇਗੀ ਪਰ ਬਾਕੀ ਖਿਡਾਰੀ ਵੀ ਬਹੁਤ ਸ਼ਾਨਦਾਰ ਹਨ। ਉਮੀਦ ਹੈ ਅਸੀਂ ਦੇਸ਼ ਨੂੰ ਮਾਣ ਮਹਿਸੂਸ ਕਰਾਵਾਂਗੇ।"
ਵਿਦੇਸ਼ੀ ਖਿਡਾਰੀ ਨੇ ਰਮਨ ਨੂੰ ਕੀ ਸਲਾਹ ਦਿੱਤੀ

ਤਸਵੀਰ ਸਰੋਤ, Getty Images
ਰਮਨਦੀਪ ਸਿੰਘ ਵੈਸਟ ਇੰਡੀਜ਼ ਦੇ ਖਿਡਾਰੀ ਐਂਡਰੇ ਰਸਲ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਉਹ ਕਹਿੰਦੇ ਹਨ, "ਮੈਂ ਰਸਲ ਵਾਂਗ ਹੀ ਆਲ-ਰਾਊਂਡਰ ਬਣਨਾ ਚਾਹੁੰਦਾ ਹੈ। ਜਿਵੇਂ ਰਸਲ ਹਰ ਵਾਰ ਟੀਮ ਨੂੰ ਜਿਤਾਉਣ ਲਈ ਹੀ ਮੈਦਾਨ ਵਿੱਚ ਉੱਤਰਦੇ ਹਨ ਮੈਂ ਚਾਹੁੰਦਾ ਹਾਂ ਕਿ ਮੇਰਾ ਨਾਮ ਵੀ ਟੀਮ ਨੂੰ ਜਿਤਾਉਣ ਵਾਲੇ ਖਿਡਾਰੀਆਂ ਵਿੱਚ ਲਿਆ ਜਾਵੇ।"
ਰਸਲ ਬਾਰੇ ਗੱਲ ਕਰਦੇ ਰਮਨ ਦੱਸਦੇ ਹਨ, "ਕੋਲਕਾਤਾ ਨਾਈਟ ਰਾਈਡਰ ਵਿੱਚ ਮੈਨੂੰ ਰਸਲ ਨਾਲ ਖੇਡਣ ਦਾ ਮੌਕਾ ਮਿਲਿਆ ਤਾਂ ਉੱਥੇ ਸਭ ਨੂੰ ਪਤਾ ਸੀ ਕਿ ਮੈਂ ਰਸਲ ਦਾ ਬਹੁਤ ਵੱਡਾ ਫੈਨ ਹਾਂ। ਪਹਿਲੇ ਦਿਨ ਮੈਂ ਆਪਣਾ ਕਿੱਟ ਬੈਗ ਰਸਲ ਦੀ ਥਾਂ ਉੱਤੇ ਰੱਖ ਦਿੱਤਾ। ਜਦੋਂ ਰਸਲ ਆਏ ਤਾਂ ਉਹਨਾਂ ਨੇ ਮੈਨੂੰ ਹੱਸ ਕੇ ਕਿਹਾ ਕਿ ਇਹ ਮੇਰੀ ਥਾਂ ਹੈ, ਇੱਥੇ ਪਹੁੰਚਣ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਉਹ ਮੇਰੇ ਲਈ ਬਹੁਤ ਖਾਸ ਪਲ਼ ਸੀ।"
ਕੋਲਕਾਤਾ ਨਾਈਟ ਰਾਈਡਰ ਨੇ 4 ਕਰੋੜ ਵਿੱਚ ਕੀਤਾ ਰਿਟੇਨ

ਤਸਵੀਰ ਸਰੋਤ, Ramandeep Singh/Insta
ਰਮਨਦੀਪ ਸਿੰਘ ਨੂੰ ਇਸ ਸਾਲ ਜਿੱਥੇ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਉਥੇ ਹੀ ਉਹਨਾਂ ਨੂੰ ਇੱਕ ਹੋਰ ਖੁਸ਼ਖਬਰੀ ਵੀ ਮਿਲ ਗਈ ਹੈ।
ਉਹਨਾਂ ਨੂੰ ਕੋਲਕਾਤਾ ਨਾਈਟ ਰਾਈਡਰ ਨੇ 4 ਕਰੋੜ ਰੁਪਏ ਵਿੱਚ ਰਿਟੇਨ ਕਰ ਲਿਆ ਹੈ। ਮਤਲਬ ਉਹ ਅਗਲੇ ਆਈਪੀਐੱਲ ਵਿੱਚ ਵੀ ਕੇਕੇਆਰ ਦਾ ਹੀ ਹਿੱਸਾ ਹੋਣਗੇ।
ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ ਰਿਲੀਜ਼ ਕਰ ਦਿੱਤਾ ਹੈ। ਮਤਲਬ ਕਿ ਹੁਣ ਅਰਸ਼ਦੀਪ ਸਿੰਘ ਨੂੰ ਕੋਈ ਵੀ ਹੋਰ ਟੀਮ ਖਰੀਦ ਸਕਦੀ ਹੈ।
25 ਸਾਲ ਦੇ ਅਰਸ਼ਦੀਪ ਸਿੰਘ 2019 ਤੋਂ ਪੰਜਾਬ ਕਿੰਗਜ਼ ਦਾ ਹਿੱਸਾ ਸਨ। ਪੰਜਾਬ ਕਿੰਗਜ਼ ਨੇ ਅਰਸ਼ਦੀਪ ਸਿੰਘ ਤੋਂ ਇਲਾਵਾ ਲਿਆਮ ਲਿਵਿੰਗਸਟੋਨ, ਕਿਗਾਸੋ ਰਬਾਡਾ, ਸੈਮ ਕਰਨ ਸਮੇਤ ਕਈ ਹੋਰ ਸਟਾਰ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਹੈ।
ਪੰਜਾਬ ਨੇ ਕੇਵਲ ਪਰਭਸਿਮਰਨ ਤੇ ਸ਼ਸ਼ਾਂਕ ਸਿੰਘ ਨੂੰ ਹੀ ਰਿਟੇਨ ਕੀਤਾ ਹੈ। ਟੀਮ ਕੋਲ 120 ਕਰੋੜ ਚੋਂ 110.5 ਕਰੋੜ ਦੀ ਰਾਸ਼ੀ ਬਚੀ ਹੈ।
ਸ਼ੁਭਮਨ ਗਿੱਲ ਨੂੰ ਗੁਜਰਾਤ ਟਾਈਟਨ ਨੇ 16.5 ਕਰੋੜ ਵਿੱਚ ਰਿਟੇਨ ਕਰ ਲਿਆ ਹੈ।
ਕਿਹੜੇ ਖਿਡਾਰੀਆਂ ਦੀ ਹੋਈ ਚਾਂਦੀ

ਤਸਵੀਰ ਸਰੋਤ, Getty Images
ਸਾਰੀਆਂ ਟੀਮਾਂ ਵੱਲੋਂ ਰਿਟੇਂਸ਼ਨ ਲਿਸਟ ਜਾਰੀ ਕਰ ਦਿੱਤੀ ਗਈ ਹੈ। ਕਈ ਖਿਡਾਰੀ ਅਜਿਹੇ ਹਨ ਜਿਹਨਾਂ ਦੀ ਰਾਸ਼ੀ ਲੱਖਾਂ ਤੋਂ ਕਰੋੜਾਂ ਵਿੱਚ ਬਦਲ ਗਈ ਹੈ।
ਕੇਕੇਆਰ ਦੇ ਰਿੰਕੂ ਸਿੰਘ ਨੂੰ ਰਿਟੈਂਸ਼ਨ ਵਿੱਚ 13 ਕਰੋੜ ਲਈ ਰੱਖਿਆ ਗਿਆ ਹੈ। ਰਿੰਕੂ ਸਿੰਘ ਪਿੱਛਲੇ ਸਾਲ 55 ਲੱਖ ਵਿੱਚ ਵਿਕੇ ਸਨ।
ਧਰੁਵ ਜੁਰੇਲ 14 ਕਰੋੜ ਵਿੱਚ ਰਿਟੇਨ ਹੋਏ ਹਨ। ਉਹ ਪਿਛਲੇ ਸਾਲ 20 ਲੱਖ ਵਿੱਚ ਖੇਡ ਰਹੇ ਸਨ।
ਰਜਤ ਪਾਟੀਦਾਰ 20 ਲੱਖ ਤੋਂ 11 ਕਰੋੜ 'ਤੇ ਆ ਗਏ ਹਨ। ਮਥੀਸ਼ ਪਥਰਾਣਾ 20 ਲੱਖ ਤੋਂ 13 ਕਰੋੜ ਉੱਤੇ ਆ ਗਏ ਹਨ।
ਨੀਤੀਸ਼ ਰੈੱਡੀ 20 ਲੱਖ ਵਿੱਚ ਖੇਡਦੇ ਸਨ ਇਸ ਸਾਲ 6 ਕਰੋੜ ਵਿੱਚ ਖੇਡਣਗੇ। ਮਯੰਕ ਯਾਦਵ 20 ਲੱਖ ਤੋਂ 11 ਕਰੋੜ ਵਿੱਚ ਆ ਗਏ ਹਨ। ਸ਼ਸ਼ਾੰਕ ਸਿੰਘ 20 ਲੱਖ ਤੋਂ ਸਾਢੇ ਪੰਜ ਕਰੋੜ ਅਤੇ ਮੌਸੇਨ ਖਾਨ, ਆਯੂਸ਼ ਵਿਡੌਨੀ ਚਾਰ-ਚਾਰ ਕਰੋੜ ਵਿੱਚ ਆਈਪੀਐੱਲ ਖੇਡਣਗੇ।
ਭਾਰਤੀ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਚੇੱਨਈ ਸੁਪਰ ਕਿੰਗਜ਼ ਨੇ 4 ਕਰੋੜ(ਅਨਕੈਪਡ), ਰਾਇਲ ਚੈਲੇਂਜਰਜ਼ ਬੰਗਲੌਰ ਨੇ ਵਿਰਾਟ ਕੋਹਲੀ ਨੂੰ 21 ਕਰੋੜ ਅਤੇ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਨੂੰ 16.30 ਕਰੋੜ ਵਿੱਚ ਰਿਟੇਨ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













